ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਇਆ ਮੰਦਰ ਮਹਿ ਕੌਨ ਬਸਾਈ :-
-: ਇਆ ਮੰਦਰ ਮਹਿ ਕੌਨ ਬਸਾਈ :-
Page Visitors: 2822

-: ਇਆ ਮੰਦਰ ਮਹਿ ਕੌਨ ਬਸਾਈ :-
ਹਰਦੇਵ ਸਿੰਘ:- “ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਕਈ ਵੀਰ ਇਹ ਆਖਦੇ ਹਨ ਕਿ ਸਰੀਰ ਛੱਡਣ ਨਾਲ ਹੀ ਸਭ ਖਤਮ ਹੋ ਜਾਂਦਾ ਹੈ, ਭਾਵ ਜੀਵਨ ਖਤਮ ਹੋ ਜਾਂਦਾ ਹੈ।ਪਰ ਉਹ ਵੀਰ ਗੁਰਬਾਣੀ-ਗਿਆਨ ਤੋਂ ਬਿਲਕੁਲ ਸੱਖਣੇ ਹਨ”।
ਜਸਬੀਰ ਸਿੰਘ ਵਿਰਦੀ:- (ਉਪਰ ਦਿੱਤੇ ਵਿਚਾਰ ਨਾਲ ਸਹਿਮਤੀ ਅਤੇ ਵਧੇਰੇ ਵਿਸਥਾਰ  :-)
ਗੁਰਬਾਣੀ ਵਿੱਚ ਤਿੰਨ ਕਿਸਮ ਦੀ ਮੌਤ ਦਾ ਜ਼ਿਕਰ ਹੈ—
1- ਮਾਇਆ ਵੱਲੋਂ ਮਰਨ, ਅਰਥਾਤ ਆਪਣੀ ਹਉਮੈ ਮਾਰਨ ਦਾ,
2- ਆਤਮਕ ਮੌਤ ਮਰਨ ਦਾ, ਅਤੇ
3- ਸਰੀਰਕ ਮੌਤ ਦਾ (ਅਰਥਾਤ, ਜੀਵਨ-ਸਫਰ ਖਤਮ ਹੋਣ ਤੇ ਸਰੀਰ ਤਿਆਗ ਜਾਣ ਦਾ)।
ਆਪਣੀ ਹਉਮੈ ਮਾਰਨ ਵਾਲੇ, ਅਰਥਾਤ ਹਉਮੈ-ਰਹਿਤ ਜੀਵ ਨੂੰ, ਇਹ ਸਰੀਰ ਛੱਡ ਜਾਣ ਤੋਂ ਬਾਅਦ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ।
ਆਤਮਕ ਮੌਤੇ ਮਰੇ ਹੋਏ ਮਨੁੱਖ ਨੂੰ ਮੁੜ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ।
ਗੁਰਮੁਖ ਮਨੁੱਖ, ਹਉਮੈ-ਰਹਿਤ ਹੋਣ ਕਰਕੇ, ਸਰੀਰਕ ਤੌਰ ਤੇ ਸੰਸਾਰ ਤੇ ਵਿਚਰਦੇ ਹੋਏ ਵੀ, ਅਤੇ ਇਹ ਜੀਵਨ-ਯਾਤਰਾ ਸਮਾਪਤ ਹੋਣ ਤੇ, ਅਰਥਾਤ ਸਰੀਰ ਤਿਆਗ ਜਾਣ ਤੇ ਵੀ, ਉਸ ਦੀ ਦਰਗਾਹ ਵਿੱਚ ਪਰਵਾਨ ਹਨ।ਅਤੇ ਮਨਮੁਖ ਬੰਦੇ ਸਰੀਰਕ ਤੌਰ ਤੇ ਜਿਉਂਦੇ ਹੋਏ ਵੀ ਆਤਮਕ ਤੌਰ ਤੇ ਮਰੇ ਹੋਏ ਹਨ।ਆਤਮਕ ਮੌਤੇ ਮਰੇ ਹੋਣ ਕਰਕੇ, ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥ {ਪੰਨਾ 643}”
ਮੁੱਖ ਨੁਕਤਾ ਕਿ ਸਰੀਰ ਛੱਡ ਜਾਣ ਤੇ ਵੀ ਜੀਵ-ਆਤਮਾ ਨਹੀਂ ਮਰਦੀ:-
ਗੁਰਬਾਣੀ ਵਿੱਚ ਅਨੇਕਾਂ ਹੀ ਉਦਾਹਰਣਾਂ ਹਨ ਜਿਹਨਾਂ ਤੋਂ ਸੇਧ ਮਿਲਦੀ ਹੈ ਕਿ ਸਰੀਰਕ ਮੌਤ ਹੋਣ ਤੇ ‘ਜੀਵ / ਜੀਵ-ਆਤਮਾ’ ਦੀ ਮੌਤ ਨਹੀਂ ਹੁੰਦੀ।
“..ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥
ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥੩॥
ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ
॥-{ਪੰਨਾ 885}”
