ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਚਿੱਟੀ ਸਿੰਘ ਪੁਰਾ’ ਸਿੱਖ ਕਤਲੇਆਮ ਦੇ 19 ਸਾਲ ਹੋਏ ਪੂਰੇ- ਸੀ.ਬੀ.ਆਈ. ਰਿਪੋਰਟ ਨੂੰ ਜਨਤਕ ਕਰ, ਕਾਤਲਾਂ ਨੂੰ ਜੇਲ੍ਹ ‘ਚ ਡੱਕਣ ਦੀ ਉੱਠੀ ਮੰਗ
‘ਚਿੱਟੀ ਸਿੰਘ ਪੁਰਾ’ ਸਿੱਖ ਕਤਲੇਆਮ ਦੇ 19 ਸਾਲ ਹੋਏ ਪੂਰੇ- ਸੀ.ਬੀ.ਆਈ. ਰਿਪੋਰਟ ਨੂੰ ਜਨਤਕ ਕਰ, ਕਾਤਲਾਂ ਨੂੰ ਜੇਲ੍ਹ ‘ਚ ਡੱਕਣ ਦੀ ਉੱਠੀ ਮੰਗ
Page Visitors: 2473

ਚਿੱਟੀਸਿੰਘਪੁਰਾ ਸਿੱਖ ਕਤਲੇਆਮ ਦੇ 19 ਸਾਲ ਹੋਏ ਪੂਰੇ
- ਸੀ.ਬੀ.ਆਈ ਰਿਪੋਰਟ ਨੂੰ ਜਨਤਕ ਕਰ ਕਾਤਲਾਂ ਨੂੰ ਜੇਲ੍ਹਾਂ 'ਚ ਡੱਕਣ ਦੀ ਉੱਠੀ ਮੰਗ

By : ਬਾਬੂਸ਼ਾਹੀ ਬਿਊਰੋ
Thursday, Mar 21, 2019 09:57 AM

   ਬ੍ਰਿਸਬੇਨ, 21 ਮਾਰਚ 2019 -
 ਕਰਤਾਰਪੁਰ ਲਾਂਘੇ ਦੇ ਪ੍ਰਚਾਰਕ ਤੇ ਪ੍ਰਸਿੱਧ ਲਿਖਾਰੀ ਬੀ. ਐਸ.ਗੁਰਾਇਆ ਜੋ ਚਿੱਟੀਸਿੰਘਪੁਰਾ ਦੇ ਕਤਲੇਆਮ ਦੇ ਇਨਸਾਫ ਲਈ ਵੀ ਪਿਛਲੇ 19 ਸਾਲਾਂ ਤੋਂ ਦੁਹਾਈ ਦੇ ਰਹੇ ਨੇ। ਉਨ੍ਹਾਂ ਪ੍ਰੈਸ ਨੋਟ ਜਾਰੀ ਕਰਕੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਚਿੱਟੀਸਿੰਘਪੁਰਾ ਕਤਲੇਆਮ 'ਤੇ ਸੀ ਬੀ ਆਈ ਦੀ ਰਿਪੋਰਟ 'ਤੇ ਅਮਲ ਕਰਦੇ ਹੋਏ ਕਾਤਲਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇ। 
ਯਾਦ ਰਹੇ 20 ਮਾਰਚ 2000 ਨੂੰ ਕਸ਼ਮੀਰ ਦੇ ਚਿੱਟੀਸਿੰਘਪੁਰਾ ਪਿੰਡ ਵਿਚ 35 ਨਿਰਦੋਸ਼ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੇ ਗੋਲੀਆਂ ਨਾਲ ਭੁੰਨ ਦਿਤਾ ਸੀ। ਗੁਰਾਇਆ ਨੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ ਕਿ ਅੱਜ ਇਸ ਕਤਲੇਆਮ ਨੂੰ 19 ਸਾਲ ਪੂਰੇ ਹੋ ਗਏ ਨੇ ਪਰ ਭਾਰਤ ਸਰਕਾਰ ਨੇ ਇਸ ਬਾਬਤ ਚੁੱਪ ਸਾਧੀ ਹੋਈ ਹੈ। ਇਹ ਬੇਇਨਸਾਫੀ ਭਾਰਤੀ ਲੋਕਤੰਤਰ ਤੇ ਨਿਆਂ ਪ੍ਰਣਾਲੀ ਦੇ ਚਿਹਰੇ 'ਤੇ ਦਾਗ ਹੈ।
