ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਰੱਬ ਅਤੇ ਵਿਸ਼ਵਾਸ਼’ ਬਾਰੇ ਵਿਚਾਰ ਵਟਾਂਦਰਾ :-
-: ‘ਰੱਬ ਅਤੇ ਵਿਸ਼ਵਾਸ਼’ ਬਾਰੇ ਵਿਚਾਰ ਵਟਾਂਦਰਾ :-
Page Visitors: 2794

-: ਰੱਬ ਅਤੇ ਵਿਸ਼ਵਾਸ਼’ ਬਾਰੇ ਵਿਚਾਰ ਵਟਾਂਦਰਾ :-
(ਨੋਟ: ਰੱਬ ਅਤੇ ਰੱਬ ਦੀ ਹੋਂਦ ਵਿੱਚ ਵਿਸ਼ਵਾਸ਼ ਬਾਰੇ ਚੱਲੇ ਵਿਚਾਰ ਵਟਾਂਦਰੇ ਦੇ ਕੁਝ ਅੰਸ਼ ਪੇਸ਼ ਹਨ।ਲੇਖ ਲੰਬਾ ਹੋਣ ਦੇ ਡਰ ਤੋਂ ਕਾਫੀ ਗੱਲਾਂ ਹਟਾਉਣੀਆਂ ਪਈਆਂ ਹਨ ਅਤੇ ਆਪਣੀ ਗੱਲ ਨੂੰ ਵਿਸਥਾਰ ਵਿੱਚ ਸਮਝਾਉਣ ਲਈ ਕੁਝ ਗੱਲਾਂ ਹੋਰ ਵਾਧੂ ਐਡ ਕੀਤੀਆਂ ਗਈਆਂ ਹਨ।)
ਇਕਬਾਲ ਧਨੌਲਾ:- ਕਮਾਲ ਹੈ ਨਾ! ਪੁੱਛੋ ‘ਭੂਤਾਂ ਨੂੰ ਕਿਉਂ ਨਹੀਂ ਮੰਨਦੇ? ਕਹਿਣਗੇ- ‘ਇਹ ਅੰਧ ਵਿਸ਼ਵਾਸ਼ ਹੈ’
ਪੁੱਛੋ- ‘ਰੱਬ ਨੂੰ ਕਿਉਂ ਮੰਨਦੇ ਹੋ?’ ਕਹਿਣਗੇ- ‘ਇਹ ਵਿਸ਼ਵਾਸ਼ ਹੈ’
ਭੂਤ ਅਤੇ ਰੱਬ ਇੱਕੋ ਭਰਮ ਦੇ ਦੋ ਨਾਮ ਹਨ।  ਜੋ ਲੁੱਟ ਦਾ ਸਾਧਨ ਬਣਦੇ ਹਨ।
ਸਾਧੂ ਬਿਨਿੰਗ:-- ਮੈਂ ਉਨ੍ਹਾਂ ਗੱਲਾਂ/ਚੀਜਾਂ ਵਿੱਚ ਹੀ ਯਕੀਨ ਕਰਦਾ ਹਾਂ ਜੋ ਵਿਗਿਆਨਕ ਪਹੁੰਚ ਨਾਲ ਸਾਬਤ ਕੀਤੀਆਂ ਜਾ ਸਕਦੀਆਂ ਹੋਣ। ਮੈਂ ਭੂਤਾਂ, ਪ੍ਰੇਤਾਂ ਜਾਂ ਰੂਹਾਂ ਵਿੱਚ ਯਕੀਨ ਨਹੀਂ ਕਰਦਾ, ਕਿਉਂਕਿ ਅਜੇ ਤੱਕ ਇਨ੍ਹਾਂ ਦਾ ਕੋਈ ਵਿਗਿਆਨਕ ਸਬੂਤ ਨਹੀਂ ਮਿਲਦਾ।  ਜੇ ਕਲ੍ਹ ਨੂੰ ਵਿਗਿਆਨਕ ਵਿਧੀ ਰਾਹੀਂ ਇਨ੍ਹਾਂ ਦਾ ਸਬੂਤ ਮਿਲ ਜਾਏ, ਤਾਂ ਮੈਨੂੰ ਇਨ੍ਹਾਂ ਵਿੱਚ ਯਕੀਨ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।ਏਸੇ ਤਰ੍ਹਾਂ ਰੱਬ ਦਾ ਕੋਈ ਸਬੂਤ ਮਿਲ ਗਿਆ ਤਾਂ ਮੈਂ ਇਸ ਨੂੰ ਵੀ ਮੰਨਣ ਤੋਂ ਇਨਕਾਰ ਨਹੀਂ ਕਰਾਂਗਾ।
ਕੁਲਬੀਰ ਸਿੰਘ ਸ਼ੇਰਗਿੱਲ:- ਸਾਧੂ ਜੀ! ਵਿਗਿਆਨ ਦੁਨੀਆਂ ਦੀਆਂ ਪਰਗਟ ਚੀਜਾਂ ਨੂੰ ਵੇਖਦਾ, ਪਰਖਦਾ ਅਤੇ ਤਜਰਬੇ ਕਰਦਾ ਹੈ ਅਤੇ ਨਵੀਆਂ ਕਾਢਾਂ ਕੜਦਾ ਹੈ। ਪਰ ਵਿਗਿਆਨ ਮਨ ਨੂੰ ਨਹੀਂ ਦੇਖਦਾ ਜਾਂ ਨਹੀਂ ਦੇਖ ਸਕਦਾ।ਵਿਗਿਆਨ ਚੀਜਾਂ ਦਾ ਨੀਰੀਕਸ਼ਣ ਕਰਦਾ ਹੈ ਅਤੇ ਮਨ, ਚੀਜ ਨਹੀਂ ਹੈ।  ਇਸੇ ਤਰ੍ਹਾਂ ਰੱਬ ਚੀਜ ਨਹੀਂ ਗੁਪਤ ਹੈ।
ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰੇ॥”
ਸਾਧੂ ਬਿਨਿੰਗ:- ਇਹ ਸਾਜਣਹਾਰਾ ਕੌਣ ਹੈ? ਤੁਹਾਨੂੰ ਜਾਂ ਤੁਹਾਨੂੰ ਦੱਸਣ ਵਾਲੇ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਸਭ ਕੁਝ ਕਿਸੇ ਸਾਜਣਹਾਰੇ ਨੇ ਸਾਜਿਆ ਹੈ?
ਇਕਬਾਲ ਧਨੌਲਾ:-  ਵਿਗਿਆਨਕਾਂ ਨੇ ਪ੍ਰਯੋਗਸ਼ਾਲਾ ਵਿੱਚ ਇੱਕ ਬਿਲਕੁਲ “ਨਵੀਂ ਸਪੀਸੀ” ਵੀ ਤਿਆਰ ਕਰਕੇ ਦਿਖਾ ਦਿੱਤੀ ਗਈ ਹੈ, ਜਿਸਦੇ ਸਿਰਜਣਹਾਰ ਪ੍ਰਯੋਗਸ਼ਾਲਾ ਵਿੱਚ ਮੌਜੂਦ ਵਿਗਿਆਨਕ ਹਨ, ਨਾ ਕਿ ਕੋਈ ਅਦ੍ਰਿਸ਼ ਸ਼ਕਤੀ।ਹੁਣ ਇਹ ਸਰੂਪ ਕਿਹੜੇ ਆਧਾਰ ਤੇ ਖੜ੍ਹਾ ਰੱਖ ਰਹੇ ਹਾਂ????
