ਸ਼੍ਰ: ਢੀਂਡਸਾ ਨੇ ਮਸਤੂਆਣਾ ਵਿਖੇ ਖੁਦ ਵੱਖਰੀ ਕਮੇਟੀ ਬਣਾਈ ਹੋਈ ਹੈ: ਫੱਗੂਵਾਲਾ
ਰਾਜ ਸਭਾ `ਚ ਹਰਿਆਣਾ ਦੀ ਵੱਖਰੀ ਕਮੇਟੀ ਸਬੰਧੀ ਰੌਲਾ ਪਾਉਣ ਵਾਲੇ ਸ਼੍ਰ: ਢੀਂਡਸਾ ਨੇ ਮਸਤੂਆਣਾ ਵਿਖੇ ਖੁਣ ਵੱਖਰੀ ਕਮੇਟੀ ਬਣਾਈ ਹੋਈ ਹੈ: ਫੱਗੂਵਾਲਾ
ਇੱਕ ਕਰੋੜ ਮਹੀਨਾ ਦੀ ਆਮਦਨ ਵਾਲੇ ਮਸਤੂਆਣਾ ਟਰੱਸਟ ਵੱਲੋਂ ਸ੍ਰੋਮਣੀ ਕਮੇਟੀ ਖਿਲਾਫ ਸੁਪਰੀਮ ਕੋਰਟ ਤੱਕ ਕੇਸ ਲੜੇ ਜਾ ਰਹੇ ਹਨ
ਯੂਨਾਇਟਿਡ ਸਿੱਖ ਮੂਵਮੈਂਟ 27 ਜੁਲਾਈ ਨੂੰ ਢੀਂਡਸਾ ਦੀ ਕੋਠੀ ਅੱਗੇ ਰੱਖੇਗਾ ਭੁੱਖ ਹੜਤਾਲ
ਬਰਨਾਲਾ, 23 ਜੁਲਾਈ (ਜਗਸੀਰ ਸਿੰਘ ਸੰਧੂ) : ਹਰਿਆਣਾ ਸਿੱਖ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ `ਤੇ ਰਾਜ ਸਭਾ ਵਿੱਚ ਰੌਲਾ ਪਾਉਣ ਵਾਲੇ ਸ੍ਰ: ਸੁਖਦੇਵ ਸਿੰਘ ਢੀਂਡਸਾ ਤਾਂ ਆਪ ਖੁਦ ਪੰਜਾਬ ਵਿੱਚ ਹੀ ਸ੍ਰੋਮਣੀ ਕਮੇਟੀ ਦੇ ਮੁਕਾਬਲੇ ਵੱਖਰੀ ਕਮੇਟੀ ਬਣਾਈ ਬੈਠੇ ਹਨ। ਯੂਨਾਇਟਿਡ ਸਿੱਖ ਮੂਵਮੈਂਟ ਦੇ ਜਰਨਲ ਸਕੱਤਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਅਤੇ ਮੂਵਮੈਂਟ ਦੇ ਸੀਨੀਅਰ ਆਗੂ ਤੇ ਏਕ ਨੂਰ ਖਾਲਸਾ ਫੌਜ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਈਸੜੂ ਨੇ ਇੱਕ ਸਾਂਝੇ ਬਿਆਨ ਰਾਹੀਂ ਇਹ ਦੋਸ਼ ਲਾਏ ਹਨ।
ਸਥਾਨਿਕ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਇਹਨਾਂ ਸਿੱਖ ਆਗੂਆਂ ਨੇ ਕਿਹਾ ਹੈ ਕਿ ਗੁਰਦੁਆਰਾ ਮਸਤੂਆਣਾ ਕੋਲ ਇੱਕ ਹਜਾਰ ਵਿਘਾ ਜਮੀਨ ਹੈ ਅਤੇ ਗੁਰਦਬਆਰਾ ਮਸਤੂਆਣਾ ਦੀ ਇੱਕ ਮਹੀਨੇ ਦੀ ਆਮਦਨ ਇੱਕ ਕਰੋੜ ਰੁਪਏ ਹੈ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਚੇਅਰਮੈਨ ਸ੍ਰ: ਸੁਖਦੇਵ ਸਿੰਘ ਢੀਂਡਸਾ ਹੈ ਅਤੇ ਸਮੁੱਚਾ ਪ੍ਰਬੰਧ ਉਹਨਾਂ ਦੀ ਦੇਖਰੇਖ ਹੇਠ ਚੱਲ ਰਿਹਾ ਹੈ। ਅੱਜ ਹਰਿਆਣਾ ਦੀ ਵੱਖਰੀ ਕਮੇਟੀ ਦੇ ਵਿਰੋਧ ਵਿੱਚ ਰਾਜ ਸਭਾ ਵਿੱਚ ਰੌਲਾ ਪਾਉਣ ਵਾਲੇ ਸ੍ਰ: ਢੀਂਡਸਾ ਦੀ ਅਗਵਾਈ ਵਾਲਾ ਗੁਰਦੁਆਰਾ ਮਸਤੂਆਣਾ ਦਾ ਟਰੱਸਟ ਅਰਬਾਂ ਰੁਪਏ ਦੇ ਜਾਇਦਾਦ ਅਤੇ ਕਰੋੜਾਂ ਰੁਪਏ ਦੀ ਮਹੀਨਾਵਾਰ ਆਮਦਨ `ਤੇ ਕਬਜਾ ਬਣਾਈ ਰੱਖਣ ਲਈ ਸ਼੍ਰੋਮਣੀ ਕਮੇਟੀ ਨਾਲ ਸੰਗਰੂਰ ਅਦਾਲਤ ਤੋਂ ਲੈਕੇ ਸੁਪਰੀਮ ਕੋਰਟ ਤੱਕ ਕੇਸ ਲੜ ਰਿਹਾ ਹੈ।
