ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੀਵਾਲੀ ’ਤੇ ਬਾਹਰਲੇ ਦੀਵੇ ਜਗਾਉਣ ਵਾਲਿਓ ਸ਼ਬਦ ਗੁਰੂ ਦੇ ਗਿਆਨ ਦਾ ਇੱਕ ਦੀਵਾ ਆਪਣੇ ਅੰਦਰ ਵੀ ਜਗਾ ਲਓ: ਗਿਆਨੀ ਹਰਪਾਲ ਸਿੰਘ
ਦੀਵਾਲੀ ’ਤੇ ਬਾਹਰਲੇ ਦੀਵੇ ਜਗਾਉਣ ਵਾਲਿਓ ਸ਼ਬਦ ਗੁਰੂ ਦੇ ਗਿਆਨ ਦਾ ਇੱਕ ਦੀਵਾ ਆਪਣੇ ਅੰਦਰ ਵੀ ਜਗਾ ਲਓ: ਗਿਆਨੀ ਹਰਪਾਲ ਸਿੰਘ
Page Visitors: 2385

ਦੀਵਾਲੀ ’ਤੇ ਬਾਹਰਲੇ ਦੀਵੇ ਜਗਾਉਣ ਵਾਲਿਓ ਸ਼ਬਦ ਗੁਰੂ ਦੇ ਗਿਆਨ ਦਾ ਇੱਕ ਦੀਵਾ ਆਪਣੇ ਅੰਦਰ ਵੀ ਜਗਾ ਲਓ: ਗਿਆਨੀ ਹਰਪਾਲ ਸਿੰਘ
ਬੁੱਤ, ਪਸ਼ੂ ਅਤੇ ਜੜ੍ਹ ਵਸਤੂਆਂ ਪੂਜਣ ਵਾਲੇ ਤਾਂ ਸ਼ਾਇਦ ਬਖਸ਼ੇ ਜਾਣ ਪਰ ਗਿਆਨ ਗੁਰੂ ਨੂੰ ਪੂਜਣ ਵਾਲੇ ਵੀ ਜੇ ਗਲਤੀਆਂ ਕਰਦੇ ਹਨ ਤਾਂ ਉਹ ਕਦੀ ਨਹੀਂ ਬਖਸ਼ੇ ਜਾਣੇ
ਬਠਿੰਡਾ, 23 ਅਕਤੂਬਰ (ਕਿਰਪਾਲ ਸਿੰਘ): ਦੀਵਾਲੀ ’ਤੇ ਬਾਹਰਲੇ ਦੀਵੇ ਜਗਾਉਣ ਵਾਲਿਓ ਸ਼ਬਦ ਗੁਰੂ ਦੇ ਗਿਆਨ ਦਾ ਇੱਕ ਦੀਵਾ ਆਪਣੇ ਅੰਦਰ ਵੀ ਜਗਾ ਲਓ। ਇਹ ਸ਼ਬਦ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਦੀਵਾਲੀ ਅਤੇ ਬੰਦੀਛੋੜ ਦਿਹਾੜੇ ਨੂੰ ਧਿਆਨ ਵਿੱਚ ਰਖਦਿਆਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਕਹੇ। ਉਨ੍ਹਾਂ ਕਿਹਾ ਆਪਣੇ ਹਿਰਦੇ ਅੰਦਰ ਸ਼ਬਦ ਗੁਰੂ ਦੇ ਗਿਆਨ ਦਾ ਦੀਵਾ ਬਾਲੇ ਤੋਂ ਬਿਨਾਂ ਸਿਰਫ ਬਾਹਰਲੇ ਦੀਵੇ ਜਗਾਉਣ ਨਾਲ ਸਾਡੀ ਹਾਲਤ ਉਸੇ ਤਰ੍ਹਾਂ ਦੀ ਹੋ ਜਾਣੀ ਹੈ ਜਿਸ ਦਾ ਜ਼ਿਕਰ ਬਾਬਾ ਫਰੀਦ ਜੀ ਨੇ ਆਪਣੇ ਇੱਕ ਸਲੋਕ ਵਿੱਚ ਇਸ ਤਰ੍ਹਾਂ ਕੀਤਾ ਹੈ:
‘ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥50॥’  (ਪੰਨਾ 1380)।