ਇਹ ਤਾਂ ਕੰਧ ਤੇ ਲਿਖਿਆ ਨਾ ਪੜ੍ਹਨ ਵਰਗੀ ਜ਼ਿੱਦ ਹੈ।
ਜਸਬੀਰ ਸਿੰਘ ਵਿਰਦੀ:- ਸਾਧੂ ਬੀਨਿੰਗ ਜੀ! ਤੁਸੀਂ ਸਬੂਤਾਂ ਤੋਂ ਬਿਨਾਂ ਕੋਈ ਗੱਲ ਨਹੀਂ ਮੰਨਦੇ।ਪਰ ਰੱਬ ਦੀ ਹੋਂਦ ਦਾ ਸਬੂਤ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹੈ।ਇਹ ਏਨਾ ਵਿਸ਼ਾਲ ਅਤੇ ਅੰਤ-ਹੀਣ ਬ੍ਰਹਮੰਡ।
ਵਿਗਿਆਨ ਕਹਿੰਦੀ ਹੈ ਕਿ ਆਪਣੇ ਆਪ ਤੋਂ ਕੁਝ ਵੀ ਨਹੀਂ ਬਣ ਸਕਦਾ ਜਾਂ ਨਹੀਂ ਬਣਾਇਆ ਜਾ ਸਕਦਾ।ਪਰ ਏਨਾ ਵਿਸ਼ਾਲ ਅੰਤ-ਹੀਨ ਬ੍ਰਹਮੰਡ, ਵਿਗਿਆਨ ਦੇ ਹਿਸਾਬ ਨਾਲ ਆਪਣੇ ਆਪ ਹੋਂਦ ਵਿੱਚ ਆ ਨਹੀਂ ਸਕਦਾ, ਫੇਰ ਵਿਗਿਆਨ ਦੇ ਹਿਸਾਬ ਨਾਲ ਹੀ ਇਸ ਨੂੰ ਕਿਸੇ ਨੇ ਤਾਂ ਬਣਾਇਆ ਹੀ ਹੈ।ਵਿਗਿਆਨ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬ੍ਰਹਮੰਡ (ਬ੍ਰਹਮੰਡ ਤੋਂ ਮੇਰਾ ਮਤਲਬ- ਬ੍ਰਹਮੰਡ ਦਾ ਸਾਰਾ ਮਾਦਾ, ਕੁਦਰਤ ਅਤੇ ਕੁਦਰਤੀ ਨਿਯਮ, ਜਿਨ੍ਹਾਂ ਦੀ ਵਜ੍ਹਾ ਕਰਕੇ ਵਿਗਿਆਨ ਏਨੀ ਤਰੱਕੀ ਕਰ ਸਕੀ ਹੈ।ਜਿਨ੍ਹਾਂ ਦਾ ਪ੍ਰਯੋਗ ਕਰਕੇ ਵਿਗਿਆਨੀ ਸਪੇਸ ਵਿੱਚ ਪਤਾ ਨਹੀਂ ਕਿੱਥੋਂ ਤੱਕ ਪਹੁੰਚ ਸਕੇ ਹਨ) ਕਿੱਥੋਂ ਅਤੇ ਕਿਵੇਂ ਹੋਂਦ ਵਿੱਚ ਆ ਗਿਆ। ਹੁਣ ਤੁਸੀਂ ਕਹੋਗੇ ਕਿ ਸੰਸਾਰ ਤੇ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ।ਇਹ ਸੰਸਾਰ ਵੀ ਕੁਦਰਤੀ ਨਿਯਮਾਂ ਅਧੀਨ ਹੀ ਹੋਂਦ ਵਿੱਚ ਆਇਆ **ਹੋਣਾ ਹੈ**।ਅਤੇ ਵਿਗਿਆਨਕ ਖੋਜਾਂ ਕਰ ਰਹੇ ਹਨ ਜਰੂਰ ਇੱਕ ਦਿਨ ਖੋਜ ਕਰਕੇ ਸਭ ਕੁਝ ਸਾਹਮਣੇ ਰੱਖ ਦੇਣਗੇ ਕਿ ਰੱਬ-ਰੁੱਬ ਕੋਈ ਨਹੀਂ ਇਸ-ਇਸ ਕੁਦਰਤੀ ਤਰੀਕੇ ਨਾਲ ਬ੍ਰਹਮੰਡ ਹੋਂਦ ਵਿੱਚ ਆਇਆ ਹੈ।ਚਲੋ ਮੰਨ ਲੈਂਦੇ ਹਾਂ ਕਿ ਵਿਗਿਆਨੀਆਂ ਨੇ ਇਹ ਖੋਜ ਵੀ ਕਰ ਲਈ ਕਿ ਕਿਹੜੇ ਨਿਯਮਾਂ ਅਨੁਸਾਰ ਬ੍ਰਹਮੰਡ ਹੋਂਦ ਵਿੱਚ ਆਇਆ ਹੈ, ਪਰ ਸਵਾਲ ਤਾਂ ਓਥੇ ਦਾ ਓਥੇ ਹੀ ਰਿਹਾ, ਕਿ ਕੀ ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕੁਦਰਤੀ ਨਿਯਮ ਹੋਂਦ ਵਿੱਚ ਆਏ? ਕੀ ਬ੍ਰਹਮੰਡ ਤੋਂ ਬਿਨਾਂ ਸਿਰਫ ਕੁਦਰਤੀ ਨਿਯਮ ਇਕੱਲੇ ਹੋ ਵੀ ਸਕਦੇ ਹਨ? ਜਿਹੜੇ ਕੁਦਰਤੀ ਨਿਯਮਾਂ ਨਾਲ ਬ੍ਰਹਮੰਡ ਹੋਂਦ ਵਿੱਚ ਆਇਆ, ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਉਹ ਕੁਦਰਤੀ ਨਿਯਮ ਕਿੱਥੋਂ ਅਤੇ ਕਿਵੇਂ ਹੋਂਦ ਵਿੱਚ ਆਏ? 
ਹੁਣ ਤੁਹਾਡਾ ਸਵਾਲ ਹੋਵੇਗਾ ਕਿ ਫੇਰ ਰੱਬ ਕਿੱਥੋਂ ਹੋਂਦ ਵਿੱਚ ਆਇਆ?
ਸਾਧੂ ਜੀ! ਤੁਸੀਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੋਚਦੇ ਹੋ, ਇਸ ਲਈ ਸਬੂਤਾਂ ਤੋਂ ਬਿਨਾਂ ਅੱਗੇ ਨਹੀਂ ਵਧਦੇ।ਜਦਕਿ ਗੁਰਮਤਿ ਐਸਾ ਨਹੀਂ ਮੰਨਦੀ।ਗੁਰਮਤਿ ਪਰਾ-ਭੌਤਿਕ ਨੂੰ ਮੰਨਦੀ ਹੈ।ਤੁਸੀਂ ਵਿਗਿਆਨ ਅਤੇ ਅਧਿਆਤਮ, ਦੋ ਵੱਖ ਵੱਖ ਸਬਜੈਕਟਾਂ ਨੂੰ ਮਿਕਸ ਕਰ ਰਹੇ ਹੋ, ਸਾਰੇ ਭੁਲੇਖੇ ਇਸੇ ਲਈ ਪੈ ਰਹੇ ਹਨ।