ਉਹਨਾਂ ਕਿਹਾ ਕਿ ਅਕਾਲੀ ਆਗੂਆਂ ਦਾ ਇੱਕ ਦੋਹਰਾ ਕਿਰਦਾਰ ਹੈ ਕਿ ਇੱਕ ਪਾਸੇ ਤਾਂ ਹਰਿਆਣੇ ਦੇ ਸਿੱਖਾਂ ਨੂੰ ਉਥੋਂ ਦਾ ਪ੍ਰਬੰਧ ਨਹੀਂ ਦੇ ਰਹੇ ਅਤੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਸ੍ਰੋਮਣੀ ਕਮੇਟੀ ਨੂੰ ਤੋੜਨ ਦਾ ਰੌਲਾ ਪਾਕੇ ਮੋਰਚਾ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਦੂਸਰੇ ਪਾਸੇ ਆਪ ਪੰਜਾਬ ਦੇ ਗੁਰਦੁਆਰਾ ਸਾਹਿਬਾਨ `ਤੇ ਕਬਜਾ ਕਰੀ ਬੈਠੇ ਹਨ ਅਤੇ ਕਬਜਾ ਬਣਾਈ ਰੱਖਣ ਲਈ ਸ੍ਰੋਮਣੀ ਕਮੇਟੀ ਦੇ ਖਿਲਾਫ਼ ਸੁਪਰੀਮ ਕੋਰਟ ਤੱਕ ਕੇਸ ਝਗੜ ਰਹੇ ਹਨ। ਇਹਨਾਂ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਦਤਸਰ ਦੀ ਤਰਜ `ਤੇ ਉਸਾਰੇ ਗਏ ਗੁਰਦੁਆਰੇ ਵਿੱਚ ਅਜੇ ਤੱਕ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਬਾਵਜੂਦ ਤਬਦੀਲੀ ਨਾ ਕਰਨ ਅਤੇ ਇਮਾਰਤ ਨੂੰ ਨਾ ਢਾਹੇ ਜਾਣ ਦੇ ਮਾਮਲੇ `ਤੇ ਸਬੰਧ ਧਿਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਹਨਾਂ ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਯਾਦ ਕਰਵਾਇਆ ਹੈ ਕਿ 20 ਜੂਨ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ “ਮਸਤੂਆਣੇ ਵਿਖੇ ਸਰੋਵਰ ਵਿੱਚ ਬਣੀ ਬਿਲਡਿੰਗ ‘ਜੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਭੁਲੇਖਾ ਪਾਉਂਦੀ ਹੈ, ਉਸਦਾ ਸਰੋਵਰ ਪੂਰ ਦਿੱਤਾ ਜਾਵੇ ਅਤੇ ਬਿਲਡਿੰਗ ਨੂੰ ਜਾਂਦਾ ਪੁੱਲ ਢਾਹ ਦਿੱਤਾ ਜਾਵੇ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਰਿ ਕੀ ਪੌੜੀ ਵਰਗੀ ਦਿੱਖ ਪਾਉਂਦੀ ਬਿਲਡਿੰਗ ਦਾ ਹਿੱਸਾ ਗਿਰਾ ਦਿੱਤਾ ਜਾਵੇ ਅਤੇ ਬਿਲਡਿੰਗ ਦੇ ਆਲੇ ਦੁਆਲੇ ਬਰਾਂਡਾ ਬਣਾ ਦਿੱਤਾ ਜਾਵੇ। ਬਿਲਡਿੰਗ ਦੀਆਂ ਗੁਬੰਦੀਆਂ ਢਾਹ ਕੇ ਕੇਵਲ ਇੱਕ ਹੀ ਗੁੰਬਦ ਬਣਾ ਦਿੱਤਾ ਜਾਵੇ ਅਤੇ ਇਸ ਬਿਲਡਿੰਗ ਦਾ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਸਤੂਆਣਾ ਰੱਖ ਦਿੱਤਾ ਜਾਵੇ।” ਇਹ ਹੁਕਮਨਾਮੇ ਇਹ ਵੀ ਕਿਹਾ ਗਿਆ ਕਿ ਇਸ ਬਿਲਡਿੰਗ ਦੇ ਪ੍ਰਬੰਧਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋ ਕੇ ਪਸਚਾਤਾਪ ਕਰਨ,
