ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਹਲਤਿ ਪਲਤਿ ਮੁਖ ਊਜਲ ਹੋਈ ਹੈ’ ਦੇ ਅਰਥਾਂ ਬਾਰੇ :-
-: ‘ਹਲਤਿ ਪਲਤਿ ਮੁਖ ਊਜਲ ਹੋਈ ਹੈ’ ਦੇ ਅਰਥਾਂ ਬਾਰੇ :-
Page Visitors: 2890

-: ‘ਹਲਤਿ ਪਲਤਿ ਮੁਖ ਊਜਲ ਹੋਈ ਹੈ’ ਦੇ ਅਰਥਾਂ ਬਾਰੇ :-
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
 ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ
॥ ਰਹਾਉ ॥“
ਅਰਥ (ਚਮਕੌਰ ਸਿੰਘ ਬਰਾੜ):-—ਹੇ ਮਨ ! ਪ੍ਰਭੂ ਦੇ ਸਚੇ ਗੁਣਾ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਅਪਣਾਅ ਲਵੋ ਜਾਂ ਸਚੇ ਨਾਮ ਨੂੰ ਜਪਿਆ ਕਰ । ਓਸ ਪ੍ਰਭੂ, ਜਿਹੜਾ ਸਰਬ ਵਿਆਪਕ ਹੈ ਅਤੇ ਮਾਇਆ { ਦੁਨੀਆਂ ਦੇ ਝੰਜਾਲਾਂ ਤੋਂ} ਤੋਂ ਨਿਰਲੇਪ ਹੈ, ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਯਾਦ ਰਖਨਾ ਚਾਹੀਦਾ ਹੈ ਜਾਂ ਨਾਮ ਸਿਮਰਨ ਕਰਨਾਂ ਚਾਹੀਦਾ ਹੈ । (ਇਸ ਤਰੀਕੇ ਨਾਲ) ਹਰ ਜਗਾਹ ਜੀਵਨ ਦੀ ਅਸਲੀ ਖੱਟੀ ਜਾਂ ਇੱਜਤਮਾਨ ਮਿਲ ਜਾਂਦੀ ਹੈ॥ 1॥ ਰਹਾਉ ॥
ਔਖੇ ਸ਼ਬਦਾਂ ਦੇ ਅਰਥ (ਚਮਕੌਰ ਸਿੰਘ ਬਰਾੜ):-—… ਹਲਤਿ ਪਲਤਿ--- *ਏਥੇ ਅਤੇ ਉਥੇ* ਭਾਵ ਹਰ ਜਗਾਹ ਉਤੇ( ਅਧਿਕਰਣ ਕਾਰਕ)
ਨੋਟ (ਚਮਕੌਰ ਸਿੰਘ ਬਰਾੜ):-- ਪੁਰਾਣਿਆਂ ਟੀਕਿਆਂ ਵਿੱਚ ਹਲਤਿ ਪਲਤਿ ਨੂੰ ਲੋਕ ਪਰਲੋਕ ਕਿਹਾ ਗਿਆ ਹੈ। ਮੈਂ ਉਨਾਂ ਨਾਲ ਸਹਿਮਤ ਨਹੀ ਹਾਂ । ਕਾਰਨ— ਮੈਨੂੰ ਕਿਤੇ ਵੀ ਨਹੀਂ ਲਭਾ ਕਿ ਗਰੂ ਸਾਹਿਬ ਨੇ ਲਿਖਿਆ ਹੋਵੇ ਕੀ ਕੋਈ ਹੋਰ ਦੁਨੀਆ ਵੀ ਹੈ। ਪਲਤ ਨੂੰ ਜਿਸਤਰਾਂ ਟੀਕਿਆ ਵਾਲੇ ਦਸਦੇ ਹਨ, ਪੁਜਾਰੀ ਅਤੇ ਲਕੀਰ ਦੇ ਫਕੀਰ ਦਸਦੇ ਹਨ ਕਿ ਪਰਲੋਕ ਕੋਈ ਹੋਰ ਦੁਨੀਆ ਹੈ ਜਿਥੇ ਰੂਹਾ ਹੀ ਰਹਿੰਦੀਆ ਹਨ ਅਤੇ ਪ੍ਰਭੁ ਉਨਾਂ ਦੇ ਕੀਤੇ ਹੋਏ ਕਰਮਾ ਦਾ ਫੇਸਲਾ ਕਰਦਾ ਹੈ। ਇਹ ਬਿਲਕੁਲ ਮਿਥਿਆਸਕ ਹੈ।
ਹਾਂ ਉਦਾਹਰਣ ਦੇ ਤੌਰ ਤੇ ਲੋਕ ਪਰਲੋਕ ਬਹੁਤ ਵਾਰੀ ਗੁਰੂ ਗਰੰਥ ਸਾਹਿਬ ਵਿਚ ਆਇਆ ਹੈ ਪਰ ਹਰ ਵਾਰੀ ਕਿਸੇ ਹੋਰ ਕੰਟੈਖਸਟ ਵਿਚ ਵਰਤਿਆ ਹੈ।
