ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਨਾ ਕੋਈ ਮਰੈ ਨ ਆਵੈ ਜਾਇਆ :-
-: ਨਾ ਕੋਈ ਮਰੈ ਨ ਆਵੈ ਜਾਇਆ :-
Page Visitors: 2730

-: ਨਾ ਕੋਈ ਮਰੈ ਨ ਆਵੈ ਜਾਇਆ :-
ਰਾਮਕਲੀ ਰਾਗ ਵਿੱਚ ਗੁਰੂ ਅਰਜੁਨ ਪਾਤਸ਼ਾਹ ਜੀ ਦਾ ਸ਼ਬਦ ਹੈ-
 ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥
 ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ
॥1॥
 ਕਉਨੁ ਮੂਆ ਰੇ ਕਉਨੁ ਮੂਆ ॥
 ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ
॥1॥ ਰਹਾਉ ॥
 ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥
 ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ
॥2॥
 ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥
 ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ
॥3॥
 ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥
 ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ
॥4॥10॥ {ਪੰਨਾ 885}
ਅਰਥ, ਪ੍ਰੋ: ਸਾਹਿਬ ਸਿੰਘ ਜੀ-- (ਹੇ ਭਾਈ! ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ, (ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ, ਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ । (ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ ।1।
ਹੇ ਭਾਈ! (ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ। ਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ ।1।ਰਹਾਉ।
(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ ਕਿ ਜੇਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਭੀ ਇਥੋਂ ਕੂਚ ਕਰ ਜਾਣਾ ਹੈ। (ਹੇ ਭਾਈ! ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ, (ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ ।2।
ਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇਕ ਖੇਡ ਰਚੀ ਹੋਈ ਹੈ। ਉਸ ਕਰਤਾਰ ਦੇ ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਵਿਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ। ਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ। ਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ ।3।
