ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਇਹ ਦੇਸ਼ ਸਾਡਾ ਆਪਣਾ ਹੈ
ਇਹ ਦੇਸ਼ ਸਾਡਾ ਆਪਣਾ ਹੈ
Page Visitors: 2476

ਇਹ ਦੇਸ਼ ਸਾਡਾ ਆਪਣਾ ਹੈ
  ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਸਿੱਖਾਂ ਦਾ ਆਪਣਾ ਦੇਸ਼ ਹੈ , ਬਲਕਿ ਅਸਲੀਅਤ ਤਾਂ ਇਹ ਹੈ ਕਿ ਨਾਗਾ , ਤੈਲਗੂ , ਤਮਿਲ , ਬੰਗਾਲੀਆਂ ਆਦਿ ਸਮੇਤ ਸਿੱਖ ਹੀ ਭਾਰਤ ਦੇ ਮੂਲ ਵਸਨੀਕ ਹਨ । ਇਸ ਲਈ ਹੀ ਇਨ੍ਹਾਂ ਸਾਰਿਆਂ ਵਿਚੋਂ , ਕਦੀ ਵੀ ਕੋਈ , ਦੇਸ਼ ਨਾਲ ਗੱਦਾਰੀ ਕਰਦਾ , ਦੇਸ਼ ਦੇ ਰਾਜ਼ ਦੂਸਰੇ ਮੁਲਕਾਂ ਨੂੰ ਵੇਚਦਾ , ਦੇਸ਼ ਨਾਲ ਗੱਦਾਰੀ ਕਰ-ਕਰ ਕੇ , ਘੁਟਾਲੇ ਕਰ-ਕਰ ਕੇ ਵਿਦੇਸ਼ੀ ਬੈਂਕਾਂ ਵਿਚ ਦੇਸ਼ ਦਾ ਧਨ ਜਮ੍ਹਾ ਕਰਵਾਉਂਦਿਆਂ , ਜਾਂ ਵਿਦੇਸ਼ਾਂ ਤੋਂ ਮਾਲ ਖਰੀਦਣ ਬਦਲੇ ਦਲਾਲੀ ਖਾਂਦਾ ਨਹੀਂ ਫੜਿਆ ਗਿਆ ।ਪਹਿਲਾਂ ਅਰਬ ਦੇਸ਼ਾਂ ਦੇ ਰਾਜਆਂ ਦੀ ਗੁਲਾਮੀ ( ਜੋ ਬ੍ਰਾਹਮਣਾਂ ਨੇ , ਆਪ ਅਪਣੇ ਗੱਲ  ਪਾ ਕੇ , ਦੇਸ਼ ਵਾਸੀਆਂ ਨੂੰ ਬਾਰਾਂ ਸਦੀਆਂ ਤੋਂ ਉਪਰ , ਨਰਕਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ।) ਤੋਂ ਛੁਟਕਾਰਾ ਪਾਉਣ ਲਈ , ਸਿਰਫ ਸਿੱਖਾਂ ਨੇ ਹੀ ਜੱਦੋ-ਜਹੱਦ ਕੀਤੀ , ਜਿਸ ਵਿਚ ਕੁਝ ਹਿੰਦੂ ਅਖਵਾਉਂਦੇ , ਵਰਨ-ਵੰਡ ਦੇ ਸ਼ਿਕਾਰ , ਦੱਬੇ-ਕੁਚਲੇ ਲੋਕਾਂ ਨੇ ਸਿੱਖਾਂ ਦਾ ਸਾਥ ਦਿੱਤਾ ਸੀ । ਕੁਝ ਉੱਚ ਜਾਤੀ ਅਖਵਾਉਂਦੇ ਲੋਕਾਂ ਨੇ , ਜਿਨ੍ਹਾਂ ਨੂੰ ਆਪਣੀ ਜਾਤ ਨਾਲੋਂ , ਇੰਸਾਨੀਅਤ ਪਿਆਰੀ ਸੀ ਉਨ੍ਹਾਂ ਨੇ ਵੀ ਇਸ ਕੰਮ ਲਈ ਅਪਣੀਆਂ ਜਾਨਾਂ ਵਾਰੀਆਂ ਸਨ । ਜਿਸ ਦੇ ਸਿੱਟੇ ਵਜੋਂ , ਸਿੱਖਾਂ ਦਾ ਰਾਜ ਸਥਾਪਤ ਹੋਇਆ ।ਬਾਹਰੋਂ ਹਮਲਾਵਰ ਆਉਣੌ ਵੀ ਰੋਕ ਦਿੱਤੇ ਗਏ ।
     ਪਰ ਜਦ ਤੱਕ ਸਿੱਖਾਂ ਦਾ ਰਾਜ ਖਤਮ ਨਹੀਂ ਹੋ ਗਿਆ , ਤਦ ਤੱਕ ਵਰਨ-ਵੰਡ ਦੇ ਪੁਜਾਰੀਆਂ ਨੇ ਸਿੱਖਾਂ ਦਾ ਰਾਜ ਖਤਮ ਕਰਨ ਲਈ , ਸਾਮ , ਦਾਮ , ਦੰਡ , ਭੇਦ ਦਾ ਹਰ ਤਰੀਕਾ ਵਰਤ ਕੇ , ਸਿੱਖਾਂ ਦਾ ਰਾਜ ਖਤਮ ਕਰ ਕੇ ,ਭਾਰਤ ਨੂੰ ਅਮਗਰੇਜ਼ਾਂ ਦਾ ਗੁਲਾਮ ਬਣਾ ਦਿੱਤਾ ।
    ਫਿਰ ਸ਼ੁਰੂ ਹੋਈ , ਅਮਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀ ਲੜਾਈ  । ਜਿਸ ਵਿਚ ਸਿੱਖਾਂ ਅਤੇ ਬੰਗਾਲੀਆਂ ਦਾ ਹਿੱਸਾ ਹੀ 90 % ਤੋਂ ਉਪਰ ਸੀ । ਇਸ ਲੜਾਈ ਵਿਚ ਵੀ ਵਰਨ ਵੰਡ ਦੇ ਪੁਜਾਰੀ ਆਪਣੇ ਹਰ ਹੀਲੇ-ਹਰਬੇ ਨਾਲ , ਹਰ ਮੋਰਚੇ ਤੇ ਅਮਗਰੇਜ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ , ਉਨ੍ਹਾਂ ਦੀ ਪਸ਼ ਪੂਰਦੇ ਰਹੇ । ਇਸ ਤਰ੍ਹਾਂ ਅੰਗਰੇਜ਼ਾਂ ਦੇ ਦਿਮਾਗ ਵਿਚ ,ਇਹ ਗੱਲ ਚੰਗੀ ਤਰ੍ਹਾਂ ਘਰ ਕਰ ਗਈ ਕਿ ਸਾਡੇ ਹਿੱਤ ,ਵਰਨ-ਵੰਡ ਦੇ ਹਾਮੀਆਂ ਦੇ ਹੱਥਾਂ ਵਿਚ ਹੀ ਮਹਿਫੂਜ਼ ਰਹਿ ਸਕਦੇ ਹਨ ।  ਇਸ ਲਈ ਜਦ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਤਾਂ ਉਨ੍ਹਾਂ ਨੇ ਰਾਜ-ਸੱਤਾ ਵਰਨ-ਵੰਡ ਦੇ ਹਮਾਇਤੀਆਂ ਦੇ ਹੱਥਾਂ ਵਿਚ ਦੇਣ ਦਾ ਮਨ ਬਣਾ ਲਿਆ । ਜਿਸ ਨੂੰ ਭਾਂਪਦਿਆਂ ਮੁਸਲਮਾਨਾਂ ਨੇ ਤਾਂ ਆਪਣਾ ਹੱਕ ਲੈ ਲਿਆ , ਪਰ ਸਿੱਖਾਂ ਦੇ ਲੀਡਰਾਂ ਨੂੰ ਆਜ਼ਾਦ ਹੋਣ ਦੀ ਹੀ ਏਨੀ ਖੁਸ਼ੀ ਸੀ ਕਿ , ਉਨ੍ਹਾਂ ਪੰਥ ਦੇ ਭਵਿੱਖ ਬਾਰੇ ਸੋਚੇ ਬਗੈਰ , ਦੁਨੀਆਂ ਦੇ ਮਹਾਨਤਮ ਝੂਠਿਆਂ ਤੇ ਇਤਬਾਰ ਕਰ ਕੇ  ਆਪਣੀ ਕਿਸਮਤ , ਸਿੱਖੀ ਦੇ ਕੱਟੜ ਦੁਸ਼ਮਣਾਂ , ਵਰਨ-ਵੰਡ ਵਾਲਿਆਂ ਨਾਲ ਜੋੜ ਦਿੱਤੀ ।
    ਅਜ਼ਾਦ ਹੁੰਦਿਆਂ ਹੀ ਵਰਨ-ਵੰਡ ਵਾਲਿਆਂ ਨੇ ਸਿੱਖਾਂ ਨੂੰ ਪਹਿਲਾ ਤੋਹਫਾ , ਇਕ ਸਰਕੂਲਰ ਦੇ ਰੂਪ ਵਿਚ ਦਿੱਤਾ , ਜਿਸ ਵਿਚ ਲਿਖਿਆ ਸੀ ਕਿ  “ ਸਿੱਖ ਜਰਾਇਮ ਪੇਸ਼ਾ ਲੋਕ ਹਨ , ਉਨ੍ਹਾਂ ਤੇ ਵਿਸ਼ੇਸ਼ ਨਿਗਾਹ ਰੱਖੀ ਜਾਵੇ । ਕਿਸੇ ਸਿੱਖ ਬਾਰੇ ਸ਼ੱਕ ਹੋਣ ਤੇ ਉਸ ਦੀ ਸੂਚਨਾ , ਤੁਰੰਤ ਜ਼ਿਲ੍ਹੇ ਦੇ ਪੁਲਸ ਮੁਖੀ ਨੂੰ ਦਿੱਤੀ ਜਾਵੇ । ”ਜਦ ਸਿਰਦਾਰ ਕਪੂਰ ਸਿੰਘ ਨੇ ਇਸ ਸਰਕੂਲਰ ਦੀ ਜਾਣਕਾਰੀ , ਸਿੱਖਾਂ ਨੂੰ ਦੇ ਦਿੱਤੀ ਤਾਂ , ਉਸ ਨੂੰ ( ਸਾਰੇ ਕਾਨੂਨ ਛਿੱਕੇ ਤੇ ਟੰਗ ਕੇ ) ਅਣਅਧਿਕਾਰਿਤ ਤੌਰ ਤੇ , ਸੇਵਾ ਮੁਕਤ ਕਰ ਦਿੱਤਾ ਗਿਆ । ਸਾਰੀ ਉਮਰ ਆਪਣੇ ਹੱਕ ਲਈ , ਅਦਾਲਤਾਂ ਵਿਚ ਧੱਕੇ ਖਾਣ ਤੇ ਵੀ ਉਸ ਨੂੰ ਇੰਸਾਫ ਨਾ ਮਿਲ ਸਕਿਆ । ਬਜਾਏ ਇਸ ਦੇ ਕਿ ਸਿੱਖ , ਇਸ ਦੇ ਤੱਤ ਸਾਰ ਨੂੰ ਸਮਝਦੇ , ਸਿੱਖਾਂ ਦੇ ਲੀਡਰ , ਲਾਲਚ ਵੱਸ , ਤ੍ਰਿਸ਼ਨਾ ਵੱਸ , ਸੱਤਾ ਦਾ ਆਨੰਦ ਮਾਨਣ ਲਈ , ਸਿੱਖੀ ਨੂੰ ਧੋਖਾ ਦਿੰਦੇ ਰਹੇ । ( ਇਹ ਇਕ ਵੱਖਰਾ ਵਿਸ਼ਾ ਹੈ ਫਿਰ ਕਿਸੇ ਵੇਲੇ ਵਿਚਾਰਾਂਗੇ )
    ਕਹੇ ਜਾਂਦੇ , ਮਹਾਂ-ਸ਼ਾਤ੍ਰ , ਮਹਾਂ-ਧੋਖੇਬਾਜ਼ , ਸਿੱਖਾਂ ਦੇ ਦੁਸ਼ਮਣ , ਅੰਗਰੇਜ਼ਾਂ ਨੂੰ ਭਜਾ ਕੇ , ਦੇਸ਼ ਦੀ ਵਾਗਡੋਰ , ਮਹਾਂ-ਈਮਾਨਦਾਰ , ਬਹੁਤ-ਭੋਲੇ ਅਤੇ ਸਿੱਖਾਂ ਦੇ ਹਿਤੈਸ਼ੀ,ਵਰਨ-ਵੰਡ ਵਾਲਿਆਂ ਦੇ ਹੱਥਾਂ ਵਿਚ ਸੌਂਪ ਕੇ ਸਿੱਖਾਂ ਦੇ ਲੀਡਰ , ਉਨ੍ਹਾਂ ਦੇ ਸਾਏ ਹੇਠ , ਆਜ਼ਾਦੀ ਦਾ ਨਿੱਘ ਮਾਨਣ ਲਈ ਆਜ਼ਾਦ ਹੋ ਗਏ