ਦੂਜਾ ਕਾਰਨ ਗੁਰੂ ਗਰੰਥ ਸਾਹਿਬ ਦੇ ਪੰਨਾ 1194 ਤੇ ਭਗਤ ਰਾਮਾਨੰਦ ਜੀ ਦਾ ਸ਼ਬਦ ਹੈ ਜਿਸ ਵਿੱਚ ਲਿਖਿਆ ਹੈ “ ਊਹਾਂ ਤਉ ਜਾਈਐ ਜੇ ਈਹਾਂ ਨ ਹੋਏ “ ਜਿਸਦਾ ਅਰਥ ਰਹਾਉ ਵਾਲੀ ਪੰਗਤੀ ਨਾਲ ਰਲਾ ਕੇ ਕਰੀ ਏ ਤਾਂ ਅਰਥ ਬਣਦੇ ਹਨ ਕਿ ਉਥੇ ਤਾਂ ਜਾਣਾ ਚਾਹੀਦਾ ਜੇ ਏਥੇ ਨਾ ਹੋਵੇ। ਇਸ ਦਾ ਭਾਵ ਜਿਹੜਾ ਪ੍ਰਭੂ ਮੰਦਰਾਂ, ਮਸੀਤਾਂ, ਤੀਰਥਾਂ { ਅਸ਼ੀ ਅੱਜ ਗੁਰਦਵਾਰਿਆਂ ਵਿੱਚ ਵੀ ਕਹਿ ਸਕਦੇ ਹਾਂ} ਵਿੱਚ ਵਸਦਾ ਹੈ ਉਹ ਪ੍ਰਭੁ ਏਥੇ ਵੀ ਹੈ। ਭਾਵ ਏਥੇ ਉਥੇ ਦਾ ਮਤਲਬ ਹੈ ਪ੍ਰਭੂ ਹਰ ਥਾਂ ਵਸਦਾ ਹੈ । ਸੋ ਇੰਨਾਂ ਦੋ ਕਾਰਨਾਂ ਦੇ ਅਧਾਰ ਤੇ ਮੇਰੀ ਸਮਝ ਮੁਤਾਬਕ ਲੋਕ ਪਰਲੋਕ ਵਾਲੀ ਕਹਾਣੀ ਅਸੀ ਕਿਸੇ ਹੋਰ ਧਰਮ ਤੋਂ ਲੈਕੇ ਅਰਥ ਕਰਦੇ ਹਾਂ।
ਇਸ ਦੇ ਸੰਬੰਧ ਵਿੱਚ ਕੁਝ ਹੋਰ ਵੀ ਕਬੀਰ ਜੀ ਦੇ ਸ਼ਬਦ ਹਨ । ਭੈਰਉਂ ਰਾਗ ਕਬੀਰ ਜੀ ਦਾ 15ਵਾਂ ਸ਼ਬਦ ਅਤੇ 16ਵਾਂ ਸ਼ਬਦ ਪੰਨਾ ਨੰਬਰ 1161 ਉਪਰ। ਪੰਦਰਵੇਂ ਸ਼ਬਦ ਵਿੱਚ ਕਬੀਰ ਜੀ ਦਸਦੇ ਹਨ ਕਿ ਭਾਈ ਇੱਕ ਧਰਮ ਵਾਲੇ ਕਹਿੰਦੇ ਹਨ ਪ੍ਰਭੂ ਸੱਤਵੇਂ ਸਮਾਨ ਤੇ ਰਹਿੰਦਾ ਜਿਸਦੇ 70 ਹਜਾਰ ਪੈਕੰਬਰ ਰਾਖੇ ਹਨ ,56 ਹਜਾਰ ਰਹਿਬਰ ਹਨ ਆਦਿ ਅਤੇ ਦੂਜੇ ਧਰਮ ਵਾਲੇ ਕਹਿੰਦੇ ਹਨ ਕਿ ਤੇਤੀ ਕਰੋੜ ਦੇਵਤੇ ਉਸਦੈ ਦੁਆਲੇ ਜਾਂ ਹਜੂਰੀ ਵਿੱਚ ਕਿਤੇ ਅੱਧ ਅਸਮਾਨ ਵਿੱਚ ਰਹਿੰਦਾ { ਜਿਸ ਨੂੰ ਲੋਕ ਰੱਬ ਦੀ ਦਰਗਾਹ ਕਹਿੰਦੇ ਹਨ } ਮੇਰੇ ਵਰਗੇ ਗਰੀਬ ਜੁਲਾਹੇ ਨੂੰ ਉਥੇ ਕਿਵੇਂ ਇਹ ਪੈਕੰਬਰ ਜਾਂ ਦੇਵਤੇ ਆਦਿ ਪਹੁੰਚਣ ਦੇਣਗੇ । ਭਾਵ ਕਬੀਰ ਜੇ ਇਸ ਤਰਾਂ ਦੀ ਦਰਗਾਹ ਜਾਂ ਪਰਲੋਕ ਦੀ ਥਿਉਰੀ ਤੇ ਚੋਟਾਂ ਮਾਰਦੇ ਹਨ ਅਤੇ ਮੂਲੋ ਹੀ ਇਸ ਨੂੰ ਰੀਜੈਕਟ ਕਰਦੇ ਹਨ।
16ਵਾਂ ਸ਼ਬਦ “ ਨਾ ਜਾਨਉ ਬੈਕੁੰਠੁ ਹੈ ਕਹਾਂ। ਅਗ਼ਲੀ ਲਾਈਨ ਵਿੱਚ “ ਬਾਤਨ ਹੀ ਬੈਕੁੰਠੁ ਵਿਖਾਨਾ” ਬੈਕੁੰਠ ਦਾ ਮਤਲਬ ਹੈ ਸਵਰਗ। ਸਵਰਗ ਨਰਕ ਵਾਲੀ ਥਿਉਰੀ ਵੀ ਪਰਲੋਕ ਵਾਲੀ ਥਿਉਰੀ ਹੈ। ਜਦੋ ਅਸੀ ਇੰਨਾ ਸ਼ਬਦਾਂ ਦੇ ਅਰਥ ਕਰਦੇ ਹਾਂ ਤਾਂ ਸੁਰਗ- ਨਰਕ ਜਾਂ ਲੋਕ ਪਰਲੋਕ ਵਾਲੀ ਥਿਉਰੀ ਵੀ ਰੀਜੈਕਟ ਹੋ ਜਾਂਦੀ ਹੈ। ਹਾਂ ਗੁਰੂ ਸਾਹਿਬ ਨੇ ਬਹੁਤ ਵਾਰੀ ਇਸ ਦੀ ਉਦਾਹਰਣ ਜਰੂਰ ਦਿੱਤੀ ਹੈ ਜਿਹੜੀ ਕਿ ਓਸ ਵੇਲੇ ਲੋਕ ਮੰਨਦੇ ਸਨ। ਪਰ ਉਸ ਦੇ ਨਾਲ ਹੀ ਖੰਡਣ ਵੀ ਕੀਤਾ ਹੈ ਜਿਸ ਤਰਾਂ ਹੋਰ ਕਰਮ ਕਾਂਡਾਂ ਦਾ ਕੀਤਾ ਹੈ} …. ਰਹਾਉ ॥”
