ਵਿਸ਼ਾ:- ਵਿਚਾਰ ਚਰਚਾ- ਗੁਰਮਤਿ ਵਿਚ ਆਵਾਗਵਨ ਦਾ ਸੰਕਲਪ
ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਤੱਤ ਗੁਰਮਮਤਿ ਪਰਿਵਾਰ ਨੇ , ਪੰਥ ਵਿਚ ਪਈ ਦੁਵਿਧਾ ਨੂੰ ਦੂਰ ਕਰਨ ਲਈ , ਆਵਾ-ਗਵਣ ਸਬੰਧੀ , ਇਕ ਵਿਚਾਰ ਚਰਚਾ ਆਯੋਜਿਤ ਕਰਨ ਦਾ ਮਨ ਬਣਾਇਆ ਹੈ ।
ਪਰ ਇਕੱਠਾਂ ਵਿਚਲੀਆਂ ਅਜਿਹੀਆਂ ਵਿਚਾਰ ਚਰਚਾਵਾਂ ਨਾਲ , ਅੱਜ ਤਕ ਕੋਈ ਮਸਲ੍ਹਾ ਹੱਲ ਨਹੀਂ ਹੋਇਆ । ਉਹ ਆਪ ਹੀ ਲਿਖਦੇ ਹਨ ਕਿ ਸਾਡੀ ਜਾਣਕਾਰੀ ਵਿਚ ਐਸਾ ਕੋਈ ਸਮਾਗਮ ਨਹੀਂ ਹੈ ਜਿੱਥੇ ਸਿੱਖਾਂ ਨੇ ਨਿੱਠ ਕੇ ਪਾਰਦਰਸ਼ਿਤਾ ਨਾਲ , ਵਿਚਾਰ ਕੀਤੀ ਹੋਵੇ ਅਤੇ ਕਿਸੇ ਮਸਲ੍ਹੇ ਦਾ ਹੱਲ ਕੱਢਿਆ ਹੋਵੇ ।
ਉਹ ਲੱਖ ਆਪਣੀ ਵਡਆਈ ਪਏ ਕਰਨ , ਪਰ ਸਾਰੀ ਦੁਨੀਆ ਜਾਣਦੀ ਹੈ ਕਿ ਉਨ੍ਹਾਂ ਦੇ ਸਮਾਗਮ ਵੀ ਅਜਿਹੇ ਹੀ ਸਨ ।
(ਮੈਂ ਇਹ ਗੱਲ ਕਦੇ ਨਾ ਲਿਖਦਾ , ਜੇ ਉਨ੍ਹਾਂ ਨੇ ਖਾਲੀ ਆਪਣੇ ਉਪਰਾਲੇ ਵਿਚ ਸਹਿਯੋਗ ਦਾ ਸੱਦਾ ਹੀ ਦਿੱਤਾ ਹੁੰਦਾ)
ਉਨ੍ਹਾਂ ਨੇ ਤਾਂ ਪਹਿਲਾਂ ਹੀ ਫੈਸਲਾ ਕਰ ਦਿੱਤਾ ਹੈ ਕਿ , ਮਰਨ ਤੋਂ ਮਗਰੋਂ ਵਾਲੀ ਮੁਕਤੀ ਗੁਰਮਤਿ ਅਨੁਸਾਰ ਨਹੀਂ ਹੈ ।(ਸਾਡੀ ਜਾਣਕਾਰੀ ਅਨੁਸਾਰ ਇਸ ਵਿਸ਼ੇ ਤੇ ਮਰਨ ਤੋਂ ਬਾਅਦ ਆਵਾਗਵਨ ਮੰਨਣ ਵਾਲੇ ਮੁੱਖ ਸੱਜਣ ਅਮਰਜੀਤ ਸਿੰਘ ਚੰਦੀ, ਜਸਬੀਰ ਸਿੰਘ ਕੈਲਗਰੀ, ਪ੍ਰਿੰ. ਸੁਰਜੀਤ ਸਿੰਘ ਦਿੱਲੀ ਆਦਿ ਹਨ।)