ਹੁਣ ਜੇ ਤਾਂ ਵਿਗਿਆਨੀ ਸਾਬਤ ਕਰ ਦੇਣ ਕਿ ਜੇਹੜੇ ਕੁਦਰਤੀ ਨਿਯਮਾਂ ਅਧੀਨ ਬ੍ਰਹਮੰਡ ਹੋਂਦ ਵਿੱਚ ਆਇਆ ਉਹ ਨਿਯਮ ਵੀ ਕਿਸੇ ਬੱਝਵੇ ਨਿਯਮਾਂ ਅਧੀਨ ਹੀ ਹੋਂਦ ਵਿੱਚ ਆਏ, ਫੇਰ ਤਾਂ ਸਾਬਤ ਹੋ ਗਿਆ ਕਿ ਰੱਬ ਦੀ ਕੋਈ ਹੋਂਦ ਨਹੀਂ।ਪਰ ਜੇ ਉਹ ਐਸਾ ਨਹੀਂ ਕਰ ਸਕਦੇ ਤਾਂ ਮੰਨਣਾ ਪਏਗਾ ਕਿ ਕਿਸੇ ਨੇ ਤਾਂ ਇਹ ਬ੍ਰਹਮੰਡ ਅਤੇ ਕੁਦਰਤੀ ਨਿਯਮ ਹੋਂਦ ਵਿੱਚ ਲਿਆਂਦੇ? ਕਿਸੇ ਵੀ ਸਿਰਜਣਾ ਦਾ ਕੋਈ ਸਿਰਜਣਹਾਰਾ ਤਾਂ ਹੋਣਾ ਜਰੂਰੀ ਹੈ, (ਹੈ ਜਾਂ ਨਹੀਂ?) ਜਿਸ ਸਿਰਜਣਹਾਰ ਨੇ ਇਸ ਬ੍ਰਹਮੰਡ ਨੂੰ ਹੋਂਦ ਵਿੱਚ ਲਿਆਂਦਾ ਉਸ ਨੂੰ ਧਰਮ ਦੀ ਦੁਨੀਆਂ (/ਗੁਰਮਤਿ) ਵਿੱਚ ਰੱਬ ਕਿਹਾ ਜਾਂਦਾ ਹੈ।
ਮਿਸਾਲ ਦੇ ਤੌਰ ਤੇ, ਕਿਸੇ ਬਰਤਨ ਵਿੱਚ ਜੇ ਕੋਈ ਵਸਤੂ ਨਾ ਪਾਈ ਗਈ ਹੋਵੇ ਤਾਂ ਫੇਰ ਵੀ ਉਸ ਵਿੱਚ ਦੋ ਚੀਜਾਂ’ਚੋਂ ਇਕ ਚੀਜ ਦਾ ਹੋਣਾ ਜਰੂਰ ਹੈ।1- ਉਸ ਵਿੱਚ ਹਵਾ ਹੋ ਸਕਦੀ ਹੈ ਜਾਂ 2- ਉਸ ਵਿੱਚ ਵੈਕਿਉਮ ਹੋ ਸਕਦਾ ਹੈ।ਹੁਣ ਕਿਵੇਂ ਪਤਾ ਲੱਗੇ ਕਿ ਇਸ ਵਿੱਚ ਹਵਾ ਹੈ ਜਾਂ ਵੈਕਿਉਮ? ਜੇ ਪਤਾ ਲੱਗ ਜਾਵੇ ਕਿ ਇਸ ਵਿੱਚ ਹਵਾ ਨਹੀਂ ਹੈ ਤਾਂ ਆਪੇ ਸਾਬਤ ਹੋ ਜਾਂਦਾ ਹੈ ਕਿ ਇਸ ਵਿੱਚ ਵੈਕਿਉਮ ਹੀ ਹੋ ਸਕਦਾ ਹੈ।ਇਸੇ ਤਰ੍ਹਾਂ ਜੇ ਸਾਬਤ ਹੋ ਜਾਵੇ ਕਿ ਬ੍ਰਹਮੰਡ ਕੁਦਰਤੀ ਨਿਯਮਾਂ ਅਧੀਨ ਹੋਂਦ ਵਿੱਚ ਨਹੀਂ ਆਇਆ ਤਾਂ ਇਸ ਦਾ ਮਤਲਬ ਸਾਫ ਹੈ ਕਿ ਇਹ ਜਰੂਰ ਪਰਾ-ਭੌਤਿਕ/ਗ਼ੈਰ-ਕੁਦਰਤੀ ਤਰੀਕੇ ਨਾਲ ਹੋਂਦ ਵਿੱਚ ਆਇਆ ਹੈ।ਗੁਰਬਾਣੀ ਵਿੱਚ ਇਸ ਬਾਰੇ ਕਿਹਾ ਗਿਆ ਹੈ ਕਿ ‘ਪਰਮਾਤਮਾ ਨੇ ਪਹਿਲਾਂ ਆਪਣੇ ਆਪ ਨੂੰ ਬਣਾਇਆ, ਫੇਰ ਉਸ ਨੇ ਆਪਣੇ ਆਪ ਤੋਂ ਹੀ ਕੁਦਰਤ ਸਾਜੀ-
ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥ਦੁਯੀ ਕੁਦਰਤਿ ਸਾਜਿਓ ਕਰਿ ਆਸਣੇ ਡਿਠੋ ਚਾਉ॥”
ਕੁਝ ਗੱਲਾਂ ਦਾ ਵਿਸ਼ਵਾਸ਼ ਤਾਂ ਕਰਨਾ ਹੀ ਪੈਂਦਾ ਹੈ।ਤੁਸੀਂ ਵੀ ਸਾਇੰਸ ਦੇ ਖੁਦ ਤਜਰਬੇ ਨਹੀਂ ਕਰਦੇ ਅਤੇ ਵਿਗਿਆਨੀ ਵੀ ਬਹੁਤ ਗੱਲਾਂ ਦੇ ਅੰਦਾਜੇ ਹੀ ਲਗਾਉਂਦੇ ਹਨ।ਜਿਵੇਂ ਬ੍ਰਹਮੰਡ ਬਿਗ-ਬੈਂਗ ਤੋਂ ਹੋਂਦ ਵਿੱਚ ਆਇਆ ਹੋਵੇਗਾ।ਵਿਗਿਆਨੀਆਂ ਨੇ ਜੋ ਕਹਿ ਦਿੱਤਾ, ਤੁਸੀਂ ਵੀ ਉਸੇ ਤੇ ਵਿਸ਼ਵਾਸ਼ ਕਰਦੇ ਹੋ।
ਧਰਮ ਅਤੇ ਵਿਗਿਆਨ ਦੋਨੋਂ ਵੱਖ ਵੱਖ ਵਿਸ਼ੇ ਹਨ, ਇਸ ਲਈ ਵਿਗਿਆਨਕ ਨਜ਼ਰੀਏ ਤੋਂ ਰੱਬ ਦੀ ਹੋਂਦ ਨੂੰ ਪਰਖਿਆ, ਸਵਿਕਾਰਿਆ ਜਾਂ ਨਕਾਰਿਆ ਨਹੀਂ ਜਾ ਸਕਦਾ।ਹਾਂ, ਜੇ ਰੱਬ ਦੀ ਹੋਂਦ ਨੂੰ ਵਿਗਿਆਨਕ ਤੱਥਾਂ ਨਾਲ ਝੂਠਾ ਸਾਬਤ ਕਰ ਦਿੱਤਾ ਜਾਏ ਤਾਂ ਜਰੂਰ ਰੱਬ ਦੀ ਹੋਂਦ ਨੂੰ ਰੱਦ ਕੀਤਾ ਜਾ ਸਕਦਾ ਹੈ।
ਜਸਬੀਰ ਸਿੰਘ ਵਿਰਦੀ:- ਇਕਬਾਲ ਧਨੌਲਾ ਜੀ! ਤੁਸੀਂ ਲਿਖਿਆ ਹੈ- “ ਵਿਗਿਆਨਕਾਂ ਨੇ ਪ੍ਰਯੋਗਸ਼ਾਲਾ ਵਿੱਚ ਇੱਕ ਬਿਲਕੁਲ “ਨਵੀਂ ਸਪੀਸੀ” ਵੀ ਤਿਆਰ ਕਰਕੇ ਦਿਖਾ ਦਿੱਤੀ ਹੈ, ਜਿਸਦੇ ਸਿਰਜਣਹਾਰ ਉਹ ਪ੍ਰਯੋਗਸ਼ਾਲਾ ਵਿੱਚ ਮੌਜੂਦ ਵਿਗਿਆਨਕ ਹਨ ਨਾ ਕਿ ਕੋਈ ਅਦ੍ਰਿਸ਼।ਹੁਣ ਇਹ ਸਰੂਪ ਕਿਹੜੇ ਆਧਾਰ ਤੇ ਖੜ੍ਹਾ ਰੱਖ ਸਕਦੇ ਹੋ???
