ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: “ਨਾਮ ਸਿਮਰਨ” ਦੀ ਅਜੋਕੀ ਵਿਆਖਿਆ ਬਾਰੇ :-
-: “ਨਾਮ ਸਿਮਰਨ” ਦੀ ਅਜੋਕੀ ਵਿਆਖਿਆ ਬਾਰੇ :-
Page Visitors: 2941

-: “ਨਾਮ ਸਿਮਰਨ” ਦੀ ਅਜੋਕੀ ਵਿਆਖਿਆ ਬਾਰੇ :-
 ਅਨੇਕਾਂ ਗੁਰਬਾਣੀ ਉਦਾਹਰਣਾਂ ਪੇਸ਼ ਕੀਤੇ ਜਾਣ ਦੇ ਬਾਵਜੂਦ, ਚਮਕੌਰ ਸਿੰਘ ਬਰਾੜ, ਗੁਰਬਾਣੀ ਵਿੱਚ ਆਏ ਜਿਹਬਾ ਨਾਲ ਉਚਾਰੇ ਜਾਣ ਵਾਲੇ ਨਾਮ ਦਾ ਖੰਡਣ ਕਰਦੇ ਹਨ।
ਚਮਕੌਰ ਸਿੰਘ ਮੁਤਾਬਕ “ਜੀਵਨ ਦੇ ਗੁਣ ਅਪਨਾਉਣੇ” ਹੀ ਨਾਮ ਸਿਮਰਨ ਹੈ।ਆਪਣਾ ਪੱਖ ਸਹੀ ਸਾਬਤ ਕਰਨ ਲਈ ਚਮਕੌਰ ਸਿੰਘ ਬਰਾੜ ਆਪਣੇ ਕੀਤੇ ਅਰਥਾਂ ਸਮੇਤ ਸ਼ਬਦ ਪੇਸ਼ ਕਰਦੇ ਹਨ।
 ਚਮਕੌਰ ਸਿੰਘ ਮੁਤਾਬਕ “ਨਾਮ ਸਿਮਰਨੁ” :-
- ਬਾਬਾ ਮਾਇਆ ਸਾਥਿ ਨ ਹੋਇ ॥
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ
॥ ਰਹਾਉ ॥
ਅਰਥ (ਚਮਕੌਰ ਸਿੰਘ)—
“ਹੇ ਭਾਈ! ਮਾਇਆ ਕਿਸੇ ਦੇ ਸਾਥ ਨਾਲ ਨਹੀਂ ਜਾਂਦੀ। ਇਸ ਮਾਇਆ ਨੇ ਸਾਰੇ ਜਗ ਨੂੰ ਜੰਜਾਲ ਵਿੱਚ ਫਸਾਇਆ ਹੋਇਆ ਹੈ ਜਾਂ ਮੋਇਆ ਹੋਇਆ ਹੈ। ( ਇਹ ਬੜਾ ਡੂੰਘਾ ਜੰਜਾਲ ਜਾਂ ਗੋਰਖ ਧੰਦਾ ਹੈ ) ਇਸ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ॥ 1॥ ਰਹਾਉ॥”
ਵਿਚਾਰ:- ਚਮਕੌਰ ਸਿੰਘ ਜੀ! ਇਹ ਮੌਜੂਦਾ ਸ਼ਬਦ ਤੁਸੀਂ *ਨਾਮ ਸਿਮਰਨ* ਦੀ ਪਰਿਭਾਸ਼ਾ ਸੰਬੰਧੀ ਪੇਸ਼ ਕੀਤਾ ਹੈ।ਜਿਹਵਾ ਨਾਲ ਉਚਾਰੇ ਜਾਣ ਵਾਲੇ ਕੌਨਸੈਪਟ ਦਾ ਤੁਸੀਂ ਖੰਡਣ ਕਰਦੇ ਹੋ।ਤੁਹਾਡੇ ਮੁਤਾਬਕ ਇਸ ਮੌਜੂਦਾ ਸ਼ਬਦ ਵਿੱਚ ਜੋ ਪਰਮਾਰਥੀ ਗੁਣਾਂ (ਜਿਹਨਾਂ ਨੂੰ ਤੁਸੀਂ *ਜੀਵਨ ਦੇ ਗੁਣ* ਕਹਿ ਰਹੇ ਹੋ) ਦਾ ਜੋ ਜ਼ਿਕਰ ਹੈ ਇਹ ਨਾਮ ਸਿਮਰਨ ਦੀ ਪਰਿਭਾਸ਼ਾ ਪੇਸ਼ ਕਰਦੇ ਹਨ।