  ਗੁਰਾਇਆ, ਜੋ ਕਿ ਅੱਜ ਕੱਲ੍ਹ ਅਸਟ੍ਰੇਲੀਆ ਦੌਰੇ 'ਤੇ ਹਨ ਨੇ ਉਸ ਦੁਖਦਾਈ ਘਟਨਾ ਨੂੰ ਇੰਝ ਬਿਆਨ ਕੀਤਾ ਹੈ :

ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ 24 ਮਾਰਚ 2000 ਨੂੰ ਇੰਡੀਆ ਆਉਂਦਾ ਹੈ। ਉਹਦੇ ਆਉਣ ਤੋਂ ਚਾਰ ਦਿਨ ਪਹਿਲਾਂ ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ ਵਿਚ ਨਿਰਦੋਸ਼ 35 ਸਿੱਖ ਮਾਰ ਦਿੱਤੇ ਜਾਂਦੇ ਹਨ। ਸਰਕਾਰ ਤੇ ਭਾਰਤੀ ਮੀਡੀਆ ਦੁਹਾਈ ਦੇ ਦਿੰਦਾ ਹੈ ਕਿ ਇਹ ਪਾਕਿਸਤਾਨੀ ਅੱਤਵਾਦੀਆਂ ਦੀ ਕਰਤੂਤ ਹੈ।
25 ਮਾਰਚ ਨੂੰ ਪਿੰਡ ਪੱਥਰੀਬਲ ਵਿਚ ਭਾਰਤੀ ਫੌਜ 5 ਮੁਸਲਮਾਨਾਂ ਨੂੰ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਉਹੋ ਪਾਕਿਸਤਾਨੀ ਅੱਤਵਾਦੀ ਹਨ, ਜਿੰਨਾਂ ਨੇ ਚਿੱਟੀਸਿੰਘਪੁਰਾ ਦਾ ਕਾਰਾ ਕੀਤਾ ਸੀ।  ਉਧਰ ਇਲਾਕੇ ਦੇ ਪੰਜ ਵਸਨੀਕ ਗਾਇਬ ਹਨ। ਦੁਹਾਈ ਮੱਚ ਜਾਂਦੀ ਹੈ ਕਿ ਪੱਥਰੀਬਲ ਵਿਖੇ ਮਾਰੇ ਗਏ 5 ਲੋਕ ਸਥਾਨਕ ਵਸਨੀਕ ਹੀ ਹਨ। ਮਿਲਟਰੀ ਕਹਿੰਦੀ ਕਿ ਨਹੀ ਉਹ ਪਾਕਿਸਤਾਨੀ ਸਨ। ਲੋਕੀਂ ਕਹਿੰਦੇ ਕਿ ਕਬਰਾਂ ‘ਚੋਂ ਲਾਸ਼ਾਂ ਪੁੱਟੋ।
ਮੁਜਾਹਰਾ ਹੁੰਦਾ ਹੈ। ਪੁਲਿਸ 8 ਮੁਜਾਹਰਾਕਾਰੀ ਮਾਰ ਦਿੰਦੀ ਹੈ।
  ਪੂਰੇ ਕਸ਼ਮੀਰ ਵਿਚ ਤੜਥੱਲੀ ਮਚ ਜਾਂਦੀ ਹੈ। ਸਰਕਾਰ ਕਬਰਾਂ ਨੰਗੀਆਂ ਕਰਨ ਨੂੰ ਮੰਨ ਜਾਂਦੀ ਹੈ। ਲਾਸ਼ਾਂ ਪਛਾਣੀਆਂ ਗਈਆਂ। ਤਾਂ ਸਾਬਤ ਹੋ ਜਾਂਦਾ ਹੈ ਕਿ  ਇਹ ਤਾਂ ਇਲਾਕੇ ਦੇ ਵਸਨੀਕ ਹੀ ਸਨ। ਖੋਜ ਪੜਤਾਲ ਹੁੰਦੀ ਹੈ। ਸਾਫ ਹੋ ਜਾਂਦਾ ਹੈ ਕਿ ਫੌਜ ਨੇ ਵੱਡਾ ਧੱਕਾ ਕਰਕੇ ਨਿਰਦੋਸ਼ ਸਥਾਨਕ ਸ਼ਹਿਰੀਆਂ ਦਾ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ । ਅਫਸਰਾਂ 'ਤੇ ਮੁਕੱਦਮਾ ਚਲਦਾ ਹੈ।