ਜਵਾਬ:- ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਵਿਗਿਆਨ ਨੂੰ ਆਪਣੀ ਨਿਜੀ ਵਿਰਾਸਤ ਅਤੇ ਵਿਗਿਆਨੀਆਂ ਨੂੰ ਆਪਣੇ ਨਜਦੀਕੀ ਰਿਸਤੇਦਾਰ ਨਾ ਸਮਝੋ।ਇਹ ਜਰੂਰੀ ਨਹੀਂ ਹੈ ਕਿ ਧਰਮ ਵਿੱਚ ਜਾਂ ਰੱਬ ਦੀ ਹੋਂਦ ਵਿੱਚ ਵਿਸ਼ਵਾਸ਼ ਰੱਖਣ ਵਾਲਾ ਵਿਗਿਆਨਕ ਸੋਚ ਵਾਲਾ ਨਹੀਂ ਹੋ ਸਕਦਾ।ਵਿਗਿਆਨ ਵੀ ਹੋਰ ਸਬਜੈਕਟਾਂ ਦੀ ਤਰ੍ਹਾਂ ਇਕ ਸਬਜੈਕਟ ਹੈ।ਵਿਗਿਆਨ ਦਾ ਜਾਣਕਾਰ ਧਾਰਮਿਕ ਬਿਰਤੀ(/ਵਿਰਤੀ) ਦਾ ਵੀ ਹੋ ਸਕਦਾ ਹੈ, ਅਤੇ ਰੱਬ ਦੀ ਹੋਂਦ ਵਿੱਚ ਵਿਸ਼ਵਾਸ਼ ਵੀ ਰੱਖ ਸਕਦਾ ਹੈ।ਧਰਮ ਅਤੇ ਵਿਗਿਆਨ ਦਾ ਆਪਸ ਵਿੱਚ ਕੋਈ ਟਕਰਾਵ, ਤੁਲਨਾ ਜਾਂ ਵਿਰੋਧ ਨਹੀਂ ਹੈ, ਬਲਕਿ ਇਹ ਦੋ ਵੱਖ ਵੱਖ ਵਿਸ਼ੇ ਹਨ। ਵਿਗਿਆਨ ਦਿਸਦੇ ਸੰਸਾਰ ਅਤੇ ਦਿਮਾਗੀ ਗਿਆਨ ਨਾਲ ਸੰਬੰਧ ਰੱਖਦੀ ਹੈ ਅਤੇ ਧਰਮ ਜਾਂ ਅਧਿਆਤਮਿਕਤਾ, ਸੰਸਾਰ ਤੇ ਵਰਤ ਰਹੇ ਅਦਿਖ ਵਰਤਾਰਿਆਂ ਅਤੇ ਮਨ/ ਮਾਨਸਿਕਤਾ ਨਾਲ ਸੰਬੰਧ ਰਖਦੀ ਹੈ।ਯਾਦ ਰਹੇ ਕਿ ਦਿਮਾਗੀ ‘ਗਿਆਨ’ ਅਤੇ ਮਨ ਦੀ ‘ਮਾਨਸਿਕਤਾ’ ਦੋ ਵੱਖ ਵੱਖ ਚੀਜਾਂ ਹਨ।ਕੋਈ ਜਿਆਦਾ ਪੜ੍ਹਿਆ ਲਿਖਿਆ ਵਿਅਕਤੀ ਨਿਘਰੀ ਮਾਨਸਿਕਤਾ ਵਾਲਾ ਅਤੇ ਕੋਈ ਅਨਪੜ੍ਹ ਵਿਅਕਤੀ ਉੱਚੀ ਮਾਨਸਿਕਤਾ ਦਾ ਮਾਲਕ ਹੋ ਸਕਦਾ ਹੈ।ਲਹੂ ਮਾਸ ਆਦਿ ਦੇ ਬਣੇ (ਮਸ਼ੀਨੀ-)ਦਿਮਾਗ ਵਿੱਚ ਆਪਣੇ ਆਪ ਫੁਰਨੇ ਨਹੀਂ ਉਪਜ ਸਕਦੇ।ਫੁਰਨੇ (ਰੱਬ ਵੱਲੋਂ/ ਕੁਦਰਤ ਵੱਲੋਂ) ਪਹਿਲਾਂ ਮਨ ਵਿੱਚ ਉਪਜਦੇ ਹਨ।ਦਿਮਾਗ ਏਨ੍ਹਾਂ ਫੁਰਨਿਆਂ ਨੂੰ ਡੀ-ਕੋਡ ਕਰਕੇ ਅੱਗੇ ਪਰੋਸੈਸ ਕਰਦਾ ਹੈ।
ਓਪਰੀ ਨਜ਼ਰੇ ਤਾਂ ਇਹ ਦਿਸਦਾ ਸੰਸਾਰ ਹੀ ਸਭ ਕੁਝ ਪ੍ਰਤੀਤ ਹੁੰਦਾ ਹੈ।ਲੇਕਿਨ ਥੋੜ੍ਹਾ ਡੁੰਘਾਈ ਨਾਲ ਸਟਡੀ ਕੀਤਿਆਂ ਸੰਸਾਰ ਤੇ ਬਹੁਤ ਕੁਝ ਅਦਿਖ ਵਾਪਰਦਾ ਵੀ ਨਜ਼ਰ ਆ ਜਾਵੇਗਾ।ਉਸ ਅਦਿੱਖ ਨੂੰ ਦੇਖਣ ਲਈ ਉਸ ਤਰ੍ਹਾਂ ਦੀ ਨਜ਼ਰ ਦੀ ਜਰੂਰਤ ਹੈ।
ਵਿਗਿਆਨੀ ਜੋ ਕੁਝ ਵੀ ਕਰ ਰਹੇ ਹਨ, ਉਹ ਇਕ ਨਿਪੁੰਨ ਬਾਵਰਚੀ (ਰਸੋਈਏ) ਦੀ ਤਰ੍ਹਾਂ ਹੀ ਹੈ, ਜਿਸ ਦੇ ਲਈ ਰਸੋਈ ਵਿੱਚ ਸਾਰੀ ਸਮਗਰੀ ਮੌਜੂਦ ਹੈ ਅਤੇ ਉਹ (ਬਾਵਰਚੀ) ਆਪਣੀ ਸਮਝ, ਲਿਆਕਤ ਅਤੇ ਤਜਰਬੇ ਦੇ ਆਧਾਰ ਤੇ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਪਕਵਾਨ ਤਿਆਰ ਕਰਕੇ ਸਭ ਨੂੰ ਚਕਿਤ ਅਤੇ ਖੁਸ਼ ਕਰ ਦਿੰਦਾ ਹੈ।ਜੇ ਰਸੋਈ ਵਿੱਚ ਸਮਗਰੀ ਨਹੀਂ ਅਤੇ ਭੋਜਨ ਪਕਾਉਣ ਵਾਲੇ ਸਾਧਨ ਨਹੀਂ ਤਾਂ ਬਾਵਰਚੀ ਕੁਝ ਵੀ ਕਰਨ ਦੇ ਸਮਰੱਥ ਨਹੀਂ।ਇਸੇ ਤਰ੍ਹਾਂ ਵਿਗਿਆਨੀ ਖੋਜਾਂ ਕਰਕੇ ਨਵੀਂ ਸਪੀਸੀ ਤਿਆਰ ਕਰਨ ਦੇ ਸਮਰੱਥ, ਤਾਂ ਹੀ ਹੋ ਸਕੇ ਹਨ, ਕਿਉਂਕਿ ਕੁਦਰਤ ਦੇ ਵਿੱਚ ਇਹ ਸਭ ਕੁਝ ਕਰਨ ਵਾਲੇ ਗੁਣ ਪਹਿਲਾਂ ਹੀ ਮੌਜੂਦ ਹਨ।ਵਿਗਿਆਨੀਆਂ ਦਾ ਕੁਦਰਤ ਨੂੰ ਸਮਝਣ ਪਰਖਣ ਦਾ ਵਿਸ਼ਾ ਹੋਣ ਕਰਕੇ ਉਹਨਾਂ ਨੇ ਕੁਦਰਤ ਅਤੇ ਕੁਦਰਤੀ ਨਿਯਮਾਂ ਨੂੰ ਸਮਝ ਲਿਆ ਹੈ ਕਿ, ਇਸ ਤਰ੍ਹਾਂ ਕਰਨ ਨਾਲ ਓਹ ਹੋ ਜਾਂਦਾ ਹੈ ਅਤੇ ਉਸ ਤਰ੍ਹਾਂ ਕਰਨ ਨਾਲ ਇਹ ਹੋ ਜਾਂਦਾ ਹੈ।ਇਹ ਜਿਹੜਾ ਇਸ ਤਰ੍ਹਾਂ ਕਰਨ ਨਾਲ ਉਹ ਅਤੇ ਉਸ ਤਰ੍ਹਾਂ ਕਰਨ ਨਾਲ ਇਹ ਹੋ ਜਾਂਦਾ ਹੈ ਅਰਥਾਤ ਕੁਦਰਤ ਅਤੇ ਕੁਦਰਤੀ ਨਿਯਮਾਂ ਨੂੰ ਵਿਗਿਆਨੀਆਂ ਨੇ ਆਪਣੇ ਕੋਲੋਂ ਨਹੀਂ ਬਣਾਇਆ, ਇਹ ਸਭ ਕੁਝ ਪਹਿਲਾਂ ਹੀ ਕੁਦਰਤ ਵਿੱਚ ਮੌਜੂਦ ਹੈ।ਹਾਂ ਵਿਗਿਆਨ, ਵਿਗਿਆਨੀਆਂ ਦਾ ਸਬਜੈਕਟ ਹੋਣ ਕਰਕੇ, ਉਹਨਾਂ ਨੇ ਆਪਣੀ ਪੜ੍ਹਾਈ ਅਤੇ ਤਜਰਬਿਆਂ ਦੇ ਆਧਾਰ ਤੇ ਇਨ੍ਹਾਂ ਕੁਦਰਤੀ ਨਿਯਮਾਂ ਦੀ ਪਛਾਣ ਕਰ ਲਈ ਹੈ ਅਤੇ ਅੱਗੋਂ ਹੋਰ ਕਰ ਰਹੇ ਹਨ।ਕੁਦਰਤ ਵਿੱਚ ਹਾਲੇ ਬਹੁਤ-ਬਹੁਤ ਕੁਝ ਲੁਕਿਆ ਪਿਆ ਹੈ, ਜੋ ਆਉਣ ਵਾਲੀਆਂ ਸਦੀਆਂ ਵਿੱਚ ਖੋਜਿਆ ਜਾ ਸਕੇਗਾ।ਉਹ ਸਮਾਂ ਕਦੇ ਵੀ ਨਹੀਂ ਆ ਸਕਦਾ ਕਿ ਹੁਣ ਕੁਦਰਤ ਵਿੱਚੋਂ ਲੱਭਣ ਲਈ ਬਾਕੀ ਕੁਝ ਨਹੀਂ ਰਿਹਾ।ਬਲਕਿ ਵਿਗਿਆਨਕ ਤਰੱਕੀ ਨਾਲ ਹੋਰ ਤੇਜੀ ਨਾਲ ਕੁਦਰਤ ਵਿੱਚੋਂ ਬਹੁਤ ਕੁੱਝ ਲੱਭਿਆ ਜਾਂਦਾ ਰਹੇਗਾ।ਰਹੀ ਨਵੀਂ ‘ਸਪੀਸੀ’ ਤਿਆਰ ਕਰਨ ਦੀ ਗੱਲ।ਦੁਨੀਆਂ ਤੇ ਅੱਜ ਤੱਕ ਕਿਸੇ ਵਿਗਿਆਨੀ ਨੇ ‘ਅਮੀਨੋ ਐਸਿਡ, ਨਿਊਕਲੋਟਾਈਡਸ, ਫੈਟੀ ਐਸਿਡ, ਸ਼ੂਗਰ ਆਦਿ ਲੋੜੀਂਦੇ ਤੱਤ ਲੈ ਕੇ **ਆਪਣੇ ਕੋਲੋਂ** ਕੋਈ ਸਪੀਸੀ ਤਿਆਰ ਨਹੀਂ ਕੀਤੀ (ਜੇ ਕੀਤੀ ਹੈ ਤਾਂ ਦੱਸੋ?)।ਹਾਂ ਇਕ ਸਪੀਸੀ ਤੋਂ ਜੀਨਜ਼ ਲੈ ਕੇ ਉਸੇ ਵਰਗੀ ਸਪੀਸੀ ਤਿਆਰ ਕਰ ਸਕਦੇ ਹਨ ਜਾਂ ਵੱਖ ਵੱਖ ਸਪੀਸੀਆਂ ਤੋਂ ਜੀਨਜ਼ ਲੈ ਕੇ ਕੋਈ ਨਵੀਂ ਸਪੀਸੀ ਤਿਆਰ ਕਰ ਸਕਦੇ ਹਨ।ਜੀਨਜ਼ ਤੋਂ ਹੋਰ ਸਪੀਸੀ ਬਣਨ ਵਾਲਾ ਗੁਣ ਜੀਨਜ਼ ਵਿੱਚ ਪਹਿਲਾਂ ਹੀ ਮੌਜੂਦ ਹੈ।ਜੀਨਜ਼ ਆਪਣੇ ਆਪ ਦੀ ਕੌਪੀ ਕਰਕੇ ਆਪਣੇ ਵਰਗੇ ਹੋਰ ਜੀਨਜ਼ ਬਣਾ ਸਕਦਾ ਹੈ, ਇਹ ਗੁਣ ਵੀ ਉਹਨਾਂ ਵਿੱਚ ਪਹਿਲਾਂ ਹੀ ਮੌਜੂਦ ਹੈ, ਕਿਸੇ ਵਿਗਿਆਨੀ ਨੇ ਇਹ ਗੁਣ ਜੀਨਜ਼ ਵਿੱਚ ਨਹੀਂ ਪਾਏ।
ਜਿਹੜੇ ਕੁਦਰਤੀ ਨਿਯਮ ਵਰਤ ਕੇ ਵਿਗਿਆਨੀ ਨਵੀਆਂ ਨਵੀਆਂ ਖੋਜਾਂ ਕਰ ਰਹੇ ਹਨ ਜੇ ਇਨ੍ਹਾਂ ਦੇ ਪਿਛੋਕੜ ਵਿੱਚ ਜਾਵਾਂਗੇ ਤਾਂ ਇਹ ਸਵਾਲ ਅਨ-ਸੁਲਝਿਆ ਹੀ ਰਹੇਗਾ ਕਿ ਇਹ ਕੁਦਰਤੀ ਨਿਯਮ ਕਿੱਥੋਂ ਆਏ ਜਿਨ੍ਹਾਂ ਦੇ ਜਰੀਏ ਵਿਗਿਆਨੀ ਕੋਈ ਸਪੀਸੀ ਤਿਆਰ ਕਰਨ ਦੇ ਸਮਰੱਥ ਹੋਏ? ਜੇ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਹੈ ਤਾਂ ਜਰੂਰ ਸਾਂਝਾ ਕਰਨਾ?
ਡਾਰਵਿਨ ਦੇ ਕਰਮ-ਵਿਕਾਸ (ਐਵੋਲੂਸ਼ਨ) ਸਿਧਾਂਤ ਨਾਲ ਬਹੁਤ ਸਾਰੇ ਲੋਕਾਂ ਦੀ ਸੋਚ ਬਦਲ ਗਈ ਹੈ (/ਗੁਮਰਾਹ ਹੋਏ ਹਨ)।ਪਹਿਲੀ ਤਾਂ ਗੱਲ ਇਹ ਹੈ ਕਿ ਡਾਰਵਿਨ ਦੇ ਕਰਮ ਵਿਕਾਸ ਸਿਧਾਂਤ ਵਿੱਚ ਪਹਿਲਾਂ ਹੀ ਬਹੁਤ ਖਾਮੀਆਂ ਸਨ।ਪਰ ਜਿਉਂ ਜਿਉਂ ਵਿਗਿਆਨ ਤਰੱਕੀ ਕਰ ਰਹੀ ਹੈ, ਕਰਮ-ਵਿਕਾਸ ਸਿਧਾਂਤ ਬਾਰੇ ਹੋਰ ਵਧ ਸਵਾਲ ਖੜ੍ਹੇ ਹੋ ਰਹੇ ਹਨ।ਮਿਸਾਲ ਦੇ ਤੌਰ ਤੇ, ਸਰੀਰਕ ਢਾਂਚਿਆਂ ਦੇ ਆਧਾਰ ਤੇ ਚਿੰਪਾਂਜੀ ਨੂੰ ਮਨੁੱਖ ਦਾ ਨੇੜੇ ਦਾ ਪੂਰਵਜ ਮੰਨਿਆਂ ਜਾਂਦਾ ਰਿਹਾ ਹੈ।ਡੀ ਐਨ ਏ / ਜੀਨਸ ਦੇ ਆਧਾਰ ਤੇ ਵੀ ਚਿੰਪਾਂਜੀ ਦੇ ਸਭ ਤੋਂ ਵੱਧ 98.5% ਡੀ ਐਨ ਏ ਮਨੁੱਖ ਨਾਲ ਮਿਲਦੇ ਦੱਸੇ ਜਾਂਦੇ ਸੀ।