ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐਸ.ਪੀ. ਸਿੰਘ ਓਬਰਾਏ ਨੇ ਮੌਤ ਦੇ ਮੂੰਹ ‘ਚੋਂ ਬਚਾਏ 10 ਪੰਜਾਬੀ
ਦੁਬਈ, 27 ਮਾਰਚ (ਪੰਜਾਬ ਮੇਲ)- ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀਆਂ ਦੀ ਸਜ਼ਾ ਅਬੂਧਾਬੀ ਦੀ ਅਦਾਲਤ ਵੱਲੋਂ ਮੁਆਫ਼ ਕਰ ਦਿੱਤੀ ਗਈ ਹੈ। ਇੱਕ ਪਾਕਿਸਤਾਨੀ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਇਹ ਨੌਜਵਾਨ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਨ। ਮ੍ਰਿਤਕ ਨੌਜਵਾਨ ਦੇ ਪਿਤਾ ਮੁਹੰਮਦ ਫ਼ਰਹਾਨ ਨੇ ਮੁਆਫ਼ੀਨਾਮੇ ਦੇ ਕਾਗ਼ਜ਼ ਖ਼ੁਦ ਪੇਸ਼ ਹੋ ਕੇ ਅਦਾਲਤ ਵਿੱਚ ਜਮਾ ਕਰਵਾਏ। ਇਸ ਮਗਰੋਂ ਅਦਾਲਤ ਨੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ 10 ਪੰਜਾਬੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ।
ਦੁਬਈ ਸਥਿਤੀ ਭਾਰਤੀ ਅੰਬੈਸੀ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਬਲੱਡ ਮਨੀ ਅਦਾਲਤ ਵਿੱਚ ਜਮਾਂ ਕਰਵਾ ਦਿੱਤੀ ਗਈ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਅਪ੍ਰੈਲ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ। ਮੁਆਫ਼ੀ ਲਈ ਪਾਕਿਸਤਾਨ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ 60 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਹ ਪੈਸਾ ਦੁਬਈ ਦੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐਸ.ਪੀ. ਸਿੰਘ ਓਬਰਾਏ ਵੱਲੋਂ ਦਿੱਤਾ ਗਿਆ ਹੈ।
ਭਾਰਤੀ ਅੰਬੈਸੀ ਦੇ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਅਦਾਲਤ ਹੁਣ ਭਾਰਤੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦੇਵੇਗੀ। ਯਾਦ ਰਹੇ ਕਿ 2015 ਵਿੱਚ ਇੱਕ ਪਾਕਿਸਤਾਨ ਨੌਜਵਾਨ ਫ਼ਰਹਾਦ ਦੇ ਕਤਲ ਦੇ ਦੋਸ਼ ਵਿੱਚ 10 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਸਾਰੇ ਪੰਜਾਬੀ ਹਨ ਤੇ ਅਦਾਲਤ ਨੇ 2016 ਵਿੱਚ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਓਬਰਾਏ ਨੇ ਦੱਸਿਆ ਕਿ ਉਸ ਦਾ ਕੰਪਨੀ ਦਾ ਪਾਕਿਸਤਾਨੀ ਮੈਨੇਜਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੋਲ ਪੇਸ਼ਾਵਰ ਗਿਆ ਤੇ ਉਨ੍ਹਾਂ ਨੂੰ ਸਮਝੌਤੇ ਲਈ ਰਾਜ਼ੀ ਕੀਤਾ।
ਓਬਰਾਏ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨਹੀਂ ਚਾਹੁੰਦਾ ਕਿ ਉਸ ਦੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਦਸ ਲੋਕਾਂ ਸਜ਼ਾ ਮਿਲੇ। ਯਾਦ ਰਹੇ ਕਿ ਫਾਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਜ਼ਿਆਦਾ ਨੌਜਵਾਨ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਹਨ ਤੇ ਉਹ ਯੂਏਈ ਦੇ ਅੱਲ ਇੰਨ ਸ਼ਹਿਰ ਵਿੱਚ ਪਲੰਬਰ, ਇਲੈਕਟ੍ਰੇਸ਼ੀਨ, ਕਾਰਪੈਂਟਰ ਤੇ ਮਿਸਤਰੀ ਵਜੋਂ ਕੰਮ ਕਰਦੇ ਸਨ। ਇਨ੍ਹਾਂ ਵਿੱਚ ਸਾਰੇ ਨੌਜਵਾਨਾਂ ਦੀ ਉਮਰ 20 ਸਾਲ ਦੇ ਦਰਮਿਆਨ ਹੈ।
ਜਿਨ੍ਹਾਂ ਪੰਜਾਬੀਆਂ ਦੀ ਸਜ਼ਾ ਮੁਆਫ਼ ਹੋ ਹੋਈ ਹੈ, ਉਨ੍ਹਾਂ ਵਿੱਚ ਸਤਮਿੰਦਰ ਸਿੰਘ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ, ਚੰਦਰ ਸ਼ੇਖਰ ਨਵਾਂ ਸ਼ਹਿਰ, ਚਮਕੌਰ ਸਿੰਘ ਮਲੇਰਕੋਟਲਾ, ਕੁਲਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਚਲਾਂਗ, ਲੁਧਿਆਣਾ, ਧਰਮਵੀਰ ਸਿੰਘ ਸਮਰਾਲਾ, ਹਰਜਿੰਦਰ ਸਿੰਘ ਮੁਹਾਲੀ, ਤਰਸੇਮ ਸਿੰਘ ਮੱਧ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪਟਿਆਲਾ ਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ।