ਪੰਜਾਬੀਆਂ ਦਾ ਪੰਜਾਬ ਤੋਂ ਮੋਹ ਭੰਗ ਹੋਣ ਦਾ ਕਾਰਨ, ਬੇਰੋਜ਼ਗਾਰੀ ਅਤੇ ਭੈੜਾ ਪ੍ਰਬੰਧਕੀ ਢਾਂਚਾ
ਪੰਜਾਬੀਆਂ ਦਾ ਪੰਜਾਬ ਤੋਂ ਮੋਹ ਭੰਗ ਹੋਣ ਦਾ ਕਾਰਨ, ਬੇਰੋਜ਼ਗਾਰੀ ਅਤੇ ਭੈੜਾ ਪ੍ਰਬੰਧਕੀ ਢਾਂਚਾ
'ਪੰਜਾਬੀਆਂ ਦਾ ਪੰਜਾਬ ਤੋਂ ਮੋਹ ਭੰਗ ਹੋਣ ਦਾ ਕਾਰਨ ਬੇਰੁਜ਼ਗਾਰੀ ਅਤੇ ਭੈੜਾ ਪ੍ਰਬੰਧਕੀ ਢਾਂਚਾ
By : ਬਾਬੂਸ਼ਾਹੀ ਬਿਊਰੋ
Monday, Oct 29, 2018 06:35 PMਫਗਵਾੜਾ, 29 ਅਕਤੂਬਰ 2018 -
ਪੰਜਾਬੀ ਕਲਾਮ ਨਵੀਸ ਪੱਤਰਕਾਰ ਮੰਚ (ਰਜਿ:) ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਪੁੱਜੇ ਪ੍ਰਸਿੱਧ ਕਾਲਮ ਨਵੀਸਾਂ ਨੇ 'ਪੰਜਾਬੀਆਂ ਦਾ ਪੰਜਾਬ ਤੋਂ ਮੋਹ ਕਿਉਂ ਭੰਗ ਹੋ ਰਿਹਾ ਹੈ?' ਵਿਸ਼ੇ ਉਤੇ ਗੰਭੀਰ ਚਰਚਾ ਕੀਤੀ ਗਈ ਜਿਸ ਵਿੱਚ ਇਸ ਸਿੱਟੇ ਉਤੇ ਪੁੱਜਿਆ ਗਿਆ ਕਿ ਪੰਜਾਬ ਦਾ ਬੋ-ਮਾਰਦਾ ਪ੍ਰਬੰਧਕੀ ਢਾਂਚਾ ਅਤੇ ਭੈੜੀ ਕਾਨੂੰਨ ਵਿਵਸਥਾ, ਦਹਿਸ਼ਤ ਦਾ ਮਾਹੌਲ, ਬੇਰੁਜ਼ਗਾਰੀ, ਕ੍ਰਿਤ ਸਭਿਆਚਾਰ ਦੀ ਘਾਟ ਅਤੇ ਸਿਆਸਤਦਾਨਾਂ ਦਾ ਲੋਕਾਂ ਪ੍ਰਤੀ ਬੇਰੁਖੀ ਅਤੇ ਬੇਈਮਾਨੀ ਇਸਦੇ ਮੁੱਖ ਕਾਰਨ ਹਨ।
ਪ੍ਰਸਿੱਧ ਕਾਲਮ ਨਵੀਸ ਡਾ: ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਨੌਜਵਾਨ ਰੋਟੀ-ਰੋਜ਼ੀ ਲਈ ਵਿਦੇਸ਼ ਵੱਲ ਚਾਲੇ ਪਾ ਰਹੇ ਹਨ। ਪਰ ਕੁਝ ਲੋਕ ਪੈਸੇ ਹੋਣ ਦੇ ਬਾਵਜੂਦ ਇਥੋਂ ਦੀ ਵਿਵਸਥਾ ਤੋਂ ਤੰਗ ਹੋ ਕੇ ਪੰਜਾਬ ਛੱਡ ਰਹੇ ਹਨ। ਅਰਥ ਸ਼ਾਸਤਰੀ ਐਸ.ਐਸ. ਛੀਨਾ ਨੇ ਕਿਹਾ ਹੈ ਕਿ ਆਰਥਿਕ ਮਜ਼ਬੂਰੀ ਪੰਜਾਬ ਛੱਡਣ ਦਾ ਮੁੱਖ ਕਾਰਨ ਹੈ, ਪਰ ਕੁਝ ਹਾਲਤਾਂ 'ਚ ਸਾਰੇ ਸਾਧਨ ਹੋਣ ਦੇ ਬਾਵਜੂਦ ਵੀ ਪੰਜਾਬੀ ਪੰਜਾਬੋਂ ਭੱਜ ਰਹੇ ਹਨ।
