ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼ਰਾਰਤਪੂਰਨ ਬਿਆਨ ਦੇਣ ਤੋਂ ਪਹਿਲਾਂ ਭਾਗਵਤ ਸਿੱਖਾਂ ਦਾ ਇਤਿਹਾਸ ਪੜ੍ਹ ਲਵੇ:
ਸ਼ਰਾਰਤਪੂਰਨ ਬਿਆਨ ਦੇਣ ਤੋਂ ਪਹਿਲਾਂ ਭਾਗਵਤ ਸਿੱਖਾਂ ਦਾ ਇਤਿਹਾਸ ਪੜ੍ਹ ਲਵੇ:
Page Visitors: 2435

ਸ਼ਰਾਰਤਪੂਰਨ ਬਿਆਨ ਦੇਣ ਤੋਂ ਪਹਿਲਾਂ ਭਾਗਵਤ ਸਿੱਖਾਂ ਦਾ ਇਤਿਹਾਸ ਪੜ੍ਹ ਲਵੇ:
ਭਾਈ ਪੰਥਪ੍ਰੀਤ ਸਿੰਘ
ਕੁਰਸੀ ਦੇ ਭੁੱਖੇ ਸਾਡੇ ਲੀਡਰਾਂ ਦਾ ਦੋਗਲਾਪਨ ਹੀ ਭਾਗਵਤ ਵਰਗਿਆਂ ਨੂੰ ਇਹ ਆਖਣ ਦਾ ਹੌਸਲਾ ਪ੍ਰਦਾਨ ਕਰਦਾ ਹੈ ਕਿ ਹਿੰਦੂ ਧਰਮ ਵਿੱਚ ਸਿੱਖਾਂ ਨੂੰ ਜ਼ਜ਼ਬ
ਕਰਨ ਦੀ ਸਮਰੱਥਾ ਹੈ
ਬਠਿੰਡਾ, ੨੬ ਅਗਸਤ (ਕਿਰਪਾਲ ਸਿੰਘ): ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਦੱਸਕੇ ਹਿੰਦੂਤਵ ਇਸ
ਦੀ ਪਹਿਚਾਣ ਅਤੇ ਇਹ (ਹਿੰਦੂਤਵ) ਹੋਰਨਾਂ ਧਰਮਾਂ ਨੂੰ ਖੁੱਦ ਵਿੱਚ ਜ਼ਜ਼ਬ ਕਰ ਸਕਣ ਵਾਲੇ ਵਿਵਾਦਤ ਬਿਆਨ ਦੇਣ ਦਾ ਸਖਤ ਨੋਟਿਸ ਲੈਂਦਿਆਂ ਭਾਈ
ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਕਿਹਾ ਕਿ ਅਜੇਹੇ ਸ਼ਰਾਰਤਪੂਰਨ ਬਿਆਨ ਦੇਣ ਤੋਂ ਪਹਿਲਾਂ ਮੋਹਨ ਭਾਗਵਤ ਸਿੱਖਾਂ ਦਾ ਇਤਿਹਾਸ
ਪੜ੍ਹ ਲਵੇ। ਇਹ ਸ਼ਬਦ ਉਨ੍ਹਾਂ ਬੀਤੀ ਦੇਰ ਸਥਾਨਿਕ ਸਟੇਡੀਅਮ ਨੇੜੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ ਗੁਰਮਤਿ ਸਮਾਗਮ ਦੌਰਾਨ ਸੰਗਤਾਂ
ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ। ਭਾਈ ਪੰਥਪ੍ਰੀਤ ਸਿੰਘ ਨੇ
'ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥' (ਮ: ੯, ਗੁ:ਗ੍ਰੰ: ਸਾਹਿਬ - ਪੰਨਾ ੧੪੨੮)
