ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ (ਭਾਗ 4 ਆਖਰੀ)
ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ (ਭਾਗ 4 ਆਖਰੀ)
Page Visitors: 2486

ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ
           (ਭਾਗ 4 ਆਖਰੀ)

 ਤੱਤ ਪ੍ਰਿਵਾਰ ਵਾਲਿਆਂ ਨਾਲ ਕੁਝ ਵਿਚਾਰ ਸਾਂਝ!
   ਤੱਤ ਪ੍ਰਿਵਾਰ ਦੇ ਵੀਰੋ, ਮੈਨੂੰ ਤੁਹਾਡੇ ਨਾਲ ਇਹ ਗੱਲਾਂ ਕਰਨ ਦਾ ਕੋਈ ਅਧਿਕਾਰ ਤਾਂ ਹੈ ਨਹੀਂ, ਪਰ ਕਿਸੇ ਵੇਲੇ ਤੁਸੀਂ ਮੇਰੇ ਬਹੁਤ ਨੇੜੇ ਸੀ, ਮੇਰੇ ਸਤਸੰਗੀ ਸੀ, ਉਨ੍ਹਾਂ ਦਿਨਾਂ ਨੂੰ ਧਿਆਨ ਵਿਚ ਰੱਖਦਿਆਂ, ਮੈਂ ਇਹ ਚੌਥਾ ਭਾਗ ਲਿਖ ਰਿਹਾ ਹਾਂ।ਜ਼ਰਾ ਧਿਆਨ ਨਾਲ ਪੜ੍ਹਿਓ।
ਵੈਸੇ ਤਾਂ ਮੇਰਾ ਮਕਸਦ ਪੂਰਾ ਹੋ ਚੁੱਕਾ ਹੈ।
    ਜਿਵੇਂ ਤੁਸੀਂ ਗੁਰੂ ਨਾਨਕ ਜੀ ਦੇ ਸਿੱਖੀ ਵਿਚਲੇ ਰੋਲ ਨੂੰ ਨਕਾਰ ਰਹੇ ਹੋ, ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਲ ਨੂੰ ਨਕਾਰਨ ਵੱਲ ਵੱਧ ਰਹੇ ਹੋ, ਜਿਵੇਂ ਤੁਸੀਂ ਆਪਣੀ ਲਿਖਤ ਵਿਚ ਗੁਰਮਤਿ ਨੂੰ ਨਕਾਰ ਚੁੱਕੇ ਹੋ, ਉਸ ਥਾਂ ਤੇ ਅਪੜੇ ਬੰਦੇ ਬਾਰੇ ਗੁਰਬਾਣੀ ਇਵੇਂ ਕਹਿੰਦੀ ਹੈ,
       ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੇ ਸਭੁ ਸੰਸਾਰੁ॥
       ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ॥
       ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ॥
       ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ
॥1॥   (302)
  ਇਸ ਦੇ ਅਰਥ, ਤੁਸੀਂ ਮੇਰੇ ਨਾਲੋਂ ਚੰਗੇ ਕਰ ਸਕਦੇ ਹੋ, ਮੇਰਾ ਕੀ ਪਤਾ ਮੈਂ ਕਿੱਥੇ ਗਲਤੀ ਕਰ ਜਾਵਾਂ ?