ਇਸ ਸਾਰੇ ਸ਼ਬਦ ਦਾ ਭਾਵ ਹੈ ਕਿ ਕਿਸੇ ਦੇ ਸਰੀਰ ਤਿਆਗ ਜਾਣ ਤੇ ਸਮਝ ਲਿਆ ਜਾਂਦਾ ਹੈ ਕਿ ਬੰਦਾ ਮਰ ਗਿਆ ਹੈ।ਜਦਕਿ ਅਸਲ ਗੱਲ ਇਹ ਹੈ ਕਿ ਮਰਿਆ ਕੁਝ ਵੀ ਨਹੀਂ ਹੁੰਦਾ।ਸਰੀਰਕ ਤੱਤ ਧਰਤੀ ਦੇ ਤੱਤਾਂ ਵਿੱਚ ਜਾ ਮਿਲਦੇ ਹਨ।ਸਵਾਸ ਹਵਾ ਵਿੱਚ ਜਾ ਮਿਲਦੇ ਹਨ ਅਤੇ ਜੀਵਨ-ਜੋਤਿ ਜਿਸ ਪ੍ਰਭੂ ਤੋਂ ਆਈ ਹੈ ਉਸ ਵਿੱਚ ਜਾ ਮਿਲਦੀ ਹੈ (‘ਜੋਤਿ’ ਸ਼ਬਦ ਗੁਰਬਾਣੀ ਵਿੱਚ ਜੀਵਨ ਜੋਤਿ, ਚੇਤਨ ਸੱਤਾ, ਆਤਮ/ਆਤਮਾ/ਜੀਵਾਤਮਾ, ਅੰਤਹ ਕਰਣ ਆਦਿ ਅਰਥਾਂ ਵਿੱਚ ਆਇਆ ਹੈ ਅਤੇ ਇਹ ਸਭ ਅਭੌਤਿਕ ਸੰਕਲਪ ਹਨ।ਅਭੌਤਿਕ ਹੋਣ ਦੇ ਨਾਤੇ ਇਹ ਕੁਦਰਤੀ ਨਿਯਮਾਂ ਦੇ ਘੇਰੇ ਵਿੱਚ ਨਹੀਂ ਆਉਂਦੇ ਅਤੇ ਨਾ ਹੀ, ਦਿਸਦੇ ਕੁਦਰਤੀ ਪਦਾਰਥਾਂ ਵਿੱਚ ਸਮਾਉੰਦੇ ਹਨ)।ਕਿਸੇ ਵੀ ਜੀਵ ਨੂੰ ਉਸਦੇ ਸਰੀਰਕ ਵਿਛੋੜੇ ਤੇ, ਮਰ ਗਿਆ ਸਮਝ ਲਿਆ ਜਾਂਦਾ ਹੈ।ਪਰ ਅਸਲ ਵਿੱਚ ਉਹ ਮਰਦਾ ਨਹੀਂ- ‘ਨਹ ਕੋ ਮੂਆ ਨ ਮਰਣੈ ਜੋਗੁ’- ‘ਨਹ ਬਿਨਸੈ ਅਬਿਨਾਸੀ ਹੋਗੁ’।ਭੌਤਿਕ ਸਰੀਰਕ-ਤੱਤ, ਭੌਤਿਕ ਤੱਤਾਂ ਵਿੱਚ ਮਿਲ ਜਾਂਦੇ ਹਨ, ਪਰ ਜੀਵਨ-ਜੋਤਿ ਜੰਮਦੀ ਮਰਦੀ ਨਹੀਂ।
 ‘ਜੋ ਇਹੁ ਜਾਣਹੁ ਸੋ ਇਹੁ ਨਾਹਿ ॥’-- ਆਮ ਤੌਰ ਤੇ ਇਸ ਤੁਰਦੇ-ਫਿਰਦੇ, ਬੋਲਦੇ-ਚੱਲਦੇ ਸਰੀਰ ਨੂੰ ਹੀ ਮਨੁੱਖ ਸਮਝ ਲਿਆ ਜਾਂਦਾ ਹੈ, ਪਰ-
ਜੋ ਇਹੁ ਜਾਣਹੁ ਸੋ ਇਹੁ ਨਾਹਿ ॥’--‘ਇਆ ਮੰਦਰ ਮਹਿ ਕੌਨ ਬਸਾਈ’ ਨੂੰ ਸਮਝਣ ਦੀ ਜਰੂਰਤ ਹੈ’।ਇਸ ਸਰੀਰ-ਮੰਦਿਰ ਵਿੱਚ ਵਸਦੇ ਇਸ ਆਪੇ ਨੂੰ, ਆਪਣੇ ‘ਆਤਮ(/ਆਤਮਾ)’ ਨੂੰ ਨਾ ਸਮਝਣ ਕਰਕੇ, ਕਿਸੇ ਦੀ ਸਰੀਰਕ ਮੌਤ ਹੋਣ ਤੇ, ਸਭ ਕੁਝ ਖਤਮ ਹੋਇਆ ਸਮਝ ਲਿਆ ਜਾਂਦਾ ਹੈ।ਪਰ ਗੁਰਬਾਣੀ ਫੁਰਮਾਨ ਹੈ-
ਨਾ ਇਹੁ ਜੀਵੈ ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ’।ਜੰਮਦਾ-ਮਰਦਾ ਕੁਝ ਵੀ ਨਹੀਂ, ਅਗਿਆਨਤਾ ਕਾਰਨ ਸਾਨੂੰ ਜੰਮਦਾ ਮਰਦਾ ਪ੍ਰਤੀਤ ਹੁੰਦਾ ਹੈ।
ਜਿਸ ਪਰਿਵਾਰ ਵਿੱਚ ਅਤੇ ਜਿਸ ਤਰ੍ਹਾਂ ਦਾ ਸਰੀਰ ਧਾਰਣ ਕਰਕੇ ਇਹ ਸੰਸਾਰ ਤੇ ਆਉਂਦਾ ਹੈ ਜਾਂ ਜਿਸ ਤਰ੍ਹਾਂ ਦਾ ਕਿਰਦਾਰ ਅਤੇ ਆਚਰਣ ਨਿਭਾਉਂਦਾ ਹੋਇਆ ਸੰਸਾਰ ਤੇ ਵਿਚਰਦਾ ਹੈ, ਉਹੀ ਇਸਨੂੰ ਜਾਣਿਆ ਜਾਂਦਾ ਹੈ।ਪਰ ਅਸਲ ਵਿੱਚ ਜੋ ਇਸ ਨੂੰ ਸਮਝਿਆ ਜਾਂਦਾ ਹੈ, ਇਹ ਉਹ ਨਹੀਂ ਹੈ:-
“ਗੋਂਡ ॥ ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥
           ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ
॥੧॥
           ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥
           ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥
           ਨਾ ਇਸੁ ਪਿੰਡੁ ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ
॥੨॥
           ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥
           ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ
॥੩॥
           ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥
           ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ
॥{ਪੰਨਾ 871}”
ਨਹ ਕੋ ਮੂਆ ਨ ਮਰਣੈ ਜੋਗੁ ॥’ ਇਹ ਮਰਦਾ ਇਸ ਲਈ ਨਹੀਂ ਕਿਉਂਕਿ- ‘ਨਾ ਇਹੁ ਜੀਵੈ …’ ਅਰਥਾਤ ਇਸ ਵਿੱਚ ਜੀਵਨ ਹੀ ਨਹੀਂ ਹੈ- ‘ਨਾ ਇਹੁ ਜੀਵੈ ਨ ਮਰਤਾ ਦੇਖੁ’। ਮਰੇ ਤੇ ਤਾਂ, ਜੇ ਇਸ ਵਿੱਚ ਜੀਵਨ ਹੋਵੇ।ਸਾਡੇ ਜੀਵਨ-ਰਹਿਤ ਇਸ ਜੀਵ ਦੇ ਜੀਵਨ-ਰਹਿਤ ਸਰੀਰ ਵਿੱਚ ਉਸਨੇ ਜੀਵਨ-ਜੋਤਿ ਪਾਈ ਹੈ ਤਾਂ ਇਹ ਜੱਗ ਤੇ ਆਇਆ ਹੈ ਅਤੇ ਬੋਲਦਾ-ਚੱਲਦਾ, ਤੁਰਦਾ-ਫਿਰਦਾ ਅਤੇ ਵਿਚਰਦਾ ਹੈ- ‘
   ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥- (ਪੰਨਾ 921)’।
ਇਥੇ ਤਿੰਨ ਚੀਜਾਂ ਤੇ ਗੌਰ ਕਰਨ ਦੀ ਜਰੂਰਤ ਹੈ।
1- ਸਰੀਰ,
2 (ਜੀਵਨ-)ਜੋਤਿ ਅਤੇ
3- ਸਰੀਰ ਨੂੰ ਸੰਬੋਧਨ ਕਰਕੇ ਉਪਦੇਸ਼ ਕਰਨ ਵਾਲਾ ਖੁਦ (ਜੀਵਨ-ਰਹਿਤ)ਜੀਵ।
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥ {ਪੰਨਾ 885}”
ਗੁਰੂ ਦੀ ਸਿਖਿਆ ਤੋਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਜੀਵ ਜੰਮਦਾ ਮਰਦਾ ਜਾਂ ਕਿਤੋਂ ਆਉਂਦਾ-ਜਾਂਦਾ ਨਹੀਂ।ਜੰਮਦਾ ਮਰਦਾ ਅਤੇ ਆਉਂਦਾ ਜਾਂਦਾ ਸਿਰਫ ਪ੍ਰਤੀਤ ਹੁੰਦਾ ਹੈ।(ਆਮ ਬੋਲ ਚਾਲ ਵਿੱਚ ਅਤੇ ਗੁਰਬਾਣੀ ਵਿੱਚ ਵੀ ਬੇਸ਼ੱਕ ਇਸ ਨੂੰ ਆਉਣਾ ਜਾਣਾ ਅਤੇ ਜੰਮਣਾ ਮਰਨਾ ਹੀ ਕਿਹਾ ਗਿਆ ਹੈ)
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥ (ਪੰਨਾ 794)”
ਸਰੀਰਕ ਮੌਤ ਹੋਣ ਤੇ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਅਰਥਾਤ, ਸਰੀਰਕ ਮਿੱਟੀ ਧਰਤੀ ਦੀ ਮਿੱਟੀ ਵਿੱਚ ਮਿਲ ਜਾਂਦੀ ਹੈ) ਅਤੇ ਜੀਵ ਪ੍ਰਭੂ ਦੇ ਹੁਕਮ ਵਿੱਚ ਅੱਗੇ ਤੁਰ ਪੈਂਦਾ ਹੈ—
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥
ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥
ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥
ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ
॥੧॥ {ਪੰਨਾ 510-511}”
(ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥== ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ। )
“ਮਃ ੧ ॥ ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥
ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥
ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥
ਸਤਵੈ ਸੰਜਿ ਕੀਆ ਘਰ ਵਾਸੁ ॥ ਅਠਵੈ ਕ੍ਰੋਧੁ ਹੋਆ ਤਨ ਨਾਸੁ ॥
ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥
ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥
ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥
ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ
॥੨॥ (ਪੰਨਾ 137)”
ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥
ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ
॥ ==
(ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ), ਉਮਰ ਦੇ ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ ।ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ, ***ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ*** ।” (ਅਗਾਂਹ ਦੇ ਰਾਹ ਪੁੱਛਦਾ ਹੈ== ਨਾ ਜਾਣੇ ਸਾਡੇ ਕੀਤੇ ਕੰਮਾਂ ਮੁਤਾਬਕ ਪ੍ਰਭੂ ਦਾ ਸਾਡੇ ਤੇ ਕੀ ਅਤੇ ਕਿਸ ਤਰ੍ਹਾਂ ਦਾ ਹੁਕਮ ਚੱਲਦਾ ਹੈ? ਇਸ ਦੁਬਿਧਾ ਵਿੱਚ ਪੈ ਜਾਂਦਾ ਹੈ)
ਇਸ ਸਾਰੀ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ, ਇਹ ਸਰੀਰ, ਮਨੁੱਖ ਨਹੀਂ ਹੈ (ਸਿਰਫ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ)।ਇਸ ਸਰੀਰ-ਮੰਦਰ ਵਿੱਚ ਜੋ ਜੀਵ ਵਸਦਾ ਹੈ, ਉਹ ਸਾਡਾ ਅਸਲਾ ਹੈ।ਸਰੀਰਕ ਮੌਤ ਹੋਣ ਤੇ ਵੀ ਸਾਡਾ ਇਹ ਅਸਲਾ ਕਦੇ ਮਰਦਾ ਨਹੀਂ।ਗੁਰਮੁਖਾਂ ਵਾਲਾ ਜੀਵਨ ਬਿਤਾਉਣ ਤੇ ਹਮੇਸ਼ਾਂ ਲਈ ਪ੍ਰਭੂ ਵਿੱਚ ਸਮਾ ਜਾਂਦਾ ਹੈ।ਜਾਂ ਫੇਰ ਮਨਮੁਖਾਂ ਵਾਲਾ ਜੀਵਨ ਬਿਤਾਉਣ ਤੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ।
ਜਸਬੀਰ ਸਿੰਘ ਵਿਰਦੀ


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.