ਵਿਚਾਰ:-- ਚਮਕੌਰ ਸਿੰਘ ਜੀ! ਗੁਰਬਾਣੀ/ ਗੁਰਮਤਿ ਦੀ ਜਿਹੜੀ ਗੱਲ ਬਾਰੇ ਤੁਹਾਨੂੰ ਸਮਝ ਨਹੀਂ, ਜਾਂ ਜਿਸ ਨੂੰ ਜਾਣ ਬੁੱਝਕੇ ਤੁਹਾਡਾ ਮਨ ਮੰਨਣ ਲਈ ਤਿਆਰ ਨਹੀਂ, ਤੁਸੀਂ ਉਸ ਦੇ ਅਰਥ ਆਪਣੇ ਕੋਲੋਂ ਘੜਕੇ ਪ੍ਰਚਾਰਨ ਦਾ ਹੱਕ ਬਿਲਕੁਲ ਨਹੀਂ ਰੱਖਦੇ।ਵਿਚਾਰ-ਅਧੀਨ ਪੰਗਤੀ ਵਿੱਚ ਆਏ ਲਫਜ਼ਾਂ ‘ਹਲਤਿ, ਪਲਤਿ’ ਦੇ ਅਰਥ ਜੋ ਕਿ ਪ੍ਰੋ: ਸਾਹਿਬ ਸਿੰਘ ਜੀ ਅਤੇ ਮਹਾਨ ਕੋਸ਼ ਮੁਤਾਬਕ ‘ਇਹ ਲੋਕ ਅਤੇ ਪਰਲੋਕ’ ਹੈ।ਜਿਸ ਦੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ, ਉਸ ਨੂੰ ‘ਪੁਜਾਰੀ, ਲਕੀਰ ਦੇ ਫਕੀਰ ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਉਪਾਧੀਆਂ ਦਾ ਸਰਟੀਫਿਕੇਟ ਤੁਸੀਂ ਦੇ ਦਿੰਦੇ ਹੋ।
‘ਹਲਤਿ-ਪਲਤਿ’ ਦੇ ਅਰਥ ਤੁਸੀਂ ‘ਏਥੇ, ਓਥੇ ਭਾਵ ਹਰ ਜਗਾਹ’ ਦੱਸ ਰਹੇ ਹੋ। ਦੱਸ ਸਕਦੇ ਹੋ ਕਿ ਇਹ ਅਰਥ ਤੁਸੀਂ ਕਿਸ ਵਿਆਕਰਣ ਜਾਂ ਕਿਸ ਡਿਕਸ਼ਨਰੀ ਮੁਤਾਬਕ ਕਰ ਰਹੇ ਹੋ?
‘ਹਲਤਿ-ਪਲਤਿ’ ਦੇ ਅਰਥ ‘ਏਥੇ, ਓਥੇ ਭਾਵ ਹਰ ਜਗਾਹ’ ਤੇ ਦੱਸਣ ਲਈ ਤੁਹਾਡੀਆਂ ਘੜੀਆਂ ਹੋਈਆਂ ਦਲੀਲਾਂ ਬਾਰੇ ਵਿਚਾਰ:--
ਨੰਬਰ 15 ਅਤੇ 16 ਵਾਲੀਆਂ ਜਿਹੜੀਆਂ ਉਦਾਹਰਣਾਂ ਤੁਸੀਂ ਦਿੱਤੀਆਂ ਹਨ, ਉਹਨਾਂ ਵਿੱਚ ਤੁਸੀਂ ਖੁਦ ਮੰਨਦੇ ਹੋ ਕਿ ‘ਬੈਕੁੰਠ ਅਰਥਾਤ ਸਵਰਗ’ ਸੱਤਵੇਂ ਅਸਮਾਨ, ਪੈਕੰਬਰਾਂ, ਰਹਿਬਰਾਂ, ਦੇਵਤਿਆਂ… ਦਾ ਜ਼ਿਕਰ ਹੈ (ਪਰਲੋਕ ਦਾ ਜ਼ਿਕਰ ਨਹੀਂ)।ਦੱਸ ਸਕਦੇ ਹੋ ਕਿ, ਪਰਲੋਕ ਬਾਰੇ ਗੱਲ ਕਰਨ ਵੇਲੇ ਪਰਲੋਕ ਵਾਲੀਆਂ ਹੀ ਉਦਾਹਰਣਾਂ ਕਿਉਂ ਨਹੀਂ ਦਿੱਤੀਆਂ ਜਾ ਸਕਦੀਆਂ? ਜੇ ਪਰਲੋਕ ਕਿਸੇ ਹੋਰ ਕੌਂਟੈਕਸਟ ਵਿੱਚ ਆਇਆ ਹੈ ਤਾਂ, ‘ਪਰਲੋਕ’ ਵਾਲੀਆਂ ਉਦਹਰਣਾਂ ਦੇ ਕੇ ਕਿਉਂ ਨਹੀਂ ਸਮਝਾ ਸਕਦੇ ਕਿ ਗੁਰਮਤਿ ਪਰਲੋਕ ਦਾ ਖੰਡਣ ਇਸ-ਇਸ ਤਰ੍ਹਾਂ ਕਰਦੀ ਹੈ?