ਹੇ ਭਾਈ! ਤੁਸੀਂ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ। ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ। ਹੇ ਨਾਨਕ! ਆਖ-ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ।4।
ਗੁਰਮਤਿ ਦੇ ਆਵਾਗਵਣ ਸਿਧਾਂਤ ਨੂੰ ਨਾ ਮੰਨਣ ਵਾਲੇ ਕੁਝ ਸੱਜਣ ਇਸ ਸ਼ਬਦ ਦੀ ਉਦਾਹਰਣ ਦੇ ਕੇ ਅਕਸਰ ਹੀ ਕਹਿੰਦੇ ਹਨ ਕਿ ਦੇਖੋ- ਸਰੀਰ ਦੀ ਮਿੱਟੀ ਧਰਤੀ ਦੀ ਮਿੱਟੀ ਵਿੱਚ ਮਿਲ ਗਈ, ਸਵਾਸ ਹਵਾ ਵਿੱਚ ਮਿਲ ਗਏ, ਜੋਤਿ ਪ੍ਰਭੂ ਵਿੱਚ ਜਾ ਮਿਲੀ। ਮੁੜ ਜੰਮਣ ਲਈ ਬਾਕੀ ਕੁਝ ਵੀ ਨਹੀਂ ਬਚਿਆ। ਇਸ ਦੇ ਨਾਲ ਹੋਰ ਦਲੀਲਾਂ ਦਿੱਤੀਆਂ ਜਾਂਦੀਆਂ ਹਨ-
ਕਉਨੁ ਮੂਆ ਰੇ ਕਉਨੁ ਮੂਆ- ਅਰਥਾਤ ਕੁਝ ਵੀ ਜੰਮਦਾ ਮਰਦਾ ਨਹੀਂ। ਅਤੇ
ਅਗਲੀ ਕਿਛੁ ਖਬਰਿ ਨ ਪਾਈ- ਜਦੋਂ ਗੁਰੂ ਸਾਹਿਬ ਖੁਦ ਕਹਿ ਰਹੇ ਹਨ ਕਿ ਅਗਲੀ ਕੁਛ ਖਬਰ ਨਹੀਂ ਤਾਂ, ਅਸੀਂ ਕਿਉਂ ਅਗਲੇ ਜਨਮ ਦੀਆਂ ਗੱਲਾਂ ਕਰੀ ਜਾਂਦੇ ਹਾਂ?    ਅਤੇ
ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥’ - ਜਦੋਂ ਕੁਝ ਜੰਮਦਾ ਮਰਦਾ ਹੀ ਨਹੀਂ ਤਾਂ ਕਿਵੇਂ ਕਿਹਾ ਜਾਂਦਾ ਹੈ ਕਿ ਇਸ ਜਨਮ ਤੋਂ ਬਾਅਦ ਫਿਰ ਜਨਮ ਹੈ? …
ਆਵਾਗਵਣ ਨਾ ਹੋਣ ਸੰਬੰਧੀ ਅਕਸਰ ਹੀ ਉਪਰ ਦਿੱਤੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਪਰ ਸਾਰੇ ਸ਼ਬਦ ਨੂੰ ਜ਼ਰਾ ਧਿਆਨ ਨਾਲ ਵਿਚਾਰਨ ਦੀ ਜਰੂਰਤ ਹੈ।
ਪਹਿਲੀ ਤਾਂ ਗੱਲ ਇਹ ਸ਼ਬਦ ਆਵਾਗਵਣ ਵਿਸ਼ੇ ਸੰਬੰਧੀ ਹੈ ਹੀ ਨਹੀਂ। ਸਾਰੇ ਸ਼ਬਦ ਦਾ ਮੁਖ ਭਾਵ ਹੈ ਕਿ ਕਿਸੇ ਦੀ ਜੀਵਨ-ਅਵਧੀ ਸਮਾਪਤ ਹੋ ਜਾਣ ਤੇ ਜਦੋਂ ਉਹ ਸਰੀਰ ਛੱਡ ਜਾਂਦਾ ਹੈ ਤਾਂ ਸਕੇ ਸੰਬੰਧੀ ਉਸ ਨੂੰ ਮਰਿਆ ਸਮਝਕੇ ਰੋਂਦੇ ਅਤੇ ਦੁਖੀ ਹੁੰਦੇ ਹਨ। ਪਰ ਅਸਲ ਗੱਲ ਤਾਂ ਇਹ ਹੈ ਕਿ ਇਸ ਸਰੀਰ ਵਿੱਚ ਵਸਣ ਵਾਲਾ ਜੀਵ ਤਾਂ ਕਦੇ ਮਰਦਾ ਹੀ ਨਹੀਂ। ਜੀਵ ਦਾ ਇਸ ਸਰੀਰ ਨਾਲੋਂ ਵਿਛੋੜਾ ਹੁੰਦਾ ਹੈ।
ਸ਼ਬਦ ਦੇ ਪਹਿਲੇ ਬੰਦ ਵਿੱਚ ਜੋਤਿ ਅਰਥਾਤ ਜੀਵਨ ਜੋਤਿ, ਚੇਤਨ ਸੱਤਾ ਦੀ ਗੱਲ ਕਹੀ ਹੈ। ਜੀਵ ਜਾਂ ਜੀਵਾਤਮਾ ਬਾਰੇ ਕੋਈ ਜ਼ਿਕਰ ਨਹੀਂ ਹੈ। ਪਰ ਸ਼ਬਦ ਦੇ ਤੀਜੇ ਅਤੇ ਚਉਥੇ ਬੰਦ ਵਿੱਚ ਜੀਵ ਦਾ ਜਿਕਰ ਹੈ-
ਆਵਤ ਜਾਵਤ ਹੁਕਮਿ ਅਪਾਰਿ॥
 ਨਹ ਕੋ ਮੂਆ ਨ ਮਰਣੈ ਜੋਗ॥ ਨਹਿ ਬਿਨਸੈ ਅਬਿਨਾਸੀ ਹੋਗੁ
॥3॥’
ਨ ਕੋਈ ਮਰੈ ਨ ਆਵੈ ਜਾਇਆ॥4॥’
ਇਹਨਾ ਤੁਕਾਂ ਨੂੰ ਜ਼ਰਾ ਚੰਗੀ ਤਰ੍ਹਾਂ ਸਮਝਣ, ਵਿਚਾਰਨ ਦੀ ਲੋੜ ਹੈ-
ਨਾ ਕੁਝ ਜੰਮਦਾ ਨਾ ਮਰਦਾ ਦਾ ਕੀ ਭਾਵ ਹੈ?
