ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
“ ਸੈਭੰ ” ਕੀ ਹੈ ?
“ ਸੈਭੰ ” ਕੀ ਹੈ ?
Page Visitors: 2826

  “ ਸੈਭੰ ” ਕੀ ਹੈ ?
   ਸੈਭੰ, ਗੁਰੂ ਸਾਹਿਬ ਵਲੋਂ ਬਖਸ਼ੇ ਅਕਾਲ-ਪੁਰਖ ਦੇ ਸ਼ਾਬਦਿਕ ਚਿਤ੍ਰ (ਜਿਸ ਨੂੰ ਮੂਲ-ਮੰਤ੍ਰ ਵੀ ਕਿਹਾ ਜਾਂਦਾ ਹੈ) ਵਿਚਲਾ ਇਕ ਸ਼ਬਦ ਹੈ। ਇਹ ਸ਼ਾਬਦਿਕ ਚਿਤ੍ਰ, ਪ੍ਰਭੂ ਦੇ ਗੁਣਾਂ ਦਾ ਵੇਰਵਾ ਹੈ, ਜਿਸ ਵਿਚ ਇਹ ਗੁਣ ਨਾ ਹੋਣ, ਉਹ ਕਰਤਾਰ ਨਹੀਂ ਹੋ ਸਕਦਾ।  ਸੁਭਾਵਕ ਹੈ ਕਿ ‘ ਸੈਭੰ ’ ਵੀ ਪ੍ਰਭੂ ਦਾ ਇਕ ਗੁਣ ਹੀ ਹੈ। ਮਹਾਨ-ਕੋਸ਼ ਵਿਚ ਇਸ ਦੇ ਅਰਥ ਇਵੇਂ ਲਿਖੇ ਹਨ, “ ਆਪਣੇ ਆਪ ਹੋਣ ਵਾਲਾ, ਜੋ ਕਿਸੇ ਤੋਂ ਨਹੀਂ ਬਣਿਆ ”
      ਪਰ ਸਿੱਖਾਂ ਦੇ ਕਹੇ ਜਾਂਦੇ ਮਹਾਨ ਵਿਦਵਾਨਾਂ ਦਾ ਟੀਚਾ ਪਤਾ ਨਹੀਂ ਕੀ ਹੈ ? ਕੁਝ ਚਿਰ ਪਹਿਲਾਂ ਇਨ੍ਹਾਂ ਨੇ ਏਸੇ ਮੂਲ-ਮੰਤ੍ਰ ਦੇ ਪਹਿਲੇ ਸ਼ਬਦ ‘ ’ ਤੇ ਹੱਲਾ ਬੋਲਿਆ ਸੀ ਕਿ, ਇਹ ਸ਼ਬਦ, ‘1 ਓਅੰਕਾਰ’ ਨਹੀਂ ਹੈ ਬਲਕਿ ਇਹ ‘ਏਕੋ’ ਹੈ। ਸੱਟ ਬੜੀ ਡੂੰਘੀ ਸੀ, ਪਰ ਵੇਲੇ ਨਾਲ ਸੰਭਾਲ ਲਈ ਗਈ। ਇਸ ਦਾ ਸੰਖੇਪ ਜਿਹਾ ਵਿਸਲੇਸ਼ਨ ਕਰ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਰਮਾਤਮਾ ਦੇ ਦੋ ਰੂਪ ਹਨ, 1. ਨਿਰਗੁਣ. 2. ਸਰਗੁਣ.