ਤੁਸੀਂ ਲਿਖਿਆ ਹੈ:-- “ਸਵਰਗ ਨਰਕ ਵਾਲੀ ਥਿਉਰੀ ਵੀ ਪਰਲੋਕ ਵਾਲੀ ਥਿਉਰੀ ਹੈ”
ਚਮਕੌਰ ਸਿੰਘ ਜੀ! ਤੁਹਾਨੂੰ ਸਵਰਗ-ਨਰਕ ਅਤੇ ਪਰਲੋਕ ਇੱਕੋ ਹੀ ਗੱਲ ਨਜ਼ਰ ਆ ਰਹੀ ਹੈ, ਇਹ ਤੁਹਾਡੀ ਅਗਿਆਨਤਾ ਦੀ ਨਿਸ਼ਾਨੀ ਹੈ।ਗੁਰਬਾਣੀ ਵਿੱਚ ਸਵਰਗ(-ਲੋਕ) ਅਤੇ ਨਰਕ(-ਲੋਕ) ਦਾ ਖੰਡਣ ਕੀਤਾ ਮਿਲਦਾ ਹੈ।ਪਰ ਕਿਤੇ ਇੱਕ ਵਾਰੀਂ ਵੀ ‘ਪਰਲੋਕ’ ਦਾ ਖੰਡਣ ਕੀਤਾ ਹੋਵੇ, ਦਿਖਾ ਸਕਦੇ ਹੋ?
1195 ਪੰਨੇ ਵਾਲੀ ਜਿਹੜੀ ਉਦਾਰਹਣ ਤੁਸੀਂ ਦਿੱਤੀ ਹੈ, ਉਸ ਵਿੱਚ ਤੁਸੀਂ ਖੁਦ ਮੰਨ ਰਹੇ ਹੋ ਕਿ ਪਰਮਾਤਮਾ ਹਰ ਥਾ ਵਿਆਪਕ ਹੈ ਬਾਰੇ ਗੱਲ ਹੈ।ਇਸ ਨਾਲ ‘ਪਰਲੋਕ’ ਦਾ ਖੰਡਣ ਕਿਵੇਂ ਹੋ ਗਿਆ? ਜੇ ਤੁਸੀਂ ‘ਉਹਾਂ ਤਉ ਜਾਈਐ’ ਨੂੰ ‘ਪਰਲੋਕ’ ਲਈ ਆਇਆ ਮੰਨਦੇ ਹੋ ਤਾਂ ਤੁਸੀਂ ਆਪਣੀ ਗੱਲ ਨੂੰ ਆਪ ਹੀ ਗ਼ਲਤ ਸਾਬਤ ਕਰ ਰਹੇ ਹੋ।ਕਿਉਂਕਿ ਸ਼ਬਦ ਵਿੱਚ ਤਾਂ “ਤੂ ਪੂਰਿ ਰਹਿਓ ਹੈ ਸਭ ਸਮਾਨ” ਦਾ ਜ਼ਿਕਰ ਹੈ।ਇਸ ਤਰ੍ਹਾਂ ਤੇ ਉਹ ਪਰਲੋਕ ਵਿੱਚ ਵੀ ਭਰਪੂਰ ਹੋਇਆ।ਦੱਸੋ ਹੋਇਆ ਕਿ ਨਹੀਂ?
ਇਸ ਸ਼ਬਦ ਵਿੱਚ ‘ਪਰਲੋਕ’ ਦਾ ਕਿਤੇ ਜ਼ਿਕਰ ਤੱਕ ਵੀ ਨਹੀਂ ਹੈ ਅਤੇ ਨਾ ਹੀ ਪਰਲੋਕ ਵਰਗੇ ਅਰਥਾਂ ਵਾਲੀ ਕੋਈ ਗੱਲ ਹੈ।ਤਾਂ ਕਿਸ ਆਧਾਰ ਤੇ ਤੁਸੀਂ ਕਹਿ ਰਹੇ ਹੋ ਕਿ- “ਸੋ ਇੰਨਾਂ ਦੋ ਕਾਰਨਾਂ ਦੇ ਅਧਾਰ ਤੇ ਮੇਰੀ ਸਮਝ ਮੁਤਾਬਕ ਲੋਕ ਪਰਲੋਕ ਵਾਲੀ ਕਹਾਣੀ ਅਸੀ ਕਿਸੇ ਹੋਰ ਧਰਮ ਤੋਂ ਲੈਕੇ ਅਰਥ ਕਰਦੇ ਹਾਂ।”
ਪਰਲੋਕ ਦਾ ਖੰਡਣ ਕਰਨ ਲਈ ਤੁਹਾਡੀ ਦਲੀਲ:-- ‘ਕਾਰਨ ਮੈਨੂੰ ਕਿਤੇ ਵੀ ਨਹੀਂ ਲਭਾ ਕਿ ਗਰੂ ਸਾਹਿਬ ਨੇ ਲਿਖਿਆ ਹੋਵੇ, ਕੋਈ ਹੋਰ ਦੁਨੀਆ ਵੀ ਹੈ। ਪਲਤ ਨੂੰ ਜਿਸਤਰਾਂ ਟੀਕਿਆ ਵਾਲੇ ਦਸਦੇ ਹਨ, ਪੁਜਾਰੀ ਅਤੇ ਲਕੀਰ ਦੇ ਫਕੀਰ ਦਸਦੇ ਹਨ ਕਿ ਪਰਲੋਕ ਕੋਈ ਹੋਰ ਦੁਨੀਆ ਹੈ ਜਿਥੇ ਰੂਹਾ ਹੀ ਰਹਿੰਦੀਆ ਹਨ ਅਤੇ ਪ੍ਰਭੁ ਉਨਾਂ ਦੇ ਕੀਤੇ ਹੋਏ ਕਰਮਾ ਦਾ ਫੇਸਲਾ ਕਰਦਾ ਹੈ। ਇਹ ਬਿਲਕੁਲ ਮਿਥਿਆਸਕ ਹੈ। ਹਾਂ ਉਦਾਹਰਣ ਦੇ ਤੌਰ ਤੇ ਲੋਕ ਪਰਲੋਕ ਬਹੁਤ ਵਾਰੀ ਗੁਰੂ ਗਰੰਥ ਸਾਹਿਬ ਵਿਚ ਆਇਆ ਹੈ ਪਰ ਹਰ ਵਾਰੀ ਕਿਸੇ ਹੋਰ ਕੰਟੈਖਸਟ ਵਿਚ ਵਰਤਿਆ ਹੈ।’
ਚਮਕੌਰ ਸਿੰਘ ਜੀ! ਗੁਰਬਾਣੀ ਵਿੱਚ ਚਾਰ ਵਾਰੀਂ ‘ਪਰਲੋਕ’ ਸ਼ਬਦ ਆਇਆ ਹੈ—
1 “ਬੰਧਨ ਤੋਰਿ ਭਏ ਨਿਰਵੈਰ ॥ ਅਨਦਿਨੁ ਪੂਜਹਿ ਗੁਰ ਕੇ ਪੈਰ ॥
  ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ
॥੪॥”ਇਸ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤੇ ਹਨ—
“ (ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ; ਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ (ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ।4।”
