ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰਦਾਸਪੁਰ ਜ਼ਿਮਨੀ ਚੋਣ: ਮੁੱਖ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਚੋਣ
ਗੁਰਦਾਸਪੁਰ ਜ਼ਿਮਨੀ ਚੋਣ: ਮੁੱਖ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਚੋਣ
Page Visitors: 2395

ਗੁਰਦਾਸਪੁਰ ਜ਼ਿਮਨੀ ਚੋਣ: ਮੁੱਖ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਚੋਣ

 

ਗੁਰਦਾਸਪੁਰ ਜ਼ਿਮਨੀ ਚੋਣ: ਮੁੱਖ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਚੋਣ
August 19
14:29 2017

ਚੰਡੀਗੜ੍ਹ, 19 ਅਗਸਤ (ਪੰਜਾਬ ਮੇਲ)-ਗੁਰਦਾਸਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ-ਭਾਜਪਾ ਗੱਠਜੋੜ ਲਈ ਵਕਾਰ ਦਾ ਸਵਾਲ ਬਣ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਚੋਣ ਸਤੰਬਰ ਮਹੀਨੇ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਭਾਜਪਾ ਨੇ ਬੂਥ ਪੱਧਰ ਉੱਤੇ ਇੰਚਾਰਜ ਲਗਾ ਕੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਗੁਰਦਾਸਪੁਰ ਜਾਣ ਦੀ ਚੋਣ ਵੀ ਇਸੇ ਦੇ ਮੱਦੇਨਜ਼ਰ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸੀਪੀਆਈ ਦੇ ਸੀਨੀਅਰ ਆਗੂ ਡਾ. ਜੋਗਿੰਦਰ ਦਿਆਲ ਨਾਲ ਹੋਈ ਮੁਲਾਕਾਤ ਨੂੰ ਭਾਜਪਾ ਖਿਲਾਫ਼ ਸਾਂਝਾ ਫਰੰਟ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਗੁਰਦਾਸਪੁਰ ਸੰਸਦੀ ਸੀਟ ਫਿਲਮ ਅਦਾਕਾਰ ਵਿਨੋਦ ਖੰਨਾ ਦੇ ਅਕਾਲ ਚਲਾਣੇ ਕਰ ਕੇ ਖਾਲੀ ਹੋਈ ਸੀ। ਚੋਣ ਕਮਿਸ਼ਨ ਨੇ ਛੇ ਮਹੀਨੇ ਅੰਦਰ ਚੋਣ ਕਰਵਾਉਣੀ ਹੁੰਦੀ ਹੈ, ਪਰ ਲਗਪਗ ਚਾਰ ਮਹੀਨੇ ਲੰਘ ਚੁੱਕੇ ਹਨ। ਵਿਧਾਨ ਸਭਾ ਚੋਣਾਂ ਵਿੱਚ ਵੱਡੇ ਬਹੁਮੱਤ ਨਾਲ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੂੰ ਮਾਝੇ ਵਿੱਚ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਸੀ। ਸਰਕਾਰ ਬਣਨ ਮਗਰੋਂ ਖ਼ੁਦ ਕਾਂਗਰਸੀਆਂ ਵਿੱਚ ਬਦਲੀ ਹੋਈ ਸਰਕਾਰ ਵਾਲਾ ਉਤਸ਼ਾਹ ਮੱਠਾ ਪੈਂਦਾ ਦਿਖਾਈ ਦੇ ਰਿਹਾ ਹੈ। ਗੁਰਦਾਸਪੁਰ ਨਾਲ ਸਬੰਧਤ ਕਈ ਵਿਧਾਇਕ, ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀਆਂ ਪ੍ਰਤੀ ਨਰਮ ਵਿਵਹਾਰ ਉੱਤੇ ਖੁੱਲ੍ਹੇਆਮ ਟਿੱਪਣੀਆਂ ਕਰ ਚੁੱਕੇ ਹਨ। ਸੱਤਾ ਵਿੱਚ ਆਉਣ ਦੇ ਛੇ ਮਹੀਨੇ ਅੰਦਰ ਹੀ ਕਾਂਗਰਸ ਸਾਹਮਣੇ ਜ਼ਿਮਨੀ ਚੋਣ ਜਿੱਤਣ ਦੀ ਵੱਡੀ ਚੁਣੌਤੀ ਖੜ੍ਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਵਿੱਚ ਇਹ ਪਹਿਲੀ ਚੋਣ ਹੋਵੇਗੀ। ਇਸ ਲਈ ਅਮਰਿੰਦਰ ਸਰਕਾਰ ਦੇ ਅਕਸ ਅਤੇ ਜਾਖੜ ਦੀ ਕਾਰਗੁਜ਼ਾਰੀ ਲਈ ਇਹ ਚੋਣ ਅਹਿਮ ਮੰਨੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸੁਨੀਲ ਜਾਖੜ ਵੱਲੋਂ ਬੀਤੇ ਦਿਨੀਂ ਸੀਪੀਆਈ ਆਗੂ ਡਾ. ਜੋਗਿੰਦਰ ਦਿਆਲ ਨਾਲ ਮੁਲਾਕਾਤ ਕਰਕੇ ਸਿਆਸੀ ਼ਮਾਹੌਲ ਉੱਤੇ ਚਰਚਾ ਕੀਤੀ ਗਈ। ਇਸ ਮੁਲਾਕਾਤ ਨੂੰ ਨਵੇਂ ਸਿਆਸੀ ਸਮੀਕਰਣ ਵਜੋਂ ਦੇਖਿਆ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਨੇ ਕਿਸੇ ਨਾਲ ਵੀ ਕੋਈ ਸਮਝੌਤਾ ਨਾ ਕਰਨ ਦਾ ਸਟੈਂਡ ਲਿਆ ਸੀ। ਸੀਪੀਆਈ ਵਿੱਚ ਵੀ ਕਾਂਗਰਸ ਨਾਲ ਗੱਠਜੋੜ ਬਾਰੇ ਸਹਿਮਤੀ ਨਹੀਂ ਬਣ ਸਕੀ ਸੀ। ਹੁਣ ਕਾਂਗਰਸ ਨੇ ਭਾਜਪਾ ਖ਼ਿਲਾਫ਼ ਦੇਸ਼ ਪੱਧਰ ਉੱਤੇ ਸਾਂਝਾ ਫਰੰਟ ਬਣਾਉਣ ਦੀ ਕਵਾਇਦ ਸ਼ੁਰੂ ਕਰ ਰੱਖੀ ਹੈ। ਸੀਪੀਆਈ ਵੀ ਧਰਮ ਨਿਰਪੱਖ-ਜਮਹੂਰੀ ਸ਼ਕਤੀਆਂ ਦੇ ਸਾਂਝੇ ਮੰਚ ਦੀ ਵਕਾਲਤ ਕਰਦੀ ਆ ਰਹੀ ਹੈ। ਜਾਖੜ ਨਾਲ ਮੁਲਾਕਾਤ ਬਾਰੇ ਡਾ. ਦਿਆਲ ਨੇ ਕਿਹਾ ਕਿ ਇਸ ਮੌਕੇ ਜ਼ਿਮਨੀ ਚੋਣ ਬਾਰੇ ਤਾਂ ਚਰਚਾ ਨਹੀਂ ਹੋਈ, ਪਰ ਕੌਮੀ ਪੱਧਰ ’ਤੇ ਧਰਮ ਨਿਰਪੱਖ ਅਤੇ ਜਮਹੂਰੀ ਫਰੰਟ ਬਣਾਉਣ ਦੀ ਦਿਸ਼ਾ ਵਿੱਚ ਕੁਝ ਚਰਚਾ ਜ਼ਰੂਰ ਕੀਤੀ ਗਈ। ਉਧਰ ਸੁਨੀਲ ਜਾਖੜ ਨੇ ਕਿਹਾ ਕਿ ਗੱਠਜੋਡਬਣਾਉਣ ਜਾਂ ਨਾ ਬਣਾਉਣ ਬਾਰੇ ਫ਼ੈਸਲਾ ਹਾਈਕਮਾਨ ਹੀ ਕਰੇਗੀ, ਪਰ ਧਰਮ ਨਿਰਪੱਖ ਸ਼ਕਤੀਆਂ ਦਾ ਇੱਕ ਮੰਚ ਉੱਤੇ ਇਕੱਠੇ ਹੋਣਾ ਸਮੇਂ ਦੀ ਲੋੜ ਹੈ।