ਗਿਆਨੀ ਹਰਪਾਲ ਸਿੰਘ ਨੇ ਕਿਹਾ ਗੁਰੂ ਅੰਗਦ ਜੀ ਨੇ ਸਾਨੂੰ ਸਮਝਾਇਆ ਹੈ ਕਿ ਇਹ ਦੀਵੇ ਤਾਂ ਕੀ ਜੇ ਸੈਂਕੜੇ ਚੰਦ੍ਰਮਾ ਅਤੇ ਹਜਾਰਾਂ ਸੂਰਜ ਵੀ ਚੜ੍ਹ ਜਾਣ ਤਾਂ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਸਾਡੀ ਅੰਦਰਲੀ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋ ਸਕਦਾ:
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
 ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ
॥2॥’ {ਆਸਾ ਕੀ ਵਾਰ, ਪੰਨਾ 463}।
ਗਿਆਨੀ ਹਰਪਾਲ ਸਿੰਘ ਨੇ ਕਿਹਾ ਗੁਰੂ ਵੱਲੋਂ ਬਖ਼ਸ਼ੀ ਇਸ ਸੇਧ ਨੂੰ ਨਜ਼ਰ ਅੰਦਾਜ਼ ਕਰਕੇ ਸਾਡੇ ਰਾਗੀਆਂ ਨੇ ਭਾਈ ਗੁਰਦਾਸ ਜੀ ਦੀ ਇਸ ਪਉੜੀ ਦੀ ਪਹਿਲੀ ਤੁਕ ਜੋ ਭਾਈ ਸਾਹਿਬ ਜੀ ਦੀ ਲਿਖਣਸ਼ੈਲੀ ਅਨੁਸਾਰ ਸਿਰਫ ਉਦਾਹਰਣ ਦੇ ਤੌਰ ’ਤੇ ਹੀ ਵਰਤੀ ਗਈ ਹੈ: ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।’ ਨੂੰ ਟੇਕ ਬਣਾ ਕੇ ਸਾਨੂੰ ਹਜਾਰਾਂ ਵਾਰ ਸੁਣਾਈ ਜਿਸ ਤੋਂ ਗਲਤੀ ਨਾਲ ਅਸੀਂ ਸਮਝ ਬੈਠੇ ਕਿ ਭਾਈ ਸਾਹਿਬ ਜੀ ਇਸ ਪਉੜੀ ਰਾਹੀਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦੀ ਤਾਕੀਦ ਕਰ ਰਹੇ ਹਨ ਪਰ ਜਿਹੜਾ ਸੰਦੇਸ਼ ਭਾਈ ਸਾਹਿਬ ਜੀ ਸਾਨੂੰ ਦੇਣਾ ਚਾਹੁੰਦੇ ਸਨ ਉਹ ਅਖੀਰਲੀ ਤੁਕ:
‘ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।6।’ (ਵਾਰ 19 ਪਉੜੀ 6)
ਵਿੱਚ ਦੇਣਾ ਚਾਹੁੰਦੇ ਸਨ ਉਸ ਨੂੰ ਦਬਾ ਕੇ ਰੱਖ ਦਿੱਤਾ ਹੈ। ਇਸ ਤੁਕ ਵਿੱਚ ਭਾਈ ਸਾਹਿਬ ਜੀ ਸੰਦੇਸ਼ ਦੇ ਰਹੇ ਹਨ ਕਿ ਦੀਵਾਲੀ ਦੀ ਰਾਤ ਨੂੰ ਦੀਵਿਆਂ ਦਾ ਚਾਨਣ, ਰਾਤ ਨੂੰ ਅਸਮਾਨ ਵਿੱਚ ਤਾਰਿਆਂ ਦਾ ਚਮਕਣਾਂ, ਬਗੀਚੀਆਂ ਵਿੱਚ ਫੁੱਲਾਂ ਦਾ ਖਿੜਨਾ,  ਤੀਰਥਾਂ ’ਤੇ ਯਾਤਰੀਆਂ ਦੀ ਰੌਣਕ, ਹਰਿਚੰਦਿਉਰੀ ਦਾ ਨਜ਼ਾਰਾ ਤਾਂ ਛਿਣਭੰਗਰ ਸਮੇਂ ਲਈ ਹੀ ਹੈ ਪਰ ਉਨ੍ਹਾਂ ਗੁਰਮੁਖਾˆ ਨੂੰ (ਆਤਮਾਨੰਦ ਰੂਪੀ) ਸੁਖ ਫਲ ਦੀ ਦਾਤ ਹਮੇਸ਼ਾਂ ਲਈ ਅਨੰਦ ਦਿੰਦੀ ਹੈ ਜਿਹੜੇ (ਗੁਰੂ ਦੇ) ਸ਼ਬਦ ਨੂੰ ਸੰਭਾਲ ਕੇ ਰਖਦੇ ਹਨ ਭਾਵ ਹਮੇਸ਼ਾਂ ਯਾਦ ਕਰਦੇ ਹਨ। ਗੁਰੂ ਸਾਹਿਬ ਜੀ ਨੇ ਸਾਡੇ ਲਈ ਸ਼ਬਦ ਦਾ ਦੀਵਾ ਜਗਾਇਆ ਹੈ:
ਸਤਿਗੁਰ ਸਬਦਿ ਉਜਾਰੋ ਦੀਪਾ ॥
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍‍ੀ ਅਨੂਪਾ
॥1॥ ਰਹਾਉ ॥’  (ਬਿਲਾਵਲੁ ਮ: 5, ਪੰਨਾ 821)
ਇਸ ਲਈ ਬੰਦੀਛੋੜ ਗੁਰੂ ਹਰਿਗੋਬਿੰਦ ਜੀ ਦੇ ਗਵਾਲੀਅਰ ਦੀ ਜੇਲ੍ਹ ਵਿੱਚੋਂ 52 ਰਾਜਿਆਂ ਦੀ ਰਿਹਾਈ ਕਰਵਾਉਣ ਉਪ੍ਰੰਤ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਖੁਸ਼ੀ ਵਿੱਚ ਕੇਵਲ ਦੀਵੇ ਬਾਲ ਕੇ ਜਾਂ ਪਟਾਕੇ ਚਲਾ ਕੇ ਪੈਸਿਆਂ ਨੂੰ ਅੱਗ ਹੀ ਨਹੀਂ ਲਾਉਣੀ ਚਾਹੀਦੀ ਬਲਕਿ ਬਾਬਾ ਬੁੱਢਾ ਜੀ ਤੋਂ ਸੇਧ ਵੀ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਸ਼ਬਦ ਚੌਕੀ ਕਢਦਿਆਂ ਸ਼ਬਦ ਵੀ ਪੜ੍ਹੇ ਸਨ ਇਸ ਲਈ ਸਾਨੂੰ ਸੰਗਤੀ ਰੂਪ ਵਿੱਚ ਜਾਂ ਪ੍ਰਵਾਰ ਵਿੱਚ ਬੈਠ ਕੇ ਸ਼ਬਦ ਵੀ ਪੜ੍ਹਨੇ ਅਤੇ ਵੀਚਾਰਨੇ ਚਾਹੀਦੇ ਹਨ ਤਾ ਕਿ ਇਨ੍ਹਾਂ ਸ਼ਬਦਾਂ ਰਾਹੀਂ
ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥
ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥  