ਦਾ ਹਵਾਲਾ ਦਿੰਦੇ ਹੋਏ ਕਿਹਾ ਮਨੁੱਖ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ ਉਸ 'ਤੇ ਉਮਰ ਦੀਆਂ ਤਿੰਨ ਅਵਸਥਾਵਾਂ ਬਚਪਨ, ਜੁਆਨੀ ਅਤੇ ਬੁਢੇਪਾ
ਆਪਣਾ ਅਸਰ ਵਿਖਾਉਂਦੀਆਂ ਹਨ। ਭਾਵੇ ਹਿੰਦੂ ਧਰਮ ਵਿੱਚ ਮਨੁੱਖ ਦੀ ਉਮਰ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਚੌਥੇ ਹਿੱਸੇ ਭਾਵ ਬੁਢੇਪੇ ਵਿੱਚ ਹੀ ਧਰਮ
ਕਮਾਉਣ ਦਾ ਫਲਸਫਾ ਹੈ ਪਰ ਸਿੱਖ ਧਰਮ ਵਿੱਚ ਬਚਪਨ ਤੋਂ ਲੈ ਬੁਢੇਪੇ ਤੱਕ ਦੀਆਂ ਸਾਰੀਆਂ ਅਵਸਥਾਂਵਾਂ ਵਿੱਚ ਧਰਮ ਸਿਰਫ ਕਮਾਇਆ ਹੀ ਨਹੀਂ
ਬਲਕਿ ਕਰੜੇ ਤੋਂ ਕਰੜੇ ਇਮਤਿਹਾਨਾਂ ਵਿੱਚ ਸੱਚ 'ਤੇ ਪਹਿਰਾ ਦਿੰਦੇ ਹੋਏ ਸ਼ਾਨਦਾਰ ਸਫਲਤਾ ਪ੍ਰਪਤ ਵੀ ਕੀਤੀ ਹੈ। ਇਸ ਦੀਆਂ ਅਕੱਟ ਦਲੀਲਾਂ ਦਿੰਦੇ
ਹੋਏ ਉਨ੍ਹਾਂ ਪਹਿਲੀ ਉਦਾਹਰਣ ੬ ਤੇ ੮ ਸਾਲ ਦੀ ਉਮਰ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਿੱਤੀ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ੬ ਤੇ ੮
ਸਾਲ ਦੀ ਉਮਰ ਦੇ ਬੱਚਿਆਂ ਨੂੰ ਸਿਰਫ ਖੇਡ੍ਹ ਹੀ ਪਿਆਰੀ ਹੁੰਦੀ ਹੈ ਤੇ ਧਰਮ ਅਤੇ ਸੱਚ ਝੂਠ ਦੀ ਉਨ੍ਹਾਂ ਨੂੰ ਕੋਈ ਸੋਝੀ ਨਹੀਂ ਹੁੰਦੀ ਇਸ ਕਾਰਣ ਉਹ ਛੋਟੇ
ਛੋਟੇ ਖਿਡਾਉਣਿਆਂ ਦੇ ਲਾਲਚ ਜਾਂ ਛੋਟੇ ਜਿਹੇ ਡਰ ਦੇ ਅਧੀਨ ਹੇਠ ਹੀ ਝੁਕ ਜਾਣ ਦੀ ਸੰਭਾਵਨਾ ਹੁੰਦੀ ਹੈ। ਪਰ ਸਰਹੰਦ ਵਿੱਚ ਛੋਟੀਆਂ ਜਿੰਦਾਂ ਵੱਲੋਂ
ਵਰਤਾਏ ਵੱਡੇ ਸਾਕੇ ਨੂੰ ਦੁਨੀਆਂ ਵੇਖ ਕੇ ਦੰਗ ਰਹਿ ਜਾਂਦੀ ਹੈ ਕਿ ਵੱਡੇ
ਮਹਿਲਾਂ, ਉੱਚੇ ਅਹੁਦਿਆਂ ਅਤੇ ਰਾਜਕੁਮਰੀਆਂ ਨਾਲ ਉਨ੍ਹਾਂ ਦੇ ਵਿਆਹ ਕਰਨ ਦੇ ਲਾਲਚ ਜਾਂ ਮੌਤ ਦੇ ਡਰ ਵੀ ਉਨ੍ਹਾਂ ਨੂੰ ਧਰਮ ਅਤੇ ਸੱਚ ਤੋਂ ਡੁਲਾ ਨਾ ਸਕੇ।
