ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 14)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 14)
Page Visitors: 2470

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ  
               (ਭਾਗ 14)                  
                                    ਖਖਾ ਖੋਜਿ ਪਰੈ ਜਉ ਕੋਈ ॥
                                    ਜੋ ਖੋਜੈ ਸੋ ਬਹੁਰਿ ਨ ਹੋਈ ॥
                                    ਖੋਜ ਬੂਝਿ ਜਉ ਕਰੈ ਬੀਚਾਰਾ ॥
                                    ਤਉ ਭਵਜਲ ਤਰਤ ਨ ਲਾਵੈ ਬਾਰਾ
॥40॥
   ਜੇ ਕੋਈ ਮਨੁੱਖ, ਪਰਮਾਤਮਾ ਦੀ ਭਾਲ ਵਿਚ ਰੁੱਝ ਜਾਂਦਾ ਹੈ, ਉਸ ਭਾਲ ਵਿਚ ਕਰਤਾਰ ਦਾ ਪਿਆਰ ਸ਼ਾਮਲ ਹੋਣ ਨਾਲ ਮਨੁੱਖ, ਪ੍ਰਭੂ ਨੂੰ ਖੋਜ ਲੈਂਦਾ ਹੈ। ਜਦੋਂ ਉਹ ਬੰਦਾ ਹਰ ਵੇਲੇ, ਰੱਬ ਨਾਲ ਗੁਣਾਂ ਦੀ ਸਾਂਝ ਕਰਦਾ ਰਹਿੰਦਾ ਹੈ, ਫਿਰ ਉਹ ਸੰਸਾਰ ਰੂਪੀ ਭਵਜਲ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲਾਉਂਦਾ। ਫਿਰ ਉਸ ਦੀ ਆਪਣੀ ਹੋਂਦ ਖਤਮ ਹੋ ਜਾਂਦੀ ਹੈ, ਉਸ ਦਾ ਜਨਮ-ਮਰਨ ਦਾ ਗੇੜ ਖਤਮ ਹੋ ਜਾਂਦਾ ਹੈ।        
                                    ਸਸਾ ਸੋ ਸਹ ਸੇਜ ਸਵਾਰੈ ॥
                                    ਸੋਈ ਸਹੀ ਸੰਦੇਹ ਨਿਵਾਰੈ ॥
                                    ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
                                    ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ
॥41॥
   ਜੋ ਜੀਵ ਇਸਤ੍ਰੀ ਦੁਨੀਆ ਦੇ ਥੋੜ੍ਹ ਚਿਰੇ ਸੁਖਾਂ ਨੂੰ ਛੱਡ ਕੇ ਕਰਤਾਰ ਦੇ ਪਿਆਰ ਦਾ ਸਦੀਵੀ ਸੁਖ ਹਾਸਲ ਕਰਦੀ ਹੈ, ਉਹ ਆਪਣੇ ਮਨ ਦੇ ਸੰਸੇ ਦੂਰ ਕਰ ਲੈਂਦੀ ਹੈ, ਉਹ ਪ੍ਰਭੂ ਪਤੀ ਦੇ ਪਿਆਰ ਲਈ ਆਪਣੇ ਮਨ ਦੀ ਸੇਜ ਸਵਾਰਦੀ ਹੈ ਅਤੇ ਭਰਮ-ਭੁਲੇਖੇ ਦੂਰ ਕਰ ਕੇ ਮਨੋਂ ਪ੍ਰਭੂ ਅੱਗੇ ਅਰਦਾਸ ਕਰਦੀ ਹੈ,
                                  ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
                                  ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ
॥2॥         (1266)
   ਅਜਿਹੀ ਆਤਮਕ ਅਵੱਸਥਾ ਵਿਚ ਅਪੜ ਕੇ ਹੀ ਜੀਵ ਇਸਤ੍ਰੀ , ਕਰਤਾਰ ਨੂੰ ਆਪਣਾ ਖਸਮ, ਪਤੀ ਬਣਾਉਂਦੀ ਹੈ ਅਤੇ ਪਰਮਾਤਮਾ ਉਸ ਦਾ ਖਸਮ, ਸਾਈਂ ਬਣਦਾ ਹੈ, ਦੋਵੇਂ ਇਕ ਰੂਪ ਹੋ ਜਾਂਦੇ ਹਨ, ਜੀਵ ਦੀ ਆਪਣੀ ਵੱਖਰੀ ਹੋਂਦ ਸਦਾ ਲਈ ਖਤਮ ਹੋ ਜਾਂਦੀ ਹੈ।    
                                    ਹਾਹਾ ਹੋਤ ਹੋਇ ਨਹੀ ਜਾਨਾ ॥
                                    ਜਬ ਹੀ ਹੋਇ ਤਬਹਿ ਮਨੁ ਮਾਨਾ ॥
                                    ਹੈ ਤਉ ਸਹੀ ਲਖੈ ਜਉ ਕੋਈ ॥
                                    ਤਬ ਓਹੀ ਉਹੁ ਏਹੁ ਨ ਹੋਈ
॥42॥
   ਮਾਇਆ ਵਿਚ ਪਰਚੇ ਜੀਵ ਨੇ ਮਨੁੱਖਾ ਜਨਮ ਲੈ ਕੇ ਵੀ, ਇਹ ਨਹੀਂ ਪਛਾਣਿਆ ਕਿ ਅਸਲ ਸਦੀਵੀ ਹੋਂਦ ਵਾਲਾ ਤਾਂ ਪਰਮਾਤਮਾ ਹੈ, ਮਾਇਆ ਨਹੀਂ, ਮਾਇਆ ਤਾਂ ਛਲਾਵਾ ਹੈ। ਪਰ ਜਦੋਂ ਜੀਵ ਨੂੰ ਇਹ ਯਕੀਨ ਹੋ ਜਾਵੇ ਕਿ ਵਾਕਿਆ ਹੀ ਸਦੀਵੀ ਹੋਂਦ ਵਾਲਾ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ, ਤਾਂ ਉਸ ਦਾ ਮਨ ਰੱਬ ਵਿਚ ਪਤੀਜ ਜਾਂਦਾ ਹੈ, ਪਰਚ ਜਾਂਦਾ ਹੈ।ਜੇ ਕੋਈ ਮਨ ਇਹ ਸਮਝ ਕੇ ਕਿ ਅਸਲੀਅਤ ਵਿਚ ਕਰਤਾਰ ਹੀ ਸਦੀਵੀ ਹੋਂਦ ਵਾਲਾ ਹੈ, ਉਸ ਨਾਲ ਜੁੜ ਜਾਵੇ ਤਾਂ ਫਿਰ ਉਹ ਜੀਵ ਉਸ ਕਰਤਾਰ ਦਾ ਰੂਪ ਹੀ ਹੋ ਜਾਂਦਾ ਹੈ, ਉਸ ਦਾ ਆਪਣਾ ਵੱਖਰਾ ਵਜੂਦ ਨਹੀਂ ਰਹਿ ਜਾਂਦਾ, ਹਉਂ-ਮੈਂ ਦੀ ਗੱਲ ਹੀ ਖਤਮ ਹੋ ਜਾਂਦੀ ਹੈ। 
ਅਮਰ ਜੀਤ ਸਿੰਘ ਚੰਦੀ           (ਚਲਦਾ)  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.