ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਗੁਰਬਾਣੀ ਨੂੰ ਸਮਝਣ ਲਈ ਸਿਰਫ ਗੁਰਬਾਣੀ ਹੀ ਵਿਚਾਰੀ ਜਾਣੀ ਚਾਹੀਦੀ ਹੈ :-
-: ਗੁਰਬਾਣੀ ਨੂੰ ਸਮਝਣ ਲਈ ਸਿਰਫ ਗੁਰਬਾਣੀ ਹੀ ਵਿਚਾਰੀ ਜਾਣੀ ਚਾਹੀਦੀ ਹੈ :-
Page Visitors: 2929

-: ਗੁਰਬਾਣੀ ਨੂੰ ਸਮਝਣ ਲਈ ਸਿਰਫ ਗੁਰਬਾਣੀ ਹੀ ਵਿਚਾਰੀ ਜਾਣੀ ਚਾਹੀਦੀ ਹੈ :-
ਗੁਰਚਰਨ ਸਿੰਘ ਜਿਉਣਵਾਲਾ ਜੀ! ਆਮ ਤੌਰ ਤੇ ਤੁਸੀਂ ਦਸਮ ਗ੍ਰੰਥ ਬਾਰੇ ਵਿਚਾਰ ਕਰਦੇ ਹੋ, ਬਿਹਤਰ ਹੈ ਤੁਸੀਂ ਦਸਮ ਗ੍ਰੰਥ ਸੰਬੰਧੀ ਹੀ ਆਪਣਾ ਕੰਮ ਕਰੀ ਜਾਵੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਬੰਧੀ ਕੁਝ ਕਹਿਣ ਦੀ ਜਰੂਰਤ ਨਹੀਂ, ਤੁਸੀਂ ਖੁਦ ਹੀ ਜਾਣਦੇ ਹੋ ਕਿ (2008 ਵਿੱਚ) ਆਪਣਾ ਡੇਢ- ਦੋ ਸਾਲ ਵਿਚਾਰ ਵਟਾਂਦਰਾ ਚੱਲ ਚੁੱਕਾ ਹੈ। ਤੁਸੀਂ ਮੈਨੂੰ ਬ੍ਰਹਮਣਵਾਦੀ ਅਤੇ ਭਗਵਾਂ-ਕਰਣ ਕਰਨ ਦਾ ਦੋਸ਼ ਵੀ ਲਗਾ ਚੁੱਕੇ ਹੋ ਪਰ ਕਦੇ ਮੇਰੀ ਕਿਸੇ ਲਿਖਤ ਨੂੰ ਬ੍ਰਹਮਣੀ ਵਿਚਾਰਾਂ ਵਾਲੀ ਸਾਬਤ ਨਹੀਂ ਕਰ ਸਕੇ।
ਵਿਚਾਰ ਵਟਾਂਦਰੇ ਦੌਰਾਨ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਪਰ ਤੁਸੀਂ ਉਤਰ ਆਉਂਦੇ ਹੋ ਉਹ ਇਥੇ ਮਹੌਲ ਖਰਾਬ ਕਰ ਸਕਦੀ ਹੈ। ਵਿਚਾਰ ਵਟਾਂਦਰਾ ਜਾਰੀ ਰੱਖਣ ਦੀ ਇੱਛਾ ਹੋਵੇ ਤਾਂ ਆਪਣੀ ਬੋਲ ਬਾਣੀ ਦਾ ਜਰੂਰ ਧਿਆਨ ਰੱਖਣਾ ਜੀ, ਇਹ ਹੱਥ ਜੋੜ ਕੇ ਬੇਨਤੀ ਹੈ।
ਤੁਹਾਡੇ ਕਮੈਂਟ ਬਾਰੇ ਵਿਚਾਰ ਜਾਰੀ ਕਰਦਾ ਹਾਂ ਇਸ ਉਮੀਦ ਨਾਲ ਕਿ ਆਪਣੀ ਬੋਲ ਬਾਣੀ ਤੇ ਕਾਬੂ ਰੱਖਕੇ ਵਿਚਾਰ ਸਾਂਝੇ ਕਰੋਗੇ। ਅਤੇ ਆਪਣੇ ਵਿਚਾਰਾਂ ਨੂੰ ਹੀ ਅੰਤਿਮ ਮੰਨਕੇ ਦੂਸਰਿਆਂ ਨੂੰ ਫਤਵੇ ਨਹੀਂ ਸੁਣਾਵੋਗੇ।