ਇਸ ਹਿਸਾਬ ਨਾਲ ਵੀ ਚਿੰਪਾਂਜੀ, ਮਨੁੱਖ ਦਾ ਨੇੜੇ ਦਾ ਪੂਰਵਜ ਹੋਇਆ ਅਤੇ ਇਸੇ ਤਰ੍ਹਾਂ ਹੀ ਮੰਨਿਆ ਵੀ ਜਾਂਦਾ ਰਿਹਾ ਹੈ।ਪਰ ਹੁਣ ਨਵੀਆਂ ਖੋਜਾਂ ਦੇ ਆਧਾਰ ਤੇ ਚਿੰਪਾਂਜੀ ਨਾਲੋਂ ਸੂਰ (ਜਿਸ ਦਾ ਕਿ ਸਰੀਰਕ ਬਣਤਰ ਦੇ ਹਿਸਾਬ ਨਾਲ ਮਨੁੱਖ ਨਾਲ ਕੋਈ ਮੇਲ ਨਹੀਂ) ਦੇ ਜੀਨਜ਼ ਮਨੁੱਖ ਨਾਲ ਜਿਆਦਾ ਮੇਲ ਖਾਂਦੇ ਹਨ।ਇਸੇ ਲਈ ਹੁਣ ਚਿੰਪਾਂਜੀ ਦੀ ਬਜਾਏ ਸੂਰ ਦੀ ਨਸਲ ਸੁਧਾਰ ਕੇ ਉਸ ਦੇ ਔਰਗਨ ਮਨੁੱਖ ਨੂੰ ਟਰਾਂਸ ਪਲਾਂਟ ਕਰਨ ਦੇ ਤਜਰਬੇ ਚੱਲ ਰਹੇ ਹਨ।ਹੁਣ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਨਰ-ਸੂਰ ਅਤੇ ਮਾਦਾ-ਚਿੰਪਾਂਜੀ ਦੇ ਮੇਲ ਤੋਂ ਮਨੁੱਖੀ ਸਪੀਸੀ ਬਣੀ ਹੈ।ਜਾਣੀ ਕਿ ਚਿੰਪਾਂਜੀ-ਮਾਂ ਅਤੇ ਸੂਰ-ਪਿਤਾ ਦੇ ਮੇਲ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ।ਜੋ ਕਿ ਬਿਲਕੁਲ ਬਿਲਕੁਲ ਵੀ ਮਨਣ ਵਿੱਚ ਆਉਣ ਵਾਲੀ ਗੱਲ ਨਹੀਂ।ਕੁਝ ਵਿਗਿਆਨੀ ਵੀ ਇਸ ਗੱਲ ਦਾ ਖੰਡਣ ਕਰ ਰਹੇ ਹਨ।
ਜੇ ਡਾਰਵਿਨ ਦੇ ਕਰਮ ਵਿਕਾਸ ਸਿਧਾਂਤ ਨੂੰ ਸਹੀ ਮੰਨ ਵੀ ਲਿਆ ਜਾਵੇ ਫੇਰ ਵੀ ਇਸ ਦੇ ਪਿਛੋਕੜ ਵਿੱਚ ਜਾਵਾਂਗੇ ਤਾਂ ਇਹੀ ਸਮਝ ਆਵੇਗਾ ਕਿ ਇਸ ਪਿੱਛੇ ਵੀ ਰੱਬ ਵਰਗੀ ਸੂਝ ਵਾਲੀ ਕੋਈ ਅਦਿਖ ਹਸਤੀ / ਸ਼ਕਤੀ ਕੰਮ ਕਰ ਰਹੀ ਹੈ, ਜਿਸ ਨੇ ਇਹ ਸਿਸਟਮ ਬਣਾਇਆ।ਜਿਵੇਂ ਬੋੜ੍ਹ ਜਾਂ ਪਿੱਪਲ ਦਾ ਛੋਟਾ ਜਿਹਾ ਬੀ ਜ਼ਮੀਨ ਵਿੱਚ ਬੀਜੋ, ਉਸ ਤੋਂ ਵਿਸ਼ਾਲ ਦਰਖਤ ਹੋਂਦ ਵਿੱਚ ਆ ਜਾਂਦਾ ਹੈ।ਤਣਾ, ਟਹਿਣੀਆਂ, ਪੱਤੇ ਫਲ਼ ਆਦਿ ਹੋਂਦ ਵਿੱਚ ਆਉਣ ਵਾਲੇ ਸਾਰੇ ਗੁਣ।ਸਾਡੇ ਸਾਹ ਲੈਣ ਲਈ ਔਕਸੀਜਨ ਛੱਡਣੀ, ਪਹਿਲਾਂ ਹੀ ਸਾਰੇ ਗੁਣ ਉਸ ਛੋਟੇ ਜਿਹੇ ਬੀਜ ਵਿੱਚ ਮੌਜੂਦ ਹਨ।ਜ਼ਮੀਨ ਵਿੱਚ ਨਿੰਮ ਅਤੇ ਅੰਬ ਦੇ ਬੀਜ ਨੇੜੇ ਨੇੜੇ ਬੀਜ ਦਿਉ।ਦੋਨਾਂ ਤੋਂ ਆਪੋ ਆਪਣੇ ਵੱਖ ਵੱਖ ਗੁਣਾਂ ਵਾਲੇ ਦਰਖਤ ਉਗ ਪੈਣਗੇ।ਜਾਣੀ ਕਿ ਵੱਖ ਵੱਖ ਗੁਣਾਂ ਵਾਲੇ ਦਰਖਤ ਉਗਣ ਵਾਲੇ ਸਾਰੇ ਗੁਣ ਪਹਿਲਾਂ ਹੀ ਬੀਜ ਵਿੱਚ ਮੌਜੂਦ ਹਨ।ਇਸੇ ਤਰ੍ਹਾਂ ਜੇ ਡਾਰਵਿਨ ਦੇ ਸਿਧਾਂਤ ਨੂੰ ਸਹੀ ਮੰਨ ਵੀ ਲਿਆ ਜਾਵੇ ਤਾਂ, ਜੀਵਨ ਦੇ ਵੱਖ ਵੱਖ ਰੂਪਾਂ ਵਿੱਚ ਵਿਕਾਸ ਹੋਣ ਵਾਲੇ ਗੁਣ ਉਸ ਪਹਿਲੇ ਜੀਵਨ ਵਿੱਚ ਮੌਜੂਦ ਸਨ।ਜੀਵ ਜਿਸ ਤਰ੍ਹਾਂ ਵੀ ਮਰਜੀ ਹੋਂਦ ਵਿੱਚ ਆਇਆ ਹੋਵੇ, ਇਸ ਦੇ ਪਿੱਛੇ ਵੀ ਰੱਬ ਵਰਗੀ ਕਿਸੇ ਸੂਝ ਵਾਲੀ ਅਦਿੱਖ ਹਸਤੀ/ ਸ਼ਕਤੀ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਜਿਸ ਨੇ ਇਹ ਸਭ ਪਹਿਲਾਂ ਹੀ ਮੁਹਈਆ ਕਰ ਰੱਖਿਆ ਹੈ।
ਗੱਲ ਨੂੰ ਸੌਖਿਆਂ ਸਮਝਣ ਲਈ- ਕਰਮ ਵਿਕਾਸ ਸਿਧਾਂਤ ਅਨੁਸਾਰ ਵੀ, ਜੀਵ ਪਹਿਲਾਂ ਬਿਨਾਂ ਅੱਖਾਂ ਤੋਂ ਰਿਹਾ ਹੋਵੇਗਾ।ਹੌਲੀ ਹੌਲੀ ਉਸਦੇ ਅੱਖਾਂ ਉਗ ਆਈਆਂ ਹੋਣਗੀਆਂ।
ਸਵਾਲ- ਬਿਨਾ ਅੱਖਾਂ ਵਾਲੇ ਜੀਵ ਨੇ ਕੀ ਖੁਦ ਆਪਣੀ ਸੋਚ ਸਮਝ ਅਤੇ ਆਪਣੇ ਉਦਮਾਂ ਦੇ ਜਰੀਏ (ਹਜਾਰਾਂ ਜਾਂ ਲੱਖਾਂ ਸਾਲਾਂ ਵਿੱਚ) ਅੱਖਾਂ ਉਗਾ ਲਈਆਂ ਹੋਣਗੀਆਂ, ਜਾਂ ਰੱਬ ਵਰਗੀ ਕਿਸੇ ਅਦਿਖ ਹਸਤੀ ਨੇ ਅੱਖਾਂ ਮੁਹਈਆ ਕੀਤੀਆਂ ਹੋਣਗੀਆਂ?