ਅਤੇ ਜੀਉਂਦੇ-ਜੀਅ ਮੁਕਤੀ ਗੁਰਮਤਿ ਅਨੁਸਾਰੀ ਹੈ (ਦੂਜੀ ਤਰਫ ਗੁਰਮਤਿ ਵਿਚਲੇ ਆਵਾਗਵਨ ਦੇ ਸੰਕਲਪ ਨੂੰ ਜੀਂਦੇ ਜੀ ਪ੍ਰਵਾਨ ਕਰਨ ਵਾਲੇ ਮੁੱਖ ਸੱਜਣ) ਇਸ ਵਿਚੋਂ ਹੀ ਉਨ੍ਹਾਂ ਦੀ ਪਾਰਦਰਸ਼ਿਤਾ ਅਤੇ ਨਿਸ਼ਕਾਮ-ਨਿਮਰਤਾ ਦਾ ਝਲਕਾਰਾ ਸਾਫ ਪਿਆ ਝਲਕਦਾ ਹੈ ।
ਉਹ ਲਿਖਦੇ ਹਨ ਕਿ ਇਸ ਬਾਰੇ ਇੰਟਰ-ਨੈਟ ਅਤੇ ਪ੍ਰਿੰਟ ਮੀਡੀਏ ਵਿਚ ਲੰਮੀਆਂ ਬਹਿਸਾਂ ਤਾਂ ਹੋਈਆਂ ਹਨ , ਪਰ ਉਹ ਬੇ-ਨਤੀਜਾ ਰਹੀਆਂ ,ਕਿਉਂਕਿ ਉਨ੍ਹਾਂ ਦਾ ਮਕਸਦ ਕਿਸੇ ਫੈਸਲੇ ਤੇ ਪਹੁੰਚਣ ਦੀ ਥਾਂ ਹਾਰ-ਜਿੱਤ ਅਤੇ ਲੱਤ-ਖਿੱਚੂ ਵਿਰੋਧ ਜ਼ਿਆਦਾ ਰਿਹਾ।
ਮੈਂ ਕਦੇ ਅਜਿਹੀ ਕਿਸੇ ਬਹਿਸ ਵਿਚ ਹਿੱਸਾ ਨਹੀਂ ਲਿਆ ਅਤੇ ਨਾ ਅਜਿਹੀ ਬਹਿਸ ਵਿਚ ਹਿੱਸਾ ਲੈਣ ਦਾ ਚਾਹਵਾਨ ਹਾਂ । ਕਿਉਂਕਿ ਬਹਿਸ ਵਿਚੋਂ ਕਦੇ ਕੁਝ ਨਹੀਂ ਨਿਕਲਿਆ । ਨਾ ਹੀ ਅਸੀਂ ਏਨੇ ਅਹਿਲ ਹਾਂ ਕਿ ਅਸੀਂ ਗੁਰਬਾਣੀ ਦੇ ਕਿਸੇ ਸਿਧਾਂਤ ਬਾਰੇ ਨਿਰਣਾ ਕਰ ਸਕੀਏ । ਹਾਂ ਵਿਚਾਰ ਜ਼ਰੂਰ ਕਰ ਸਕਦੇ ਹਾਂ ।
ਵਿਚਾਰ ਕਰਨ ਦਾ ਵੀ ਇਕ ਢੰਗ ਹੁੰਦਾ ਹੈ , ਅਤੇ ਉਸ ਨੂੰ ਅਪਣਾਇਆਂ ਹੀ ਕੋਈ ਫਾਇਦਾ ਹਾਸਲ ਕੀਤਾ ਜਾ ਸਕਦਾ ਹੈ । ਇਕੱਠਾਂ ਵਿਚ ਗੁਰਮਤਿ ਦੇ ਗੰਭੀਰ ਵਿਸ਼ੇ ਨਹੀਂ ਵਿਚਾਰੇ ਜਾ ਸਕਦੇ । ਇਸ ਵਿਸ਼ੇ ਤੇ (ਜਿਸ ਵਿਚ ਬੜੀ ਦੁਵਿਧਾ ਖੜੀ ਕਰ ਦਿੱਤੀ ਗਈ ਹੈ) ਵਿਚਾਰ ਕਰਨ ਲਈ , ਮੈਂ ਉਨ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ , ਜੇ ਇਹ ਵਿਚਾਰ ਇਸ ਢੰਗ ਨਾਲ ਹੋਵੇ ।
1 , ਇਹ ਵਿਚਾਰ ਲਿਖਤ ਰੂਪ ਵਿਚ ਵੈਬਸਾੲਟਾਂ ਤੇ ਹੋਣ ।
2 , ਗੁਰਬਾਣੀ ਦੀ ਕੋਈ ਇਕ ਤੁਕ ਲੈ ਕੇ ਉਸ ਵਿਚ ਆਪਣੀ ਮਨਮਤਿ ਰਲਾ ਕੇ ਵਿਚਾਰ ਨਾ ਕੀਤਾ ਜਾਵੇ , ਬਲਕਿ ਗੁਰਬਾਣੀ ਦਾ ਪੂਰਾ ਸ਼ਬਦ ਲੈ ਕੇ ਉਸ ਦੀ ਵਿਆਖਿਆ ਕੀਤੀ ਜਾਵੇ ।