ਇਸ ਸਰੀਰ ਵਿੱਚ ਵਸਦਾ ਜੀਵ ਜੋ ਕਿ ਪ੍ਰਭੂ ਦੀ ਅੰਸ਼ ਹੈ, ਕਦੇ ਜੰਮਦਾ ਮਰਦਾ ਨਹੀਂ।
ਇਹ ਜੀਵ ਜਾਂ ਜੀਵਾਤਮਾ ਕੀ ਹੈ ਅਤੇ ਕਿਸ ਤਰ੍ਹਾਂ ਦਾ ਹੈ, ਫੁਰਮਾਨ ਹੈ-
 “ਅਚਰਜ ਕਥਾ ਮਹਾ ਅਨੂਪ ॥
 ਪ੍ਰਾਤਮਾ ਪਾਰਬ੍ਰਹਮ ਕਾ ਰੂਪੁ
॥ ਰਹਾਉ ॥
 ਨਾ ਇਹੁ ਬੂਢਾ ਨਾ ਇਹੁ ਬਾਲਾ ॥ ਨਾ ਇਸੁ ਦੂਖੁ ਨਹੀ ਜਮ ਜਾਲਾ ॥
 ਨਾ ਇਹੁ ਬਿਨਸੈ ਨਾ ਇਹੁ ਜਾਇ ॥ ਆਦਿ ਜੁਗਾਦੀ ਰਹਿਆ ਸਮਾਇ
॥1॥
 ਨਾ ਇਸੁ ਉਸਨੁ ਨਹੀ ਇਸੁ ਸੀਤੁ ॥ ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥
 ਨਾ ਇਸੁ ਹਰਖੁ ਨਹੀ ਇਸੁ ਸੋਗੁ ॥ ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ
॥2॥
 ਨਾ ਇਸੁ ਬਾਪੁ ਨਹੀ ਇਸੁ ਮਾਇਆ ॥ ਇਹੁ ਅਪਰੰਪਰੁ ਹੋਤਾ ਆਇਆ ॥
 ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥ ਘਟ ਘਟ ਅੰਤਰਿ ਸਦ ਹੀ ਜਾਗੈ
॥3॥
 ਤੀਨਿ ਗੁਣਾ ਇਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ ॥
 ਅਛਲ ਅਛੇਦ ਅਭੇਦ ਦਇਆਲ ॥ ਦੀਨ ਦਇਆਲ ਸਦਾ ਕਿਰਪਾਲ ॥
 ਤਾ ਕੀ ਗਤਿ ਮਿਤਿ ਕਛੂ ਨ ਪਾਇ ॥ ਨਾਨਕ ਤਾ ਕੈ ਬਲਿ ਬਲਿ ਜਾਇ
॥4॥19॥21॥ {ਪੰਨਾ 868}”
ਸ਼ਬਦ ਵਿੱਚ ਪ੍ਰਭੂ ਦੇ ਗੁਣ ਦੱਸਕੇ ਸਮਝਾਇਆ ਹੈ ਕਿ ਮਨੁੱਖ ਦੇ ਸਰੀਰ ਵਿੱਚ ਜੋ ਜੀਵ/ਜੀਵਾਤਮਾ ਹੈ ਇਹ ਵੀ ਕਰਤੇ ਦਾ ਹੀ ਅੰਸ਼ ਹੋਣ ਕਰਕੇ ਇਸਦੇ ਗੁਣ ਵੀ ਕਰਤੇ ਵਾਲੇ ਹੀ ਹਨ। ਜਿਵੇਂ ਪ੍ਰਭੂ ਜੰਮਦਾ ਮਰਦਾ ਨਹੀਂ ਇਸੇ ਤਰ੍ਹਾਂ ਜੀਵ ਵੀ ਅਬਿਨਾਸੀ ਹੈ, ਜੰਮਦਾ ਮਰਦਾ ਨਹੀਂ (ਸਿਰਫ ਸਰੀਰਕ ਚੋਲਾ ਬਦਲਦਾ ਹੈ)।
 ‘ਜੋ ਇਹੁ ਜਾਣਹੁ ਸੋ ਇਹੁ ਨਾਹਿ’-
ਸਵਾਲ- ਇਹ ਕੀ ਨਹੀਂ ਹੈ? ਆਪਾਂ ਇਸ ਨੂੰ ਕੀ ਸਮਝਦੇ ਹਾਂ?