2 “ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥” ਅਰਥ ਪ੍ਰੋ: ਸਾਹਿਬ ਸਿੰਘ ਜੀ:-
- “ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧।”
3 “ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ ॥
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ
॥੨॥” ਅਰਥ ਪ੍ਰੋ: ਸਾਹਿਬ ਸਿੰਘ ਜੀ:--“
(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ, ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ ।2।”
4 “ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥
   ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ
॥੨ ॥” ਅਰਥ ਪ੍ਰੋ: ਸਾਹਿਬ ਸਿੰਘ ਜੀ:--
“(ਹੇ ਸੂਰਦਾਸ!) ਜੋ ਮਨੁੱਖ ਸੋਹਣੇ ਸਾਂਵਲੇ ਸੱਜਣ (ਪ੍ਰਭੂ) ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ, ਉਹ ਉਸ ਜੋਕ ਵਾਂਗ ਹਨ, ਜੋ ਕਿਸੇ ਕੋਹੜੀ ਦੇ ਸਰੀਰ ਤੇ (ਲੱਗ ਕੇ ਗੰਦ ਹੀ ਚੂਸਦੀ ਹੈ) । ਪਰ, ਹੇ ਸੂਰਦਾਸ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪ ਆਪਣੇ ਹੱਥ ਵਿਚ ਲੈ ਲਿਆ ਹੈ ਉਹਨਾਂ ਨੂੰ ਉਸ ਨੇ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ੇ ਹਨ (ਭਾਵ, ਉਹ ਲੋਕ ਪਰਲੋਕ ਦੋਹੀਂ ਥਾਈਂ ਆਨੰਦ ਵਿਚ ਰਹਿੰਦੇ ਹਨ)”
ਤੁਸੀਂ ਕਹਿੰਦੇ ਹੋ-- “ਮੈਨੂੰ ਕਿਤੇ ਵੀ ਨਹੀਂ ਲਭਾ ਕਿ ਗੁਰੂ ਸਾਹਿਬ ਨੇ ਲਿਖਿਆ ਹੋਵੇ ਕੀ ਹੋਰ ਦੁਨੀਆਂ ਵੀ ਹੈ”।
ਚਮਕੌਰ ਸਿੰਘ ਜੀ! ਦਿਖਾ ਸਕਦੇ ਹੋ ਕਿ ਕਿੱਥੇ ਪ੍ਰੋ: ਸਾਹਿਬ ਸਿੰਘ ਜੀ ਨੇ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਜਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਵਿੱਚ ਕਿਤੇ ਵੀ ਇਸ ਧਰਤੀ ਤੋਂ ਵੱਖਰੀ ਕਿਸੇ ਧਰਤੀ ਤੇ ਪਰਲੋਕ ਹੋਣ ਦੀ ਗੱਲ ਕਹੀ ਹੋਵੇ?
ਤੁਹਾਡੀ ਦਲੀਲ:- “ਪੁਰਾਣਿਆਂ ਟੀਕਿਆਂ ਵਿੱਚ ਹਲਤਿ ਪਲਤਿ ਨੂੰ ਲੋਕ ਪਰਲੋਕ ਕਿਹਾ ਗਿਆ ਹੈ। ਮੈਂ ਉਨਾਂ ਨਾਲ ਸਹਿਮਤ ਨਹੀ ਹਾਂ ।
ਵਿਚਾਰ:-- ‘ਪਲਤਿ’ ਦੇ ਅਰਥ ਤੁਸੀਂ ‘ਪਰਲੋਕ’ ਮੰਨਣ ਲਈ ਤਿਆਰ ਨਹੀਂ, ਪਰ ਗੁਰਬਾਣੀ ਵਿੱਚ ਜਿਹੜਾ ਸਾਫ ਲਫਜ਼ਾਂ ਵਿੱਚ ‘ਪਰਲੋਕ’ ਸ਼ਬਦ ਆਇਆ ਹੈ, ਉਸ ਬਾਰੇ ਕੀ ਕਹੋਗੇ? ਜੇ ਕਿਸੇ ਹੋਰ ਕੌਨਟੈਕਸਟ (ਸੰਦਰਭ) ਵਿੱਚ ਆਇਆ ਹੈ ਤਾਂ ਸਮਝਾ ਸਕਦੇ ਹੋ ਕਿ ਕਿਵੇਂ ਹੋਰ ਕੌਨਟੈਕਸਟ ਵਿੱਚ ਆਇਆ ਹੈ?