ਪਰ ਧਿਆਨ ਦੇਵੋ, ਰਹਾਉ ਦੀ ਇਸ ਪੰਗਤੀ ਵਿੱਚ *ਨਾਮ* ਦਾ ਜ਼ਿਕਰ ਤੱਕ ਵੀ ਨਹੀਂ ਹੈ, ਪਰ ਫੇਰ ਵੀ ਪਰਮਾਰਥੀ ਗੁਣਾਂ ਦਾ **ਜ਼ਿਕਰ ਹੈ** ਸੋ ਇਹ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ ਕਿ ਇਥੇ ਜੋ ਪਰਮਾਰਥੀ ਗੁਣ ਦਰਜ ਹਨ, ਇਹ **ਨਾਮ ਸਿਮਰਨ** ਦੀ ਪਰਿਭਾਸ਼ਾ ਵਜੋਂ ਦਰਜ ਹਨ।
ਇਸ ਰਹਾਉ ਦੀ ਪੰਗਤੀ ਤੋਂ ਹੀ ਤੁਹਾਡਾ ਦਾਅਵਾ ਗ਼ਲਤ ਸਾਬਤ ਹੋ ਜਾਂਦਾ ਹੈ।
 ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥
 ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
 ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ
॥੧॥
 ਅਰਥ (ਚਮਕੌਰ ਸਿੰਘ):—
“{ ਏਥੇ ਗੁਰੂ ਸਾਹਿਬ ਇੱਕ ਕਿਸਾਨ ਨੂੰ ਉਸਦੀ ਖੇਤੀ ਦੇ ਅਲ਼ੰਕਾਰ ਵਰਤਕੇ ਉਸੇ ਦੀ ਬੋਲੀ ਵਿੱਚ ਸਮਝਉਂਦੇ ਹਨ ਕਿ ਜਿੰਦਗੀ ਵਿੱਚ ਜਿਵੇਂ ਇੱਕ ਚੰਗਾ ਕਿਰਸਾਣ ਆਪਣੇ ਉਚੀ ਕਿਰਸਾਨੀ ਲਈ ਚੰਗਾ ਚੰਗੀ ਤਰਾਂ ਹਲ ਵਾਉਂਦਾ ਹੈ, ਮਿਹਨਤ ਕਰਕੇ ਪਾਣੀ ਲਾਉਂਦਾ, ***ਚੰਗਾ ਬੀਜ ਬੀਜਦਾ ਹੈ***, ਸੁਹਾਗਾ ਮਾਰਦਾ ਹੈ ਤਾਂ ਕੀਤੀ ਮਿਹਨਤ ਨਾਲ ਬੀਜ ਚੰਗਾ ਉਗ਼ਦਾ ਹੈ ਅਤੇ ਕਿਰਸਾਨ ਧਨਾਢ ਬਣ ਜਾਂਦਾ ਹੈ। ਇਹ ਖੇਤੀ ਮਾਇਆ ਨਾਲ ਜੋੜਦੀ ਹੈ ਪਰ ਜੇ ਤੂੰ ਏਸ ਤਰਾਂ ਜੀਵਨ ਦੀ ਖੇਤੀ ਕਰੇ ਤਾਂ) ਹੇ ਭਾਈ ! ਜੇ ਤੂੰ ਮਨ ਨੂੰ ਆਪਣੇ ਚੰਗੇ ਕੰਮਾ ਨਾਲ ਜਾ ਚੰਗੀਕਿਰਤ ਨਾਲ ਸੰਭਾਲ ਲਵੇ { ਇੱਕ ਵਧੀਆ ਕਿਰਸਾਣ ਦੇ ਵਾਂਗ ਚੰਗੀ ਕਿਰਸਾਣੀ ਕਰੇ }, ਚੰਗੇ ਗੁਣਾਂ ਨੂੰ ਮਨ ਵਿੱਚ ਪਾਵੇਂ, ਸੰਤੋਖ ਨਾਲ ਜੀਵੇਂ, ਨਿਮਰਤਾ ਵਾਲੀ ਰਹਿਣੀ ਬਣਾਵੇ, ਤਾਂ ਤੇਰੇ ਪ੍ਰੇਮ ਕਰਕੇ ਪ੍ਰਭੂ ਮਿਹਰ ਜਾਂ ਬਖਸ਼ਸ਼ ਪੈਦਾ ਹੋਵੇਗੀ॥ ( ਜਿੰਨਾ ਨੇ ਅਜ਼ਿਹੇ ਗੁਣ ਆਪਣੇ ਮਨ ਵਿੱਚ ਜਾਂ ਹਿਰਦੇ ਦਿਲ ਵਿੱਚ ਅਪਣਾ ਲਏ ਉਹ ਧਨਾਢ ਬਣ ਗਏ) ਉਨਾਂ ਹੀ ਹਿਰਦਿਆ ਨੂੰ ਧਨਾਢ ਜਾਣ।( ਇਹ ਇੱਕ ਕਿਸਾਨ ਦੇ ਗੁਣ ਉਸ ਨੂੰ ਮਾਇਆ ਨਾਲ ਨਹੀਂ ਜੋੜਦੇ)”