ਆਮ ਤੌਰ ਤੇ ਤਾਂ ਇਹੀ ਸਮਝ ਲਿਆ ਜਾਂਦਾ ਹੈ ਕਿ ਕਿਸੇ ਦੀ ਜੀਵਨ ਅਵਧੀ ਸਮਾਪਤ ਹੋਣ ਤੇ ਸਰੀਰ ਦੇ ਨਾਲ ਹੀ ਸਭ ਕੁਝ ਖਤਮ ਹੋ ਗਿਆ। ਪਰ ਨਹੀਂ, ਸਰੀਰ ਵਿੱਚੋਂ ਉਹ ਨਹੀਂ ਮਰਦਾ ਜਿਹੜਾ ਅਬਿਨਾਸੀ ਕਰਤੇ ਦੀ ਅੰਸ਼ ਹੋਣ ਦੇ ਨਾਤੇ ਅਬਿਨਾਸੀ ਹੈ।
ਜੋ ਵੱਖ ਵੱਖ ਸਰੀਰ ਧਾਰਕੇ ਸੰਸਾਰ ਤੇ ਆਉਂਦਾ ਅਤੇ ਜਾਂਦਾ ਹੈ।
“ਗੋਂਡ ॥
 ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥
 ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ
॥1॥
 ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥1॥ ਰਹਾਉ ॥
 ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥
 ਨਾ ਇਸੁ ਪਿੰਡੁ ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ
॥2॥
 ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥
 ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ
॥3॥
 ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥
 ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ
॥4॥ {ਪੰਨਾ 871}
ਅਰਥ :- (ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?-ਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ।1।ਰਹਾਉ।
 (ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ; ਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ, ਨਾਹ ਜੋਗੀ ਹੈ, ਨਾਹ ਤਿਆਗੀ; ਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ।1।
 (ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ, ਨਾਹ ਇਹ ਰਾਜਾ ਹੈ ਨਾਹ ਮੰਗਤਾ; ਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ; ਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ ।2।
 (ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ; ਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ । ਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ ਉਹ ਖ਼ੁਆਰ ਹੀ ਹੁੰਦਾ ਹੈ ।3।
 ਹੇ ਕਬੀਰ! ਆਖ-(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ, ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ; ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ, ਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ।4।”