ਤੁਹਾਡੀ ਦਲੀਲ :- “ਪਲਤ ਨੂੰ ਜਿਸਤਰਾਂ ਟੀਕਿਆ ਵਾਲੇ ਦਸਦੇ ਹਨ, ਪੁਜਾਰੀ ਅਤੇ ਲਕੀਰ ਦੇ ਫਕੀਰ ਦਸਦੇ ਹਨ ਕਿ ਪਰਲੋਕ ਕੋਈ ਹੋਰ ਦੁਨੀਆ ਹੈ ਜਿਥੇ ਰੂਹਾ ਹੀ ਰਹਿੰਦੀਆ ਹਨ ਅਤੇ ਪ੍ਰਭੁ ਉਨਾਂ ਦੇ ਕੀਤੇ ਹੋਏ ਕਰਮਾ ਦਾ ਫੇਸਲਾ ਕਰਦਾ ਹੈ।”
ਵਿਚਾਰ:-- ਦਿਖਾ ਸਕਦੇ ਹੋ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਕਿਹੜੇ ਅਰਥਾਂ ਤੋਂ ਤੁਸੀਂ ਅੰਦਾਜਾ ਲਗਾ ਲਿਆ ਕਿ, ਇਸ ਦੁਨੀਆਂ ਤੋਂ ਵੱਖਰੀ ਕਿਸੇ ਦੁਨੀਆਂ ਦਾ ਜ਼ਿਕਰ ਕੀਤਾ ਹੋਵੇ ਜਿੱਥੇ ਰੂਹਾਂ ਰਹਿੰਦੀਆਂ ਹਨ, ਅਤੇ ਉਸ (ਇਸ ਦੁਨੀਆ ਤੋਂ ਵੱਖਰੀ ਕੋਈ) ਦੁਨੀਆਂ ਵਿੱਚ ਪ੍ਰਭੂ ਕਰਮਾਂ ਦਾ ਫੈਸਲਾ ਕਰਦਾ ਹੈ?
ਤੁਹਾਡੀ ਦਲੀਲ:-- “ਹਾਂ ਉਦਾਹਰਣ ਦੇ ਤੌਰ ਤੇ ਲੋਕ ਪਰਲੋਕ ਬਹੁਤ ਵਾਰੀ ਗੁਰੂ ਗਰੰਥ ਸਾਹਿਬ ਵਿਚ ਆਇਆ ਹੈ ਪਰ ਹਰ ਵਾਰੀ ਕਿਸੇ ਹੋਰ ਕੰਟੈਖਸਟ ਵਿਚ ਵਰਤਿਆ ਹੈ।”
ਵਿਚਾਰ:-- ਚਮਕੌਰ ਸਿੰਘ ਜੀ! ਜੇ ਕਿਸੇ ਉਦਾਹਰਣ ਵਿੱਚ ਖੰਡਣ ਕਰਨ ਦੀ ਗੱਲ ਨਾ ਕੀਤੀ ਹੋਵੇ ਤਾਂ ਉਦਾਹਰਣ ਕਿਸੇ ਗੱਲ ਦੇ ਸਮਾਨ-ਅਰਥਕ ਮਹਿਨਿਆਂ ਵਿੱਚ ਸਵਿਕ੍ਰਿਤੀ ਵਜੋਂ ਹੀ ਵਰਤੀ ਜਾਂਦੀ ਹੈ ਜਾਂ ਨਹੀਂ? ਜੇ ਉਦਾਹਰਣ ਦੇ ਨਾਲ ਖੰਡਣ ਵਾਲੀ ਕੋਈ ਗੱਲ ਹੀ ਨਹੀਂ ਕੀਤੀ ਗਈ ਤਾਂ ਤੁਸੀਂ ਆਪਣੋ ਕੋਲੋਂ ਹੀ ਖੱਡਣ ਕਿਵੇਂ ਮੰਨ ਸਕਦੇ ਹੋ? ਦਿਖਾ ਸਕਦੇ ਹੋ ਕਿ ਸਾਰੀ ਗੁਰਬਾਣੀ ਵਿੱਚ ਕਿਤੇ ਇੱਕ ਵਾਰੀਂ ਵੀ, ਗੁਰਬਾਣੀ ਵਿੱਚ ‘ਪਰਲੋਕ’ ਸ਼ਬਦ ਇਸ ਦੇ ਅਸਲੀ ਅਰਥਾਂ ਦੇ ਉਲਟ ਇਸ ਨੂੰ ਰੱਦ ਕਰਨ ਵਾਲੇ ਅਰਥਾਂ ਵਿੱਚ ਵਰਤਿਆ ਹੋਵੇ?