    ਦੁਨੀਆਂ ਦੇ ਕੁਝ ਧਰਮ ਉਸ ਨੂੰ ‘1’ (ਨਿਰਗੁਣ) ਦੇ ਰੂਪ ਵਿਚ ਮੰਨਦੇ ਹਨ, ਜਿਵੇਂ ਈਸਾਈ ਅਤੇ ਮੁਸਲਮਾਨ, ਅਤੇ ਕੁਝ ਉਸ ਦੇ ਬਹੁਤੇ ਰੂਪਾਂ (ਸਰਗੁਣ) ਨੂੰ ਮੰਨਦੇ ਹਨ, ਜਿਵੇਂ ਹਿੰਦੂ ਆਦਿ। ਹਾਲਾਂਕਿ ਈਸਾਈ ਅਤੇ ਮੁਸਲਮਾਨ ਉਸ ਨੂੰ ਇਕ ਦੇ ਰੂਪ ਵਿਚ ਮੰਨਦੇ ਹਨ, ਪਰ ਉਨ੍ਹਾਂ ਅੱਗੇ ਇਕ ਅੜਚਣ ਹੈ ਕਿ ਉਨ੍ਹਾਂ ਨੂੰ ਈਸਾ ਜੀ ਅਤੇ ਮੁਹੰਮਦ ਸਾਹਿਬ ਤੋਂ ਅਗਾਂਹ ਉਸ ਇਕ ਬਾਰੇ ਕੋਈ ਜਾਣਕਾਰੀ ਨਹੀਂ। ਇਸ ਲਈ ਈਸਾਈ ਇਸ ਗੱਲ ਨੂੰ ਮੰਨ ਕੇ ਚਲਦੇ ਹਨ ਕਿ ਜਦ ਮਰਨ ਮਗਰੋਂ ਉਨ੍ਹਾਂ ਦਾ ਹਿਸਾਬ ਹੋਵੇਗਾ ਤਾਂ ਈਸਾ ਜੀ, ਗਾਡ ਅੱਗੇ ਸਫਾਰਿਸ਼ ਪਾ ਕੇ (ਕਿ ਇਹ ਮੇਰੀਆਂ ਭੇਡਾਂ ਹਨ) ਈਸਾਈਆਂ ਨੂੰ ਹੈਵਨ (੍ਹੲੳਵੲਨ) ਵਿਚ ਭਿਜਵਾ ਦੇਣਗੇ, ਇਵੇਂ ਉਨ੍ਹਾਂ ਨੂੰ ਈਸਾ ਜੀ ਤੋਂ ਅੱਗੇ ਗਾਡ ਤਕ ਕੋਈ ਮਤਲਬ ਹੀ ਨਹੀਂ ਹੈ, ਉਨ੍ਹਾਂ ਦਾ ਟੀਚਾ ਸਿਰਫ ਹੈਵਨ ਹੈ. ਜੋ ਈਸਾ ਜੀ ਦੀ ਸਿਫਾਰਸ਼ ਨਾਲ ਮਿਲਣੀ ਹੈ।   ਇਵੇਂ ਹੀ ਮੁਸਲਮਾਨ ਵੀ ਇਹ ਮੰਨ ਕੇ ਚਲਦੇ ਹਨ ਕਿ, ਕਿਆਮਤ ਵਾਲੇ ਦਿਨ, ਜਦੋਂ ਮੁਸਲਮਾਨਾਂ ਦਾ ਲੇਖਾ-ਜੋਖਾ ਹੋਵੇਗਾ ਤਾਂ ਮੁਹੰਮਦ ਸਾਹਿਬ ਅਲ੍ਹਾ ਕੋਲ ਉਨ੍ਹਾਂ ਦੀ ਸਿਫਾਰਸ਼ ਕਰ ਦੇਣਗੇ ਅਤੇ ਸਾਰੇ ਮੁਸਲਮਾਨ ਜੰਨਤ ਵਿਚ ਭੇਜ ਦਿੱਤੇ ਜਾਣਗੇ, ਉਨ੍ਹਾਂ ਦਾ ਟੀਚਾ ਵੀ ਸਿਰਫ ਜੰਨਤ ਤੱਕ ਹੈ, ਜੋ ਮੁਹੰਮਦ ਸਾਹਿਬ ਦੀ ਸਿਫਾਰਸ਼ ਨਾਲ ਮਿਲਣੀ ਹੈ।
  ਹਿੰਦੂਆਂ ਨੂੰ ਵੈਸੇ ਹੀ ਇਕ ਨਾਲ ਕੋਈ ਮਤਲਬ ਨਹੀਂ, ਉਨ੍ਹਾਂ ਨੇ ਹਰ ਕੰਮ ਲਈ ਦੇਵਤੇ-ਦੇਵੀਆਂ ਮਿਥੇ ਹੋਏ ਹਨ, ਜਿਨ੍ਹਾਂ ਦੀ ਗਿਣਤੀ ਉਨ੍ਹਾਂ ਮੁਤਾਬਕ ਹੀ ਸਦੀਆਂ ਪਹਿਲਾਂ 33 ਕ੍ਰੋੜ ਸੀ, ਉਸ ਮਗਰੋਂ ਪਤਾ ਨਹੀਂ ਬ੍ਰਾਹਮਣਾਂ ਨੇ ਉਨ੍ਹਾਂ ਦੀ ਦੇਵ-ਸ਼ੁਮਾਰੀ ਕੀਤੀ ਹੈ ਜਾਂ ਨਹੀਂ। 