ਸਰਹਿੰਦ ਦਾ ਸਾਕਾ ਸਿੱਖ ਨੂੰ ਯਾਦ ਕਰਵਾਉਂਦਾ ਹੈ ਕਿ ਸਿੱਖ ਵਿਕਾਊ ਨਹੀਂ ਹੁੰਦਾ ਅਤੇ ਨਾ ਹੀ ਡਰ ਅਧੀਨ ਕਿਸੇ ਦੀ ਈਨ ਮੰਨਣ ਲਈ ਤਿਆਰ ਹੋ ਸਕਦਾ ਹੈ।
ਜੁਆਨੀ ਵਿੱਚ ਪੈਰ ਰਖਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਇਤਿਹਾਸ ਦੱਸਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ
ਅਨੰਦਪੁਰ ਸਾਹਿਬ ਵਿਖੇ ਦਰਬਾਰ ਲਾ ਕੇ ਬੈਠੇ ਸਨ ਤਾਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਦੇਵਦਾਸ ਬ੍ਰਾਹਮਣ ਨੇ ਦਰਬਾਰ 'ਚ ਆ ਕੇ ਗੁਰੂ
ਸਾਹਿਬ ਅੱਗੇ ਬੇਨਤੀ ਕੀਤੀ ਕਿ ਬੱਸੀ ਪਠਾਣਾ ਦਾ ਹਾਕਮ ਜ਼ਾਬਰ ਖ਼ਾਨ ਉਸ ਦੀ ਇਸਤਰੀ ਖੋਹ ਕੇ ਲੈ ਗਿਆ ਹੈ। ਮੇਰੀ ਇਸਤਰੀ ਵਾਪਸ ਦਿਵਾਉਣ
ਲਈ ਤੁਹਾਥੋਂ ਬਗੈਰ ਹੋਰ ਕੋਈ ਆਸਰਾ ਨਹੀਂ ਦਿਸਦਾ। ਇਸ ਲਈ ਤੁਸੀਂ ਹੀ ਬਹੁੜੀ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵਕਤ ਸਾਹਿਬਜ਼ਾਦਾ ਅਜੀਤ
ਸਿੰਘ ਨੂੰ ੧੦੦ ਸਿੰਘਾਂ ਦੇ ਜਥੇ ਨਾਲ ਦੇਵਦਾਸ ਦੀ ਇਸਤਰੀ ਛੁਡਾਉਣ ਲਈ ਭੇਜਿਆ,
ਜਿਨ੍ਹਾਂ ਨੇ ਬੱਸੀ ਪਠਾਣਾਂ ਦੇ ਹਾਕਮ ਜ਼ਾਬਰ ਖ਼ਾਨ ਨੂੰ ਜਾ ਘੇਰਿਆ ਤੇ ਦੇਵਦਾਸ ਦੀ ਇਸਤਰੀ ਛੁਡਵਾ ਕੇ ਉਸ ਨੂੰ ਵਾਪਸ ਕੀਤੀ ਤੇ ਉਸ ਨੂੰ ਜ਼ਬਰੀ ਲਿਜਾਣ
ਵਾਲੇ ਜ਼ਾਬਰ ਖ਼ਾਨ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨੌਜਵਾਨ
ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਿਸੇ ਦੀ ਇਸਤਰੀ ਛੁਡਵਾਉਣ ਲਈ ਭੇਜੇ ਜਾਣ ਦੇ ਫੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਇਹ ਪ੍ਰੇਰਣਾ ਦੇਣੀ ਸੀ ਕਿ ਇਸਤਰੀ