ਨਨਕਾਣਾ ਸਾਹਿਬ ਦੇ ਸਾਕੇ ਵੇਲੇ , ਜਦ 180 ਸਿੱਖਾਂ ਦਾ ਬਰਬਰਤਾ ਪੂਰਵਕ ਕਤਲ ਹੋਇਆ ਤਾਂ , ਸਿੱਖਾਂ ਦੇ ਦੁਸ਼ਮਣ ਅੰਗਰੇਜ਼ਾਂ ਨੇ , ਮੌਕੇ ਦੀ ਕੋਈ ਗਵਾਹੀ ਨਾ ਹੋਣ ਤੇ ਵੀ , ਹਾਲਾਤ ਦੀ ਗਵਾਹੀ ਦੇ ਆਧਾਰ ਤੇ 7 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 13 ਨੂੰ ਉਮਰ ਕੈਦ ਦੀ ਸਜ਼ਾ ਦਿੱਤੀ । ਜਦ 1978 ਤੋਂ 1993 ਤਕ ਆਜ਼ਾਦ ਭਾਰਤ ਵਿਚ , ਢਾਈ ਲੱਖ ਦੇ ਕਰੀਬ ਸਿੱਖਾਂ ਦਾ ਕਤਲ ਹੋਇਆ ਤਾਂ ਸਾਡੇ ਦੇਸ਼ ਦੀ , ਸਾਡੀ ਆਪਣੀ ਹੀ ਸਰਕਾਰ ਨੇ ,ਮੌਕੇ ਦੇ ਹਜ਼ਾਰਾਂ ਗਵਾਹ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਫਾਂਸੀ ਦੀ ਸਜ਼ਾ ਦੇਣੀ ਤਾਂ ਦੂਰ ,ਕਿਸੇ ਨੂੰ ਉਮਰ ਕੈਦ ਦੀ ਸਜ਼ਾ ਵੀ ਨਹੀਂ ਦਿੱਤੀ । ਸਗੋਂ ਕਈ ਬੇਕਸੂਰ ਸਿੱਖਾਂ ਨੂੰ ਫਾਂਸੀ ਦੇ ਚੁੱਕੇ ਹਨ ਅਤੇ ਕਈ ਹੋਰ ਨੂੰ , ਫਾਂਸੀ ਦੀ ਕਤਾਰ ਵਿਚ ਲਗਾਇਆ ਹੋਇਆ ਹੈ । ਹਜ਼ਾਰਾਂ ਬੇਕਸੂਰ ਨੌਜਵਾਨ , ਜੇਲ੍ਹ ਦੀਆਂ ਕੋਠੜੀਆਂ ਵਿਚ , ਜਵਾਨੀ ਤੋਂ ਬੁਢਾਪੇ ਦਾ ਸਫਰ ਤੈ ਕਰ ਚੁੱਕੇ ਹਨ। 
      ਸਿੱਖਾਂ ਨਾਲ ਹਮਦਰਦੀ ਰੱਖਣ ਵਾਲੇ , ਬਹੁਤ ਸਾਰੇ ਹਿੰਦੂ ਪਰਵਾਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ । ਹਜ਼ਾਰਾਂ ਸਿੱਖਾਂ ਨੂੰ ਨਕਲੀ ਪੁਲਸ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ ਹੈ । ਹਰ ਦਿਨ ਸਾਡੀ ਅਪਣੀ ਸਰਕਾਰ ਵਲੋਂ ਹੀ ਸਿੱਖਾਂ ਤੇ ਹਮਲੇ ਹੁੰਦੇ ਹਨ , ਗੋਲੀਆਂ ਚਲਦੀਆਂ ਹਨ , ਬੇਕਸੂਰ ਸਿੱਖ ਮਾਰੇ ਜਾਂਦੇ ਹਨ , ਪਰ ਕੋਈ ਪੁਛਣ ਵਾਲਾ ਨਹੀਂ । ਸਾਡੀ ਸਰਕਾਰ , ਸਾਡੇ ਲੀਡਰ , ਸਿਆਸੀ ਰੋਟੀਆਂ ਸੇਕਣ ਤੋਂ ਵੱਧ ਕੁਝ ਵੀ ਨਹੀਂ ਕਰ ਰਹੇ ।
    ਪਰ ਬੜੀ ਹੈਰਾਨੀ ਦੀ ਗੱਲ ਹੈ ਕਿ , ਭਾਰਤੀ ਲੋਕਾਂ ਵਲੋਂ ਪਰਚਾਰੇ ਜਾਂਦੇ ਮਹਾਨ ਫਰੇਬੀ , ਮਹਾਨ ਸ਼ਾਤ੍ਰ , ਸਿੱਖਾਂ ਦੇ ਦੁਸ਼ਮਣ , ਅੰਗਰੇਜ਼ਾਂ ਦੇ ਮੁਲਕ ਅਮਰੀਕਾ ਵਿਚ ਇਕ ਸਿੱਖ ਤੇ ਹਮਲਾ ਕਰਨ ਦੇ ਦੋਸ਼ ਵਿਚ , ਇਕ ਗੋਰੇ ਅੰਗਰੇਜ਼ ਨੂੰ 13 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ ।ਸਿੱਖਾਂ ਨੂੰ , ਸਿੱਖੀ ਵਿਚ ਵਰਨ-ਵੰਡ ਵਾਲਿਆਂ ਵਲੋਂ ਸਥਾਪਤ ਕੀਤੀਆਂ ਮਾਨਤਾਵਾਂ ਤੇ ਮੁੜ ਵਿਚਾਰ ਕਰ ਕੇ , ਸਾਰੀ ਦੁਨੀਆਂ ਦੇ ਲੋਕਾਂ ਨਾਲ ਆਪਣੇ ਰਿਸ਼ਤਿਆਂ ਬਾਰੇ , ਗੁਰਬਾਣੀ ਦੇ ਆਧਾਰ ਤੇ , ਚੰਗੀ ਤਰ੍ਹਾਂ ਘੋਖ ਕਰਨ ਦੀ ਲੋੜ ਹੈ । ਇਸ ਦੇ ਨਾਲ ਹੀ ਆਪਣੇ ਲੀਡਰਾਂ ਅਤੇ ਆਪਣੀ ਸਰਕਾਰ ਦੀਆਂ ਚਾਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ।
                                                  ਅਮਰ ਜੀਤ ਸਿੰਘ ਚੰਦੀ
                                                   ਫੋਨ:- 95685 41414
                                                           18-06-2011
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.