   ਗੁਰੂ ਸਾਹਿਬ ਨੇ ਉਸ ਅਕਾਲ-ਪੁਰਖ ਨੂੰ ਇਕ ਦੇ ਰੂਪ ਵਿਚ ਮੰਨਿਆ ਹੈ, ਅਤੇ ਸਿੱਖਾਂ ਨੂੰ ਆਪਣੇ ਨਾਲ ਨਹੀਂ, ਬਲਕਿ ਉਸ ਇਕ ਨਾਲ ਹੀ ਜੋੜਿਆ ਹੈ। ਅਕਲਮੰਦ ਬੰਦਾ ਉਸ ਨਾਲ ਹੀ ਜੁੜਦਾ ਹੈ, ਜਿਸ ਦੀ ਉਹ ਪਛਾਣ ਕਰ ਸਕੇ, ਅਤੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਹਰ ਕੰਮ ਕਰਨ ਤੋਂ ਪਹਿਲਾਂ ਅਕਲ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ। ਇਵੇਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਅਕਾਲ-ਪੁਰਖ ਦੀ ਪੂਰੀ ਪਛਾਣ ਕਰਾਈ ਹੈ। ਉਸ ਦੀ ਜਾਣਕਾਰੀ ਦਾ ਸਾਧਨ ਹੀ ਇਹ ਮੂਲ-ਮੰਤ੍ਰ ਹੈ। ਸਿੱਖਾਂ ਨੂੰ ਸਮਝਾਇਆ ਹੈ ਕਿ ਜਿਸ ਵਿਚ ਇਹ ਸਾਰੇ ਗੁਣ ਹੋਣ, ਉਹ ਹੀ ਅਕਾਲ-ਪੁਰਖ ਹੈ, ਜਿਸ ਵਿਚ ਇਨ੍ਹਾਂ ਵਿਚੋਂ ਕੋਈ ਗੁਣ ਨਾ ਹੋਵੇ, ਉਸ ਨੂੰ ਰੱਬ ਨਹੀਂ ਮੰਨਣਾ।  ਉਨ੍ਹਾਂ ਗੁਣਾਂ ਵਿਚੋਂ ਪਹਿਲਾ ਗੁਣ ਹੈ, ‘ੴ ‘ ਜਿਸ ਵਿਚ ਦੱਸਿਆ ਹੈ ਕਿ ਉਹ ਸਿਰਫ ਤੇ ਸਿਰਫ ‘1’ ਹੈ, ਉਸ ਦਾ ਕੋਈ ਸ੍ਰੀਕ ਨਹੀਂ, ਕੋਈ ਭਾਈਵਾਲ ਨਹੀਂ, ਉਸ ਦਾ ਕੋੲੂ ਮਦਦਗਾਰ ਨਹੀਂ, ਨਾ ਹੀ ਉਸ ਦਾ ਕੋਈ ਕਾਰਿੰਦਾ ਹੈ, ਆਪਣੇ ਸਾਰੇ ਕੰਮ ਉਹ ਆਪ ਕਰਦਾ ਹੈ। ਅਤੇ ਓਅੰਕਾਰ ਦੇ ਰੂਪ ਵਿਚ ਉਹ ਬ੍ਰਹਮੰਡ ਦੀ ਹਰ ਚੀਜ਼ ਵਿਚ ਸਮਾਇਆ ਹੋਇਆ ਹੈ, ਜਦ ਉਹ ਇਸ ਬ੍ਰਹਮੰਡ ਨੂੰ ਸਮੇਟਦਾ ਹੈ ਤਾਂ ਇਹ ਸਾਰਾ ਸੰਸਾਰ ਉਸ ਵਿਚ ਹੀ ਸਮਾਅ ਜਾਂਦਾ ਹੈ,
                          ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥
                          ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ
॥4॥    (1310)
       ਗੁਰੂ ਸਾਹਿਬ ਨੇ ਇਸ ਦਾ ਖੁਲਾਸਾ ਇਵੇਂ ਵੀ ਕੀਤਾ ਹੈ,

                          ਲੋਗਾ ਭਰਮਿ ਨ ਭੂਲਹੁ ਭਾਈ ॥
                          ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ
॥1॥ਰਹਾੳ॥      (1350)
       ਉਸ ਦੀ ਪਛਾਣ ਕਰਨ ਦਾ ਢੰਗ ਇਵੇਂ ਦੱਸਿਆ ਹੈ,
                          ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥8॥        (141)
         ਹੇ ਨਾਨਕ ਹਮੇਸ਼ਾ ਕਾਇਮ ਰਹਣ ਵਾਲਾ ਇਕ ਉਹੀ ਹੈ, ਜੋ ਸਾਰਿਆਂ ਨੂੰ ਦਾਤਾਂ ਦਿੰਦਾ ਹੈ, ਉਸ ਦੀ ਸ਼ਿਨਾਖਤ, ਉਸ ਦੀ ਪਛਾਣ, ਉਸ ਦੀ ਕੁਦਰਤ ਵਿਚੋਂ ਹੀ ਕੀਤੀ ਜਾ ਸਕਦੀ ਹੈ ।
    ਇਵੇਂ ਪੰਜਾਬੀ ਹੀ ਦੁਨੀਆ ਦੀ ਇਕ ਮਾਤ੍ਰ ਭਾਸ਼ਾ ਹੈ, ਜੋ ਆਪਣੇ ਇਕ ਸ਼ਬਦ ‘ੴ ‘ ਦੇ ਰੂਪ ਵਿਚ ਉਸ ਨੂੰ, ਜਿਸ ਦੀ ਇਹ ਸਾਰੀ ਖੇਡ ਹੈ ਅਤੇ ਉਸ ਦੇ ਸਾਰੇ ਪਸਾਰੇ ਨੂੰ ਆਪਣੀ ਪਿਆਰ-ਗਲਵੱਕੜੀ ਵਿਚ ਸਮੇਟੀ ਬੈਠੀ ਹੈ । 
      ਜੇ ਕਿਤੇ ਮਹਾਨ ਵਿਦਵਾਨਾਂ ਦੀ ਗੱਲ ਮੰਨ ਹੋ ਜਾਂਦੀ ਤਾਂ ਇਹ ਸ਼ਬਦ ਰਹਿ ਜਾਂਦਾ ‘ਏਕੋ’ ਫਿਰ ਰੱਬ ਦੀ ਕੀ ਪਛਾਣ ਰਹਿ ਜਾਂਦੀ ? ਅਤੇ ਪੰਜਾਬੀ ਦੀ ਮਹਾਨਤਾ ਤਾਂ ਅਸੀਂ ਘਰਾਂ ਵਿਚ ਹੀ ਹਿੰਦੀ ਅਤੇ ਅੰਗਰੇਜ਼ੀ ਬੋਲ ਕੇ, ਪਹਿਲਾਂ ਹੀ ਰੋਲਣ ਲਈ ਅੱਡੀਆਂ ਚੁੱਕ ਕੇ ਜ਼ੋਰ ਲਗਾ ਰਹੇ ਹਾਂ । ਸਾਨੂੰ ਦੂਸਰਿਆਂ ਤੋਂ ਨਹੀਂ, ਇਨ੍ਹਾਂ ਘਰ ਦਿਆਂ ਵਿਦਵਾਨਾਂ ਤੋਂ ਹੀ ਖਤਰਾ ਹੈ, ਜਿਨ੍ਹਾਂ ਨੂੰ ਅਸੀਂ ਸਾਰਾ ਜ਼ੋਰ ਲਗਾ ਕੇ ਪਾਲ ਰਹੇ ਹਾਂ।
……….