ਭਾਵੇਂ ਕਿਸੇ ਦੀ ਵੀ ਹੋਵੇ ਸਿੱਖ ਨੌਜਵਾਨਾਂ ਨੇ ਉਸ ਦੀ ਇੱਜਤ ਦੀ ਰਾਖੀ ਕਰਨੀ ਹੈ। ਇਹ ਵੱਖਰੀ ਅਤੇ ਅਫਸੋਸ ਦੀ ਗੱਲ ਹੈ ਕਿ ਸਾਡੇ ਕੁਝ ਨੌਜਵਾਨਾਂ ਨੇ
ਵੀ ਮੋਹਨ ਭਾਗਵਤ ਵਾਂਗ ਸਿੱਖ ਇਤਿਹਾਸ ਨਹੀਂ ਪੜ੍ਹਿਆ ਜਿਸ ਸਦਕਾ ਪਰਾਈਆਂ ਧੀਆਂ ਭੈਣਾਂ ਦੀ ਇੱਜਤ ਦੀ ਰਾਖੀ ਕਰਨ ਦੇ ਆਪਣੇ ਫਰਜ਼ ਅਦਾ
ਕਰਨ ਦੀ ਥਾਂ ਨਿਸ਼ਾਨ ਸਿੰਘ, ਰਾਣਾ ਆਦਿਕ ਬਣ ਕੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ।
ਇਸ ਉਪ੍ਰੰਤ ਸਿੱਖ ਇਤਿਹਾਸ ਦੀਆਂ ਚੋਣਵੀਆਂ ਸਾਖੀਆਂ ਸੁਣਾਉਂਦੇ ਹੋਏ ਕਿਹਾ ਕਿ ਜਿਸ ਕੌਮ ਵਿੱਚ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰੇ ਜਾਣ ਦਾ ਡਰ
ਧਰਮ ਤੋਂ ਡੁਲਾ ਨਾ ਸਕਿਆ; ਭਾਈ ਦਿਆਲਾ ਜੀ ਨੂੰ ਦੇਗੇ ਵਿੱਚ ਉਬਾਲੇ ਜਾਣ ਅਤੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤੇ ਜਾਣ ਦੇ ਡਰ ਡੁਲਾ
ਨਾ ਸਕੇ; ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸ਼ਹੀਦ ਕਰਨ ਦੇ ਸਮੇਂ ਦਾ ਭਿਆਨਕ ਦ੍ਰਿਸ਼ ਜਿਸ ਵਿੱਚ ਉਨ੍ਹਾਂ ਦੇ ਚਾਰ ਸਾਲ ਦੇ ਪੁੱਤਰ ਦਾ ਕਾਲਜਾ ਕੱਢ ਕੇ
ਉਨ੍ਹਾਂ ਦੇ ਮੂੰਹ ਵਿੱਚ ਤੁੰਨਿਆ ਗਿਆ, ਉਨ੍ਹਾਂ ਦੇ ਹੱਥ ਪੈਰ ਕੱਟ ਦਿੱਤੇ ਗਏ, ਅੱਖਾਂ ਕੱਢ ਦਿੱਤੀਆਂ ਗਈਆਂ ਅਤੇ ਗਰਮ ਜਮੂੰਰਾਂ ਨਾਲ ਉਨ੍ਹਾਂ ਦਾ ਮਸ ਨੋਚਿਆ
ਗਿਆ ਪਰ ਫਿਰ ਵੀ ਬਾਬਾ ਬੰਦਾਂ ਸਿੰਘ ਨੂੰ ਟੱਸ ਤੋਂ ਮੱਸ ਨਾ ਕਰ ਸਕੇ; ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਭਾਈ ਤਾਰੂ ਸਿੰਘ ਦਾ ਰੰਬੀ ਨਾਲ
ਖੋਪਰ ਲਾਹ ਦਿੱਤਾ ਗਿਆ, ਭਾਈ ਸੁਬੇਗ ਸਿੰਘ ਸ਼ਹਿਬਾਜ਼ ਸਿੰਘ ਨੂੰ ਚਰਖੜੀਆਂ 'ਤੇ ਚਾੜ੍ਹ ਕੇ ਰੂੰ ਵਾਂਗ ਪਿੰਜਿਆ ਗਿਆ ਪਰ ਉਨ੍ਹਾਂ ਵਿੱਚੋਂ ਇੱਕ ਉਦਾਹਰਣ