ਦਿਲ, ਦਿਮਾਗ, ਮੇਹਦਾ, ਸਾਹ ਪ੍ਰਣਾਲੀ, ਖਾਧੇ ਗਏ ਭੋਜਨ ਤੋਂ ਖੂਨ ਆਦਿ ਬਣਨ ਦੀ ਪ੍ਰਣਾਲੀ, ਸਰੀਰ’ਚੋਂ ਮਲ-ਮੂਤਰ ਦੇ ਜਰੀਏ ਅੰਦਰਲੀ ਸਫਾਈ ਹੋਣ ਦੀ ਪ੍ਰਣਾਲੀ, ਨਰ ਅਤੇ ਮਾਦਾ ਦੇ ਮੇਲ ਤੋਂ ਹੋਰ ਜੀਵ ਪੈਦਾ ਹੋਣ ਦੀ ਪ੍ਰਣਾਲੀ,……, ਕੀ ਜੀਵ ਨੇ ਆਪਣੀ ਸੂਝ-ਬੂਝ ਅਤੇ ਆਪਣੇ ਉਦਮਾਂ ਨਾਲ ਤਿਆਰ ਕਰ ਲਈਆਂ ਜਾਂ ਇਹ ਸਭ ਕੁਦਰਤ ਨੇ ਮੁਹਈਆ ਕੀਤਾ? ਕੁਦਰਤ ਵਿੱਚ ਤਾਂ ਆਪਣੇ ਆਪ ਵਿੱਚ ਸੋਚ ਸਮਝਕੇ ਕੁਝ ਵੀ ਡਿਜ਼ਾਈਨ ਕਰਨ ਦੀ ਸੂਝ ਬੂਝ ਨਹੀਂ ਹੈ।ਸੋ ਜਾਹਰ ਹੈ ਕਿ, ਕਿਸੇ ਸੂਝ ਬੂਝ ਵਾਲੀ ਅਦਿਖ ਹਸਤੀ/ ਸ਼ਕਤੀ ਨੇ ਇਹ ਸਭ ਕੁਝ ਮੁਹਈਆ ਕੀਤਾ ਹੋਵੇਗਾ, ਜਿਸ ਨੂੰ ਧਰਮ ਦੀ ਦੁਨੀਆਂ ਵਿੱਚ ਰੱਬ ਕਿਹਾ ਜਾਂਦਾ ਹੈ।
ਸਾਧੂ ਬਿਨਿੰਗ- ਵਿਰਦੀ ਹੋਰਾਂ ਦੀ ਮੁਖ ਸੋਚ ਇਹ ਹੈ ਕਿ ‘ਕੁਦਰਤ ਦੇ ਸਾਰੇ ਨਿਯਮ ਕਿਸੇ ਬੱਝਵੇਂ ਨਿਯਮਾਂ ਅਧੀਨ ਹੋਂਦ ਵਿੱਚ ਨਹੀਂ ਆਏ ਬਲਕਿ ਕਿਸੇ ਪਰਾ-ਭੌਤਿਕ ਤਰੀਕੇ ਨਾਲ ਕਿਸੇ ਅਦਿਖ ਸ਼ਕਤੀ ਨੇ ਹੀ ਇਹ ਮੁਹਈਆ ਕੀਤੇ ਹਨ, ਜਿਸ ਨੂੰ ਧਾਰਮਿਕ ਦੁਨੀਆਂ ਵਿੱਚ ਰੱਬ ਕਿਹਾ ਜਾਂਦਾ ਹੈ।
ਵਿਗਿਆਨੀਆਂ ਨੇ ਲੰਮੀਆਂ ਖੋਜਾਂ ਕਰਕੇ ਸਾਨੂੰ ਦੱਸਿਆ ਹੈ ਕਿ ਭੌਤਿਕ ਨਿਯਮ ਕਿਸ ਤਰ੍ਹਾਂ ਕੰਮ ਕਰਦੇ ਹਨ।ਇਹ ਵਿਗਿਆਨਕ ਤਰੀਕਾ ਹੈ ਜਿਸ ਨਾਲ ਇਨਸਾਨ ਦੀ ਆਪਣੇ ਆਲੇ ਦੁਆਲੇ ਬਾਰੇ ਸੂਝ ਵਧੀ ਹੈ।… ਵਿਗਿਆਨੀਆਂ ਨੇ ਸਿਰਫ ਇਹ ਦਰਸਾਇਆ ਹੈ ਕਿ ਇਹ ਨਿਯਮ ਕਿਸ ਤਰ੍ਹਾਂ ਕੰਮ ਕਰਦੇ ਹਨ।ਵਿਰਦੀ ਸਾਹਿਬ ਨੂੰ ਕਿਵੇਂ ਪਤਾ ਲੱਗਾ ਕਿ ਕੁਦਰਤੀ ਨਿਯਮ ਪਰਾ-ਭੌਤਿਕ ਤਰੀਕੇ ਨਾਲ ਕਿਸੇ ਅਦਿੱਖ ਸ਼ਕਤੀ ਨੇ ਹੀ ਮੁਹਈਆ ਕੀਤੇ ਹਨ।
ਦੁਨੀਆਂ ਨੂੰ ਏਨਾ ਕੁਝ ਦੇਣ ਲਈ ਵਿਗਿਆਨੀਆਂ ਦਾ ਧੰਨਵਾਦ ਕਰਨ ਦੀ ਥਾਂ ਵਿਰਦੀ ਹੋਰਾਂ ਨੇ ਉਹਨਾਂ ਨੂੰ ‘ਰਸੋਈ ਵਿੱਚ ਨਿਪੁੰਨ ਬਾਵਰਚੀ’ ਬਣਾ ਦਿੱਤਾ ਹੈ।ਚਾਰਲਜ਼ ਡਾਰਵਿਨ ਜਿਸ ਨੇ ਦੁਨੀਆਂ ਦੀ ਸੋਚ ਦਾ ਰੁਖ ਮੋੜ ਕੇ ਰੱਖ ਦਿੱਤਾ, ਨੂੰ ਵਿਰਦੀ ਸਾਹਬ ਦੱਸਦੇ ਹਨ ਕਿ ਉਸ ਦੀ ਸੋਚ ਨਾਲ ਲੋਕ ਗੁਮਰਾਹ ਹੋਏ ਹਨ।ਹੈਰਾਨੀ ਦੀ ਗੱਲ ਹੈ ਕਿ ਵਿਰਦੀ ਸਾਹਿਬ ਦੀ ਜਾਣਕਾਰੀ ਦਾ ਸ੍ਰੋਤ ਵੀ ਮੁੱਖ ਤੌਰ ਤੇ ਵਿਗਿਆਨ ਹੀ ਹੈ, ਜੋ ਕਿ ਵਧੀਆ ਗੱਲ ਹੈ।
ਜਸਬੀਰ ਸਿੰਘ ਵਿਰਦੀ:- ਬ੍ਰਹਮੰਡ ਦੇ ਹੋਂਦ ਵਿੱਚ ਆਉਣ ਬਾਰੇ:-
ਸਾਧੂ ਜੀ! ਕੁਦਰਤ ਦੇ ਨਿਯਮ ਕਿਸੇ ਪਰਾਭੌਤਿਕ ਤਰੀਕੇ ਨਾਲ ਹੋਂਦ ਵਿੱਚ ਆਏ, ਇਸ ਬਾਰੇ ਮੈਨੂੰ ਇਸ ਤਰ੍ਹਾਂ ਪਤਾ ਲੱਗਾ, ਕਿਉਂਕਿ ਇਹ ਵਿਗਿਆਨ ਦਾ ਹੀ ਸਿਧਾਂਤ ਹੈ ਕਿ- ‘ਕੁਝ ਵੀ ਨਹੀਂ (ਨੋਟਹਨਿਗ)’ ਤੋਂ ਕੁਝ (ਸੋਮੲਟਹਨਿਗ) ਹੋਂਦ ਵਿੱਚ ਨਹੀਂ ਆ ਸਕਦਾ’।ਬੜੀ ਸਿੰਪਲ ਜਿਹੀ ਗੱਲ ਹੈ, ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕੁਝ ਵੀ ਮੌਜੂਦ ਨਹੀਂ ਰਿਹਾ ਹੋਵੇਗਾ (ਦੱਸੋ! ਠੀਕ ਜਾਂ ਗ਼ਲਤ?) ਜੇ ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕੁਝ ਵੀ ਨਹੀਂ ਸੀ, ਤਾਂ ਇਸ ਦਾ ਮਤਲਬ ਕੁਦਰਤ ਅਤੇ ਕੁਦਰਤੀ ਨਿਯਮ ਵੀ ਨਹੀਂ ਸਨ (ਦੱਸੋ! ਠੀਕ ਜਾਂ ਗ਼ਲਤ?)