ਇਸ ਦੌਰਾਨ ਜ਼ਿਮਨੀ ਚੋਣ ’ਚ ਭਾਜਪਾ ਨੂੰ ਹਮਦਰਦੀ ਵੋਟ ਦਾ ਸਹਾਰਾ ਹੈ। ਅਕਾਲੀ ਦਲ ਨੇ ਵੀ ਮਾਝਾ ਖੇਤਰ ਵਿੱਚ ਹੀ ਜਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਕਰਕੇ ਵਿਧਾਨ ਸਭਾ ਚੋਣ ਹਾਰੇ ਕਾਰਕੁਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਹੈ। ਪਿਛਲੇ ਦਿਨੀਂ ਭਾਜਪਾ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਵੀ ਕੀਤੀ ਸੀ। ਉਧਰ ‘ਆਪ’ ਵਿਧਾਇਕ ਦਲ ਦੇ ਆਗੂ ਸੁਖਪਾਲ ਸਿੰਘ ਖਹਿਰਾ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵੇਲੇ ‘ਆਪ’ ਨੂੰ ਭਾਵੇਂ ਇਥੋਂ ਵੱਡਾ ਹੁੰਗਾਰਾ ਮਿਲਿਆ, ਪਰ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਦੂਜੀ ਵੱਡੀ ਪਾਰਟੀ ਵੱਜੋਂ ਉੱਭਰੀ ‘ਆਪ’ ਮਾਝੇ ਵਿੱਚ ਇਸ ਸਫ਼ਲਤਾ ਨੂੰ ਕੈਸ਼ ਕਰਵਾਉਣ ਵਿੱਚ ਨਾਕਾਮ ਰਹੀ।
ਸੰਸਦੀ ਸੀਟ ਲਈ ਕ੍ਰਿਕਟਰ ਦੇ ਨਾਂ ਦੀ ਚਰਚਾ
ਚੰਡੀਗੜ੍ਹ: ਕਾਂਗਰਸ ਵੱੱਲੋਂ ਗੁਰਦਾਸਪੁਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਪੰਜਾਬ ਨਾਲ ਸਬੰਧਤ ਉੱਘੇ ਕ੍ਰਿਕਟਰ ਨੂੰ ਮੈਦਾਨ ’ਚ ਉਤਾਰੇ ਜਾਣ ਦੀ ਚਰਚਾ ਜ਼ੋਰਾਂ ’ਤੇ ਹੈ। ਪਾਰਟੀ ਵਿਚਲੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੌਜਵਾਨ ਕ੍ਰਿਕਟਰ ਨੂੰ ਉਮੀਦਵਾਰ ਬਣਾਏ ਜਾਣ ਦੇ ਚਾਹਵਾਨ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਤੇ ਕ੍ਰਿਕਟਰ ਦਰਮਿਆਨ ਸ਼ੁਰੂਆਤੀ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ। ਉਂਜ ਕ੍ਰਿਕਟਰ ਕਿਸੇ ਧਾਰਮਿਕ ਡੇਰੇ ਦਾ ਭਗਤ ਦੱਸਿਆ ਜਾਂਦਾ ਹੈ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰਾਂ ਵੱਲੋਂ ਕ੍ਰਿਕਟਰ ਨੂੰ ਮਨਾਉਣ ਲਈ ਡੇਰੇ ਰਾਹੀਂ ਦਬਾਅ ਪਾਇਆ ਜਾ ਰਿਹੈ। ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਕਾਂਗਰਸ ਨੇ ਕਿਸੇ ਖਿਡਾਰੀ ਨੂੰ ਸਿਆਸੀ ਮੈਦਾਨ ’ਚ ਨਿੱਤਰਣ ਲਈ ਕਿਹਾ ਹੈ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਮੌਕੇ ਵੀ ਕਾਂਗਰਸ ਨੇ ਕ੍ਰਿਕਟਰ ਹਰਭਜਨ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਚੋਣ ਲੜਨ ਦਾ ਦਾਣਾ ਪਾਇਆ ਸੀ, ਪਰ ਮਗਰੋਂ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.