ਐਸੀ ਨਹੀਂ ਮਿਲਦੀ ਜਿਸ ਵਿੱਚ ਕਿਸੇ ਸਿੱਖ ਨੇ ਡਰ ਜਾਂ ਲਾਲਚ ਅਧੀਨ ਧਰਮ ਤਿਆਗਣ ਦਾ ਖਿਆਲ ਤੱਕ ਵੀ ਆਪਣੇ ਮਨ ਵਿੱਚ ਲਿਆਂਦਾ ਹੋਵੇ।
ਹੋਰ ਤਾਂ ਹੋਰ ਹੋਰਨਾਂ ਧਰਮਾਂ ਵਿੱਚ ਔਰਤਾਂ ਨੂੰ ਕਮਜੋਰ ਮਨ ਵਾਲੀਆਂ ਜਾਣ ਕੇ ਬੱਚਿਆਂ ਦੀ ਮਮਤਾ ਅੱਗੇ ਝੁਕ ਜਾਣ ਵਾਲੀਆਂ ਜਾਣਿਆ ਗਿਆ ਹੈ
ਪਰ ਸਿੱਖ ਧਰਮ ਵਿੱਚ ਬੀਬੀਆਂ ਨੇ ਵੀ ਐਸਾ ਸਾਕੇ ਵਰਤਾਏ ਕਿ ਦੁਸ਼ਮਣ ਦੰਗ ਰਹਿ ਜਾਂਦੇ ਸਨ। ਜਦ ਮੀਰ ਮੰਨੂੰ ਦੀ ਜੇਲ੍ਹ ਵਿੱਚ ਬੀਬੀਆਂ ਤੋਂ ਚੱਕੀਆਂ '
ਤੇ ਸਵਾ ਸਵਾ ਮਣ ਗਿੱਲਾ ਪੀਹਣ ਪਿਹਾਇਆ ਜਾਂਦਾ ਸੀ, ਰਾਤ ਨੂੰ ਸਿਰਫ ਅੱਧੀ ਰੋਟੀ ਖਾਣ ਲਈ ਦਿੱਤੀ ਜਾਂਦੀ ਸੀ ਅਤੇ ਸਵੇਰ ਵੇਲੇ ਦੁੱਧ ਚੁੰਘਦੇ ਬੱਚੇ
ਉਨ੍ਹਾਂ ਤੋਂ ਖੋਹ ਕੇ ਉੱਪਰ ਨੂੰ ਸੁੱਟ ਕੇ ਹੇਠਾਂ ਨੇਜੇ ਕਰਕੇ ਬਿੰਨ੍ਹੇ ਜਾਂਦੇ ਸਨ ਤੇ ਉਨ੍ਹਾਂ ਦੀਆਂ ਆਂਦਰਾਂ ਕੱਢ ਕੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ
ਸਨ ਤਾਂ ਵੀ ਉਨ੍ਹਾਂ ਬਹਾਦੁਰ ਸਿੱਖ ਬੀਬਆਂ ਨੂੰ ਮੀਰ ਮੰਨੂੰ ਦਾ ਜ਼ੁਲਮ ਧਰਮ ਤੋਂ ਡੁਲਾ ਨਾ ਸਕਿਆ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਉਪ੍ਰੰਤ
ਅਰਦਾਸ ਕਰਦੀਆਂ ਕਿ ਹੇ ਅਕਾਲ ਪੁਰਖ ਤੇਰੇ ਭਾਣੇ ਵਿੱਚ ੪ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਚਾਰ ਪਹਿਰ ਰਾਤ ਸੁੱਖਾਂ ਦੀ ਬਤੀਤ ਕਰਨੀ।
ਇਸੇ ਤਰ੍ਹਾਂ ਫਰਵਰੀ 1662 ਵਿੱਚ ਜਦੋਂ ਕੁੱਪ ਰਹੀੜੇ ਦੇ ਮੈਦਾਨ ਵਿੱਚ ਅਬਦਾਲੀ ਵੱਲੋਂ ਵਰਤਾਏ ਵੱਡੇ ਘੱਲੂਘਾਰੇ ਵਿੱਚ ਤਕਰੀਬਨ ਅੱਧੀ ਕੌਮ ਸ਼ਹੀਦ ਹੋ
ਚੁੱਕੀ ਸੀ ਤੇ ਬਾਕੀਆਂ ਵਿੱਚੋਂ ਵੱਡੀ ਗਿਣਤੀ ਸਖਤ ਜ਼ਖਮੀ ਹੋਈ ਪਈ ਸੀ ਤਾਂ ਵੀ ਰਹਿਰਾਸ ਪਿੱਛੋਂ ਸਿੰਘਾਂ ਨੇ ਅਰਦਾਸ ਕੀਤੀ ਕਿ ਤੇਰੇ ਭਾਣੇ ਵਿੱਚ ਚਾਰ