3 , ਉਸ ਸ਼ਬਦ ਦੀ ਵਿਆਖਿਆ ਲਈ ਸਿਰਫ ਗੁਰਬਾਣੀ ਵਿਚੋਂ ਹੀ ਮਿਸਾਲਾਂ ਦਿੱਤੀਆਂ ਜਾਣ । (ਬਾਹਰੋਂ ਕਿਸੇ ਕਿਤਾਬ ਆਦਿ ਦੇ ਆਧਾਰ ਤੇ ਗੁਰਬਾਣੀ ਨੂੰ ਨਹੀਂ ਸਮਝਿਆ ਜਾ ਸਕਦਾ)
4 , ਸਾਡੇ ਲੇਖ ਛਾਪਣ ਲਈ ਸਾਡੇ ਕੋਲ ਆਪਣੀ ਸਾਈਟ ਹੈ , ਕੋਸ਼ਿਸ਼ ਕਰਾਂਗਾ ਕਿ “ਖਾਲਸਾ ਨਿਊਜ਼” ਅਤੇ “ਸਿੰਘ-ਸਭਾ. ਯ.ੂ ਐਸ. ਏ.” ਵੀ ਸਾਡੇ ਲੇਖ ਛਾਪ ਦੇਣ ਤਾਂ ਜੋ ਵੱਧ ਤੋਂ ਵੱਧ ਪਾਠਕਾਂ ਤਕ ਗੁਰਬਾਣੀ ਦਾ ਪੱਖ ਪਹੁੰਚ ਸਕੇ । ਦੂਸਰੇ ਪੱਖ ਕੋਲ ਉਨ੍ਹਾਂ ਦੀਆਂ ਬਹੁਤ ਸਾਈਟਾਂ ਹਨ । ਇਹ ਵਿਚਾਰ ਪੰਜਾਹ-ਸੌ ਤਕ ਸੀਮਿਤ ਨਹੀਂ ਰਹਿਣਗੇ , ਬਲਕਿ ਹਜ਼ਾਰਾਂ ਪਾਠਕ ਇਸ ਦਾ ਲਾਹਾ ਲੈ ਸਕਣਗੇ । ਇਵੇਂ ਆਉਣ ਵਾਲਿਆਂ ਦਾ ਸਮਾ , ਭਾੜਾ ਅਤੇ ਤੱਤ ਗੁਰਮਤਿ ਵਾਲਿਆਂ ਦਾ ਖਰਚਾ ਵੀ ਬਚ ਜਾਵੇਗਾ , ਅਤੇ ਇਸ ਦੀ ਪਾਰਦਰਸ਼ਿਤਾ ਵਾਲਾ ਪਰਮਾਣੀਕ ਰਿਕਾਰਡ ਵੀ ਹਮੇਸ਼ਾ ਲਈ ਸਾਂਭਿਆ ਜਾਵੇਗਾ ।
5 , ਹਰ ਧਿਰ ਸਿਰਫ ਆਪਣਾ ਪੱਖ ਰੱਖੇ , ਕਿਸੇ ਦੂਸਰੇ ਦੀ ਲਿਖਤ ਵਿਚ ਦਖਲ ਨਾ ਦੇਵੇ, ਨਾ ਹੀ ਕੋਈ ਸਵਾਲ ਪੁੱਛੇ ।(ਇਹ ਦੂਸਰੇ ਨੂੰ ਉਲਝਾਉਣ ਦਾ ਸਬੱਬ ਬਣਦਾ ਹੈ) ਅਸੀਂ ਕੋਸ਼ਿਸ਼ ਕਰਾਂਗੇ ਕਿ ਦੂਸਰੀ ਧਿਰ ਵਲੋਂ ਉਠਾਏ ਜਾਇਜ਼ ਮੁੱਦਿਆਂ ਬਾਰੇ ਪਾਠਕਾਂ ਨੂੰ ਗੁਰਮਤਿ ਅਧਾਰਿਤ ਆਪਣੇ ਲੇਖਾਂ ਦੁਆਰਾ ਸੰਤੁਸ਼ਟ ਕਰੀਏ । ਇਸ ਵਿਚਾਰ ਚਰਚਾ ਵਿਚੋਂ ਪਾਠਕ ਆਪੇ ਹੀ ਸਮਝ ਲੈਣਗੇ ਕਿ ਗੁਰਬਾਣੀ ਕੀ ਸੇਧ ਦਿੰਦੀ ਹੈ ?