              “ ਸੈਭੰ ” ਕੀ ਹੈ ?         
      ਹੁਣ ਵੀਰ ਭੁਪਿੰਦਰ ਸਿੰਘ ਜੀ ਦੇ ਰੂਪ ਵਿਚ ਇਸ ਮੂਲ ਮੰਤ੍ਰ ਦੇ ਆਖਰੀ ਗੁਣ ‘ ਸੈਭੰ ’ ਤੇ ਵਾਰ ਕੀਤਾ ਗਿਆ ਹੈ, ਆਉ ਇਸ ਨੂੰ ਵੀ ਥੋੜਾ ਵਿਸਤਾਰ ਵਿਚ ਸਮਝਣ ਦੀ ਕੋਸ਼ਿਸ਼ ਕਰੀਏ,
   ‘ ਸੈਭੰ ’ ਪੰਜਾਬੀ ਦਾ ਸੰਪੂਰਨ ਸ਼ਬਦ ਹੈ, ਮਹਾਨ-ਕੋਸ਼ ਅਨੁਸਾਰ ਸੈ ਤਾਂ ਬਹੁਤ ਥਾਂ ਵਰਤਿਆ ਜਾਂਦਾ ਹੈ ਪਰ ‘ਭੰ ’ ਇਕੱਲਾ ਲਫਜ਼ ਨਹੀਂ ਹੈ, ਇਸ ਦੇ ਨਾਲ ਮਿਲਦੇ-ਜੁਲਦੇ ਕੁਝ ਸ਼ਬਦ ਇਵੇਂ ਹਨ,
          ਭੰਗ….ਭੰਗੁ              =  ਡਰ
          ਭੰਗਨਾ                   =  ਤੋੜਨਾ
          ਭੰਗੀ                    =  ਟੁੱਟਣ ਵਾਲਾ  ,  ਨਾਸ਼ ਹੋਣ ਵਾਲਾ
          ਭੰਗੁਰ                   =  ਟੁੱਟ ਜਾਣ ਵਾਲਾ
          ਭੰਜ                     =  ਤੋੜਨਾ
          ਭੰਜਕ                   =  ਤੋੜਨ ਵਾਲਾ,     ਨਸ਼ਟ ਕਰਤਾ
          ਭੰਜਨ                   =  ਤੋੜਨ ਵਾਲਾ
          ਭੰਞ                     =  ਤੋੜਨ ਵਾਲਾ
    ਪਰ ਇਨ੍ਹਾਂ ਸਾਰੇ ਸ਼ਬਦਾਂ ਦਾ ਸੈਭੰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ, ਵੀਰ ਭੁਪਿੰਦਰ ਸਿੰਘ ਜੀ ਨੂੰ ਇਹ ਤਾਂ ਜ਼ਰੂਰ ਪਤਾ ਹੋਵੇਗਾ ਕਿ ਸੰਸਕ੍ਰਿਤ ਵਿਚੋਂ ਪੰਜਾਬੀ ਵਿਚ ਆਏ ਸ਼ਬਦ ਦੀ ਸ਼ਕਲ ਬਦਲ ਜਾਂਦੀ ਹੈ, ਜਿਵੇਂ ਕਿ ਉਪਰ ਵੇਖ ਰਹੇ ਹਾਂ। ਵੀਰ ਭੁਪਿੰਦਰ ਸਿੰਘ ਜੀ ਨੇ ਪਤਾ ਨਹੀਂ ਕਿਸ ਆਸ਼ੇ ਨਾਲ ਸੰਸਕ੍ਰਿਤ ਦਾ ਮੂਲ ਸ਼ਬਦ ਹੀ ਪੰਜਾਬੀ ਵਿਚ ਫਿੱਟ ਕਰਨ ਦੀ ਕੁਚੇਸ਼ਠਾ ਕੀਤੀ ਹੈ ? ਇਹ ਸਮਝਣ ਦੀ ਲੋੜ ਹੈ।        
  ਅਰਥ ਸਪੱਸ਼ਟ ਹਨ, ‘ ਆਪਣੇ ਆਪ ਹੋਇਆ ਹੈ ’ ।
     ‘ ਸੈਭੰ ’ ਵਿਸ਼ੇਸ਼ਨ ਦੇਣ ਦੀ ਲੋੜ ?