ਪਹਿਰ ਦਿਨ ਸੁਖਾਂ ਦਾ ਬਤੀਤ ਹੋਇਆ ਹੈ ਚਾਰ ਪਹਿਰ ਰਾਤ ਸੁੱਖਾਂ ਦੀ ਬਤੀਤ ਕਰਨੀ। ਉਸ ਸਮੇਂ ਅਬਦਾਲੀ ਵੱਲੋਂ ਭੇਜਿਆ ਮੁਖ਼ਬਰ ਜੋ ਰਾਮ ਸਿੰਘ ਦੇ
ਨਾਮ ਹੇਠ ਸਿੰਘਾਂ ਵਿੱਚ ਵਿਚਰ ਕੇ ਉਨ੍ਹਾਂ ਦੀ ਸੀਆਈਡੀ ਕਰਦਾ ਸੀ; ਤੋਂ ਰਿਹਾ ਨਾ ਗਿਆ ਅਤੇ ਉਸ ਨੇ ਸਿੰਘ ਅੱਗੇ ਸੱਚ ਦੱਸ ਦਿੱਤਾ ਕਿ ਉਹ ਸਿੰਘ ਨਹੀਂ
ਬਲਕਿ ਉਨ੍ਹਾਂ ਦੀ ਮੁਖ਼ਬਰੀ ਕਰ ਰਿਹਾ ਸੀ ਪਰ ਹੁਣ ਉਹ ਉਨ੍ਹਾਂ ਦੇ ਕਿਰਦਾਰ ਅਤੇ ਧਰਮ ਦੇ ਜ਼ਜ਼ਬੇ ਤੋਂ ਇੰਨਾਂ ਪ੍ਰਭਾਵਤ ਹੋਇਆ ਹੈ ਕਿ ਉਹ ਵੀ ਸਿੱਖ
ਬਣਨਾ ਚਾਹੁੰਦਾ ਹੈ ਇਸ ਲਈ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਲਿਆ ਜਾਵੇ। ਸਿੰਘ ਸਜਣ ਪਿੱਛੋਂ ਉਸ ਨੇ ਸਿੰਘਾਂ ਅੱਗੇ ਬੇਨਤੀ ਕੀਤੀ ਕਿ ਹੁਣ ਤਾਂ ਮੈਂ
ਸਿੰਘ ਸਜ ਕੇ ਤੁਹਾਡਾ ਭਰਾ ਬਣ ਗਿਆ ਹਾਂ ਇਸ ਲਈ ਮੈਨੂੰ ਦੱਸ ਦਿੱਤਾ ਜਾਵੇ ਕਿ ਜੇ ਅੱਧੀ ਕੌਮ ਸ਼ਹੀਦ ਹੋ ਜਾਣ ਅਤੇ ਬਾਕੀ ਦੀ ਜ਼ਖਮੀ ਹੋਣ ਨਾਲ ਵੀ
ਸਿੰਘਾਂ ਨੂੰ ਦੁੱਖ ਨਹੀਂ ਬਲਕਿ ਸੁੱਖ ਮਹਿਸੂਸ ਹੁੰਦਾ ਹੈ ਤਾਂ ਕੀ ਕਦੇ ਸਿੰਘਾਂ ਲਈ ਦੁੱਖ ਦਾ ਸਮਾਂ ਵੀ ਆਉਂਦਾ ਹੈ ਤਾਂ ਸਿੰਘਾਂ ਨੇ ਉਸ ਨੂੰ ਦੱਸਿਆ ਕਿ ਜੇ ਕਦੀ
ਉਨ੍ਹਾਂ ਨੂੰ ਇਹ ਖ਼ਬਰ ਮਿਲ ਜਾਵੇ ਕਿ ਕਿਸੇ ਡਰ ਜਾਂ ਲਾਲਚ ਵੱਸ ਹੋ ਕੇ ਕੋਈ ਸਿੱਖ ਇਹ ਕਹਿ ਦੇਵੇ ਕਿ ਉਹ ਸਿੱਖ ਨਹੀਂ ਹੈ ਤਾਂ ਉਹ ਸਮਾਂ ਉਨ੍ਹਾਂ ਲਈ
ਅਤਿਅੰਤ ਦੁੱਖ ਵਾਲਾ ਹੁੰਦਾ ਹੈ। ਭਾਈ ਪੰਥ ਪ੍ਰੀਤ ਸਿੰਘ ਨੇ ਲੂੰ ਕੰਡੇ ਖੜ੍ਹੇ ਕਰਨ ਵਾਲਾ ਸੰਖੇਪ ਵਿੱਚ ਸਿੱਖ ਇਤਿਹਾਸ ਸੁਣਾਉਂਦੇ ਕਿਹਾ ਕਿ ਜਿਨ੍ਹਾਂ ਨੂੰ
ਅਬਦਾਲੀ,ਮੀਰ ਮੰਨੂੰ ਅਤੇ ਮੁਗਲਾਂ ਦੇ ਜੁਲਮ ਵੀ ਆਪਣੇ ਵਿੱਚ ਜ਼ਜ਼ਬ ਨਾ ਕਰ ਸਕੇ ਉਸ ਸਿੱਖ ਧਰਮ ਨੂੰ ਕਿਸੇ ਮੋਹਨ ਭਾਗਵਤ ਵਰਗੇ ਜ਼ਜ਼ਬ ਭਾਵ
ਖਾ ਕੇ ਹਜ਼ਮ ਕਰਨ ਦੀ ਸਮਰੱਥਾ ਕਦੀ ਨਹੀਂ ਰੱਖ ਸਕਦੇ ਇਸ ਲਈ ਆਪਣੇ ਐਸੇ ਸ਼ਰਾਰਤਪੂਰਨ ਬਿਆਨ ਦੇਣ ਤੋਂ ਪਹਿਲਾਂ ਉਸ ਨੂੰ ਸਿੱਖਾਂ ਦਾ
ਇਤਿਹਾਸ ਜਰੂਰ ਪੜ੍ਹ ਲੈਣਾ ਚਾਹੀਦਾ ਹੈ।
ਦੀਵਾਨ ਦੀ ਸਮਾਪਤੀ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਕਿ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਮੋਹਨ ਭਾਗਵਤ, ਅਸ਼ੋਕ ਸਿੰਘਲ ਅਤੇ ਸੁਦਰਸ਼ਨ ਵਰਗੇ ਆਗੂਆਂ ਦੇ ਐਸੇ ਵਿਵਾਦਤ ਬਿਆਨਾਂ ਦੀ ਤਿੱਖੀ
ਅਲੋਚਨਾ ਕਰ ਚੁੱਕੇ ਹਨ ਤਾਂ ਉਨ੍ਹਾਂ ਦੇ ਰਾਜਸੀ ਵਿੰਗ ਭਾਜਪਾ ਦੀ ਅਕਾਲੀ ਦਲ ਨਾਲ ਭਾਈਵਾਲੀ ਹੋਣ ਦੇ ਬਾਵਯੂਦ ਵਾਰ ਵਾਰ ਐਸੇ ਵਿਵਾਦਤ
ਬਿਆਨ ਦੇ ਕੇ ਸਿੱਖਾਂ ਦੇ ਸਬਰ ਨੂੰ ਕਿਉਂ ਪਰਖ ਰਹੇ ਹਨ? ਤਾਂ ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸਲ ਵਿੱਚ ਸਾਡੇ ਧਰਮ 'ਤੇ ਕਾਬਜ਼
ਹੋਏ ਇਨ੍ਹਾਂ ਧਾਰਮਿਕ ਤੇ ਰਾਜਨੀਤਕ ਆਗੂਆਂ ਦਾ ਦੂਹਰਾ ਕਿਰਦਾਰ ਹੀ ਮੋਹਨ ਭਾਗਵਤ, ਅਸ਼ੋਕ ਸਿੰਘਲ ਅਤੇ ਸੁਦਰਸ਼ਨ ਵਰਗੇ ਆਗੂਆਂ ਨੂੰ ਐਸੇ
ਵਿਵਾਦਤ ਬਿਆਨ ਦੇ ਕੇ ਸਿੱਖਾਂ ਦੇ ਜ਼ਜ਼ਬਾਤਾਂ ਨਾਲ ਖੇਡ੍ਹਣ ਲਈ ਉਤਸ਼ਾਹਤ ਕਰਦਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਦੂਹਰਾ ਕਿਰਦਾਰ ਨਿਭਾਉਣ ਵਾਲੇ
ਇਨ੍ਹਾਂ ਸਿੱਖ ਆਗੂਆਂ ਨੂੰ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਹਿੰਦੂ ਨਹੀਂ ਅਖਵਾਉਣਾ ਚਾਹੁੰਦੇ ਤਾਂ ਪ੍ਰਕਾਸ਼ ਸਿੰਘ ਬਾਦਲ 'ਤੇ ਇਹ ਜੋਰ ਪਾਉਣ ਕਿ
ਭਾਰਤੀ ਸੰਵਿਧਾਨ ਵਿੱਚ ਸੋਧ ਕਰਵਾ ਕੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਵਾਲੀ ਧਾਰਾ ੨੫ਬੀ(੨) ਖਤਮ ਕਰਵਾਉਣ। ਜੇ ਭਾਜਪਾ
