ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ’- ਖਹਿਰਾ
‘ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ’- ਖਹਿਰਾ
Page Visitors: 2370

‘ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ’- ਖਹਿਰਾ
By : ਬਾਬੂਸ਼ਾਹੀ ਬਿਊਰੋ
Sunday, Jun 17, 2018 04:02 PM
ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਸਿੱਖ ਰੈਫਰੈਂਡਮ 2020 'ਤੇ ਬਿਆਨਬਾਜ਼ੀ ਕਾਰਨ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਪਿਛਲੇ 2 ਦਿਨਾਂ ਤੋਂ ਵਿਵਾਦਾਂ 'ਚ ਘਿਰ ਹੋਏ ਹਨ। ਅੱਜ ਸੁਖਪਾਲ ਖਹਿਰਾ ਵੱਲੋਂ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਕਿ ਉਹਨਾਂ ਵੱਲੋਂ ਸਿੱਖ ਰੈਫਰੈਂਡਮ 2020 ਬਾਰੇ ਕੋਈ ਵੀ ਅਜਿਹਾ ਬਿਆਨ ਦਿੱਤਾ ਹੀ ਨਹੀਂ ਗਿਆ ਸੀ ਜਿਸ ਨਾਲ ਵਿਵਾਦ ਪੈਦਾ ਹੋ ਸਕੇ। ਉਹਨਾਂ ਇੱਕ ਨਿੱਜੀ ਟੀ.ਵੀ ਇੰਟਰਵੀਊ 'ਚ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਮੀਡੀਆ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਖਹਿਰਾ ਨੇ ਕਿਹਾ ਕਿ ਉਹ ਇੰਨੇ ਕਮਜ਼ੋਰ ਤੇ ਕਾਇਰ ਕਿਸਮ ਦੇ ਇਨਸਾਨ ਨਹੀਂ ਹਨ ਕਿ ਆਪਣਾ ਬਿਆਨ ਦੇ ਕੇ ਬਾਅਦ ਵਿਚ ਉਸੇ ਤੋਂ ਮੁੱਕਰ ਜਾਣ।
ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਮੀਡੀਆ ਨਾਲ ਜੋ ਰਾਬਤਾ ਹੋਇਆ ਹੈ ਉਸ ਵਿਚੋਂ ਕੋਈ ਇਕ ਵਿਅਕਤੀ ਵੀ ਉਹ ਕਲਿੱਪ ਪੇਸ਼ ਕਰ ਦੇਣ ਜਿਸ ਵਿਚ ਉਹਨਾਂ ਕਿਹਾ ਹੋਵੇ ਕਿ ਉਹ ਰੈਫਰੈਂਡਮ 2020 ਦੀ ਹਮਾਇਤ ਕਰਦੇ ਹਨ, ਤਾਂ ਜੋ ਵੀ ਕਹੋਗੇ, ਉਹ ਕਰਨ ਨੂੰ ਤਿਆਰ ਹਨ। ਖਹਿਰਾ ਨੇ ਇਸ ਪੂਰੇ ਮਾਮਲੇ ਦੀ ਸੱਚਾਈ ਬਿਆਨ ਕਰਦਿਆਂ ਕਿਹਾ ਕਿ ਜਦੋਂ ਉਹ ਪੰਜਾਬ ਵਿਧਾਨ ਸਭਾ 'ਚੋਂ ਸਪੀਕਰ ਨੂੰ ਮਿਲ ਕੇ ਬਾਹਰ ਆਏ ਤਾਂ ਇੱਕ ਅੰਗ੍ਰੇਜ਼ੀ ਅਖ਼ਬਾਰ ਦੇ ਪੱਤਰਕਾਰ ਵੱਲੋਂ ਉਹਨਾਂ ਤੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੱਤਾ ਅਤੇ ਜਿਸ ਵਿਚ ਉਹਨਾਂ ਰੈਫਰੈਂਡਮ 2020 ਦੇ ਹਮਾਇਤੀ ਹੋਣ ਦੀ ਕੋਈ ਗੱਲ ਨਹੀਂ ਆਖੀ।
ਉਹਨਾਂ ਕਿਹਾ ਕਿ ਉਸ ਅੰਗ੍ਰੇਜ਼ੀ ਅਖ਼ਬਾਰ ਨੇ ਬਿਆਨ ਛਾਪ ਦਿੱਤਾ ਜਿਸ ਵਿਚ ਲਿਖਿਆ ਸੀ ਕਿ 'ਖਹਿਰਾ 2020 ਰੈਫਰੈਂਡਮ' ਦੀ ਹਾਮਇਤ ਕਰਦਾ ਹੈ। ਉਹਨਾਂ ਕਿਹਾ ਕਿ ਇਸ ਬਿਆਨ ਨੂੰ ਪੜ੍ਹਦਿਆਂ ਉਹਨਾਂ ਤੁਰੰਤ ਉਸ ਪੱਤਰਕਾਰ ਨਾਲ ਸੰਪਰਕ ਕੀਤਾ ਤੇ ਇਸ ਗਲਤ ਖ਼ਬਰ ਬਾਰੇ ਸ਼ਿਕਾਇਤ ਕੀਤੀ ਅਤੇ ਸ਼ਾਮ ਨੂੰ ਅਖ਼ਬਾਰ ਦੇ ਐਡੀਟਰ ਇਨ ਚੀਫ ਕੋਲ ਪੱਤਰਕਾਰ ਵੱਲੋਂ ਖਹਿਰਾ ਦਾ ਅਕਸ ਖਰਾਬ ਕਰਨ ਬਾਰੇ ਵੀ ਸ਼ਿਕਾਇਤ ਕੀਤੀ । ਉਹਨਾਂ ਕਿਹਾ ਕਿ ਜਿਹੜੀ ਗੱਲ ਉਹਨਾਂ ਵੱਲੋਂ ਆਖੀ ਨਹੀਂ ਗਈ, ਉਸ 'ਤੇ ਬਿਨਾ ਪੁੱਛੇ ਇਹ ਬਿਆਨ ਛਾਪਿਆ ਗਿਆ।
ਖਹਿਰਾ ਨੇ ਇਸ ਮਾਮਲੇ ਸਬੰਧੀ ਡੀਜੀਪੀ ਸੁਰੇਸ਼ ਅਰੋੜਾ 'ਤੇ ਵੀ ਇਲਜ਼ਾਮ ਲਗਾਏ ਹਨ ਕਿ ਖ਼ਬਰ ਛਾਪਣ ਵਾਲੇ ਪੱਤਰਕਾਰ ਦੇ ਡੀਜੀਪੀ ਪੰਜਾਬ ਤੇ ਦਿਨਕਰ ਗੁਪਤਾ ਡੀਜੀਪੀ ਇੰਟੈਲੀਜੈਂਸ ਨਾਲ ਸਬੰਧ ਹਨ।
ਖਹਿਰਾ ਨੇ ਇਹ ਸਾਫ ਕਿਹਾ ਕਿ ਪਿਛਲੇ ਦਿਨਾਂ ਵਿਚ ਉਹਨਾਂ ਵੱਲੋਂ ਡਰੱਗ ਮਾਫੀਆ ਖਿਲਾਫ ਖੁੱਲ੍ਹ ਕੇ ਪਰਚਾਰ ਕੀਤਾ ਗਿਆ ਸੀ ਤੇ ਜਿਸਦੇ ਚਲਦਿਆਂ ਸਰਕਾਰ ਵੱਲੋਂ ਮੀਡੀਆ ਰਾਹੀਂ ਇਕ ਰਿਪੋਰਟ ਪਲਾਂਟ ਕਰਵਾਈ ਗਈ ਹੈ।
ਖਹਿਰਾ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਉਹ ਸਿੱਖ ਰੈਫਰੈਂਡਮ 2020 ਦੇ ਸਮਰਥਕ ਨਹੀਂ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.