ਗੁਰਬਾਣੀ ਵਿੱਚੋਂ ਤੁਸੀਂ ਉਦਾਹਰਣ ਦਿੱਤੀ ਹੈ-
 “ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
 ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥
 ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
 ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-”
ਵਿਚਾਰ-- ਇਸ ਸ਼ਬਦ ਦੇ ਅਰਥਾਂ ਦੇ ਨਾਲ ਪ੍ਰੋ: ਸਾਹਿਬ ਸਿੰਘ ਜੀ ਨੇ ਜੋ ਨੋਟ ਲਿਖਿਆ ਹੈ ਦੇਖੋ:-
“ਨੋਟ:- ਇਸ ਸ਼ਬਦ ਦੀ ‘ਰਹਾਉ’ ਦੀ ਤੁਕ ਪੜ੍ਹਨ ਵੇਲੇ ਪਾਠਕਾਂ ਨੂੰ ਪਹਿਲਾਂ ਇਹ i ਖ਼ਆਲ ਪੈਦਾ ਹੁੰਦਾ ਹੈ ਕਿ ‘ਪੰਡਿਤ ਮੁਲਾਂ’ ਛੱਡਣ ਦਾ ਭਾਵ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ । ਪਰ ਬੰਦ ਨੰ: 3 ਵਿਚ ਜਾ ਕੇ ਇਹ ਪ੍ਰਸ਼ਨ ਕੁਝ ਕੁਝ ਹੱਲ ਹੋ ਕਿਹਾ ਜਾਂਦਾ ਹੈ ਕਿ ਪੰਡਿਤਾਂ ਦੇ ਦੱਸੇ ਕਰਮ-ਕਾਂਡ ਅਤੇ ਮੌਲਵੀਆਂ ਦੀ ਦੱਸੀ ਸ਼ਰਹ ਦਾ ਹੀ ਕਬੀਰ ਜੀ ਜ਼ਿਕਰ ਕਰ ਰਹੇ ਹਨ ।…..”
ਸੋ ਜਿਉਣਵਾਲਾ ਜੀ! ਸਾਰੇ ਸ਼ਬਦ ਵਿੱਚ ਪੰਡਿਤ ਅਤੇ ਮੁੱਲਾਂ ਦੁਆਰਾ ਦੱਸੇ ਜਾਂਦੇ ਕਰਮਕਾਂਡਾਂ ਨੂੰ ਤਿਆਗਣ ਦੀ ਅਤੇ ਇਸ ਦੇ ਬਦਲੇ ਨਾਮ ਦੀ ਵਡਿਆਈ ਦੱਸੀ ਗਈ ਹੈ। ਜੇ ਪੰਡਿਤ ਮੁੱਲਾਂ ਦੀ ਗੱਲ ਕਰਦੇ ਹੋ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਅਜੋਕੇ ਬਹੁਤੇ ਗ੍ਰੰਥੀਆਂ, ਪਾਠੀਆਂ, ਭਾਈਆਂ ਅਤੇ ਗਿਆਨੀਆਂ ਨੂੰ ਵੀ ਪੰਡਿਤ, ਮੁੱਲਾਂ ਵਾਲੀ ਕਤਾਰ ਵਿੱਚ ਹੀ ਖੜੇ ਕਰੋਗੇ (ਜੋ ਕਿ ਮੇਰੇ ਵਿਚਾਰ ਅਨੁਸਾਰ ਗ਼ਲਤ ਨਹੀਂ)। ਇਸ ਤਰ੍ਹਾਂ ਪੰਡਿਤ, ਮੁੱਲਾਂ ਅਤੇ ਭਾਈਆਂ ਦੀ ਗੱਲ ਨਾਲ ਤੁਸੀਂ ਸਿਧਾਂਤਕ ਵਿਚਾਰਧਾਰਾ ਨਹੀਂ ਮਿਥ ਸਕਦੇ।
ਜੇ ਤੁਸੀਂ ਗੁਰਬਾਣੀ-ਵਿਚਾਰ ਵੇਲੇ, ਨਾਲ ਦੂਜੇ ਧਰਮਾਂ ਦੇ ਗ੍ਰੰਥ ਵੀ ਕਸਵੱਟੀ ਵਜੋਂ ਵਰਤੋਗੇ ਤਾਂ ਯਕੀਨਨ ਤੁਸੀਂ ਗੁਰਬਾਣੀ ਨੂੰ ਇਸ ਦੇ ਸਹੀ ਅਰਥਾਂ ਵਿੱਚ ਨਹੀਂ ਸਮਝ ਸਕੋਗੇ।  ਦੂਸਰਾ, ਜੇ ਦੂਸਰੇ ਧਰਮ ਗ੍ਰੰਥਾਂ ਵਿੱਚ ਵਰਤੇ ਗਏ ਕਿਸੇ ਲਫਜ਼ ਨੂੰ ਉਸ ਧਰਮ ਦੀ ਪਰੌਪਰਟੀ ਮਿਥ ਕੇ ਗੁਰਬਾਣੀ ਵਿਚਾਰ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਹਾਨੂੰ ਬਹੁਤ ਕੁਝ ਮਿਟਾਉਣਾ ਪੈ ਜਾਣਾ ਹੈ। ਮਿਸਾਲ ਦੇ ਤੌਰ ਤੇ ਹਿੰਦੂ ਗ੍ਰੰਥਾਂ ਵਿੱਚ ਰਾਮ, ਕਿਸ਼ਨ, ਗੋਬਿੰਦ, ਮਾਧਉ, ਹਰਿ, ਗੁਸਾਈਂ, ਗੁਪਾਲ …….ਅਤੇ ਮੁਸਲਿਮ ਗ੍ਰੰਥਾਂ ਵਿੱਚ ਅਲਾਹ, ਰੱਬ, ਖੁਦਾ….. ਆਦਿ ਬਹੁਤ ਲਫਜ਼ ਆਏ ਹਨ ਇਹਨਾਂ ਸਭ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਢਣਾ ਪਏਗਾ। ਹਿੰਦੂ ਗ੍ਰੰਥਾਂ ਵਿੱਚ ਕਰਮ ਫਲੌਸਫੀ ਦਾ ਸਮਰਥਨ ਕੀਤਾ ਗਿਆ ਹੈ, ਇਸ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ-
 ‘ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥’-
-- ‘ਕਰਮੀ ਕਰਮੀ ਹੋਇ ਵੀਚਾਰੁ ॥’ -
-- ‘ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥‘ -
- ‘ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥’ --
- ‘ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥’
