ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ
ਗ੍ਰੀਨਵੁੱਡ (ਅਮਰੀਕਾ), 18 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਇੰਡੀਆਨਾਪੋਲਿਸ ਦੇ ਇਕ ਗੁਰਦੁਆਰੇ ਵਿਚ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਹੋਈ ਝੜਪ ਦੌਰਾਨ ਚਾਰ ਸਿੱਖ ਮਾਮੂਲੀ ਜ਼ਖ਼ਮੀ ਹੋ ਗਏ। ਇਹ ਘਟਨਾ ਇੰਡੀਆਨਾਪੋਲਿਸ ਦੇ ਦੱਖਣ ਵਿਚ ਸਥਿਤ ਗੁਰਦੁਆਰੇ ਵਿਚ ਦੋ-ਸਾਲਾ ਚੋਣਾਂ ਦੌਰਾਨ ਵਾਪਰੀ।
ਗ੍ਰੀਨਵੁੱਡ ਦੇ ਅਸਿਸਟੈਂਟ ਪੁਲਿਸ ਚੀਫ਼ ਮੈਥਊ ਫਲਿਨਰੈਥ ਨੇ ਦੱਸਿਆ ਗੁਰਦੁਆਰੇ ਵਿਚ ਚੋਣ ਦੌਰਾਨ ਕਰੀਬ 150 ਜਣਿਆਂ ਦਰਮਿਆਨ ਹੋਈ ਤਕਰਾਰ ਛੇਤੀ ਹੀ ਹੱਥੋਪਾਈ ‘ਚ ਬਦਲ ਗਈ। ਇਸ ਕਾਰਨ ਮੌਕੇ ‘ਤੇ ਪੁਲਿਸ ਨੂੰ ਦਖ਼ਲ ਦੇਣਾ ਪਿਆ ਅਤੇ ਨਾਲ ਹੀ ਮੈਡੀਕਲ ਸਹਾਇਤਾ ਟੀਮਾਂ ਸੱਦਣੀਆਂ ਪਈਆਂ।
ਉਨ੍ਹਾਂ ਇਕ ਨਿਊਜ਼ ਚੈਨਲ ‘ਵਿਸ਼ ਟੀ.ਵੀ.’ ਨੂੰ ਦੱਸਿਆ ਕਿ ਚੋਣਾਂ ਦੌਰਾਨ ਲੀਡਰਸ਼ਿਪ ‘ਚ ਤਬਦੀਲੀ ਹੋਈ ਸੀ, ਜੋ ਲੜਾਈ ਦਾ ਕਾਰਨ ਬਣੀ। ਗੁਰਦੁਆਰੇ ਵਿਚ ਹਰ ਦੋ ਸਾਲਾਂ ਬਾਅਦ ਚੋਣਾਂ ਹੁੰਦੀਆਂ ਹਨ। ਸ਼੍ਰੀ ਫਲਿਨਰੈਥ ਮੁਤਾਬਕ ਸੰਭਵ ਤੌਰ ‘ਤੇ ਲੜਾਈ ਸਮੇਂ ਗੁਰਦੁਆਰੇ ਵਿਚ ਪਾਠ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਗੁਰਦੁਆਰੇ ਵਿਚ ਲੱਗੇ ਹੋਏ ਸੀ.ਸੀਟੀਵੀ ਕੈਮਰਿਆਂ ਦੀ ਫੁਟੇਜ ਘੋਖਣ ਤੋਂ ਇਲਾਵਾ ਉਥੇ ਮੌਜੂਦ ਹੋਰ ਲੋਕਾਂ ਦੇ ਬਿਆਨ ਵੀ ਕਲਮਬੰਦ ਕੀਤੇ ਜਾ ਰਹੇ ਸਨ। ਇਸ ਤੋਂ ਬਾਅਦ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।