ਪਰ ਇਸ ਘਟਨਾਕ੍ਰਮ ਬਾਰੇ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਗਾਰ ਕਦਮ ਚੁਕਿਆ ਹੈ ਅਤੇ ਨਾ ਹੀ ਗੁਰਦੁਆਰਾ ਮਸਤੂਆਣਾ ਦੀ ਪ੍ਰਬੰਧਕੀ ਕਮੇਟੀ ਨੇ ਗੰਭੀਰਤਾ ਨਾਲ ਲਿਆ ਹੈ। ਇਹਨਾਂ ਆਗੂਆਂ ਨੇ ਜਿਥੇ ਪ੍ਰਕਾਸ ਸਿੰਘ ਬਾਦਲ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਮੱਖ ਮੱਦ ਵਿੱਚ ਪਾਏ ਗਏ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰਨ ਦੀ ਬਿਜਾਏ ਸਿੱਖ ਕੌਮ ਨੂੰ ਗੁਮਰਾਹ ਕਰਕੇ ਹਰਿਆਣੇ ਗੁਰਦੁਆਰਿਆਂ ਦੀ ਗੋਲਕ ਲਈ ਬਚਾਉਣ ਲਈ ਮੋਰਚਾ ਲਾ ਰਿਹਾ ਹੈ, ਉਥੇ ਸ੍ਰ: ਬਾਦਲ ਦਾ ਸਭ ਤੋਂ ਨੇੜਲਾ ਸਾਥੀ ਸ੍ਰ: ਸੁਖਦੇਵ ਸਿੰਘ ਢੀਂਡਸਾ ਖੁਦ ਪੰਜਾਬ ਦੇ ਅੰਦਰ ਹੀ ਸ੍ਰੋਮਣੀ ਕਮੇਟੀ ਦੇ ਮੁਕਾਬਲੇ `ਤੇ ਕਮੇਟੀ ਬਣਾਈ ਬੈਠਾ ਹੈ ਅਤੇ ਰਾਜ ਸਭਾ `ਚ ਹਰਿਆਣੇ ਦੀ ਵੱਖਰੀ ਕਮੇਟੀ ਦੇ ਖਿਲਾਫ ਰੌਲਾ ਪਾ ਰਿਹਾ ਹੈ। ਇਹਨਾਂ ਆਗੂਆਂ ਨੇ ਕਿਹਾ ਹੈ ਕਿ ਯੂਨਾਇਟਿਡ ਸਿੱਖ ਮੂਵਮੈਂਟ ਦੀ ਅੱਜ ਹੋਈ ਇੱਕ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 27 ਜੁਲਾਈ ਨੂੰ ਹੀ ਸ੍ਰ: ਸੁਖਦੇਵ ਸਿੰਘ ਢੀਂਡਸਾ ਦੀ ਸੰਗਰੂਰ ਵਾਲੀ ਕੋਠੀ ਸਾਹਮਣੇ (ਨਾਨਕੀਆਣਾ ਚੌਂਕ) ‘ਗੁਰਦੁਆਰਾ ਮਸਤੂਆਣਾ ਛੱਡੋ’ ਸੰਘਰਸ਼ ਸੁਰੂ ਕੀਤਾ ਜਾਵੇਗਾ ਅਤੇ ਪੰਜ ਮੈਂਬਰੀ ਵਫਦ ਇੱਕ ਦੀ ਭੁੱਖ ਹੜਤਾਲ `ਤੇ ਬੈਠੇਗਾ ਤਾਂਕਿ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ 27 ਜੁਲਾਈ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਪੰਥਕ ਇੱਕਠ ਦੇ ਮੁਕਾਬਲੇ ਸਿੱਖ ਜਗਤ ਦਾ ਧਿਆਨ ਇਸ ਮਾਮਲੇ ਵੱਲ ਖਿਚਿਆ ਜਾ ਸਕੇ। ਇਸ ਮੌਕੇ ਯੂਨਾਇਟਿਡ ਸਿੱਖ ਮੂਵਮੈਂਟ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕੈਰੇ, ਸੰਗਰੂਰ ਦੇ ਪ੍ਰਧਾਨ ਬਿੱਕਰ ਸਿੰਘ ਔਲਖ, ਇਕਬਾਲ ਸਿੰਘ, ਪ੍ਰਿਤਪਾਲ ਸਿੰਘ, ਸੋਹਨ ਸਿੰਘ, ਹਰਪਾਲ ਸਿੰਘ ਅਤੇ ਗੁਰਦੀਪ ਸਿੰਘ ਖੰਨਾ ਆਦਿ ਸਾਮਲ ਸਨ।