 ਆਦਿ ਇਸ ਤਰ੍ਹਾਂ ਦੇ ਅਨੇਕਾਂ ਹੀ ਸ਼ਬਦ ਹਨ, ਜਿਹਨਾਂ ਨੂੰ ਗੁਰਬਾਣੀ ਵਿੱਚੋਂ ਹਟਾਉਣਾ ਪਏਗਾ।
ਹਿੰਦੂ ਗ੍ਰੰਥਾਂ ਵਿੱਚ ‘ਏਕਾ ਬ੍ਰਹਮ ਦੁਤੀਆ ਨਾਸਤੀ’ ਅਰਥਾਤ ਸਭ ਬ੍ਰਹਮ ਹੀ ਬ੍ਰਹਮ ਹੈ, ਬ੍ਰਹਮ ਤੋਂ ਬਿਨਾ ਕੁਝ ਵੀ ਨਹੀਂ।   ਇਸ ਤਰ੍ਹਾਂ ਤਾਂ ਗੁਰਬਾਣੀ ਵਿੱਚੋਂ
 ‘ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥’
 ਵਰਗੇ ਸ਼ਬਦ ਕੱਢਣੇ ਪੈਣਗੇ। ਅਤੇ ‘(ਰਿਗ ਵੇਦ-) ਤਦ੍ਰ ਏਕੁਮ ਅਰਥਾਤ ਉਹ ਇਕ ਹੈ, ਅਨੁਸਾਰ ਪਰਮਾਤਮਾ ਇੱਕ ਹੈ ਵਾਲੇ ਸਾਰੇ ਸ਼ਬਦ ਗੁਰਬਾਣੀ ਵਿੱਚੋਂ ਹਟਾਉਣੇ ਪੈਣਗੇ।
ਸੋ ਜਿਉਣਵਾਲਾ ਜੀ! ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹਿੰਦੂ ਗ੍ਰੰਥਾਂ ਵਾਲੇ ਕਿਸੇ ਵੀ ਲਫਜ਼ ਤੇ ਮੁੱਢੋਂ ਹੀ ਕਾਟਾ ਫੇਰਨ ਦੀ ਬਜਾਏ ਐਨਾਲਾਇਜ਼ ਕਰਨ ਦੀ ਜਰੂਰਤ ਹੈ ਕਿ ਹਿੰਦੂ ਗ੍ਰੰਥਾਂ ਵਿੱਚ ਕੋਈ ਸ਼ਬਦ ਕਿਹੜੇ ਅਰਥਾਂ ਵਿੱਚ ਆਇਆ ਹੈ ਅਤੇ ਗੁਰਬਾਣੀ ਵਿੱਚ ਉਹ ਸ਼ਬਦ ਕਿਹੜੇ ਅਰਥਾਂ ਵਿੱਚ ਆਇਆ ਹੈ। ਜਿਵੇਂ ਕੋਈ ਡਾਕਟਰ ਖੂਨ ਚੜਾਉਣ ਲੱਗਾ ਜਿਸ ਮਰਜੀ ਦਾ ਖੂਨ ਜਿਸ ਮਰਜੀ ਮਰੀਜ ਨੂੰ ਨਹੀਂ ਚੜਾਉਂਦਾ। ਸਭ ਦੇ ਖੂਨ ਦਾ ਰੰਗ ਦੇਖਣ ਨੂੰ ਇਕ ਲੱਗਦਾ ਹੈ ਪਰ ਐਨਾਲਾਇਜ਼ ਕਰਕੇ ਫਰਕ ਸਾਹਮਣੇ ਆਉਂਦਾ ਹੈ।
ਮਿਸਾਲ ਦੇ ਤੌਰ ਤੇ ਗੁਰਬਾਣੀ ਵਿੱਚ ਆਇਆ ‘ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥’ ਹਿੰਦੂ ਗ੍ਰੰਥਾਂ ਵਿੱਚ ਆਏ ‘ਏਕਾ ਬ੍ਰਹਮ ਦੁਤੀਆ ਨਾਸਤੀ’ ਵਾਲਾ ਹੀ ਵਿਚਾਰ ਲੱਗਦਾ ਹੈ।ਪਰ ਅਸਲ ਵਿੱਚ ਹਿੰਦੂ ਗ੍ਰੰਥਾਂ ਅਤੇ ਗੁਰਮਤਿ ਦੇ ਦਿਸਦੇ ਇਕੋ ਹੀ ਸਿਧਾਂਤ ਵਿੱਚ ਬਹੁਤ ਜਿਆਦਾ ਫਰਕ ਹੈ।
ਦੇਖੋ ਕੀ ਫਰਕ ਹੈ:-
 ਹਿੰਦੂ ਗ੍ਰੰਥਾਂ ਵਿੱਚਲਾ ‘ਏਕਾ ਬ੍ਰਹਮ ਦੁਤੀਆ ਨਾਸਤੀ’ ਇਸ ਗੱਲ ਦੀ ਤਰਜਮਾਨੀ ਕਰਦਾ ਹੈ ਕਿ ਸਭ ਬ੍ਰਹਮ ਅਰਥਾਤ ਪਰਮਾਤਮਾ ਹੀ ਹੈ ਪਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਅਤੇ ਇਹ ਜੋ ਦਿਸਦਾ ਸੰਸਾਰ ਹੈ ਇਹ ਸਿਰਫ ਭਰਮ ਭੁਲੇਖਾ ਹੈ। ਜਿਵੇਂ ਹਨੇਰੇ ਵਿੱਚ ਰੱਸੀ ਤੇ ਪੈਰ ਆਉਣ ਨਾਲ ਸੱਪ ਹੋਣ ਦਾ ਭੁਲੇਖਾ ਪੈਂਦਾ ਹੈ ਜੋ ਕਿ ਅਸਲੀਅਤ ਨਹੀਂ ਹੈ। ਉਸੇ ਤਰ੍ਹਾਂ ਹਿੰਦੂ ਗ੍ਰੰਥਾਂ ਅਨੁਸਾਰ ਦਿਸਦਾ ਸੰਸਾਰ ਸਿਰਫ ਭਰਮ- ਭੁਲੇਖਾ ਹੀ ਹੈ।
ਇਸ ਦੇ ਉਲਟ ਗੁਰਬਾਣੀ ਵਿਚਲੇ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥” ਇਹਨਾਂ ਅਰਥਾਂ ਵਿੱਚ ਆਇਆ ਹੈ ਕਿ –
 “ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥”
 ਇਹ ਦਿਸਦਾ ਪਸਾਰਾ ਰੱਸੀ ਨੂੰ ਸੱਪ ਸਮਝਣ ਦੀ ਤਰ੍ਹਾਂ ਸਿਰਫ ਭਰਮ ਭੁਲੇਖਾ ਨਹੀਂ, ਇਹ ਸੱਚ ਮੁੱਚ ਹੈ। ਅਤੇ ਇਸ ਸਾਰੇ ਪਸਾਰੇ ਵਿੱਚ ਉਹ ਤਾਣੇ-ਪੇਟੇ ਦੀ ਤਰ੍ਹਾਂ ਪਰੋਇਆ ਹੋਇਆ ਹੈ। ਦੁਧ ਵਿੱਚ ਮੱਖਣ ਦੀ ਤਰ੍ਹਾਂ ਲੱਕੜੀ ਵਿੱਚ ਅੱਗ ਦੀ ਤਰ੍ਹਾਂ ਵਿਆਪਕ ਹੈ। ਇਸ ਤਰੀਕੇ ਨਾਲ ‘ਸਭੁ ਗੋਬਿੰਦ ਸਭੁ ਗੋਬਿੰਦ ਹੈ।
ਜਿਉਣਵਾਲਾ ਜੀ! ਇਸੇ ਤਰ੍ਹਾਂ ਆਵਾਗਵਣ (ਪੁਨਰ-ਜਨਮ), ਕਰਮ ਫਲੌਸਫੀ ਅਤੇ ਹੋਰ ਜਿਹੜੇ ਕਈ ਸੰਕਲਪ ਹਿੰਦੂ ਗ੍ਰੰਥਾਂ ਵਿੱਚ ਸਵਿਕਾਰੇ ਗਏ ਹਨ ਗੁਰਬਾਣੀ ਵਿੱਚ ਆਏ ਉਹਨਾਂ ਸੰਕਲਪਾਂ ਨੂੰ ਨਫਰਤ ਦੀ ਨਿਗਾਹ ਨਾਲ ਦੇਖਕੇ ਮੁਢੋਂ ਰੱਦ ਕਰਨ ਨਾਲ ਨਹੀਂ ਬਲਕਿ ਦੋਨਾਂ ਵਿਚਾਰਧਾਰਾਵਾਂ ਦੇ ਫਰਕ ਨੂੰ ਸਮਝਣ ਨਾਲ ਅਸਲੀਅਤ ਸਮਝੀ ਜਾ ਸਕਦੀ ਹੈ।