ਜੇ ਤੱਤ ਪਰਿਵਾਰ ਵਾਲਿਆਂ ਨੂੰ ਇਸ ਢੰਗ ਦੀ ਵਿਚਾਰ ਚਰਚਾ ਮੰਜ਼ੂਰ ਹੋਵੇ ਤਾਂ ਉਹ ਵਿਚਾਰ ਚਰਚਾ ਸ਼ੁਰੂ ਕਰਨ ਦੀ ਤਾਰੀਖ ਦੱਸ ਦੇਣ ।
ਅਮਰ ਜੀਤ ਸਿੰਘ ਚੰਦੀ
27-7-2014
(ਨੋਟ:- ਇਸ ਲੜੀ ਵਿਚ ਸਿਰਫ ਉਨ੍ਹਾਂ ਨਾਲ ਹੀ ਵਿਚਾਰ ਕੀਤੀ ਜਾਵੇਗੀ , ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰ-ਵਿਵਾਦਿਤ ਆਪਣਾ ਗੁਰੂ ਮੰਨਦੇ ਹੋਣ । ਕਿਉਂਕਿ ਵਿਸ਼ਾ ਹੀ “ ਗੁਰਮਤਿ ਵਿਚ ਆਵਾ-ਗਵਣ ਦਾ ਸੰਕਲਪ” ਹੈ , ਇਹ ਕੋਈ ਮਾਦੀ ਗਿਆਨ ਨਹੀਂ ਹੈ , ਜਿਸ ਦੇ ਪ੍ਰਤੱਖ ਸਬੂਤ ਦਿੱਤੇ ਜਾ ਸਕਣ , ਇਸ ਵਿਸ਼ੇ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਸਮਝ ਕੇ ਵਿਚਾਰਿਆ ਜਾ ਸਕਦਾ ਹੈ । ਅਜੇ ਵਿਚਾਰ ਬਾਰੇ ਕੋਈ ਗੱਲ ਸ਼ੁਰੂ ਵੀ ਨਹੀਂ ਹੋਈ , ਅਜਿਹੇ ਲੇਖ ਮੀਡੀਏ ਤੇ ਆਉਣੇ ਸ਼ੁਰੂ ਵੀ ਹੋ ਗਏ ਹਨ ।
ਆਵਾਗਵਨ ਦੀ ਅਸਲੀਅਤ ਕੀ ਹੈ?
ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਆਵਾਗਵਨ ਵਿੱਚ ਯਕੀਨ ਕਰਨ ਵਾਲੇ ਲੋਕਾਂ ਕੋਲ ਅਜਿਹਾ ਯਕੀਨ ਕਰਨ ਦਾ ਅਧਾਰ ਕੀ ਹੈ? ਬਹੁਤ ਸਾਰੇ ਲੋਕ ਆਪਣੀ ਇਸ ਵਿਚਾਰਧਾਰਾ ਨੂੰ ਸਹੀ ਸਾਬਿਤ ਕਰਨ ਲਈ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈਂਦੇ ਹਨ।ਉਨ੍ਹਾਂ ਦੇ ਆਪਣੀ ਮੱਤ ਅਨੁਸਾਰ ਅਰਥ ਕਰਦੇ ਹਨ ਤਾਂ ਕਿ ਆਪਣੀ ਵਿਚਾਰਧਾਰਾ ਨੂੰ ਸਹੀ ਸਾਬਿਤ ਕਰ ਸਕਣ? ਚਲੋ ਜੇ ਮੰਨ ਵੀ ਲਿਆ ਜਾਵੇ ਕਿ ਪੁਰਾਣੇ ਲੋਕ ਇਸ ਵਿਚਾਰਧਾਰਾ ਵਿੱਚ ਵਿਸ਼ਵਾਸ਼ ਕਰਦੇ ਸਨ? ਫਰ ਅੱਜ ੨੧ਵੀਂ ਸਦੀ ਵਿੱਚ ਸਾਡੇ ਕੋਲ ਇਸ ਵਿਚਾਰਧਾਰਾ ਨੂੰ ਮੰਨਣ ਦਾ ਕੀ ਅਧਾਰ ਹੈ?
ਕੀ ਕਿਸੇ ਵਿਚਾਰ ਨੂੰ ਇਸ ਅਧਾਰ ਤੇ ਸੱਚ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਕਿਸੇ ਕਿਤਾਬ ਜਾਂ ਗ੍ਰੰਥ ਵਿੱਚ ਲਿਖਿਆ ਹੈ?
ਪਰ ਅਜਿਹੇ ਲੋਕਾਂ ਕੋਲ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਲਈ ਨਾ ਤੇ ਆਪਣਾ ਕੋਈ ਤਜ਼ੁਰਬਾ ਹੈ, ਨਾ ਆਪਣੀ ਕੋਈ ਦਲੀਲ ਹੈ? ਪੁਰਾਤਨ ਗ੍ਰੰਥਾਂ ਦੇ ਉਧਾਰੇ ਗਿਆਨ ਦੇ ਆਸਰੇ ਵਿਦਵਾਨ ਹੋਣ ਦਾ ਭਰਮ ਪਾਲਦੇ ਹਨ।ਬੇਸ਼ਕ ਮਨੁੱਖ ਨੂੰ ਗਿਆਨਵਾਨ ਬਣਨ ਲਈ ਆਪਣੇ ਤੋਂ ਪਹਿਲੇ ਵਿਦਵਾਨਾਂ ਜਾਂ ਕਿਤਾਬਾਂ (ਗ੍ਰੰਥਾਂ) ਦਾ ਸਹਾਰਾ ਲੈਣਾ ਪੈਂਦਾ ਹੈ, ਪਰ ਜਦੋਂ ਤੱਕ ਉਹ ਗਿਆਨ ਤੁਹਾਡਾ ਆਪਣਾ ਅਨੁਭਵ ਜਾਂ ਦਲੀਲ ਦੀ ਕਸਵੱਟੀ ਜਾਂ ਪਰਖੇ ਗਏ ਤਜ਼ੁਰਬਿਆਂ ਦੇ ਆਧਾਰ ਤੇ ਤੁਹਾਡੀ ਵਿਚਾਰਧਾਰਾ ਦਾ ਹਿੱਸਾ ਨਹੀਂ ਬਣਦਾ, ਉਤਨਾ ਚਿਰ ਇਹ ਝੂਠਾ ਤੇ ਨਕਲੀ ਗਿਆਨ ਹੁੰਦਾ ਹੈ।
