ਸ਼ੀਲਾ ਦੀ ਤਾਜਪੋਸ਼ੀ ਦਾ ਸਮਾਗਮ ਵਿਵਾਦਾਂ ‘ਚ ਘਿਰਿਆ
’84 ਦੇ ਦੰਗਿਆਂ ਦੇ ਮੁਲਜ਼ਮ ਨੂੰ ਮੂਹਰਲੀ ਦਾ ਮੁੱਖ ਉਦੇਸ਼ ਗਵਾਹਾਂ ਨੂੰ ਡਰਾਉਣਾ
ਨਵੀਂ ਦਿੱਲੀ, 20 ਜਨਵਰੀ (ਪੰਜਾਬ ਮੇਲ)- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਇਥੇ ਪਾਰਟੀ ਵਰਕਰਾਂ ਤੇ ਸੀਨੀਅਰ ਆਗੂਆਂ ਦੀ ਹਾਜ਼ਰੀ ‘ਚ ਦਿੱਲੀ ਕਾਂਗਰਸ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਦੀਕਸ਼ਿਤ ਦੇ ਨਾਲ ਦੇਵੇਂਦਰ ਯਾਦਵ, ਹਾਰੂਨ ਯੂਸੁਫ਼ ਤੇ ਰਾਜੇਸ਼ ਲਿਲੋਥੀਆ ਨੇ ਵੀ ਤਿੰਨ ਨਵੇਂ ਕਾਰਜਕਾਰੀ ਮੁਖੀਆ ਵਜੋਂ ਚਾਰਜ ਲਿਆ।
ਇਸ ਦੌਰਾਨ ਜਗਦੀਸ਼ ਟਾਈਟਲਰ, ਜੋ 1984 ਸਿੱਖ ਵਿਰੋਧੀ ਦੰਗਿਆਂ ‘ਚ ਮੁਲਜ਼ਮ ਵਿਚ ਹੈ, ਦੀ ਮੌਜੂਦਗੀ ਨਾਲ ਸਮਾਗਮ ਵਿਵਾਦਾਂ ‘ਚ ਘਿਰ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਮਾਗਮ ਦੌਰਾਨ ਟਾਈਟਲਰ ਨੂੰ ਮੂਹਰਲੀ ਸੀਟ ਦੇਣ ਪਿੱਛੇ ਕਾਂਗਰਸ ਦਾ ਮੁੱਖ ਆਸ਼ਾ ’84 ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ‘ਚ ਗਵਾਹਾਂ ਨੂੰ ਡਰਾਉਣਾ, ਧਮਕਾਉਣਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਮਾਗਮ ਵਿਚ ਟਾਈਟਲਰ ਦੀ ਮੌਜੂਦਗੀ ਬਾਰੇ ਰਾਹੁਲ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਉਹੀ ਕਰ ਰਹੇ ਹਨ, ਜੋ ਉਨ੍ਹਾਂ ਦੇ ਪਰਿਵਾਰ ਨੇ ਕੀਤਾ।
ਇਸ ਤੋਂ ਪਹਿਲਾਂ ਸਥਾਨਕ ਰਾਜੀਵ ਭਵਨ ਸਥਿਤ ਕਾਂਗਰਸ ਦਫ਼ਤਰ ਵਿਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਇਹ ਅਹੁਦਾ ਅਜੈ ਮਾਕਨ ਵੱਲੋਂ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਦਿੱਤੇ ਅਸਤੀਫ਼ੇ ਕਰਕੇ ਖਾਲੀ ਪਿਆ ਸੀ। ਸ਼੍ਰੀਮਤੀ ਦੀਕਸ਼ਿਤ ਨੇ ਕਿਹਾ ਕਿ ਉਹ ਦਿੱਲੀ ਵਿਚ ਪਾਰਟੀ ਨੂੰ ਨਵੀਂ ਬੁਲੰਦੀਆਂ ‘ਤੇ ਲਿਜਾਣ ਦੀ ਕੋਸ਼ਿਸ਼ ਕਰਨਗੇ ਤੇ ਉਨ੍ਹਾਂ ਇਸ ਕਾਰਜ ਲਈ ਜ਼ਮੀਨੀ ਪੱਧਰ ‘ਤੇ ਵਰਕਰਾਂ ਦੀ ਮਦਦ ਵੀ ਮੰਗੀ।
ਸਮਾਗਮ ‘ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ ਤੋਂ ਖਫ਼ਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਟਾਈਟਲਰ ਨੂੰ ਕਾਂਗਰਸ ਵੱਲੋਂ ਮੰਚ ‘ਤੇ ਬਿਠਾਉਣ ਦਾ ਮਕਸਦ ਕਤਲੇਆਮ ਦੇ ਗਵਾਹਾਂ ਤੇ ਜਾਂਚ ਏਜੰਸੀਆਂ ਨੂੰ ਇਹ ਸਖ਼ਤ ਸੰਦੇਸ਼ ਦੇਣਾ ਹੈ ਕਿ ਕਾਂਗਰਸ ਹਾਈ ਕਮਾਂਡ ਜਗਦੀਸ਼ ਟਾਈਟਲਰ ਨਾਲ ਖੜ੍ਹੀ ਹੈ ਅਤੇ ਕੋਈ ਵੀ ਇਸ ਕਾਂਗਰਸੀ ਆਗੂ ਖ਼ਿਲਾਫ਼ ਗਵਾਹੀ ਦੇਣ ਦੀ ਜੁਰੱਅਤ ਨਾ ਕਰ ਸਕੇ। ਸੂਤਰਾਂ ਮੁਤਾਬਕ ਸਾਬਕਾ ਪ੍ਰਧਾਨ ਅਜੈ ਮਾਕਨ ਤੇ ਹੋਰ ਆਗੂਆਂ ਨੇ ਵੀ ਟਾਈਟਲਰ ਦੇ ਮੰਚ ਉਪਰ ਹਾਜ਼ਰ ਹੋਣ ਉਪਰ ਉਜਰ ਕੀਤਾ। ਸਮਾਗਮ ਦੌਰਾਨ ਜਦੋਂ ਟਾਈਟਲਰ ਤੋਂ ਸਿੱਖ ਕਤਲੇਆਮ ਬਾਰੇ ਪੁੱਛਿਆ ਗਿਆ, ਤਾਂ ਉਹ ਆਪਣਾ ਨਾਂ ਆਉਣ ਤੋਂ ਭੜਕ ਗਏ। ਟਾਈਟਲਰ ਨੇ ਉਨ੍ਹਾਂ ਦੀ ਮੌਜੂਦਗੀ ਉਪਰ ਸਵਾਲ ਚੁੱਕਣ ਵਾਲਿਆਂ ਨੂੰ ਹੀ ਗ਼ਲਤ ਠਹਿਰਾਇਆ।
ਇਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸਮਾਗਮ ‘ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।