ਨੋਟ:- ਗੁਰਚਰਨ ਸਿੰਘ ਜਿਉਣਵਾਲਾ ਅਤੇ ਇਸ ਵਰਗੇ ਹੋਰ ਕਈ ਸੱਜਣ ਜਿਹੜੇ ਗੁਰਬਾਣੀ ਦੇ ਆਪਣੇ ਹੀ ਅਰਥ ਘੜਕੇ ਪੇਸ਼ ਕਰਦੇ ਹਨ, ਉਹਨਾ ਦੇ ਸਮਝਣ ਵਾਲੀ ਇਕ ਗੱਲ ਹੈ ਕਿ, ਗੁਰਬਾਣੀ ਵਿੱਚ ਸਮੁਚਾ ਗੁਰਮਤਿ ਸਿਧਾਂਤ ਦਰਜ ਹੈ। ਬਾਹਰੋਂ ਕਿਸੇ ਹੋਰ ਗ੍ਰੰਥ ਨੂੰ ਮੁਕਾਬਲੇ ਤੇ ਰੱਖਕੇ ਆਪਣਾ ਕੋਈ ਸਿਧਾਂਤ ਨਹੀਂ ਮਿਥਣਾ। ਸਿਧਾਂਤ ਤਾਂ ਗੁਰੂ ਸਾਹਿਬਾਂ ਨੇ ਖੁਦ ਹੀ ਮਿਥ ਦਿੱਤਾ ਹੈ। ਆਪਾਂ ਤਾਂ ਇਸ ਸਿਧਾਂਤ ਨੂੰ ਪੜ੍ਹਨਾ ਅਤੇ ਵਿਚਾਰਨਾ ਹੈ। ਕਿਸੇ ਹੋਰ ਧਰਮ ਗ੍ਰੰਥ ਨੂੰ **ਮੁਕਾਬਲੇ ਤੇ ਰੱਖਕੇ** ਗੁਰਬਾਣੀ ਵਿਚਾਰ ਨਹੀਂ ਕੀਤੀ ਜਾ ਸਕਦੀ। ਗੁਰਬਾਣੀ-ਵਿਚਾਰ ਵੇਲੇ ਗੁਰਬਾਣੀ ਵਿਚਲੇ ਸ਼ਬਦਾਂ ਨੂੰ ਹੀ ਤੁਲਨਾ ਕਰਨ ਲਈ ਸਾਹਮਣੇ ਰੱਖਿਆ ਜਾ ਸਕਦਾ ਹੈ। ਸੋ ਆਵਾਗਵਨ (ਪੁਨਰ ਜਨਮ), ਕਰਮ ਸਿਧਾਂਤ ਜਾਂ ਹੋਰ ਕੋਈ ਵੀ ਨੁਕਤਾ ਜਿਸ ਬਾਰੇ ਕੋਈ ਭਰਮ ਭੁਲੇਖਾ ਹੈ ਤਾਂ ਉਸ ਨਾਲ ਸੰਬੰਧਤ ਵਿਸ਼ੇ ਵਾਲੇ ਸ਼ਬਦ, ਜਿਹਨਾਂ ਵਿੱਚ ਸਾਫ ਲਫਜ਼ਾਂ ਵਿੱਚ ਗੁਰਮਤਿ ਸਿਧਾਂਤ ਦੱਸਿਆ ਗਿਆ ਹੋਵੇ, ਵਾਲੇ ਸ਼ਬਦ ਹੀ ਸਾਹਮਣੇ ਰੱਖਕੇ ਅਸਲੀ ਸਿਧਾਂਤ ਸਮਝਿਆ ਜਾ ਸਕਦਾ ਹੈ।
ਇਕ ਗੱਲ ਹੋਰ ਧਿਆਨ ਰੱਖਣ ਵਾਲੀ ਹੈ ਕਿ ਉਦਾਹਰਣ ਵਜੋਂ ਲਏ ਗਏ ਸ਼ਬਦ ਵਿੱਚ ਸਾਫ ਲਫਜ਼ਾਂ ਵਿੱਚ ਸੰਬੰਧਤ ਵਿਸ਼ੇ ਬਾਰੇ ਵਿਚਾਰ ਦਿੱਤੀ ਗਈ ਹੋਵੇ, ਇਹ ਨਹੀਂ ਕਿ ਉਦਾਹਰਣ ਵਜੋਂ ਲਏ ਗਏ ਸ਼ਬਦ ਜਾਂ ਸ਼ਬਦਾਂ ਦਾ ਵਿਸ਼ਾ ਕੁਝ ਹੋਰ ਹੋਵੇ ਅਤੇ ਉਸ ਨੂੰ ਕਿਸੇ ਹੋਰ ਵਿਸ਼ੇ ਬਾਰੇ ਅੰਦਾਜੇ ਲਗਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਮਿਸਾਲ ਦੇ ਤੌਰ ਤੇ-
ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥...” ਇਸ ਸ਼ਬਦ ਨੂੰ ਆਵਾਗਵਨ ਨੂੰ ਰੱਦ ਕਰਨ ਲਈ ਮਿਸਾਲ ਵਜੋਂ ਆਮ ਹੀ ਵਰਤਿਆ ਜਾਂਦਾ ਹੈ।  ਜਦਕਿ ਸ਼ਬਦ ਵਿੱਚ ਆਵਾਗਵਣ ਬਾਰੇ ਵਿਚਾਰ ਹੀ ਨਹੀਂ ਦਿੱਤੀ ਗਈ।  ਇਹ ਸ਼ਬਦ ਮੁਖ ਤੌਰ ਤੇ ਮਰੇ ਪਰਾਣੀ ਦੇ ਪਿਛਲੇ ਸੰਬੰਧੀਆਂ ਨੂੰ ਸਮਝਾਉਣ ਲਈ ਹੈ ਕਿ ਜਿਸ ਨੂੰ ਤੁਸੀਂ ਮਰਿਆ ਸਮਝ ਰਹੇ ਹੋ ਅਸਲ ਵਿੱਚ ਮਰਿਆ ਨਹੀਂ ਨਾ ਹੀ ਇਹ ਮਰਨ-ਜੋਗ ਹੈ
ਨਹ ਕੋ ਮੂਆ ਨ ਮਰਣੈ ਜੋਗੁ ॥”।ਇਹ ਤਾਂ ਇਥੋਂ (ਅਗੇ) ਤੁਰ ਗਿਆ ਹੈ “ਇਹੁ ਤਉ ਚਲਤੁ ਭਇਆ”। ਇਸ ਨੂੰ ਮਰਿਆ ਸਮਝਣ ਵਾਲੇ ਨੇ ਵੀ ਏਸੇ ਰਸਤੇ ਤੁਰ ਜਾਣਾ ਹੈ। ਇਹ ਤਾਂ ਆਵਣ ਜਾਣ ਵਾਲੀ ਇਕ ਖੇਡ ਰਚੀ ਹੋਈ ਹੈ। ਉਸ ਦੀ ਖੇਡ ਦੇ ਇੱਕ ਹਿੱਸੇ ਵਜੋਂ ਆਪਾਂ ਇਕੱਠੇ ਹੁੰਦੇ ਹਾਂ ਅਤੇ ਵਿਛੜ ਜਾਂਦੇ ਹਾਂ।  (ਪੱਕੇ ਤੌਰ ਤੇ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਹੈ) ਸੋ ਇਸ ਸ਼ਬਦ ਵਿੱਚ, ਪਵਨ ਵਿੱਚ ਪਵਨ ਸਮਾ ਗਈ, ਜੋਤੀ ਵਿੱਚ ਜੋਤਿ ਰਲ ਗਈ, ਸਰੀਰਕ ਤੱਤ ਧਰਤੀ ਦੇ ਤੱਤਾਂ ਵਿੱਚ ਜਾ ਰਲੇ ਅਤੇ ਇਸ ਤਰ੍ਹਾਂ ਮੁੜ ਜਨਮ ਲੈਣ ਲਈ ਬਾਕੀ ਕੁਝ ਨਹੀਂ ਬਚਿਆ, ਇਸ ਤਰ੍ਹਾਂ ਦੇ ਅੰਦਾਜੇ ਲਗਾ ਕੇ ਆਵਾਗਵਣ ਬਾਰੇ ਸਿਧਾਂਤ ਮਿਥਣ ਨਾਲ ਸਹੀ ਸਿਧਾਂਤ ਦਾ ਪਤਾ ਨਹੀਂ ਲੱਗ ਸਕਦਾ (ਵੈਸੇ ਇਸ ਸ਼ਬਦ ਵਿੱਚ ‘ਮਰਿਆ ਨਹੀਂ, ਇਹੁ ਤਉੁ ਚਲਤੁ ਭਇਆ॥’ ਤੋਂ ਸੇਧ ਮਿਲਦੀ ਹੈ ਕਿ ਹਵਾ, ਜੋਤਿ ਅਤੇ ਤਤਾਂ ਤੋਂ ਇਲਾਵਾ ਵੀ ਕੁਝ ਹੈ ਜਿਹੜਾ ਚਲਤ ਭਇਆ, ਜਾਂ ਜਿਸ ਨੇ ਸਿਧਾ ਜਾਣਾ ਹੈ)।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.