ਇਹ ਸੋਧ ਕਰਨ ਲਈ ਤਿਆਰ ਨਹੀਂ ਹੁੰਦੀ ਤਾਂ ਉਸ ਨਾਲੋਂ ਰਾਜਸੀ ਗੱਠਜੋੜ ਖਤਮ ਕਰਨ ਦਾ ਐਲਾਨ ਕਰਕੇ ਅਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਨਾਲ
ਲੈ ਕੇ ਸੰਵਿਧਾਨ ਵਿੱਚ ਸੋਧ ਕਰਵਾਉਣ ਲਈ ਪੈਂਤੜਾ ਅਪਨਾਉਣ। ਉਨ੍ਹਾਂ ਕਿਹਾ ਕਿ ਜੇ ਸਿੱਖ ਕੌਮ ਦੇ ਸਿਰਮੌਰ ਆਗੂ ਅਖਵਾਉਣ ਵਾਲੇ ਮੋਹਨ ਭਾਗਵਤ
ਦੇ ਬਿਆਨ ਦੀ ਸਿਰਫ ਵਿਖਾਵੇ ਮਾਤਰ ਅਲੋਚਨਾ ਕਰਕੇ ਹੀ ਬੁੱਤਾ ਸਾਰਦੇ ਰਹੇ ਤਾਂ ਸਮਝੋ ਉਨ੍ਹਾਂ ਦਾ ਇਹੀ ਕਿਰਦਾਰ ਹਿੰਦੂਤਵੀ ਆਗੂਆਂ ਨੂੰ ਅਹਿਸਾਸ
ਕਰਵਾ ਰਿਹਾ ਹੈ ਕਿ ਸਿੱਖ ਆਗੂ ਵਿਕਾਊ ਅਤੇ ਅਹੁਦਿਆਂ ਦੇ ਲਾਲਚੀ ਹੋ ਗਏ ਹਨ ਇਸ ਲਈ ਹੁਣ ਉਨ੍ਹਾਂ ਲਈ ਸਿੱਖ ਧਰਮ ਨੂੰ ਜ਼ਜ਼ਬ ਕਰ ਲੈਣਾ ਕੋਈ
ਮੁਸ਼ਕਲ ਨਹੀਂ ਰਿਹਾ। ਭਾਈ ਪੰਥਪੀਤ ਸਿੰਘ ਨੇ ਮੋਹਨ ਭਾਗਵਤ ਦਾ ਭੁਲੇਖਾ ਦੂਰ ਕਰਦੇ ਹੋਏ ਕਿਹਾ ਭਲੇ ਹੀ ਕੁਝ ਸਿੱਖ ਆਗੂ ਵਿਕਾਊ ਹੋ ਗਏ ਹੋਣ ਪਰ
ਹਾਲੀ ਸਮੁੱਚੀ ਸਿੱਖ ਕੌਮ ਵਿਕਾਊ ਜਾਂ ਡਰੂ ਬ੍ਰਿਤੀ ਵਾਲੀ ਨਹੀਂ ਹੈ ਇਸ ਲਈ ਜੇ ਕਰ ਉਨ੍ਹਾਂ ਨੂੰ ਪਾਣੀ ਸਿਰ ਤੋਂ ਲੰਘਦਾ ਮਹਿਸੂਸ ਹੋਇਆ ਤਾਂ ਉਹ
ਵਿਕਾਊ ਆਗੂਆਂ ਨੂੰ ਨਕਾਰ ਕੇ ਆਪਣੇ ਵਿੱਚੋਂ ਕੋਈ ਨਵਾਂ ਨੇਤਾ ਵੀ ਚੁਣ ਸਕਦੇ ਹਨ ਪਰ ਕਦੀ ਵੀ ਆਪਣੇ ਆਪ ਨੂੰ ਹਿੰਦੂ ਅਖਵਾਉਣਾ ਪ੍ਰਵਾਨ ਨਹੀਂ
ਕਰਨਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੁਚੇਤ ਕਰ ਰਹੇ ਹਨ:
'ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥'
( ਭੈਰਉ ਮ: ੫, ਗੁ:ਗ੍ਰੰ: ਸਾਹਿਬ - ਪੰਨਾ ੧੧੩੬)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.