ਕਾਲਮ ਨਵੀਸ ਅਤੇ ਚਿੰਤਕ ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਕ੍ਰਿਤ ਸਭਿਆਚਾਰ 'ਚ ਲਗਾਤਾਰ ਹੋ ਰਹੀ ਘਾਟ, ਬੇਰੁਜ਼ਗਾਰੀ ਅਤੇ ਬੋ-ਮਾਰਦੇ ਸਮਾਜਿਕ ਤੇ ਰਾਜਨੀਤਕ ਤਾਣੇ-ਬਾਣੇ ਕਾਰਨ ਪੰਜਾਬੀਆਂ ਦਾ ਪੰਜਾਬ ਤੋਂ ਮੋਹ ਭੰਗ ਹੋ ਰਿਹਾ ਹੈ ਅਤੇ ਖਾਸ ਕਰਕੇ ਦੁਆਬੇ ਦੇ ਲੋਕ ਆਪਣੀ ਜ਼ਮੀਨ ਜਾਇਦਾਦ ਵੇਚਕੇ ਇਥੋਂ ਵਿਦੇਸ਼ਾਂ ਵਿੱਚ ਵੱਸ ਰਹੇ ਹਨ।
ਮੀਟਿੰਗ ਵਿੱਚ ਸ਼ਾਮਲ ਮੈਂਬਰਾਂ ਦਾ ਵਿਚਾਰ ਸੀ ਕਿ ਪੰਜਾਬ 'ਚ ਪਿਛਲੇ 25 ਸਾਲਾਂ ਦਾ ਵਿਕਾਸ ਵੱਖਰੀ ਕਿਸਮ ਦਾ ਹੈ ਅਤੇ ਲੋਕਾਂ ਦੇ ਮਨਾਂ 'ਚ ਜਲਦੀ ਅਮੀਰ ਬਨਣ ਦੀ ਲਾਲਸਾ ਛਾਈ ਹੋਈ ਹੈ। ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਅਤੇ ਦਹਿਸ਼ਤ ਦੇ ਮਾਹੌਲ ਨੇ ਪ੍ਰੇਸ਼ਾਨ ਕੀਤਾ ਹੈ ਅਤੇ ਲੋਕ ਆਪਣੇ ਨੌਜਵਾਨ ਬੱਚਿਆਂ ਨੂੰ ਕਿਸੇ ਵੀ ਹਾਲਤ 'ਚ ਵਿਦੇਸ਼ ਭੇਜਣ ਦੇ ਆਹਰ ਵਿੱਚ ਹਨ। ਇਹੋ ਜਿਹੇ ਹਾਲਤ 'ਚ ਪੰਜਾਬ 'ਚ ਮੋਹਹੀਣਤਾ ਅਤੇ ਸੰਵੇਦਨਸ਼ੀਲਤਾ ਦੀ ਘਾਟ ਹੋ ਰਹੀ ਹੈ।
ਇਸ ਸਮੇਂ ਹਾਜ਼ਰ ਹੋਏ ਗਿਆਨ ਸਿੰਘ ਡੀ ਪੀ ਆਰ ਓ, ਗੁਰਵਿੰਦਰ ਸਿੰਘ ਮਾਣਕ, ਸੰਤੋਖ ਲਾਲ ਵਿਰਦੀ, ਰਵਿੰਦਰ ਚੋਟ, ਦਰਸ਼ਨ ਰਿਆੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਪੰਜਾਬੀ ਕਾਲਮ ਨਵੀਸ ਪੱਤਰਕਾਰ ਰੈਫਰੈਂਸ ਲਾਇਬ੍ਰੇਰੀ ਲਈ ਡਾ: ਸ਼ਿਆਮ ਸੁੰਦਰ ਦੀਪਤੀ ਅਤੇ ਹੋਰ ਮੈਂਬਰਾਂ ਨੇ ਆਪਣੀਆਂ ਪੁਸਤਕਾਂ ਲਾਇਬ੍ਰੇਰੀ ਲਈ ਭੇਂਟ ਕੀਤੀਆਂ। ਇਸ ਮੀਟਿੰਗ ਵਿੱਚ ਰਘਬੀਰ ਸਿੰਘ ਮਾਨ, ਪਰਵਿੰਦਰਜੀਤ ਸਿੰਘ, ਵਾਸੂਦੇਵ ਸਿੰਘ ਪਰਹਾਰ, ਸੁਖਵਿੰਦਰ ਸਿੰਘ ਸ਼ਾਮਲ ਹੋਏ।