  ਦੂਸਰੇ ਪਾਸੇ ਸੀ ਬੀ ਆਈ ਚਿੱਟੀਸਿੰਘਪੁਰਾ ਕਤਲੇਆਮ ਦੀ ਪੜਤਾਲ ਵੀ ਕਰਦੀ ਹੈ। ਸ਼ੱਕ ਹੈ ਕਿ ਚਿੱਟੀਸਿੰਘਪੁਰਾ ਦਾ ਕਤਲਾਮ ਵੀ ਓਨਾਂ ਅਫਸਰਾਂ ਨੇ ਹੀ ਕੀਤਾ ਹੋਵੇਗਾ ਜਿੰਨਾਂ ਪੱਥਰੀਬਲ ਦਾ। ਸਰਕਾਰ ਸੀ ਬੀ ਆਈ ਦੀ ਰਿਪੋਰਟ ਦਬਾ ਕੇ ਬਹਿ ਜਾਂਦੀ ਹੈ। ਅਦਾਲਤ ਵਿਚ ਕੇਸ ਵੀ ਬੰਦ ਕਰ ਦਿੱਤਾ ਜਾਂਦਾ ਹੈ।
 ਮਤਲਬ ਕਿ ਜਿਹੜੇ ਪੰਜ ਮੁਸਲਮਾਨ ਮਰੇ ਸਨ ਉਨ੍ਹਾਂ ਨੂੰ ਤਾਂ ਇਨਸਾਫ ਮਿਲ ਜਾਂਦਾ ਹੈ, ਪਰ ਜਿਹੜੇ 35 ਮਰੇ ਸਨ ਉਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ। ਕਿਉਕਿ ਉਹ ਸਿੱਖ ਸਨ। ਕਿਉਕਿ ਸਿੱਖਾਂ ਦੀ ਗਿਣਤੀ ਤਾਂ ਨਿਗੂਣੀ ਜਿਹੀ ਹੈ। ਗੱਲ ਓਹ ਹੈ ਕਿ ਸਾਨ੍ਹਾਂ ਦੇ ਭੇੜ ਵਿਚ ਫਸਲਾਂ ਦਾ ਨਾਸ।
ਗੁਰਾਇਆ ਨੇ ਪੁਕਾਰ ਕੇ ਕਿਹਾ ਹੈ ਕਿ  ਚੋਣਾਂ ਦੇ ਦਿਨ ਹਨ, ਕੀ ਕੋਈ ਪਾਰਟੀ ਮਜ਼ਲੂਮਾਂ ਦੀ ਬਾਂਹ ਫੜੇਗੀ ਤੇ ਇਨਸਾਫ ਦੀ ਮੰਗ ਕਰੇਗੀ ?
ਇਹ ਵਾਰਦਾਤ ਭਾਜਪਾ ਦੀ ਸਰਕਾਰ ਵੇਲੇ ਹੋਈ ਸੀ। ਜਿਸ ਕਰਕੇ ਭਾਈਵਾਲ ਅਕਾਲੀਆਂ ਤੋਂ ਤਾਂ ਉਮੀਦ ਹੀ ਨਾਂ ਰੱਖੋ। ਗੁਰਾਇਆ ਨੇ ਇਲਜਾਮ ਲਾਇਆ ਕਿ ਅਕਾਲੀ ਦਲ ਤਾਂ ਅੱਜ ਬਾਦਲ ਪਰਿਵਾਰ ਦਾ ਗੁਲਾਮ ਹੋ ਗਿਆ ਹੈ ਤੇ ਲੋਕਤੰਤਰੀ ਕਦਰਾਂ ਕੀਮਤਾਂ ਭੁੱਲ ਚੁੱਕਾ ਹੈ। ਗੁਰਾਇਆ ਨੇ ਪੁਕਾਰਿਆ ਹੈ ਕਿ  ਕੋਈ ਆਮ ਆਦਮੀ, ਕੋਈ ਕਾਂਗਰਸੀ ਇਹ ਸਵਾਲ ਉਠਾਏ ਜਿਵੇ ਅਕਾਲੀ, ਦਿੱਲੀ ਕਤਲਾਮ ਦੀ ਉਠਾਉਂਦੇ ਨੇ।  
  ਅੰਤ ਵਿਚ ਗੁਰਾਇਆ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੀ ਬੀ ਆਈ ਰਿਪੋਰਟ ਨੂੰ ਜਨਤਕ ਕਰਦੇ ਹੋਏ ਕਾਤਲਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਏ।  ਜੇ ਸਰਕਾਰ ਅਜੇ ਵੀ ਕਾਤਲਾਂ ਤੇ ਪਰਦਾ ਪਾਈ ਰੱਖਦੀ ਹੈ ਤਾਂ ਇਹ ਕੋਈ ਲੋਕਤੰਤਰ ਨਹੀ, ਇਹ ਤਾਂ ਕੋਈ ਕੇਲਾਤੰਤਰ ਹੀ ਕਹਾਏਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.