{{ਪਾਠਕਾਂ ਲਈ ਨੋਟ:-- ਗੁਰਬਾਣੀ ਵਿੱਚ ਕਿਤੇ ਵੀ ਇਸ ਦੁਨੀਆਂ ਤੋਂ ਵੱਖਰੀ ਕਿਸੇ ਦੁਨੀਆਂ ਜਿਸ ਨੂੰ ਪਰਲੋਕ ਕਿਹਾ ਜਾਂਦਾ ਹੈ, ਦਾ ਨਾ ਤੇ ਕਿਤੇ ਜ਼ਿਕਰ ਹੈ ਅਤੇ ਨਾ ਹੀ ਪ੍ਰੋ: ਸਾਹਿਬ ਸਿੰਘ ਜੀ ਨੇ ਆਪਣੇ ਅਰਥਾਂ ਵਿੱਚ ਇਸ ਤਰ੍ਹਾਂ ਦਾ ਕਿਤੇ ਕੋਈ ਜ਼ਿਕਰ ਕੀਤਾ ਹੈ।ਚਮਕੌਰ ਸਿੰਘ ਬਰਾੜ ਆਪਣੇ ਕੋਲੋਂ ਹੀ ਗੱਲਾਂ ਘੜਕੇ ਪ੍ਰੋ: ਸਾਹਿਬ ਸਿੰਘ ਜੀ ਨੂੰ ਗ਼ਲਤ ਅਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਗੁਰਮਤਿ ਅਨੁਸਾਰ, ਲੋਕ-ਪਰਲੋਕ ਕੀ ਹੈ:-- (ਬੜੀ ਸਿੰਪਲ ਜਿਹੀ ਗੱਲ ਹੈ, ਪਰ ਅਫਸੋਸ ਕਿ ਅਜੋਕੇ ਕੁਝ ਵਿਦਵਾਨਾਂ ਦੇ ਜ਼ਹਨ ਵਿੱਚ ਪਾਉਣ ਲਈ ਕੁਝ ਜਿਆਦਾ ਡਿਟੇਲ ਵਿੱਚ ਜਾਣਾ ਪੈ ਰਿਹਾ ਹੈ, ਜਿਸ ਨਾਲ ਕੁਝ ਗੱਲਾਂ ਦਾ ਦੁਹਰਾਵ ਹੋ ਰਿਹਾ ਹੈ)
ਗੁਰਮਤਿ ਵਿੱਚ ਲੋਕ-ਪਰਲੋਕ ਦਾ ਸੰਬੰਧ ਇਸੇ ਧਰਤੀ, ਇਸੇ ਦੁਨੀਆ ਵਿੱਚ, ਇਸ ਜਨਮ ਜਾਂ ਇਸ ਤੋਂ ਅਗਲੇ-ਪਹਿਲੇ ਜਨਮ ਨਾਲ ਹੈ।ਕਿਸੇ ਵੱਖਰੀ ਧਰਤੀ ਜਾਂ ਵੱਖਰੀ ਦੁਨੀਆਂ ਨਾਲ ਨਹੀਂ।
ਕਿਸੇ ਵੀ ਜੀਵ ਲਈ ਕੋਈ ਵੀ **ਮੌਜੂਦਾ ਜੀਵਨ ਲੋਕ ਹੈ** (ਧਿਆਨ ਦਿੱਤਾ ਜਾਵੇ, ‘ਕੋਈ ਵੀ ਮੌਜੂਦਾ *ਜੀਵਨ*’, ਲੋਕ ਹੈ।ਕਿਸੇ ਵਖਰੀ ਧਰਤੀ ਵਾਲੀ ਕੋਈ ਗੱਲ ਨਹੀਂ।ਹਾਂ ਹਿੰਦੂ ਮੱਤ ਵਿੱਚ ਵੱਖਰੇ ਸਵਰਗ-ਲੋਕ ਅਤੇ ਨਰਕ-ਲੋਕ ਮੰਨੇ ਗਏ ਹਨ, ਪਰ ਗੁਰਮਤਿ ਐਸਾ ਨਹੀਂ ਮੰਨਦੀ)।
ਮੌਜੂਦਾ ਜੀਵਨ-ਸਫਰ ਖਤਮ ਹੋਣ ਤੇ (**ਇਸੇ ਸੰਸਾਰ, ਇਸੇ ਧਰਤੀ, ਇਸੇ ਦੁਨੀਆਂ ਵਿੱਚ**) ਜਦੋਂ ਜੀਵ **ਫੇਰ ਜਨਮ ਲੈ ਕੇ ਆਏਗਾ** ਉਹ *ਜੀਵਨ* (ਇਸ ਮੌਜੂਦਾ ਜੀਵਨ ਦੇ ਮੁਕਾਬਲੇ) ਪਰਲੋਕ ਹੋਵੇਗਾ (ਧਿਆਨ ਦਿੱਤਾ ਜਾਵੇ- *ਇਸ ਜਨਮ ਦੇ ਮੁਕਾਬਲੇ* ਅਗਲਾ ਜਨਮ ‘ਪਰਲੋਕ’ ਹੋਵੇਗਾ ਅਤੇ ਫੇਰ ਜਦੋਂ ਜਨਮ ਲੈ ਕੇ ਆਵੇਗਾ, *ਉਸ ਜਨਮ ਲਈ* ਉਹ ਜਨਮ ‘ਲੋਕ’ ਹੋਵੇਗਾ)।
ਇਹ ਮੌਜੂਦਾ ਜੀਵਨ, *ਮੌਜੂਦਾ ਜੀਵਨ ਲਈ ਲੋਕ ਹੈ*।ਪਰ *ਇਸ ਜੀਵਨ ਤੋਂ ਪਹਿਲਾਂ ਵਾਲੇ ਜੀਵਨ ਵਿੱਚ ਇਸੇ ਜੀਵਨ ਨੂੰ ‘ਪਰਲੋਕ’ ਕਿਹਾ ਗਿਆ ਹੋਵੇਗਾ।
ਚੱਲਦੇ ਵਿਸ਼ੇ ਸੰਬੰਧੀ ਕੁਝ ਗੁਰਬਾਣੀ ਫੁਰਮਾਨ:--
-- “ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥” ਮਰਕੇ ਫੇਰ ਜਨਮ ਲੈ ਕੇ ਇਸੇ ਸੰਸਾਰ ਤੇ ਆਉਂਦਾ ਹੈ, ਕਿਸੇ ਹੋਰ ਧਰਤੀ ਤੇ ਨਹੀਂ।
-- “ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥” ਇਸੇ ਦੁਨੀਆਂ ਇਸੇ ਧਰਤੀ ਤੇ ਜੰਮਦਾ ਹੈ, ਮਰਦਾ ਹੈ, ਫੇਰ ਜੰਮਦਾ ਹੈ, ਫੇਰ ਮਰਦਾ ਹੈ, ਫੇਰ ਜਨਮ ਲੈ ਕੇ ਆ ਜਾਂਦਾ ਹੈ, ਕਿਸੇ ਹੋਰ ਧਰਤੀ ਤੇ ਰੂਹ ਬਣਕੇ ਨਹੀਂ ਵਿਚਰਦਾ।
-- ਸਲੋਕੁ ॥ ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥
 ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ
॥੯॥
ਪਉੜੀ ॥ ਨਉਮੀ ਨਵੇ ਛਿਦ੍ਰ ਅਪਵੀਤ ॥ ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥
ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥ ਕਰਨ ਨ ਸੁਨਹੀ ਹਰਿ ਜਸੁ ਬਿੰਦ ॥