   ਪਰਚਲਤ ਹਾਲਾਤ ਮੁਤਾਬਕ, ਜਦੋਂ ਕਿ ਬ੍ਰਾਹਮਣ ਨੇ ਹਿੰਦੂਆਂ ਦੇ  ਦੇਵੀ-ਦੇਵਤਿਆਂ ਦੇ ਰੂਪ ਵਿਚ ਕ੍ਰੋੜਾਂ ਰੱਬ ਬਣਾਏ ਹੋਏ ਸਨ ਅਤੇ ਸਭ ਦੇ ਪੈਦਾ ਹੋਣ ਦੀਆਂ ਅਲੱਗ-ਅਲੱਗ ਵਿਧੀਆਂ ਵੀ ਮਿਥੀਆਂ ਹੋਈਆਂ ਸਨ, ਸਿਰਫ ਇਹ ਕਹਿ ਦੇਣ ਨਾਲ ਕਿ ਰੱਬ “ ਅਜੂਨੀ ” ਹੈ, ਗਲ ਬਣਨ ਵਾਲੀ ਨਹੀਂ ਸੀ, ਇਸ ਲਈ ਗੁਰੂ ਸਾਹਿਬ ਨੇ ਇਸ ਨੂੰ ਹੋਰ ਸਪੱਸ਼ਟ ਕਰਨ ਲਈ, ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਉਪਰਾਲੇ ਕੀਤੇ ਹਨ, ਜਿਵੇਂ,
              ਭਰਮਿ ਭੂਲੇ ਨਰ ਕਰਤ ਕਚਰਾਇਣ ॥
              ਜਨਮ ਮਰਣ ਤੇ ਰਹਤ ਨਾਰਾਇਣ
॥1॥ਰਹਾਉ॥       (1136)
      ਹੇ ਭਰਮ-ਭੁਲੇਖੇ ਵਿਚ ਪਏ ਮਨੁੱਖ, ਤੂੰ ਇਹ ਕੱਚੀਆਂ ਗੱਲਾਂ ਕਰ ਰਿਹਾ ਹੈਂ ਕਿ ਪਰਮਾਤਮਾ ਨੇ ਕ੍ਰਿਸ਼ਨ ਰੂਪ ਵਿਚ ਜਨਮ ਲਿਆ। ਪਰਮਾਤਮਾ ਜੰਮਣ-ਮਰਨ ਤੋਂ ਪਰੇ ਹੈ।
              ਸਗਲ ਪਰਾਧ ਦੇਹਿ ਲੋਰੋਨੀ ॥
              ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ
॥          (1136)
      ਹੇ ਭਾਈ ਤੂੰ ਆਪਣੇ ਵਲੋਂ ਕ੍ਰਿਸ਼ਨ ਦੀ ਮੂਰਤੀ ਦੇ ਰੂਪ ਵਿਚ, ਰੱਬ ਨੂੰ ਲੋਰੀ ਦਿੰਦਾ ਹੈਂ, ਤੇਰਾ ਇਹ ਕਰਮ ਹੀ ਸਾਰੇ ਅਪਰਾਧਾਂ ਦਾ ਮੂਲ ਹੈ, ਸੜ ਜਾਏ ਤੇਰਾ ਉਹ ਮੂੰਹ, ਜਿਸ ਨਾਲ ਤੂੰ ਕਹਿੰਦਾ ਹੈਂ ਕਿ, ਮਾਲਕ ਪ੍ਰਭੂ ਜੂਨਾਂ ਵਿਚ ਆਉਂਦਾ ਹੈ।
              ਜਨਮਿ ਨ ਮਰੈ ਨ ਆਵੈ ਨ ਜਾਇ ॥
              ਨਾਨਕ ਕਾ ਪ੍ਰਭੁ ਰਹਿਓ ਸਮਾਇ
॥4॥1॥            (1136)
      ਹੇ ਭਾਈ, ਨਾਨਕ ਦਾ ਪ੍ਰਭੂ ਸਭ ਥਾਈਂ ਵਿਆਪਕ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ, ਨਾ ਉਹ ਆਉਂਦਾ ਹੈ ਨਾ ਉਹ ਜਾਂਦਾ ਹੈ।            ਅਤੇ