   ਮੈਂ ਸਿਰਫ ਏਨਾ ਲਿਖਾਂਗਾ ਕਿ ਗੁਰੂ ਸਾਹਿਬ ਨੇ ਲਿਖਿਆ ਹੈ,
       ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥
       ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ
॥1॥      (560)   ਅਤੇ
       ਗੁਰ ਕੀ ਸੇਵਾ ਸਬਦੁ ਬੀਚਾਰੁ ॥
       ਹਉਮੈ ਮਾਰੇ ਕਰਣੀ ਸਾਰੁ
॥     (223)
  ਗੁਰੂ ਜੀ ਹਉਮੈ ਮਾਰਨ ਨੂੰ ਹੀ ਸਭ ਵਿਕਾਰਾਂ ਤੋਂ ਬਚਣ ਦਾ ਰਾਹ ਦੱਸਦੇ ਹਨ, ਨਾ ਸਿਰਫ ਦੱਸਦੇ ਹਨ ਬਲਕਿ ਉਪਰ ਦਿੱਤੇ ਸ਼ਬਦ ਦੀ ਆਖਰੀ ਤੁਕ ਸਾਬਤ ਕਰਦੀ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਹਉਮੈ ਤੋਂ ਕਿੰਨਾ ਦੂਰ ਸਨ।ਤੁਸੀਂ ਅਜਿਹੇ ਗੁਰੂ ਬਾਰੇ, (ਜਿਸ ਨੇ ਤੁਹਾਡਾ ਕੁਝ ਨਹੀਂ ਵਿਗਾੜਿਆ) ਬੁਰਿਆਈ ਦਾ ਝੰਡਾ ਚੁੱਕੀ ਫਿਰਦੇ ਹੋ।
         ਏਸੇ ਪਰਥਾਇ ਗੁਰੂ ਜੀ ਨੇ ਇਕ ਹੋਰ ਸ਼ਬਦ ਲਿਖਿਆ ਹੈ,
       ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨ੍ਹਾ ਅਗੈ ਪਿਛੈ ਥਾਉ ਨਾਹੀ ॥          
       ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥……..
       ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥
       ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥
       ਜਨ ਨਾਨਕ ਨਾਮੁ ਆਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥
       ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ
॥2॥     (309)
 ਇਸ ਦੇ ਵੀ ਅਰਥ ਤੁਸੀਂ ਕਰ ਲੈਣੇ, ਬਾਕੀ ਜੋ ਤੁਕਾਂ ਆਉਣਗੀਆਂ ਉਨ੍ਹਾਂ ਦੇ ਅਰਥ ਮੈਂ ਕਰ ਦੇਵਾਂਗਾ।
  ਜੇ ਤੁਹਾਡੇ ਤੇ ਇਨ੍ਹਾਂ ਸ਼ਬਦਾਂ ਦਾ ਕੋਈ ਅਸਰ ਹੋਇਆ ਹੋਵੇ ਤਾਂ ਗੁਰੂ ਜੀ ਇਸ ਤੋਂ ਅੱਗੇ ਦਾ ਰਾਹ ਵੀ ਦੱਸਦੇ ਹਨ,
       ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥
       ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥
       ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ
॥2॥    (308)
  ਹੇ ਗੁਰੂ ਦੇ ਸਿੱਖੋ, ਗੁਰੂ ਦੀ ਬਾਣੀ ਨੂੰ ਨਰੋਲ ਸੱਚ ਜਾਣੋ, ਕਿਉਂਕਿ ਆਪ ਕਰਤਾ-ਪੁਰਖ, ਇਹ ਬਾਣੀ ਗੁਰੂ ਦੇ ਮੂੰਹੋਂ ਅਖਵਾਉਂਦਾ ਹੈ।     ਪਿਆਰਾ ਹਰੀ, ਗੁਰੂ ਦੇ ਸਿੱਖਾਂ ਦੇ ਮੁੱਖ ਉਜਲੇ ਕਰਦਾ ਹੈ ‘ਤੇ ਗੁਰੂ ਦੀ ਜੈ-ਜੈ ਕਾਰ ਸੰਸਾਰ ਵਿਚ ਹਰ ਪਾਸੇ ਕਰਵਾਉਂਦਾ ਹੈ,     ਨਿਮਾਣਾ ਨਾਨਕ ਵੀ ਹਰੀ ਦਾ ਹੀ ਦਾਸ ਹੈ, ਪ੍ਰਭੂ ਆਪਣੇ ਦਾਸਾਂ ਦੀ ਪੈਜ ਆਪ ਹੀ ਰੱਖਦਾ ਹੈ।            ਅਤੇ,
       ਮਨੁ ਅਸਾਧੁ ਸਾਧੈ ਜਨੁ ਕੋਇ ॥
       ਅਚਰੁ ਚਰੈ ਤਾ ਨਿਰਮਲੁ ਹੋਇ ॥
       ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥
       ਹਉਮੈ ਵਿਚਹੁ ਤਜੇ ਵਿਕਾਰ ॥3॥     
       ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥
       ਕਦੇ ਨ ਵਿਛੁੜਹਿ ਸਬਦਿ ਸਮਾਇ ॥
       ਆਪਣੀ ਕਲਾ ਆਪੇ ਹੀ ਜਾਣੈ ॥
       ਨਾਨਕ ਗੁਰਮੁਖਿ ਨਾਮੁ ਪਛਾਣੈ
॥4॥5॥     (159)
  ॥3॥
  ਮਨ ਸੌਖਿਆਂ ਹੀ ਵੱਸ ਵਿਚ ਨਹੀਂ ਆਉਂਦਾ, ਕੋਈ ਵਿਰਲਾ ਬੰਦਾ ਹੀ ਗੁਰੂ ਦੀ ਸਰਨ ਪੈ ਕੇ, ਗੁਰੂ ਦੀ ਸਿਖਿਆ ਆਸਰੇ ਮਨ ਨੂੰ ਵੱਸ ਵਿਚ ਲਿਆਉਂਦਾ ਹੈ।      ਜਦੋਂ ਬੰਦਾ ਗੁਰੂ ਦੀ ਮਦਦ ਨਾਲ ਇਸ ਅਮੋੜ ਮਨ ਨੂੰ ਸਿੱਧੇ ਰਾਹ ਲੈ ਆਉਂਦਾ ਹੈ ਤਾਂ ਮਨ ਪਵਿਤ੍ਰ, ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦਾ ਹੈ।    ਗੁਰੂ ਦੀ ਸਰਨ ਵਿਚ ਰਹਿਣ ਵਾਲਾ ਬੰਦਾ ਇਸ ਮਨ ਨੂੰ ਸਵਾਰ ਲੈਂਦਾ ਹੈ, ਮਨ ਆਪਣੇ ਅੰਦਰੋਂ ਹਉਮੈ ਕੱਢ ਕੇ ਵਿਕਾਰ ਤਿਆਗ ਦਿੰਦਾ ਹੈ। 
  ॥4॥
  ਜਿਨ੍ਹਾਂ ਮਨੁੱਖਾਂ ਨੂੰ ਕਰਤਾਰ ਨੇ ਧੁਰ ਦਰਗਾਹ ਤੋਂ ਹੀ ਗੁਰੂ ਨਾਲ ਮੇਲ ਮਿਲਾ ਕੇ ਵਿਕਾਰਾਂ ਤੋਂ ਬਚਾ ਲਿਆ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜੇ, ਕਦੇ ਵੀ ਪ੍ਰਭੂ ਨਾਲੋਂ ਨਹੀਂ ਵਿਛੜਦੇ।
   ਹੇ ਨਾਨਕ, ਪਰਮਾਤਮਾ ਆਪਣੀ ਸ਼ਕਤੀ ਬਾਰੇ ਆਪ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ।  ਪਰ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਅਤੇ ਉਸ ਵਿਚ ਹੀ ਰਾਜ਼ੀ ਰਹਿੰਦਾ ਹੈ।             ਅਤੇ,
       ਸਲੋਕ ਮਹਲਾ:1॥
       ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥
       ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ
॥1॥
       ਮ:1॥
       ਜਿਸੁ ਮਨਿ ਵਸਿਆ ਤਰਿਆ ਸੋਇ ॥
       ਨਾਨਕ ਜੋ ਭਾਵੈ ਸੋ ਹੋਇ
॥2॥
       ਪਉੜੀ॥
       ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥
       ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ ॥
       ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥
       ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥
       ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ
॥11॥         (854)
 ॥1॥
 ਹੇ ਨਾਨਕ, ਕੋਈ ਬੰਦਾ ਖੇਤੀ ਬੀਜਦਾ ਹੈ, ਕੋਈ ਉਸ ਨੂੰ ਵੱਢਦਾ ਹੈ ਅਤੇ ਕੋਈ ਹੋਰ ਉਸ ਦਾ ਖਲਿਆਣ ਸੰਭਾਲਦਾ ਹੈ, ਪਰ ਅੰਤ ਨੂੰ ਉਸ ਅਨਾਜ ਨੂੰ ਖਾਂਦਾ ਕੋਈ ਹੋਰ ਹੈ। ਇਵੇਂ ਹੀ ਪਰਮਾਤਮਾ ਦੀ ਰਜ਼ਾ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ, ਕਿ ਕਦੋਂ ਕੀ ਹੋਵੇਗਾ ?