 ਵਿਚਾਰ:-- ਚਮਕੌਰ ਸਿੰਘ ਜੀ! ਇਸ ਪਹਿਲੇ ਬੰਦ ਵਿੱਚ ਕਿਰਸਾਨੀ ਨਾਲ ਜੁੜੇ ਹਾਲੀ, ਪਾਣੀ, ਖੇਤ, ਬੀਜ, ਸੁਹਾਗਾ ਆਦਿ ਲਫਜ਼ਾਂ ਨੂੰ ਵਰਤ ਕੇ ਪਰਮਾਰਥ ਦੀ ਗੱਲ ਸਮਝਾਈ ਗਈ ਹੈ।ਜਿਵੇਂ ‘ਹਾਲੀ, ਪਾਣੀ, ਖੇਤ, ਸੁਹਾਗਾ ਆਦਿ ਕਿਰਸਾਣੀ ਨਾਲ ਜੁੜੇ ਲਫਜ਼ਾਂ ਦੇ ਮੁਕਾਬਲੇ ਵਿੱਚ ਮਨੁ, ਸਰਮੁ, ਖੇਤ ਅਤੇ ਸੰਤੋਖ ਆਦਿ ਪਰਮਾਰਥੀ ਲਫਜ਼ ਵਰਤੇ ਹਨ ਉਸੇ ਤਰ੍ਹਾਂ ‘ਬੀਜ’ ਦੇ ਮੁਕਾਬਲੇ’ਚ ‘ਨਾਮੁ’ ਲਫਜ਼ ਵਰਤਿਆ ਹੈ।ਅਤੇ *ਬੀਜ* ਕੋਈ **ਜੀਵਨ ਦਾ ਗੁਣ** ਨਹੀਂ ਹੈ, ਜਿਸ ਨੂੰ ਕਿ ਤੁਸੀਂ ‘ਜੀਵਨ ਦੇ ਗੁਣਾਂ’ ਦੇ ਰੂਪ ਵਿੱਚ ਪੇਸ਼ ਕੀਤਾ ਹੈ (ਜੇ ਹੈ ਤਾਂ ਦੱਸੋ?)
 *ਨਾਮ ਬੀਜ* ਦਾ ਅਰਥ ਤੁਸੀਂ ਲਿਖਿਆ ਹੈ *ਚੰਗਾ ਬੀਜ ਬੀਜਣਾ*।
 ਚਮਕੌਰ ਸਿੰਘ ਜੀ! ਆਖਿਰ ਤੇ ਇਹ ਸ਼ਬਦ ਤੁਸੀਂ *ਨਾਮ ਸਿਮਰਨ* ਦੀ ਪਰਿਭਾਸ਼ਾ ਸਮਝਾਉਣ ਲਈ ਹੀ ਪੇਸ਼ ਕੀਤਾ ਹੈ ਨਾ? ਤਾਂ ਫੇਰ ਕਿੱਥੇ ਹੈ ਇਸ ਪੰਗਤੀ ਵਿੱਚ *ਨਾਮ ਸਿਮਰਨ* ਦੀ ਪਰਿਭਾਸ਼ਾ? ਪਹਿਲਾਂ ਦੀ ਤਰ੍ਹਾਂ ਆਪਣੀ ਸੋਚ ਮੁਤਾਬਕ ਆਪਣੇ ਕੋਲੋਂ ਹੀ ‘ਨਾਮ ਬੀਜ’ ਦੇ ਅਰਥ ਤੁਸੀਂ ‘ਚੰਗਾ ਬੀਜ ਬੀਜਣਾ’ ਘੜ ਦਿੱਤੇ ਹਨ। ਜੇ ਇਹ ਅਰਥ ਠੀਕ ਮੰਨ ਵੀ ਲਈਏ ਤਾਂ ਚੰਗਾ ਬੀਜ ਬੀਜਣ ਦੀ ਗੱਲ ਹੋਈ, *ਨਾਮ ਸਿਮਰਨ* ਦੀ ਵਿਆਖਿਆ ਤਾਂ ਫੇਰ ਵੀ ਨਾ ਹੋਈ।ਜੇ ਦਿੱਤੀ ਗਈ ਉਦਾਹਰਣ ਵਿੱਚ ਵੀ ਤੁਸੀਂ ਆਪਣੇ ਕੋਲੋਂ ਹੀ ਅਰਥ ਘੜਕੇ ਪੇਸ਼ ਕਰਨੇ ਹਨ ਤਾਂ ਉਦਾਹਰਣ ਦੇਣ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ?
 ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥
 ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥
 ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ
॥੨॥
 ਅਰਥ—ਹੇ ਦੁਕਾਨਦਾਰ ਭਾਈ ! (ਤੂੰ ਦੁਕਾਨ ਦਾਰੀ ਕਰ ਪਰ ਇਹ ਦੁਕਾਨਦਾਰੀ ਵੀ ਤੈਨੂੰ ਦੁਨਿਆਵੀ ਮਾਇਆ ਨਾਲ ਜੋੜਦੀ ਹੈ ਪਰ ਜੇ ਤੂੰ ਕਰਨੀ ਹੈ ਤਾਂ ਜੀਵਨ ਦੀ ਦੁਕਾਨਦਾਰੀ ਇਸ ਤਰਾਂ ਦੀ ਕਰ)— ਉਮਰ ਦਾ ਬੀਤਣਾ ਇੱਕ ਹਟੀ ਸਮਝ। ਜਿਵੇਂ ਹੱਟੀ ਵਿੱਚ ਸਚ ਸੌਦਾ ਪਾਇਆ ਜਾਂਦਾ ਹੈ ( ਕਿਉਂਕਿ ਸੱਚ ਦਾ ਹੀ ਤੇਰੇ ਗਾਹਕ ਖਰੀਦਣਗੇ ਤਾਂ ਹੀ ਤੁੰ ਫਾਇਦਾ ਦੇਣਗੇ ਅਤੇ ਤੇਰੇ ਗਾਹਕ ਵਧਣਗੇ) ਏਸੇ ਤਰਾਂ ***(ਜੀਵਨ ਜਾਂਚਵਿੱਚ ਵੀ)ਸਦਾ ਅਟੱਲ ਨਾਮ ਦਾ ਸੌਦਾ ਪਾ ਕੇ ਰੱਖ।*** ( ਜਿਵੇਂ ਹੱਟੀ ਵਿੱਚ ਤੇਰਾ ਧਿਆਨ ਅਤੇ ਸੋਚ ਹਮੇਸ਼ਾ ਭਾਡਿਆ ਦੀ ਬੜਛੱਤੀ ਵਲ ਰਹਿੰਦਾ ਹੈ ਏਸੇ ਤਰਾਂ) ਆਪਣੀ ਧਿਆਨ ਅਤੇ ਸੋਚ ਨੂੰ ਜੀਵਨ ਦੀ ਬੜਛਤੀ ਵਿਚ ਰੱਖ। ( ਜਿਵੇਂ ਬੜਛਤੀ ਤੇ ਸੱਚਾ ਸੌਦਾ ਰਖਦਾ ਹੈ ਏਸੇ ਤਰਾਂ) ਆਪਣੇ ਜੀਵਨ ਝਾਂਚ ਵਿੱਚ ਵੀ ਸਦਾ ਅਟਲ ਗੁਣਾਂ ਜਾਂ ਨਾਮ ਨੂੰ ਪਾਕੇ ਰੱਖ। ( ਜਿਵੇਂ ਤੁੰ ਚੰਗੇ ਗਾਹਕਾ ਨਾਲ ਦੁਕਾਨਦਾਰੀ ਜਾਂ ਦੇਣ ਲੈਣ ਕਰਦਾ ਹੈ ਅਤੇ ਫਾਇਦਾ ਖੱਟ ਕੇ ਮਨ ਵਿੱਚ ਖੁਸ਼ ਹੁੰਦਾ ਹੈ ) ਏਸੇ ਤਰਾਂ ਸਚਸੰਗੀਆ ਨਾਲ ਸੰਗਤ ਕਰ ਅਤੇ ਜੀਵਨ ਦਾ ਫਲ ਖੱਟ ਕੇ ਆਨੰਦ ਖੇੜਾ ਬਣਾ॥
 ਵਿਚਾਰ:-- ਇਸ ਦੂਸਰੇ ਬੰਦ ਵਿੱਚ ਦੁਕਾਨਦਾਰੀ ਨਾਲ ਜੁੜੇ ਕਿੱਤੇ ਨਾਲ ਸੰਬੰਧਤ ਗੱਲਾਂ ਦਾ ਮਿਸਾਲ ਵਜੋਂ ਜ਼ਿਕਰ ਕਰਕੇ, ਪਰਮਾਰਥ/ ਅਧਿਆਤਮ ਦਾ ਰਾਹ ਦੱਸਿਆ ਹੈ (ਦੱਸਿਆ ਹੈ ਜਾਂ ਨਹੀਂ??) “ਸਚੁ ਨਾਮ ਕਰਿ ਵੱਥ” (ਤੁਹਾਡੇ ਆਪਣੇ ਹੀ ਅਰਥਾਂ ਅਨੁਸਾਰ ਹੀ)- “ਏਸੇ ਤਰਾਂ (ਜੀਵਨ ਜਾਂਚ ਵਿੱਚ ਵੀ)ਸਦਾ ਅਟੱਲ ਨਾਮ ਦਾ ਸੌਦਾ ਪਾ ਕੇ ਰੱਖ।” ਇਥੇ *ਦੁਕਾਨ ਵਿੱਚ ਸੌਦਾ ਪਾਉਣ* ਦੇ ਮਕਾਬਲੇ *ਸੱਚੇ ਨਾਮ ਦਾ ਸੌਦਾ* ਪਾਉਣ ਦੀ ਗੱਲ ਕੀਤੀ ਗਈ ਹੈ।ਅਤੇ *ਸੱਚਾ ਨਾਮ-ਰੂਪੀ ਸੌਦਾ* ਪਾਉਣ ਦੀ ਗੱਲ ਤੋਂ ਤੁਸੀਂ ਕਿਵੇਂ ਅੰਦਾਜਾ ਲਗਾ ਲਿਆ ਕਿ ਇਥੇ *ਨਾਮ ਸਿਮਰਨ* ਦੀ ਪਰਿਭਾਸ਼ਾ ਸਮਝਾਈ ਗਈ ਹੈ? ਕੀ ਦੁਕਾਨਦਾਰੀ ਕਰਦਿਆਂ “ਮੁਖ ਤੇ ਰਾਮ ਸਮ੍ਹਾਲ” ਨਹੀਂ ਹੋ ਸਕਦਾ? .
 ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥
 ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥
 ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ
॥੩॥
 ਅਰਥ (ਚਮਕੌਰ ਸਿੰਘ):— “( ਹੇ ਵਪਾਰੀ !ਤੂੰ ਵਪਾਰ ਕਰਨ ਲਈ ਵਧੀਆ ਘੌੜੇ ਲੈਕੇ ਜਾਵੇ ਅਤੇ ਵਧੀਆ ਵਪਾਰ ਕਰਨ ਲਈ ਇਹ ਕੰਮ ਹੁਣ ਹੀ ਕਰ ਇਸ ਨੂੰ ਕਲ ਤੇ ਨਾ ਛੱਡ ਭਾਵ ਸੁਸਤੀ ਨਹੀਂ ਕਰਦਾ। ਖਰਚਾ ਵਰਚਾ ਵੀ ਪੱਲੇ ਲੈ ਜਾਦਾ ਹੈ ਅਤੇ ਘੌੜੇ ਵੇਚਕੇ ਤੂੰ ਸੁਖ ਪਾ ਲੈੰਦਾ ਹੈ ਪਰ ਇਹ ਸਾਰਾ ਕੁਝ ਤੈਨੂੰ ਮਾਇਆ ਨਾਲ ਜੋੜਦਾ ਹੈ ਪਰ ) ਹੇ ਵਪਾਰੀ ! ਜੇ ਧਾਰਮਿਕ ਕਿਤਾਬਾਂ ਪੜਕੇ ਆਪਣੇ ਜੀਵਨ ਵਿੱਚ ਉਚਾ ਆਚਰਣ ਪਾ ਕੇ ਚਲੇ ਅਤੇ ਜੀਵਨ ਦੇ ਰਸਤੇ ਵਾਸਤੇ ਚੰਗੇ ਗੁਣਾਂ ਨੂੰ ਖਰਚਣ ਲਈ ਪੱਲੇ ਬੰਨ ਲਵੇ, ਉਧਮੀ ਜੀਵਨ ਬਣਾਵੇ, ਪ੍ਰਭੂ ਦੀ ਸ਼ਰਨ ਲੈ ਲਵੇ ਤਾਂ ਸ਼ਾਤੀ ਨਾਲ ਜੀਵਨ ਗੁਜਾਰਨ ਦੀ ਥਾ ਲੱਭ ਸਕਦਾ ਹੈ। (ਇਹ ਜੀਵਨ ਦੇ ਗੁਣ ਤੈਨੂੰ ਸੱਚਾ ਸੁਚਾ ਵਪਾਰ ਕਰਨ ਅਤੇ ਜੀਵਨ ਗੁਜਾਰਨ ਦੇ ਲਈ ਸਹਾਈ ਹਨ। ਜੋ ਤੂੰ ਮਾਇਆ ਨਾਲੋਂ ਤੋੜਦੇ ਹਨ)”
 ਵਿਚਾਰ- ਇਸ ਤੀਸਰੇ ਬੰਦ ਵਿੱਚ ਵੀ **ਨਾਮ** ਦਾ ਜ਼ਿਕਰ ਨਹੀਂ ਹੈ, ਫੇਰ ਵੀ ਚੰਗੇ ਪਰਮਾਰਥੀ ਗੁਣਾਂ ਦਾ ਜ਼ਿਕਰ ਹੈ।ਖਾਸ ਕਰਕੇ ਤੁਸੀਂ ਆਪਣੇ ਹੀ ਅਰਥ ਦੇਖੋ - “( **ਇਹ ਜੀਵਨ ਦੇ ਗੁਣ** ਤੈਨੂੰ ਸੱਚਾ ਸੁਚਾ ਵਪਾਰ ਕਰਨ ਅਤੇ ਜੀਵਨ ਗੁਜਾਰਨ ਦੇ ਲਈ ਸਹਾਈ ਹਨ। ਜੋ ਤੂੰ ਮਾਇਆ ਨਾਲੋਂ ਤੋੜਦੇ ਹਨ)”, ਇਸ ਬੰਦ ਵਿੱਚ *ਨਾਮ* ਦਾ ਜ਼ਿਕਰ ਨਹੀਂ ਹੈ, ਫੇਰ ਵੀ ਤੁਹਾਡੇ ਆਪਣੇ ਅਰਥਾਂ ਅਨੁਸਾਰ ਹੀ **ਜੀਵਨ ਦੇ ਗੁਣਾਂ** ਦੀ ਗੱਲ ਹੈ। ਫੇਰ ਦੱਸੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸ਼ਬਦ ਵਿੱਚ **ਜੀਵਨ ਦੇ ਗੁਣ**, **ਨਾਮ** ਦੀ ਵਿਆਖਿਆ ਹੈ?
 ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥
 ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥
 ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ
॥੪॥੨॥ - ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੫੯੬
 ਅਰਥ (ਚਮਕੌਰ ਸਿੰਘ):— “( ਹੇ ਭਾਈ ਜੇ ਤੂੰ ਨੌਕਰੀ ਪੇਸ਼ੇ ਵਾਲਾ ਹੈ ਤਾਂ ਨੌਕਰੀ ਨੂੰ ਚਿਤ ਲਾਕੇ ਕਰ। ਮਾਲਕ ਦਾ ਹੁਕਮ ਨੂੰ ਮੰਨ। ਆਉਗੁਣ ਛੱਡਕੇ ਗੁਣਾ ਨਾਲ ਹਿੰਮਤੀ ਬਣ ਤਾਂ ਮਾਲਕ ਸ਼ਾਬਾਸ਼ ਕਹੇਗਾ। ਤੁੰ ਵੀ ਖੁਸ਼ੀ ਹੋਵੇਗੀ। ਪਰ ਇਹ ਸਾਰਾ ਕੁਝ ਤੈਨੂੰ ਮਾਇਆ ਨਾਲ ਜੋੜਦੀ ਹੈ) ਹੇ ਭਾਈ!( ਜੇ ਤੂੰ ਨੌਕਰੀ ਪੇਸ਼ੇ ਵਾਲਾ ਹੈ ਤਾਂ) ਤੂੰ ਮਨ ਲਗਾਕੇ ਜਾਂ ਚਿਤ ਲਗਾ ਕੇ ਨੌਕਰੀ ਕਰ। ਏਸੇ ਨੂੰ ਨਾਮ ਮੰਨਕੇ ਨੌਕਰੀ ਵਾਲਾ ਕੰਮ ਕਰ। ਆਪਣੇ ਆਉਗੁਣਾਂ ਨੂੰ ਹਲਾ ਬੋਲਕੇ ਦਵੱਲ ਦੇ ਫੇਰ { ਦੇਖੀ ਜਿਹੜੇ ਇਹ ਗੁਣ ਅਪਣਾ ਲੈਂਦੇ ਹਨ ) ਉਨਾਂ ਨੂੰ ਪ੍ਰਭੂ ਸ਼ਾਬਾਸ਼ ਆਖਦਾ ਹੈ। ਹੇ ਨਾਨਕ ! ਕਹੁ ਕਿ ਜੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਦੇਖਦਾ ਹੇ ਤਾਂ ( ਉਸਦੇ ਨਾਮ ਦਾ ਰੰਗ ਚਾਰ ਗੁਣਾਂ ਚੜ ਜਾਂਦਾ ਹੈ॥
 ਵਿਚਾਰ:-- ਆਪਣਾ ਮਕਸਦ ਸਾਧਣ ਲਈ ਹਮੇਸ਼ਾਂ ਦੀ ਤਰ੍ਹਾਂ ਇਥੇ ਵੀ ਤੁਸੀਂ ਆਪਣੇ ਕੋਲੋਂ ਹੀ ਅਰਥ ਘੜ ਲਏ ਹਨ। ਪੰਗਤੀ ਵਿੱਚ ਲਫਜ਼ ਹਨ- “ਮੰਨਿ ਨਾਮੁ ਕਰਿ ਕੰਮੁ” ---- ਤੁਹਾਡੇ ਅਰਥ- “ਮੰਨਿ—ਮੰਨ ਕੇ ( ਪੂਰਵ ਪੂਰਣ ਕਿਰਦੰਤ), ਨਾਮੁ—ਨਾਮ ਨੂੰ ( ਕਰਮ ਕਾਰਕ), ਕਰਿ—ਕਰੋ (ਸੰਭਵ ਭਵਿਖਤ ਕਾਲ ਦੀ ਕਿਰਿਆ), ਕੰਮੁ—ਕੰਮ ਨੂੰ ( ਕਰਮ ਕਾਰਕ), --------- ਏਸੇ ਨੂੰ ਨਾਮ ਮੰਨਕੇ ਨੌਕਰੀ ਵਾਲਾ ਕੰਮ ਕਰ। ” ਤੁਹਾਡੀ ਆਪਣੀ ਹੀ ਵਿਆਕਰਣ ਅਨੁਸਾਰ ਕੀ ਤੁਸੀਂ ਅਰਥ ਠੀਕ ਲਿਖੇ ਹਨ? ਧਿਆਨ ਦੇਵੋ ਪੰਗਤੀ ਵਿੱਚ “ਨਾਮੁ ਕਰਿ” ਲਿਖਿਆ ਹੈ, ਅਤੇ ਨਾਮੁ ਕਰਿ ਦਾ ਅਰਥ ਤੁਸੀਂ ‘ਨਾਮ ਮੰਨਕੇ’ ਅਰਥ ਕਿਵੈਂ ਬਣਾ ਲਏ? ‘ਨਾਮੁ’ ਦਾ ਅਰਥ ਤੇ ਤੁਸੀਂ ਖੁਦ ਹੀ ਨਾਮ ‘ਨੂੰ’ ਲਿਖਿਆ ਹੈ ਨਾ? ਤਾਂ ਫੇਰ ਅਰਥਾਂ ਵਿੱਚ ‘ਨਾਮ ਨੂੰ’ ਕਿੱਥੇ ਗਿਆ? ਜਿਵੇਂ ਮਾਲਕ ਦੀ ਨੋਕਰੀ ਪੂਰਾ ਮਨ-ਚਿੱਤ ਲਗਾ ਕੇ ਕਰੀਦੀ ਹੈ, ਇਸ ਬੰਦ ਵਿੱਚ ਉਸੇ ਤਰ੍ਹਾਂ ਪ੍ਰਭੂ-ਮਾਲਕ ਦਾ ਨਾਮ, ਮਨ-ਚਿੱਤ ਲਗਾਕੇ ਕਰਨ (/ਜਪਣ) ਦਾ ਜ਼ਿਕਰ ਹੈ।ਇਥੇ ਵੀ ਨਾਮ ਦਾ ਅਰਥ ਜੀਵਨ ਦੇ ਗੁਣ ਨਹੀਂ ਬਣਦੇ।
 ਚਮਕੌਰ ਸਿੰਘ ਜੀ! ਸਾਰੇ ਸ਼ਬਦ ਵਿੱਚ ਕਿਤੇ ਵੀ **ਨਾਮ ਸਿਮਰਨ** ਦੀ ਵਿਆਖਿਆ ਨਹੀਂ ਕੀਤੀ ਗਈ।ਰਸਨਾ ਨਾਲ ਉਚਾਰੇ ਜਾਣ ਵਾਲੇ ਨਾਮ ਦਾ ਖੰਡਣ ਤਾਂ ਬਿਲਕੁਲ ਵੀ ਨਹੀਂ ਹੈ।ਮੇਰੇ ਵੱਲੋਂ, ਮੁਖੋਂ ਉਚਾਰੇ ਜਾਣ ਵਾਲੇ ਨਾਮ ਵਾਲੀਆਂ ਅਨੇਕਾਂ ਉਦਾਹਰਣਾਂ ਪੇਸ਼ ਕੀਤੀਆਂ ਗਈਆਂ ਸਨ (ਹੋਰ ਅਨੇਕਾਂ ਹੀ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ) ਨਾ ਤੇ ਤੁਸੀਂ ਉਹਨਾਂ ਉਦਾਹਰਣਾਂ ਵਿੱਚ ਸਾਬਤ ਕਰ ਸਕੇ ਹੋ ਕਿ ਮੁਖੋਂ ਉਚਾਰੇ ਜਾਣ ਵਾਲੇ ਨਾਮ ਦਾ ਖੰਡਣ ਕੀਤਾ ਗਿਆ ਹੈ ਅਤੇ ਨਾ ਹੀ ਤੁਸੀਂ ਇਸ ਸੰਬੰਧੀ ਆਪਣੇ ਕੋਲੋਂ ਕੋਈ ਗੁਰਬਾਣੀ ਉਦਾਹਰਣਾਂ ਪੇਸ਼ ਕਰ ਸਕੇ ਹੋ।ਪਰ ਫੇਰ ਵੀ ਤੁਸੀਂ ਮੁਖੋਂ ਉਚਾਰਨ ਵਾਲੇ ਨਾਮ ਦਾ ਖੰਡਣ ਕਰਦੇ ਹੋ।
ਇਸ ਦਾ ਮਤਲਬ ਸਾਫ ਹੈ ਕਿ ਗੁਰਬਾਣੀ ਨੂੰ ਤੁਸੀਂ ਆਪਣੇ ਮੁਤਾਬਕ ਹੀ ਪੜ੍ਹਨਾ, ਸਮਝਣਾ ਅਤੇ ਸਮਝਾਉਣਾ ਚਾਹੁੰਦੇ ਹੋ।
 ਚਮਕੌਰ ਸਿੰਘ ਜੀ! ਇਸ ਸਾਰੇ ਸ਼ਬਦ ਵਿੱਚ ਸਚਿਆਰੇ ਢੰਗ ਨਾਲ ਦੁਨਿਆਵੀ ਧੰਦੇ ਕਰਨ ਦਾ ਉਪਦੇਸ਼ ਹੈ।ਕਿਤੇ ਵੀ ਨਾਮ ਦੀ ਪਰਿਭਾਸ਼ਾਂ ਨਹੀਂ ਸਮਝਾਈ ਗਈ।
 ਜਸਬੀਰ ਸਿੰਘ ਵਿਰਦੀ"
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.