              ਲਖ ਚਉਰਾਸੀ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥
              ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ
॥1॥
              ਤੁਮ੍‍ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥
              ਧਰਨਿ ਆਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ
॥1॥ਰਹਾਉ॥
              ਸੰਕਟਿ ਨਹੀ ਪਰੈ ਜੋਨਿ ਨਹੀਂ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
              ਕਬੀਰ ਕੋ ਸਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ
॥2॥19॥70॥
     (1)  ਹੇ ਭਾਈ, ਤੁਸੀਂ ਆਖਦੇ ਹੋ ਕਿ, ਜਦੋਂ ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕ-ਭਟਕ ਕੇ ਨੰਦ ਬਹੁਤ ਥੱਕ ਗਿਆ ਤਾਂ ਉਸ ਨੂੰ ਮਨੁੱਖਾ ਜਨਮ ਮਿਲਿਆ, ਫਿਰ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ, ਉਸ ਦੀ ਭਗਤੀ ਤੇ ਖੁਸ਼ ਹੋ ਕੇ ਪਰਮਾਤਮਾ ਨੇ ਉਸ ਦੇ ਘਰ ਜਨਮ ਲਿਆ, ਉਸ ਵਿਚਾਰੇ ਨੰਦ ਦੀ ਕਿਸਮਤ ਬੜੀ ਜਾਗੀ ।
     (ਰਹਾਉ)  ਪਰ ਹੇ ਭਾਈ, ਤੁਸੀਂ ਜੋ ਇਹ ਆਖਦੇ ਹੋ ਕਿ ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ ਨੰਦ ਦਾ ਪੁੱਤ੍ਰ ਬਣਿਆ, ਇਹ ਦੱਸੋ ਕਿ ਇਹ ਨੰਦ ਕਿਸ ਦਾ ਪੁੱਤ੍ਰ ਸੀ ? ਤੇ ਜਦੋਂ ਨਾ ਇਹ ਧਰਤੀ ਸੀ ਅਤੇ ਨਾ ਆਕਾਸ਼ ਸੀ, ਤਦੋਂ ਇਹ ਨੰਦ, ਜਿਸ ਨੂੰ ਤੁਸੀਂ ਪਰਮਾਤਮਾ ਦਾ ਪਿਉ ਆਖ ਰਹੇ ਹੋ, ਇਹ ਕਿੱਥੇ ਸੀ ?