। ਜਦੋਂ ਕੁਦਰਤ ਅਤੇ ਕੁਦਰਤੀ ਨਿਯਮ ਹੀ ਨਹੀਂ ਸਨ ਤਾਂ ਬ੍ਰਹਮੰਡ ਕਿਹੜੇ ਕੁਦਰਤੀ ਨਿਯਮਾਂ ਅਨੁਸਾਰ ਹੋਂਦ ਵਿੱਚ ਆਇਆ ਹੋਵੇਗਾ? ਇਹ ਤਾਂ ਕੋਈ ਛੋਟਾ ਬੱਚਾ ਵੀ ਜਾਣ ਸਕਦਾ ਹੈ ਕਿ ਬ੍ਰਹਮੰਡ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਜੇ ਕੁਦਰਤ ਅਤੇ ਕੁਦਰਤੀ ਨਿਯਮ ਹੀ ਨਹੀਂ ਸਨ ਤਾਂ ਇਹ ਕੁਦਰਤੀ ਨਿਯਮਾਂ ਅਧੀਨ ਨਹੀਂ, ਜਰੂਰ ਗ਼ੈਰ-ਕੁਦਰਤੀ ਅਰਥਾਤ ਪਰਾਭੌਤਿਕ ਤਰੀਕੇ ਨਾਲ ਹੀ ਹੋਂਦ ਵਿੱਚ ਆਇਆ ਹੋ ਸਕਦਾ ਹੈ।ਸਾਧੂ ਜੀ! ਇਹ ਗੱਲ ਸਮਝਣੀ ਏਨੀ ਵੀ ਔਖੀ ਨਹੀਂ ਕਿ ਤੁਸੀਂ ਸਮਝ ਨਾ ਸਕੋ ਅਤੇ ਸਵਾਲ ਕਰੋ ਕਿ ਵਿਰਦੀ ਜੀ ਨੂੰ ਕਿਵੇਂ ਪਤਾ ਲੱਗਾ ਕਿ ਬ੍ਰਹੰਮਡ ਪਰਾਭੌਤਿਕ ਤਰੀਕੇ ਨਾਲ ਹੋਂਦ ਵਿੱਚ ਆਇਆ।
ਦੂਸਰਾ- ਡਾਰਵਿਨ ਦੀ ਸੋਚ ਠੀਕ ਜਾਂ ਗ਼ਲਤ ਬਾਰੇ ਮੈਂ ਕੁਝ ਨਹੀਂ ਕਿਹਾ।ਮੈਂ ਇਹ ਕਿਹਾ ਹੈ ਕਿ- ਡਾਰਵਿਨ ਦੇ ਕਰਮ-ਵਿਕਾਸ (ਐਵੋਲੂਸ਼ਨ) ਸਿਧਾਂਤ ਨਾਲ ਬਹੁਤ ਸਾਰੇ ਲੋਕਾਂ ਦੀ ਸੋਚ ਬਦਲ ਗਈ ਹੈ (/ਗੁਮਰਾਹ ਹੋਏ ਹਨ)।ਯਾਦ ਰਹੇ ਕਿ ਡਾਰਵਿਨ ਨੇ ਗੁਮਰਾਹ ਨਹੀਂ ਕੀਤਾ, ਲੋਕ ਖੁਦ ਗੁਮਰਾਹ ਹੋਏ ਹਨ।
ਡਾਰਵਿਨ ਦੇ ਕਿਸੇ ਸਿਧਾਂਤ ਵਿੱਚ ਰੱਬ ਦੀ ਹੋਂਦ ਜਾਂ ਅਣ-ਹੋਂਦ ਵਾਲੀ ਕੋਈ ਗੱਲ ਨਹੀਂ ਹੈ, ਫੇਰ ਵੀ, ਐਵੋਲੂਸ਼ਨ ਸਿਧਾਂਤ ਨਾਲ ਕਈ ਲੋਕ (ਖੁਦ-ਬ-ਖੁਦ) ਰੱਬ ਦੀ ਹੋਂਦ ਮੰਨਣ ਤੋਂ ਆਕੀ ਹੋਏ ਹਨ ।ਜਾਣੀ ਕਿ ਐਵੋਲੂਸ਼ਨ ਸਿਧਾਂਤ ਨੂੰ ਕੁਝ ਲੋਕਾਂ ਨੇ ਰੱਬ ਦੀ ਹੋਂਦ ਜਾਂ ਅਣ-ਹੋਂਦ ਨਾਲ ਖੁਦ ਹੀ ਜੋੜ ਦਿੱਤਾ ਹੈ।ਐਵੋਲੂਸ਼ਨ ਸਿਧਾਂਤ ਜੀਵਾਂ ਦੇ ਸਿਰਫ ਅਤੇ ਸਿਰਫ ਭੌਤਿਕ ਸਰੀਰਕ ਢਾਂਚਿਆਂ ਦੇ ਬਦਲਾਵ ਨਾਲ ਸੰਬੰਧ ਰੱਖਦਾ ਹੈ।ਜੇ ਐਵੋਲੂਸ਼ਨ ਸਿਧਾਂਤ ਨੂੰ ਠੀਕ ਮੰਨ ਵੀ ਲਿਆ ਜਾਵੇ ਤਾਂ, ਕੀ ਇਹ ਨਹੀਂ ਹੋ ਸਕਦਾ ਕਿ ਰੱਬ ਨੇ ਜੀਵ ਸੰਬੰਧੀ ਇਹੀ ਤਰੀਕਾ ਹੋਂਦ ਵਿੱਚ ਲਿਆਂਦਾ ਹੈ।ਜਿਵੇਂ ਬੋਹੜ ਦੇ ਇੱਕ ਛੋਟੇ ਜਿਹੇ ਬੀਜ ਤੋਂ ਏਨਾ ਵਿਸ਼ਾਲ ਦਰਖਤ ਅਤੇ ਇਸ ਦੇ ਸਾਰੇ ਗੁਣ ਵਿਕਸਿਤ ਹੋ ਜਾਂਦੇ ਹਨ।ਇਹ ਸਾਰੇ ਗੁਣ ਛੋਟੇ ਜਿਹੇ ਬੀਜ ਵਿੱਚ ਮੌਜੂਦ ਹਨ, ਉਸੇ ਤਰ੍ਹਾਂ ਮੌਜੂਦਾ ਮਨੁੱਖਾ ਸਰੀਰ ਅਤੇ ਇਸ ਵਿਚਲੇ ਸਾਰੇ ਗੁਣ ਉਸ ਪਹਿਲੇ ਜੀਵ ਵਿੱਚ ਹੀ ਮੌਜੂਦ ਸਨ। ਕੀ ਉਹ ਮੁਢਲਾ ਜੀਵ ਅਤੇ ਉਸ ਤੋਂ ਵਿਕਸਿਤ ਹੋ ਕੇ ਮੌਜੂਦਾ ਮਨੁੱਖ ਅਤੇ ਇਸ ਵਿਚਲੇ ਗੁਣ ਕਿਸੇ ਵਿਗਿਆਨਕ ਨੇ ਉਸ ਮੁਢਲੇ ਜੀਵ ਵਿੱਚ ਪੈਦਾ ਕੀਤੇ ਸਨ? ਜੇ ਨਹੀਂ ਤਾਂ ਕਿਸੇ ਨੇ ਤਾਂ ਉਹ ਗੁਣ ਉਸ ਵਿੱਚ ਪਾਏ ਹੀ ਹਨ।ਅਤੇ ਇਹ ਤਾਂ ਸਿਰਫ ਸਰੀਰਕ ਢਾਂਚੇ ਦੀ ਗੱਲ ਹੈ, ਇਸ ਭੌਤਿਕ ਸਰੀਰਕ ਢਾਂਚੇ ਦੇ ਅੰਦਰ ਇਕ ਜੀਵ ਵੀ ਵਸਦਾ ਹੈ।ਜੜ੍ਹ ਤੱਤਾਂ ਦੇ ਬਣੇ ਇਸ ਸਰੀਰ ਵਿੱਚ ਜੀਵਨ ਹੈ ਅਤੇ ਚੇਤਨਾ ਹੈ। ਵਿਗਿਆਨ ਦਾ ਕੋਈ ਨਿਯਮ ਬਿਆਨ ਨਹੀਂ ਕਰਦਾ ਕਿ ਜੜ੍ਹ ਤੱਤਾਂ ਦੇ ਮੇਲ ਤੋਂ ਬਣੇ ਇਸ ਸਰੀਰ ਵਿੱਚ ਜੀਵਨ ਅਤੇ ਚੇਤਨਾ ਕਿਵੇਂ ਪੈਦਾ ਹੋ ਸਕਦੀ ਹੈ।ਤੁਸੀਂ ਦੱਸ ਸਕਦੇ ਹੋ ਤਾਂ ਬਿਆਨ ਕਰੋ।
ਜਸਬੀਰ ਸਿੰਘ ਵਿਰਦੀ                                    

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.