ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਾਂਚ ਕਮੇਟੀ ਅੱਗੇ ਪੇਸ਼ ਹੋਣ ਤੋਂ ਛੋਟੇਪੁਰ ਵੱਲੋਂ ਇਨਕਾਰ
ਜਾਂਚ ਕਮੇਟੀ ਅੱਗੇ ਪੇਸ਼ ਹੋਣ ਤੋਂ ਛੋਟੇਪੁਰ ਵੱਲੋਂ ਇਨਕਾਰ
Page Visitors: 2442

ਜਾਂਚ ਕਮੇਟੀ ਅੱਗੇ ਪੇਸ਼ ਹੋਣ ਤੋਂ ਛੋਟੇਪੁਰ ਵੱਲੋਂ ਇਨਕਾਰ

Posted On 27 Aug 2016
cho

ਚੰਡੀਗੜ੍ਹ, 27 ਅਗਸਤ (ਪੰਜਾਬ ਮੇਲ)- 01ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੱਲ੍ਹ ਮੁਅੱਤਲ ਕੀਤੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਵੱਲੋਂ ਬਣਾਈ ਦੋ ਮੈਂਬਰੀ ਜਾਂਚ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਸਿਫਾਰਸ਼ ਕਰਨ ਵਾਲਿਆਂ ਨੂੰ ਹੀ ਜਾਂਚ ਕਮੇਟੀ ਦਾ ‘ਜੱਜ’ ਲਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪੀਏਸੀ ਨੇ ਕੱਲ੍ਹ ਦਿੱਲੀ ਵਿੱਚ ਮੀਟਿੰਗ ਕਰਕੇ ਸ੍ਰੀ ਛੋਟੇਪੁਰ ਨੂੰ ਪੈਸੇ ਲੈਣ ਦੇ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲੈ ਕੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਪੰਜਾਬ ਇਕਾਈ ਦੇ ਪ੍ਰਸ਼ਾਸਕੀ ਤੇ ਸ਼ਿਕਾਇਤ ਸੈੱਲ ਦੇ ਮੁਖੀ ਜਸਬੀਰ ਸਿੰਘ ਬੀਰ ’ਤੇ ਆਧਾਰਿਤ ਦੋ ਮੈਂਬਰੀ ਜਾਂਚ ਕਮੇਟੀ ਬਣਾਈ ਸੀ।
ਛੋਟੇਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਜਿਹੜੇ 21 ਆਗੂਆਂ ਨੇ ਉਸ ਨੂੰ ਪਾਰਟੀ ਵਿੱਚੋਂ ਕੱਢਣ ਲਈ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਸੀ, ਪੀਏਸੀ ਨੇ ਉਨ੍ਹਾਂ ਵਿੱਚੋਂ ਹੀ ਇਕ ਮੈਂਬਰ ਸ੍ਰੀ ਬੀਰ ਨੂੰ ਜਾਂਚ ਕਮੇਟੀ ਦਾ ਮੈਂਬਰ ਬਣਾ ਕੇ ਉਨ੍ਹਾਂ ਨਾਲ ਇਕ ਹੋਰ ਮਜ਼ਾਕ ਕੀਤਾ ਹੈ। ਸ੍ਰੀ ਛੋਟੇਪੁਰ ਨੇ ਕਿਹਾ ਕਿ ਜਿਹੜਾ ਨੇਤਾ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਸਿਫਾਰਸ਼ ਕਰ ਚੁੱਕਾ ਹੈ, ਉਸ ਕੋਲੋਂ ਇਨਸਾਫ ਲਈ ਕੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਪੰਜਾਬ ਦੇ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਅਤੇ ‘ਆਪ’ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰਾਂ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ’ਤੇ ਆਧਾਰਿਤ ਕਮੇਟੀ ਬਣਾਵੇਗੀ ਤਾਂ ਉਹ ਉਸ ਅੱਗੇ ਜ਼ਰੂਰ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਮੈਂਬਰਾਂ ’ਤੇ ਆਧਾਰਿਤ ਕਮੇਟੀ ਬਣਾ ਕੇ ਉਨ੍ਹਾਂ ਸਮੇਤ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ ਅਤੇ ਪਾਰਟੀ ਦੇ ਜਥੇਬੰਦਕ ਸੰਗਠਨ ਦੇ ਮੁਖੀ ਦੁਰਗੇਸ਼ ਪਾਠਕ ਦੀ ਵੀ ਜਾਂਚ ਕਰਵਾਈ ਜਾਵੇ।
ਦੱਸਣਯੋਗ ਹੈ ਕਿ ਸ੍ਰੀ ਸੰਧੂ ਨੇ ਸ੍ਰੀ ਛੋਟੇਪੁਰ ਵਿਰੁੱਧ ਸ੍ਰੀ ਕੇਜਰੀਵਾਲ ਨੂੰ ਲਿਖੀ ਚਿੱਠੀ ਉੱਪਰ ਦਸਤਖਤ ਨਹੀਂ ਕੀਤੇ ਸਨ ਅਤੇ ਪਾਰਟੀ ’ਚੋਂ ਮੁਅੱਤਲ ਸ੍ਰੀ ਖਾਲਸਾ ਤੇ ਡਾ. ਗਾਂਧੀ ਪਹਿਲਾਂ ਹੀ ‘ਆਪ’ ਵਿਰੁੱਧ ਮੋਰਚਾ ਖੋਲ੍ਹੀ ਬੈਠੇ ਹਨ। ਮਈ 2015 ਵਿੱਚ ਜਿਹੜੇ ਆਗੂਆਂ ਨੇ ਸ੍ਰੀ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਪਾਸ ਕੀਤਾ ਸੀ, ਸ੍ਰੀ ਛੋਟੇਪੁਰ ਨੇ ਅੱਜ ਉਨ੍ਹਾਂ ਉੱਪਰ ਹੀ ਵਿਸ਼ਵਾਸ ਪ੍ਰਗਟਾ ਕੇ ਜਾਂਚ ਕਮੇਟੀ ਦਾ ਮੈਂਬਰ ਬਣਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸ੍ਰੀ ਛੋਟੇਪੁਰ ਨੇ ਪਾਰਟੀ ਨੂੰ ਉਸ ਦੇ ਕੀਤੇ ਸਟਿੰਗ ਦੀਆਂ ਵੀਡੀਓ ਜੱਗ ਜ਼ਾਹਿਰ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਉਹ ਕਈ ਆਗੂਆਂ ਨੂੰ ਬੇਨਕਾਬ ਕਰਨਗੇ।
ਇਸ ਮੌਕੇ ਉਨ੍ਹਾਂ ਪਾਰਟੀ ਦੇ ਸੰਸਦ ਮੈਂਬਰ ਅਤੇ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਵੱਲੋਂ ਖੁਦ ਮੁੱਖ ਮੰਤਰੀ ਬਣਨ ਲਈ ਕੀਤੇ ਜਾ ਰਹੇ ਗੁਪਤ ਯਤਨਾਂ ਅਤੇ ਨਵਜੋਤ ਸਿੱਧੂ ਦੇ ਪਾਰਟੀ ਵਿੱਚ ਸ਼ਾਮਲ ਹੋਣ ਅੱਗੇ ਅੜਿੱਕੇ ਲਾਉਣ ਦੀ ਖੇਡੀ ਖੇਡ ਦੇ ਕਈ ਤੱਥ ਸਾਹਮਣੇ ਲਿਆਉਂਦਿਆਂ ਕਿਹਾ ਕਿ ਉਸ ਨੇ ਉਨ੍ਹਾਂ ਨਾਲ ਵੱਡਾ ਵਿਸ਼ਵਾਸਘਾਤ ਕੀਤਾ ਹੈ ਜਦਕਿ ਉਨ੍ਹਾਂ ਇਸ ਨੂੰ ਕਈ ਵਾਰ ਨਸ਼ੇ ਦੇ ਮਾਮਲਿਆਂ ਵਿੱਚੋਂ ਵੀ ਬਚਾਇਆ ਹੈ। ਸ੍ਰੀ ਛੋਟੇਪੁਰ ਨੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਸਕੱਤਰ ਤੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਡਾਕਟਰ ਗਾਂਧੀ ਦਾ ਧੰਨਵਾਦ ਕੀਤਾ।
ਛੋਟੇਪੁਰ ਬਣਾਉਣਗੇ ਨਵਾਂ ਸਿਆਸੀ ਫਰੰਟ?
ਸ੍ਰੀ ਛੋਟੇਪੁਰ ਅਨੁਸਾਰ ਫਿਲਹਾਲ ਕਿਸੇ ਵੀ ਸਿਆਸੀ ਪਾਰਟੀ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਪਾਰਟੀ ਛੱਡਣ ਦਾ ਮਨ ਬਣਾਇਆ ਹੈ। ਉਨ੍ਹਾ ‘ਆਪ’ ਦੇ ਪੀੜਤਾਂ ਨੂੰ ਇਕੱਠਿਆਂ ਕਰਕੇ ਅਸਿੱਧੇ ਢੰਗ ਨਾਲ ਨਵੀਂ ਪਾਰਟੀ ਬਣਾਉਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਇਮਾਨਦਾਰ ਬੰਦਿਆਂ ਨੂੰ ਇਕੱਠਾ ਕਰਕੇ ਪੰਜਾਬੀਆਂ ਨੂੰ ਕੋਈ ਨਵਾਂ ਰਾਹ ਦਿਖਾਉਣ ਦਾ ਯਤਨ ਕਰ ਸਕਦੇ ਹਨ।
ਵਾਲੰਟੀਅਰ ਭੰਬਲਭੂਸੇ ਵਿੱਚ
ਸ੍ਰੀ ਛੋਟੇਪੁਰ ਦੇ ਮਾਮਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਪਾਰਟੀ ਦੇ ਵਾਲੰਟੀਅਰ ਭੰਬਲਭੂਸੇ ’ਚ ਹਨ ਅਤੇ ਨਵੀਂ ਤਰ੍ਹਾਂ ਦੀ ਕਤਾਰਬੰਦੀ ਪੈਦਾ ਹੋ ਰਹੀ ਹੈ। ਸ੍ਰੀ ਛੋਟੇਪੁਰ ਨਾਲ ਕੱਲ੍ਹ ਇੱਥੇ ਪ੍ਰੈੱਸ ਕਾਨਫਰੰਸ ਵਿੱਚ 4-5 ਜ਼ੋਨਾਂ ਦੇ ਇੰਚਾਰਜ ਆਦਿ ਪੁੱਜੇ ਸਨ ਪਰ ਕੋਈ ਸੂਬਾਈ ਆਗੂ ਨਹੀਂ ਆਇਆ ਸੀ। ਇਸ ਦੇ ਬਾਵਜੂਦ ਅੱਜ ਰਾਜ ਭਰ ਵਿੱਚ ਪਾਰਟੀ ਦੇ ਕੇਡਰ ਵਿਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹੇ। ਸੂਤਰਾਂ ਅਨੁਸਾਰ ਹਾਈਕਮਾਂਡ ਵੱਲੋਂ ਸ੍ਰੀ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਕਾਰਨ ਪੈਦਾ ਹੋ ਰਹੇ ਭੁਲੇਖਿਆਂ ਨੂੰ ਦੂਰ ਕਰਨ ਲਈ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.