ਹਿਰਹਿ ਪਰ ਦਰਬੁ ਉਦਰ ਕੈ ਤਾਈ ॥ ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥
ਹਰਿ ਸੇਵਾ ਬਿਨੁ ਏਹ ਫਲ ਲਾਗੇ ॥ ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ
॥੯॥ {ਪੰਨਾ 298}
ਅਰਥ—ਸਲੋਕੁ:- (ਜਿਸ ਮਨੁੱਖ ਨੇ ਕਦੇ) ਪਰਮਾਤਮਾ ਦਾ *ਨਾਮ ਨਹੀਂ ਸਿਮਰਿਆ*, (ਉਹ ਸਦਾ) *ਵਿਕਾਰਾਂ ਵਿਚ (ਦੁਨੀਆ ਦੇ ਪਦਾਰਥਾਂ ਦੇ) ਸੁਆਦਾਂ ਵਿਚ ਫਸਿਆ ਰਹਿੰਦਾ ਹੈ*। ਹੇ ਨਾਨਕ! ਜੇ *ਪਰਮਾਤਮਾ ਦਾ ਨਾਮ ਭੁਲਾ* ਦਿੱਤਾ ਜਾਏ ਤਾਂ ਨਰਕ ਸੁਰਗ (ਭੋਗਣ ਲਈ ਮੁੜ ਮੁੜ) **ਜਨਮ ਲੈਣੇ ਪੈਂਦੇ ਹਨ** ।9।
ਅਰਥ-ਪਉੜੀ:- ਜੇਹੜੇ ਮਨੁੱਖ **ਪਰਮਾਤਮਾ ਦਾ ਨਾਮ ਨਹੀਂ ਜਪਦੇ**, ਉਹ (ਮਨੁੱਖਤਾ ਦੀ ਮਰਯਾਦਾ ਦੇ) **ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ** (ਇਸ ਵਾਸਤੇ ਉਹਨਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ **ਗੰਦੇ (ਵਿਕਾਰੀ)** ਹੋਏ ਰਹਿੰਦੇ ਹਨ । (ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ **ਇਸਤ੍ਰੀਆਂ ਭੋਗਦੇ ਹਨ** ਤੇ *ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ**, ਉਹ ਕਦੇ ਰਤਾ ਭਰ ਸਮੇ ਲਈ ਭੀ **(ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ** । (ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ **ਪਰਾਇਆ ਧਨ ਚੁਰਾਂਦੇ ਰਹਿੰਦੇ ਹਨ** (ਫੇਰ ਭੀ ਉਹਨਾਂ ਦੀ) **ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, **(ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ** ।
ਹੇ ਨਾਨਕ! **ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ** (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ, **ਪਰਮਾਤਮਾ ਨੂੰ ਵਿਸਾਰਨ ਕਰਕੇ** ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।9।
ਵਿਚਾਰ—ਇਥੇ ਕਿਸੇ ਹੋਰ ਧਰਤੀ ਤੇ ਜਾ ਦੇ ਜੰਮਣ ਦਾ ਜ਼ਿਕਰ ਨਹੀਂ ਹੈ ਅਤੇ **ਨਾ ਹੀ** ਆਤਮਕ ਜਮੰਣ ਮਰਨ ਦਾ ਜ਼ਿਕਰ ਹੈ।ਧਿਆਨ ਦਿੱਤਾ ਜਾਵੇ—ਸਲੋਕ ਵਿੱਚ ਵੀ ਅਤੇ ਪਉੜੀ ਵਿੱਚ ਵੀ ਸਿਰਫ ਵਿਕਾਰਾਂ ਦਾ ਹੀ ਜ਼ਿਕਰ ਹੈ **ਕਿਤੇ ਇੱਕ ਵੀ** ਸ਼ੁਭ ਗੁਣਾਂ ਜਾਂ ਚੰਗੇ ਕੰਮਾਂ ਦਾ ਜ਼ਿਕਰ ਨਹੀਂ ਹੈ।ਜੇ ਕਿਤੇ ਇੱਕ ਵਾਰੀਂ ਵੀ ਸ਼ੁਭ ਗੁਣਾਂ ਜਾਂ ਚੰਗੇ ਕਰਮਾਂ ਦਾ ਜ਼ਿਕਰ ਨਹੀਂ ਤਾਂ ‘*ਜਮਹਿ* ਅਭਾਗੇ ਅਰਥਾਤ *ਆਤਮਕ ਤੌਰ ਤੇ ‘ਜੰਮਣ’ ਦੀ ਗੱਲ ਕਿਸੇ ਹਾਲਤ ਵਿੱਚ ਨਹੀਂ ਹੋ ਸਕਦੀ।
ਜੇ ਮੰਦੇ ਕੰਮਾਂ ਦੇ ਨਾਲ ਨਾਲ ਚੰਗੇ ਕੰਮਾਂ ਦਾ ਵੀ ਜ਼ਿਕਰ ਹੁੰਦਾ ਤਾਂ ਆਤਮਕ ਤੌਰ ਤੇ ਜੰਮਣ ਮਰਨ ਦੀ ਗੱਲ ਕਹੀ ਜਾ ਸਕਦੀ ਸੀ }}
ਜਸਬੀਰ ਸਿੰਘ ਵਿਰਦੀ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.