     (2)  ਹੇ ਭਾਈ ਅਸਲ ਗੱਲ ਇਹ ਹੈ ਕਿ, ਜਿਸ ਪ੍ਰਭੂ ਦਾ ਨਾਮ ਨਿਰੰਜਨ (ਮਾਇਆ ਦੇ ਅਸਰ ਤੋਂ ਬਾਹਰ) ਹੈ, ਉਹ ਜੂਨ ਵਿਚ ਨਹੀਂ ਆਉਂਦਾ, ਜਨਮ-ਮਰਨ ਦੇ ਦੁੱਖ ਵਿਚ ਨਹੀਂ ਪੈਂਦਾ । ਕਬੀਰ ਦਾ ਸਵਾਮੀ, ਸਾਰੇ ਜਗਤ ਦਾ ਪਾਲਣਹਾਰਾ ਐਸਾ ਹੈ, ਜਿਸ ਦੀ ਨਾ ਕੋਈ ਮਾਂ ਹੈ ਤੇ ਨਾ ਕੋਈ ਪਿਉ ।
              ਏਥੇ ਵਿਚਾਰਨ ਵਾਲੀ ਗੱਲ ਹੈ ਕਿ ਨਾਨਕ ਜੀ ਦਾ ਪ੍ਰਭੂ, ਸਭ ਥਾਈਂ ਵਿਆਪਕ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ, ਪਰ ਪਰਚਾਰਕਾਂ ਨੇ ‘ ਸੈਭੰ ’ ਨੂੰ ਉਸ ਪ੍ਰਭੂ ਦੇ ਜਨਮ ਨਾਲ ਹੀ ਜੋੜ ਦਿੱਤਾ ਹੈ, ਪਰਚਾਰ ਕਰਦੇ ਹਨ ਕਿ ਉਹ ਆਪਣੇ ਆਪ ਤੋਂ ਹੀ ਹੋਇਆ ਹੈ, ਉਸ ਦੀ ਹੋਂਦ ਆਪਣੇ-ਆਪ ਤੋਂ ਹੀ ਹੈ, ਜਦ ਕਿ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਪ੍ਰਭੂ ਸਭ ਥਾਈਂ ਵਿਆਪਕ ਹੈ, ਜਿਸ ਕੁਦਰਤ ਵਿਚੋਂ ਤੁਸੀਂ ਉਸ ਪ੍ਰਭੂ ਦੀ ਸ਼ਨਾਖਤ, ਪਛਾਣ ਕਰਨੀ ਹੈ, ਉਹ ਕੁਦਰਤ ਵੀ ਉਸ ਦੇ ਆਪਣੇ-ਆਪ ਤੋਂ ਹੀ ਬਣੀ ਹੈ ।
     ਸੈਭੰ ਨੂੰ ਜਨਮ ਨਾਲ ਜੋੜਨਾ ਯੋਗ ਨਹੀਂ ਹੈ, ਗੁਰੂ ਸਾਹਿਬ ਸਾਫ ਲਫਜ਼ਾਂ ਵਿਚ ਕਹਿੰਦੇ ਹਨ ਕਿ,
              ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥       (284)
       ਬੰਦਾ ਉਸ ਪਰਮਾਤਮਾ ਦੇ ਜਨਮ ਬਾਰੇ ਕੀ ਕਹਿ ਸਕਦਾ ਹੈ ? ਯਾਨੀ ਕੁਝ ਨਹੀਂ ਕਹਿ ਸਕਦਾ । ਨਾ ਇਹ ਬੰਦੇ ਦੀ ਜ਼ਿੰਦਗੀ ਦਾ ਮਕਸਦ ਹੀ ਹੈ ।
     ਇਸ ਫਲਸਫੇ ਨੂੰ ਗੁਰੂ ਸਾਹਿਬ ਨੇ ਮੂਲ-ਮੰਤ੍ਰ ਵਿਚ ਹੀ ਦੁਹਰਾ ਕੇ ਇਸ ਦੀ ਮਹਾਨਤਾ ਦਾ ਸੰਕੇਤ ਦਿੱਤਾ ਹੈ ।
ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ, ਆਪਣੀ ਹੱਦ ਵਿਚ ਰਹਿੰਦਿਆਂ, ਪਰਚਾਰਕਾਂ ਦੀ ਮਨਮਤਿ ਤੋਂ ਬਚਣ ਦੀ ਲੋੜ ਹੈ ।                     
                ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.