  ॥2॥
  ਹੇ ਨਾਨਕ, ਜਿਸ ਬੰਦੇ ਦੇ ਮਨ ਵਿਚ ਪ੍ਰਭੂ ਵੱਸ ਜਾਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਮਾਇਆ ਦੀਆਂ ਲਹਿਰਾਂ ਵਿਚ ਨਹੀਂ ਫਸਦਾ। ਉਸ ਨੂੰ ਸਮਝ ਆ ਜਾਂਦੀ ਹੈ ਕਿ ਕਰਤਾ-ਪੁਰਖ ਦੀ ਜੋ ਰਜ਼ਾ ਹੋਵੇ, ਓਹੀ ਕੁਝ ਹੁੰਦਾ ਹੈ।
  ਪਉੜੀ॥ 
  ਹੇ ਭਾਈ, ਪੂਰੇ ਗੁਰੂ ਨੇ ਮਿਹਰਬਾਨ ਹੋਕੇ ਜਿਸ ਮਨੁੱਖ ਦੇ ਮਨ ਵਿਚੋਂ ਭਰਮ ਅਤੇ ਡਰ ਦੂਰ ਕਰ ਦਿੱਤੇ ਹਨ, ਉਸ ਨੇ ਪਰਮਾਤਮਾ ਦਾ ਨਾਮ, ਉਸ ਦਾ ਹੁਕਮ ਚੰਗੀ ਤਰ੍ਹਾਂ ਆਪਣੇ ਹਿਰਦੇ ਵਿਚ ਸਾਂਭ ਲਿਆ, ਉਸ ਦੇ ਕਾਮ-ਕ੍ਰੋਧ ਵਰਗੇ ਸਾਰੇ ਵੱਡੇ ਵੈਰੀ ਹਾਰ ਗਏ।
  ਹੇ ਨਾਨਕ, ਉਸ ਬੰਦੇ ਨੇ ਗੁਰੂ ਦੀ ਸੰਗਤਿ ਆਸਰੇ ਆਪਣਾ ਜਨਮ-ਮਰਣ ਸਵਾਰ ਲਿਆ ਅਤੇ ਪਰਮਾਤਮਾ ਨੇ ਉਸ ਤੇ ਦਿਆਲ ਹੋ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ, ਉਸ ਦਾ ਆਵਾ-ਗਵਣ ਮੁਕਾਅ ਕੇ ਉਸ ਨੂੰ ਆਪਣੇ ਵਿਚ ਹੀ ਲੀਨ ਕਰ ਲਿਆ।      
    ਇਸ ਤੋਂ ਅੱਗੇ ਤੁਹਾਢੀ (ਤੱਤ ਪਰਿਵਾਰ ਅਤੇ ਉਸ ਦੇ ਸਾਥੀਆਂ ਦੀ) ਮਰਜ਼ੀ ਹੈ ਕਿ ਤੁਸੀਂ ਇਹ ਕੰਮ ਕਰ ਕੇ ਆਪਣਾ ਜਨਮ-ਮਰਣ ਸਵਾਰਨਾ ਹੈ ਜਾਂ ਨਹੀਂ ?
