ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਮ ਆਦਮੀ ਪਾਰਟੀ ਨੇ ਜਾਰੀ ਕੀਤੀ 36 ਹੋਰ ਉਮੀਦਵਾਰਾਂ ਦੀ ਸੂਚੀ
ਆਮ ਆਦਮੀ ਪਾਰਟੀ ਨੇ ਜਾਰੀ ਕੀਤੀ 36 ਹੋਰ ਉਮੀਦਵਾਰਾਂ ਦੀ ਸੂਚੀ
Page Visitors: 2426

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ 36 ਹੋਰ ਉਮੀਦਵਾਰਾਂ ਦੀ ਸੂਚੀ

Posted On 06 Oct 2016
36

ਚੰਡੀਗੜ੍ਹ, 6 ਅਕਤੂਬਰ (ਪੰਜਾਬ ਮੇਲ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਅੱਜ ਦਿੱਲੀ ਵਿੱਚ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ 36 ਦੇ ਕਰੀਬ ਹੋਰ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ ਅਤੇ ਇਨ੍ਹਾਂ ਦਾ ਐਲਾਨ 7 ਅਕਤੂਬਰ ਨੂੰ ਕੀਤਾ ਜਾ ਸਕਦਾ ਹੈ।
ਸੂਤਰਾਂ ਅਨੁਸਾਰ ਪੀਏਸੀ ਨੇ ਸਕਰੀਨਿੰਗ ਅਤੇ ਚੋਣ ਪ੍ਰਚਾਰ ਕਮੇਟੀਆਂ ਦੀਆਂ ਕਈ ਸਿਫਾਰਸ਼ਾਂ ਵਿੱਚ ਫੇਰ ਬਦਲ ਕੀਤਾ ਹੈ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਨੂੰ ਵਿਧਾਨ ਸਭਾ ਹਲਕਾ ਖਰੜ ਤੇ ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ ਤੋਂ ਟਿਕਟਾਂ ਮਿਲਣ ਦੀ ਸੰਭਾਵਨਾ ਹੈ। ਐਨਆਰਆਈ ਵਿੰਗ ਦੇ ਮੁਖੀ ਜਗਤਾਰ ਸਿੰਘ ਸੰਘੇੜਾ ਨਕੋਦਰ ਤੋਂ ਦਾਅਵੇਦਾਰ ਹਨ। ਪਾਰਟੀ ਦੇ ਕਿਸਾਨ ਵਿੰਗ ਦੇ ਚੇਅਰਮੈਨ ਗੁਰਬਿੰਦਰ ਸਿੰਘ ਕੰਗ ਫਿਰੋਜ਼ਪੁਰ (ਦਿਹਾਤੀ) ਛੱਡ ਕੇ ਬਾਘਾਪੁਰਾਣਾ ਤੋਂ ਦਾਅਵੇਦਾਰ ਹਨ ਪਰ ਪਾਰਟੀ ਇਸ ਮਾਮਲੇ ਵਿੱਚ ਦੁਚਿੱਤੀ ’ਚ ਹੈ। ਸਾਬਕਾ ਕਾਂਗਰਸੀ ਤੇ ਬਸਪਾ ਆਗੂ ਕਰਨਲ ਸੀਡੀ ਸਿੰਘ ਕੰਬੋਜ਼ ਨੂੰ ਸ਼ਾਹਕੋਟ ਤੋਂ ਟਿਕਟ ਮਿਲਣ ਦੀ ਸੰਭਾਵਨਾ ਹੈ ਪਰ ਇਸ ਹਲਕੇ ਤੋਂ ਪਾਰਟੀ ਦੇ ਇਕ ਪੁਰਾਣੇ ਵਾਲੰਟੀਅਰ ਡਾਕਟਰ ਅਮਰਜੀਤ ਸਿੰਘ ਥਿੰਦ ਵੀ ਦਾਅਵੇਦਾਰ ਹਨ। ਨਵਾਂ ਸ਼ਹਿਰ ਤੋਂ ਚਰਨਜੀਤ ਸਿੰਘ ਚੰਨੀ ਅਤੇ ਸ਼ਹੀਦ ਭਗਤ ਸਿੰਘ ਪਰਿਵਾਰ ਦੇ ਨੇੜਲੇ ਜਸ਼ਨਦੀਪ ਸਿੰਘ ਸੰਧੂ ਵਿਚਕਾਰ ਜ਼ੋਰ ਅਜ਼ਮਾਈ ਚੱਲ ਰਹੀ ਹੈ। ਇਸ ਹਲਕੇ ਤੋਂ ਰੇਸ਼ਮ ਸਿੰਘ ਥਿਆੜਾ ਦੇ ਨਾਮ ਦੀ ਵੀ ਚਰਚਾ ਹੈ। ਪਾਰਟੀ ਕੈਨੇਡਾ ਇਕਾਈ ਦੀ ਕਨਵੀਨਰ ਐਨਆਰਆਈ ਜਸਕੀਰਤ ਕੌਰ ਨੂੰ ਧਰਮਕੋਟ ਤੋਂ ਚੋਣ ਲੜਾਉਣੀ ਚਾਹੁੰਦੀ ਸੀ ਪਰ ਉਨ੍ਹਾਂ ਪੰਜਾਬ ਭਰ ਵਿੱਚ ਪ੍ਰਚਾਰ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਪ੍ਰਸ਼ਾਸਕੀ ਵਿੰਗ ਦੇ ਮੁਖੀ ਤੇ ਸਾਬਕਾ ਆਈਏਐਸ ਅਧਿਕਾਰੀ ਜਸਬੀਰ ਸਿੰਘ ਬੀਰ ਚੋਣ ਲੜਨ ਦੇ ਚਾਹਵਾਨ ਨਹੀਂ ਹਨ।
ਤੀਸਰੀ ਸੂਚੀ ਵਿੱਚ ਹਿੰਦੂ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਉਮੀਦਵਾਰਾਂ ਦੇ ਵੀ ਕਾਫੀ ਨਾਮ ਹਨ। 30 ਵਿਧਾਨ ਸਭਾ ਹਲਕਿਆਂ ਵਿਚੋਂ ਵਾਲੰਟੀਅਰਾਂ ਨੇ 350 ਦੇ ਕਰੀਬ ਉਮੀਦਵਾਰਾਂ ਦੇ ਨਾਮ ਸਿਫਾਰਸ਼ ਕਰਕੇ ਭੇਜੇ ਸਨ। ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠਲੀ 18 ਮੈਂਬਰੀ ਚੋਣ ਪ੍ਰਚਾਰ ਕਮੇਟੀ ਨੇ ਹਰੇਕ ਵਿਧਾਨ ਸਭਾ ਹਲਕੇ ਤੋਂ ਪੰਜ-ਪੰਜ ਨਾਵਾਂ ਦੀ ਸਿਫਾਰਸ਼ ਕਰਕੇ ਕੁੱਲ 150 ਉਮੀਦਵਾਰਾਂ ਦੀ ਚੋਣ ਕੀਤੀ ਸੀ। ਇਸ ਤੋਂ ਬਾਅਦ ਪੰਜ ਮੈਂਬਰੀ ਸਕਰੀਨਿੰਗ ਕਮੇਟੀ ਨੇ ਇਨ੍ਹਾਂ ਪੰਜ-ਪੰਜ ਮੈਂਬਰਾਂ ਦੀ ਮੈਰਿਟ ਬਣਾ ਕੇ ਪੀਏਸੀ ਨੂੰ ਸਿਫਾਰਸ਼ ਕੀਤੀ ਸੀ। ਇਨ੍ਹਾਂ ਤੋਂ ਇਲਾਵਾ 6 ਵਿਧਾਨ ਸਭਾ ਹਲਕਿਆਂ ਦੇ 30 ਉਮੀਦਵਾਰਾਂ ਦੀ ਚੋਣ ਦਾ ਮਾਮਲਾ ਵੀ ਲਟਕਿਆ ਹੋਇਆ ਹੈ।
ਚੋਣ ਪ੍ਰਚਾਰ ਕਮੇਟੀ ਅਤੇ ਸਕਰੀਨਿੰਗ ਕਮੇਟੀਆਂ ਨੇ ਇਨ੍ਹਾਂ ਪੰਜ ਹਲਕਿਆਂ ਲਈ ਵੀ ਪੀਏਸੀ ਨੂੰ ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਸੀ। ਅੱਜ ਪੀਏਸੀ ਨੇ ਹਰੇਕ ਹਲਕੇ ਲਈ ਚੋਣ ਪ੍ਰਚਾਰ ਕਮੇਟੀ ਤੇ ਸਕਰੀਨਿੰਗ ਕਮੇਟੀਆਂ ਵੱਲੋਂ ਸਿਫਾਰਸ਼ ਕੀਤੇ ਪੰਜ-ਪੰਜ ਉਮੀਦਵਾਰਾਂ ਦੀ ਘੋਖ ਕਰਨ ਉਪਰੰਤ ਅੰਤਮ ਮੋਹਰ ਲਾਈ ਹੈ। ਪਾਰਟੀ ਵੱਲੋਂ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕਰਨ ਦੇ ਬਾਵਜੂਦ 50 ਦੇ ਕਰੀਬ ਉਮੀਦਵਾਰਾਂ ਦੀ ਚੋਣ ਕਰਨੀ ਬਾਕੀ ਹੈ ਅਤੇ ਕੁੱਝ ਹਲਕਿਆਂ ਵਿਚੋਂ ਪਾਰਟੀ ਨੂੰ ਹਾਲੇ ਤੱਕ ਯੋਗ ਉਮੀਦਵਾਰ ਹੀ ਨਹੀਂ ਮਿਲੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.