ਆਮ ਤੌਰ ਤੇ ਬਹੁਤੇ ਅਖੌਤੀ ਵਿਦਵਾਨਾਂ ਕੋਲ ਆਪਣਾ ਕੋਈ ਅਨੁਭਵ, ਤਜ਼ੁਰਬਾ ਜਾਂ ਦਲੀਲ ਨਹੀਂ ਹੁੰਦੀ, ਉਹ ਸਿਰਫ ਦੂਜਿਆਂ ਦੀਆਂ ਕਿਤਾਬਾਂ ਦੇ ਉਧਾਰੇ ਗਿਆਨ ਆਸਰੇ ਗੋਸ਼ਟੀਆਂ ਕਰਕੇ ਵਿਦਵਾਨ ਹੋਣ ਦਾ ਭਰਮ ਹੀ ਪਾਲਦੇ ਹਨ।ਹੁਣ ਆਉਂਦੇ ਹਾਂ ਆਵਾਗਵਨ ਵਾਲੇ ਵਿਸ਼ੇ ਵੱਲ, ਜਿਹੜੇ ਵਿਦਵਾਨ ਇਸ ਵਿੱਚ ਯਕੀਨ ਕਰਦੇ ਹਨ ਕੀ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਸਹਾਰਾ ਲਏ ਬਿਨਾਂ ਕੋਈ ਅਜਿਹਾ ਸਬੂਤ ਦੇ ਸਕਦੇ ਹਨ ਜਾਂ ਉਨ੍ਹਾਂ ਦਾ ਆਪਣਾ ਕੋਈ ਨਿੱਜੀ ਅਨੁਭਵ ਹੈ, ਜਿਸ ਰਾਹੀਂ ਉਹ ਕਹਿ ਸਕਦੇ ਹੋਣ ਕਿ ਆਵਾਗਵਣ ਹੁੰਦਾ ਹੈ? ਕੀ ਉਹ ਦੁਨੀਆਂ ਦੀ ੭ ਅਰਬ ਤੋਂ ਵੱਧ ਅਬਾਦੀ ਵਿਚੋਂ ਕੋਈ ਅਜਿਹਾ ਵਿਅਕਤੀ ਪੇਸ਼ ਕਰ ਸਕਦੇ ਹਨ, ਜੋ ਆਪਣੇ ਪਿਛਲੇ ਜਨਮ ਬਾਰੇ ਦੱਸ ਸਕੇ ਕਿ ਮਨੁੱਖਾ ਜਨਮ ਵਿੱਚ ਆਉਣ ਤੋਂ ਪਹਿਲਾਂ ਉਹ ਕਿਹੜੀ ਜੂਨ ਵਿਚੋਂ ਆਇਆ ਹੈ? ਜਾਂ ਕੋਈ ਮਰ ਚੁੱਕਾ ਵਿਅਕਤੀ ਲਿਆ ਕਿ ਪੇਸ਼ ਕਰ ਸਕਦੇ ਹਨ ਜੋ ਆ ਕੇ ਦੱਸ ਸਕੇ ਕਿ ਉਸਨੂੰ ਅਗਲਾ ਜਨਮ ਕੀ ਮਿਲਿਆ ਹੈ?
ਜੇ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਉਹ ਕੋਈ ਅਜਿਹਾ ਫਾਰਮੂਲਾ ਦੱਸ ਸਕਦੇ ਹਨ, ਜਿਸਨੂੰ ਅਪਨਾ ਕੇ ਕੋਈ ਵਿਅਕਤੀ ਆਪਣੇ ਪਿਛਲੇ ਜਾਂ ਅਗਲੇ ਜਨਮਾਂ ਬਾਰੇ ਜਾਣ ਕੇ, ਆਵਾਗਵਨ ਦੀ ਸਚਾਈ ਦੁਨੀਆਂ ਨੂੰ ਦੱਸ ਸਕੇ?ਜੇ ਅਜਿਹਾ ਸੰਭਵ ਨਹੀਂ ਤਾਂ ਫਿਰ ਇਹ ਅਖੌਤੀ ਵਿਦਵਾਨ ਕਿਸ ਅਧਾਰ ਤੇ ਝਗੜੇ ਖੜੇ ਕਰਦੇ ਹਨ? ਲੋਕਾਂ ਵਿੱਚ ਵੰਡੀਆਂ ਪਾਉਂਦੇ ਹਨ? ਆਪਣੇ ਆਪ ਨੂੰ ਵੱਡੇ ਸਿੱਖ ਤੇ ਦੂਜਿਆਂ ਨੂੰ ਨਾਸਤਿਕ ਦੱਸਦੇ ਹਨ?)
-ਹਰਚਰਨ ਸਿੰਘ (ਕੈਲਗਰੀ, ਕਨੇਡਾ)