ਜੇ ਨਹੀਂ ਤਾਂ ਗੁਰੂ ਦਾ ਵਾਕ ਹੈ,
       ਸਲੋਕ ਮਹਲਾ:5॥
       ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥   
       ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ
॥1॥
       ਮ:5॥
       ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥
       ਤਿਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ
॥2॥
       ਪਉੜੀ 5॥
       ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥         
       ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥                          
       ਸੰਨ੍ਹੀ ਦੇਨ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥           
       ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥
       ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ
॥27॥    (315)
   ॥1॥
  ਹੇ ਨਾਨਕ, ਸੰਤਾਂ ਦੀ, ਸਤਸੰਗੀਆਂ ਦੀ ਮਦਦ ਕਰਨ ਵਾਲਾ ਪ੍ਰਭੂ, ਸਭ ਥਾਂ ਜ਼ਾਹਰ ਰੂਪ ਵਿਚ ਵਰਤ ਰਿਹਾ ਹੈ, ਕੋਈ ਕੰਮ ਲੁਕ ਕੇ ਨਹੀਂ ਕਰਦਾ, ਜੇ ਇਕ ਬੰਨੇ ਉਹ ਭਲੇ ਪੁਰਸ਼ਾਂ ਨੂੰ ਆਪ ਹੱਥ ਦੇ ਕੇ ਬਚਾਉਂਦਾ ਹੈ ਤਾਂ ਦੂਸਰੇ ਪਾਸੇ, ਬਾਕੀ ਸਾਰੀ ਰਹਿੰਦ-ਖੁਹੰਦ ਨੂੰ, ਬੁਰੇ ਬੰਦਿਆਂ ਨੂੰ ਆਤਮਕ ਮੌਤੇ ਮਾਰਨ ਦਾ ਆਹਰ, ਢੰਗ ਵੀ ਆਪ ਹੀ ਬਣਾ ਰਿਹਾ ਹੈ।
  ॥2॥
  ਜੋ ਮਨੁੱਖ ਮੁੱਢੋਂ ਹੀ, ਸ਼ੁਰੂ ਤੋਂ ਹੀ ਦੁਨੀਆ ਦੇ ਮੁੱਢ, ਅਕਾਲ-ਪੁਰਖ ਨੂੰ ਭੁੱਲੇ ਹੋਏ ਹਨ, ਉਨ੍ਹਾਂ ਲਈ ਹੁਣ ਕਿਹੜਾ ਆਸਰਾ ਹੈ, ਜਿਸ ਦਾ ਉਹ ਸਹਾਰਾ ਲੈਣ ?   ਹੇ ਨਾਨਕ ਇਹ ਲੋਕ ਉਸ ਪ੍ਰਭੂ ਦੇ ਹੀ ਆਤਮਕ ਮੌਤੇ ਮਾਰੇ ਹੋਏ ਹਨ, ਜੋ ਸਭ ਕੁਝ ਕਰਨ ਅਤੇ ਕਰਾਉਣ ਦੇ ਸਮਰੱਥ ਹੈ।
  ਪਉੜੀ 5॥
  ਮਾੜੇ ਮਨੁੱਖ ਰਾਤਾਂ ਦੇ ਹਨੇਰੇ ਵਿਚ, ਦੂਸਰਿਆਂ ਨੂੰ ਲੁੱਟਣ ਲਈ ਫਾਹੀਆਂ ਲੈ ਕੇ ਚਲਦੇ ਹਨ, ਲੁਕ-ਲੁਕ ਕੇ ਪਰਾਈਆਂ ਇਸਤ੍ਰੀਆਂ ਵੇਖਦੇ ਹਨ ਅਤੇ ਉਨ੍ਹਾਂ ਲਈ ਬੁਰਾ ਠਾਣਦੇ ਹਨ, ਚਿਤਵਦੇ ਹਨ। ਔਖੇ ਥਾਈਂ ਸੰਨ੍ਹ ਲਾਉਂਦੇ ਹਨ ਅਤੇ ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ, ਪੀਂਦੇ ਹਨ, ਪਰ ਕਰਤਾਰ ਉਨ੍ਹਾਂ ਬਾਰੇ ਸਭ ਜਾਣਦਾ ਹੈ।
 ਉਹ ਅੰਤ ਵੇਲੇ ਆਪਣੇ ਕੀਤੇ ਤੇ ਆਪ ਹੀ ਪਛਤਾਉਂਦੇ ਹਨ, ਕਿਉਂ ਜੋ ਮੌਤ ਦਾ ਫਰਿਸ਼ਤਾ, ਮਾੜੇ ਕੰਮ ਕਰਨ ਵਾਲਿਆਂ ਨੂੰ ਇਵੇਂ ਪੀੜਦਾ ਹੈ, ਜਿਵੇਂ ਤੇਲੀ ਤਿਲਾਂ ਨੂੰ ਘਾਣੀ ਵਿਚ ਪੀੜਦਾ ਹੈ।
                             ਅਮਰ ਜੀਤ ਸਿੰਘ ਚੰਦੀ            
  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.