ਸੋ ਸਾਡੇ ਸਰੀਰ ਅੰਦਰ ਵਸਣ ਵਾਲਾ ਜੀਵ/ ਜੀਵਾਤਮਾ ਕਦੇ ਜੰਮਦਾ ਮਰਦਾ ਨਹੀਂ।ਜਿਸ ਸਰੀਰ ਵਿੱਚ ਵਸਕੇ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਹੀ ਇਹ ਅਖਵਾਉਣ ਲੱਗਦਾ ਹੈ।
ਅਸਥਾਵਰ ਜੰਗਮ ਕੀਟ ਪਤੰਗਾ ॥ ਅਨਿਕ ਜਨਮ ਕੀਏ ਬਹੁ ਰੰਗਾ ॥1॥
 ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ
॥1॥ ਰਹਾਉ ॥
 ਜੋਗੀ ਜਤੀ ਤਪੀ ਬ੍ਰਹਮਚਾਰੀ ॥ ਕਬਹੂ ਰਾਜਾ ਛਤ੍ਰਪਤਿ, ਕਬਹੂ ਭੇਖਾਰੀ ॥2॥ {ਪੰਨਾ 326}”
ਅਸਲ ਵਿੱਚ ਪੱਕੇ ਤੌਰ ਤੇ ਨਾ ਇਹ ਗ੍ਰਹਸਥੀ ਹੈ, ਨਾ ਉਦਾਸੀ ਹੈ, ਨਾ ਰਾਜਾ ਹੈ ਨਾ ਭਿਖਾਰੀ।ਨਾ ਇਸ ਦੀ ਕੋਈ ਮਾਂ ਹੈ ਨਾ ਬਾਪ ਹੈ।ਨਾ ਇਹ ਜੰਮਦਾ ਹੈ ਨਾ ਇਹ ਮਰਦਾ ਹੈ।
ਸਵਾਲ- ਜੇ ਇਹ ਜੰਮਦਾ ਮਰਦਾ ਨਹੀਂ ਤਾਂ ਕਿਸ ਦੇ ਲਈ ਕਿਹਾ ਹੈ-
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ {ਪੰਨਾ 472}
ਇਕ ਪਾਸੇ ਗੁਰੂ ਸਾਹਿਬ ਕਹਿੰਦੇ ਹਨ;
 “ਨਾ ਇਹੁ ਜੀਵੈ ਨ ਮਰਤਾ ਦੇਖੁ ॥”- “ਨਹਿ ਕਿਛੁ ਜਨਮੈ ਨਹਿ ਕਿਛੁ ਮਰੈ…॥”
 ਅਤੇ ਦੂਜੇ ਪਾਸੇ ਕਹਿੰਦੇ ਹਨ-
ਜੰਮਣੁ ਮਰਨਾ ਹੁਕਮੁ ਹੈ ਭਾਣੈ ਆਵੈ ਜਾਇ॥”
ਇਹ ਆਪਾ-ਵਿਰੋਧੀ ਗੱਲਾਂ ਕਿਉਂ- ਦਰਅਸਲ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਜੀਵ ਕਦੇ ਜੰਮਦਾ-ਮਰਦਾ ਨਹੀਂ।ਇਕ ਸਰੀਰ ਤੋਂ ਵਿਛੋੜਾ ਹੋਣ ਤੇ ਨਵਾਂ ਸਰੀਰ ਧਾਰ ਕੇ ਸੰਸਾਰ ਤੇ ਆਉਂਦਾ ਹੈ।ਇਸ ਸਰੀਰ ਧਾਰ ਕੇ ਜੱਗ ਤੇ ਆਉਣ ਨੂੰ ਜੰਮਣਾ ਅਤੇ ਇਸ ਦੇ ਸਰੀਰ ਤੋਂ ਵਿਛੋੜੇ ਨੂੰ ਮਰਨਾ ਕਿਹਾ ਜਾਂਦਾ ਹੈ।
 “ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
 ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ
॥” (ਪੰਨਾ 139)”
 “ਨਾ ਕੋਈ ਮਰੈ ਨ ਆਵੈ ਜਾਇਆ॥”
 ਤੁਕ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਹੈ ਕਿ ਇਸ ਜਨਮ ਤੋਂ ਬਾਅਦ ਕੁਝ ਵੀ ਜੰਮਦਾ-ਮਰਦਾ ਨਹੀਂ।
ਤਾਂ ਸੋਚਣ ਵਾਲੀ ਗੱਲ ਹੈ ਕਿ-
ਜੇ ਕੁਝ ਜੰਮਦਾ-ਮਰਦਾ ਨਹੀਂ, ਨਹੀਂ ਤਾਂ ਫੇਰ ਇਸ ਮੌਜੂਦਾ ਜੀਵਨ ਨੂੰ ਕੀ ਕਹਾਂਗੇ? ਫੇਰ ਤਾਂ ਇਹ ਵੀ ਮੰਨਣਾ ਪਏਗਾ ਕਿ ਇਹ ਮੌਜੂਦਾ ਜੀਵਨ ਵੀ ਜਨਮ ਹੋ ਕੇ ਨਹੀਂ ਹੈ। ਜੇ ਇਸ ਮੌਜੂਦਾ ਜੀਵਨ ਨੂੰ ਜਨਮ ਹੋਇਆ ਮੰਨਦੇ ਹਾਂ ਤਾਂ
 ‘ਨਾ ਕੋਈ ਮਰੈ ਨ ਆਵੈ ਜਾਇਆ
 ਦਾ ਹਵਾਲਾ ਦੇ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਹੈ।
ਨਿਚੋੜ:-
ਸਰੀਰ ਦੇ ਵਿੱਚ ਜੋ ਜੀਵ ਹੈ ਉਹ ਜੰਮਦਾ-ਮਰਦਾ ਨਹੀਂ।
ਜੀਵ ਅਤੇ ਸਰੀਰ ਦੇ ਮੇਲ ਨਾਲ ਮਨੁੱਖ ਸੰਸਾਰ ਤੇ ਆਉਂਦਾ ਹੈ।ਜੀਵ ਦਾ ਸਰੀਰ ਤੋਂ ਵਿਛੋੜਾ ਹੋਣ ਨਾਲ ਸੰਸਾਰ ਤੋਂ ਤੁਰ ਜਾਂਦਾ ਹੈ।ਸੰਸਾਰ ਤੇ ਇਸ ਆਉਣ ਅਤੇ ਜਾਣ ਨੂੰ ਜੰਮਣਾ ਮਰਨਾ ਕਿਹਾ ਜਾਂਦਾ ਹੈ।
ਜਸਬੀਰ ਸਿੰਘ ਵਿਰਦੀ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.