ਬੇਦ ਪਾਠ ਸੰਸਾਰ ਕੀ ਕਾਰ ॥ ਪੜ੍‍ ਿਪੜ੍‍ ਿਪੰਡਿਤ ਕਰਹਿ ਬੀਚਾਰ ॥
ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ
॥1॥’   (791)
ਸਾਡੀ ਅਗਿਆਨਤਾ ਦਾ ਹਨ੍ਹੇਰਾ ਦੂਰ ਜਾਵੇ ਤੇ ਅਸੀਂ ਖੁਆਰੀ ਤੋਂ ਬਚ ਸਕੀਏ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਦੇ ਸਬੰਧ ਵਿੱਚ ਛਪਵਾਏ ਇਸ਼ਤਿਹਾਰਾਂ ਵਿੱਚ ਹੇਠਾਂ ਦਿੱਤੇ ਗਏ ਨੋਟ; ਜਿਸ ਵਿੱਚ ਸੰਗਤਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ‘ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਦੀ ਖੁਸ਼ੀ ਮਨਾਓ ਪਰ ਧਿਆਨ ਰੱਖੋ ਕਿ ਮੋਮਬੱਤੀਆਂ ਅਤੇ ਦੀਵਿਆਂ ਦੇ ਤੇਲ ਦੀ ਥਿੰਦਾਈ ਨਾਲ ਗੁਰਦੁਆਰੇ ਦੇ ਸੰਗਮਰਮਰ ਪੱਥਰ ਨੂੰ ਖਰਾਬ ਹੋਣ ਤੋਂ ਬਚਾਓ’ ਦੀ ਸ਼ਾਲਾਘਾ ਕਰਦੇ ਹੋਏ ਗਿਆਨੀ ਹਰਪਾਲ ਸਿੰਘ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਾਰੀ ਧਰਤੀ ਨੂੰ ਹੀ ਧਰਮਸਾਲ ਭਾਵ ਧਰਮ ਕਮਾਉਣ ਲਈ ਧਰਮਸਾਲਾ, ਗੁਰਦੁਆਰਾ, ਮੰਦਰ ਦੱਸਿਆ ਹੈ:
ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ
॥’  {ਜਪੁ (ਮ: 1) ਪੰਨਾ 7}
ਇਸ ਲਈ ਅਸੀਂ ਸਿਰਫ ਗੁਰਦੁਆਰੇ ਨੂੰ ਹੀ ਨਹੀਂ ਬਲਕਿ ਸਮੁੱਚੀ ਧਰਤੀ, ਹਵਾ ਪਾਣੀ ਨੂੰ ਪਟਾਕੇ ਅਤੇ ਦੀਵੇ ਜਲਾ ਕੇ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਬੁੱਤ, ਪਸ਼ੂ ਅਤੇ ਜੜ੍ਹ ਵਸਤੂਆਂ ਪੂਜਣ ਵਾਲੇ ਤਾਂ ਸ਼ਾਇਦ ਬਖਸ਼ੇ ਜਾਣ ਕਿਉਂਕਿ ਉਨ੍ਹਾਂ ਕੋਲ ਗੁਰੂ ਦਾ ਗਿਆਨ ਨਹੀਂ ਹੈ ਇਸ ਲਈ ਅਗਿਆਨਤਾ ਵੱਸ ਖੁਸ਼ੀ ਮਨਾਉਣ ਦੇ ਬਹਾਨੇ ਵਾਤਾਵਰਣ ਪ੍ਰਦੂਸ਼ਿਤ ਕਰ ਰਹੇ ਹਨ ਪਰ ਗਿਆਨ ਗੁਰੂ ਨੂੰ ਪੂਜਣ ਵਾਲੇ ਸਿੱਖ ਵੀ ਜੇ ਗਲਤੀਆਂ ਕਰਦੇ ਹਨ ਤਾਂ ਉਹ ਕਦੀ ਨਹੀਂ ਬਖ਼ਸ਼ੇ ਜਾਣੇ ਕਿਉਂਕਿ ਉਹ ਸਭ ਕੁਝ ਜਾਣਦੇ ਬੁਝਦੇ ਵੇਖਾ ਵੇਖੀ ਵਾਤਾਵਰਣ ਪ੍ਰਦੂਸ਼ਿਤ ਕਰਨ ਦੀਆਂ ਗਲਤੀਆਂ ਕਰ ਰਹੇ ਹਨ। ਗਿਆਨੀ ਹਰਪਾਲ ਸਿੰਘ ਨੇ ਕਿਹਾ ਗਲਤੀ ਤਾਂ ਸਿਰਫ ਰਾਵਣ ਨੇ ਕੀਤੀ ਸੀ ਪਰ ਉਸ ਦੇ ਹਰ ਸਾਲ ਪੁਤਲੇ ਸਾੜ ਕੇ ਅਤੇ ਪਟਾਕੇ ਚਲਾਕੇ ਸਜਾ ਅਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਜਿਹੜੇ ਕਿ ਸੈਂਕੜੇ ਟਨ ਕਾਗਜ ਅਤੇ ਵਿਸਫੋਟਕ ਪਦਾਰਥ ਜਲਾਉਣ ਸਦਕਾ ਵਾਤਾਵਰਣ ਵਿੱਚ ਫੈਲੇ ਪ੍ਰਦੂਸ਼ਣ ਕਾਰਣ ਸੈਂਕੜੇ ਬੀਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ।
ਗਿਆਨੀ ਹਰਪਾਲ ਸਿੰਘ ਨੇ ਕਿਹਾ ਦੀਵਾਲੀ ਅਤੇ ਬੰਦੀਛੋੜ ਦਿਹਾੜੇ ਦੀ ਖੁਸ਼ੀ ਵਿੱਚ ਚਲਾਏ ਜਾ ਰਹੇ ਪਟਾਕਿਆਂ ਦੇ ਖੜਕੇ ਦੜਕੇ ਅਤੇ ਦੀਪਮਾਲਾਵਾਂ ਦੀ ਚਕਾਚੌਂਧ ਵਿੱਚ ਅਸੀਂ ਇਸ ਦਿਹਾੜੇ ਦੀ ਇਤਿਹਾਸਕ ਮਹੱਤਤਾ ਨੂੰ ਭੁੱਲ ਬੈਠੇ ਹਾਂ। ਅੱਜ ਦਾ ਦਿਨ ਸਿੱਖਾਂ ਲਈ ਕੇਵਲ ਇਸ ਕਾਰਣ ਹੀ ਮਹੱਤਵਪੂਰਣ ਨਹੀਂ ਕਿ ਬੰਦੀਛੋੜ ਦਾਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਰਾਜਿਆਂ ਨੂੰ ਰਿਹਾ ਕਰਵਾਉਣ ਉਪ੍ਰੰਤ ਦਰਬਾਰ ਸਾਹਿਬ ਪਹੁੰਚੇ ਸਨ ਬਲਕਿ ਬਾਬਾ ਬੁੱਢਾ ਸਾਹਿਬ ਜੀ ਜਨਮ ਦਿਹਾੜਾ ਵੀ ਇਸੇ ਦਿਨ ਹੈ। ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਹੋਣ ਦੇ ਨਾਤੇ ਬਾਬਾ ਬੁੱਢਾ ਜੀ ਦੇ ਜੀਵਨ ਤੋਂ ਖਾਸ ਕਰਕੇ ਸਾਨੂੰ ਗ੍ਰੰਥੀਆਂ ਨੂੰ ਸੇਧ ਲੈ ਕੇ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ। ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਭਾਈ ਪਾਰੋ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕੀਤੀ ਕਿ ਵੈਸਾਖੀ ਵਾਲੇ ਦਿਨ ਮਨਮਤੀਏ ਲੋਕ ਤੀਰਥਾਂ ’ਤੇ ਨਹਾਉਣ ਜਾਂਦੇ ਹਨ ਤੇ ਹੋਰ ਕਈ ਕਰਮਕਾਂਡ ਕਰਦੇ ਹਨ ਜਿਨ੍ਹਾਂ ਦੀ ਵੇਖਾ ਵੇਖੀ ਕੁਝ ਭੋਲੇ ਸਿੱਖ ਵੀ ਕਰਮਕਾਂਡਾਂ ਦੇ ਜਾਲ ਵਿੱਚ ਫਸ ਰਹੇ ਹਨ ਇਸ ਲਈ ਕਿਉਂ ਨਾ ਵੈਸਾਖੀ ਵਾਲੇ ਦਿਨ ਵਿਸ਼ੇਸ਼ ਦੀਵਾਨ ਸਜਾ ਕੇ ਸਿੱਖਾਂ ਨੂੰ ਗੁਰਸ਼ਬਦ ਦੀ ਵੀਚਾਰ ਰਾਹੀਂ ਸੋਝੀ ਦੇ ਕੇ ਕਰਮਕਾਂਡ ਦੇ ਜਾਲ ਵਿੱਚੋਂ ਕੱਢਿਆ ਜਾਵੇ। ਗੁਰੂ ਸਾਹਿਬ ਜੀ ਨੂੰ ਇਹ ਸੁਝਾਉ ਪਸੰਦ ਆਇਆ ਤੇ ਉਸ ਦਿਨ ਤੋਂ ਵੈਸਾਖੀ ਮਨਾਉਣੀ ਆਰੰਭ ਹੋਈ। ਇਸ ਦਾ ਇਹ ਭਾਵ ਨਹੀਂ ਕਿ ਸਿੱਖਾਂ ਨੂੰ ਸੰਗ੍ਰਾਂਦ ਨਾਲ ਜੋੜ ਦਿੱਤਾ ਬਲਕਿ ਇਸ ਦਿਨ ਦੀ ਵਰਤੋਂ ਕਰਕੇ ਗੁਰਸ਼ਬਦ ਦੇ ਪ੍ਰਚਾਰ ਲਈ ਵਰਤਣਾਂ ਸ਼ੁਰੂ ਕੀਤਾ। ਇਸੇ ਤਰ੍ਹਾਂ ਦੀਵਾਲੀ ਵਾਲੇ ਦਿਹਾੜੇ ਨੂੰ ਅੰਮ੍ਰਿਤਸਰ ਵਿਖੇ ਖਾਲਸੇ ਦਾ ਇਕੱਠ ਕਰਨਾ ਸ਼ੁਰੂ ਕੀਤਾ ਜਿੱਥੇ ਸਮੁੱਚੇ ਪੰਥ ਦੇ ਆਗੂ ਸਿਰ ਜੋੜ ਕੇ ਬੈਠਦੇ ਸਨ ਤੇ ਪੰਥਕ ਫੈਸਲੇ ਕਰਦੇ ਸਨ ਜਿਸ ਨੂੰ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਪੜ੍ਹ ਕੇ ਸੁਣਾ ਦਿੰਦੇ ਸਨ। ਦੀਵਾਲੀ ਵਾਲੇ ਦਿਨ ਹੀ ਭਾਈ ਮਨੀ ਸਿੰਘ ਨੇ ਮੌਕੇ ਦੀ ਸਰਕਾਰ ਨੂੰ ਟੈਕਸ ਦੇਣ ਦੀ ਸ਼ਰਤ ਉਤੇ ਪੰਥਕ ਇਕੱਠ ਲਈ ਸਮੁਚੇ ਪੰਥ ਨੂੰ ਸੱਦਾ ਭੇਜਿਆ ਪਰ ਜਦੋਂ ਪਤਾ ਲੱਗਾ ਕਿ ਸਰਕਾਰ ਦੀ ਨੀਯਤ ਬਦਲ ਗਈ ਹੈ ਇਸ ਲਈ ਇਕੱਠੇ ਹੋਏ ਸਿੱਖਾਂ ’ਤੇ ਹਮਲਾ ਕਰਕੇ ਕਤਲੇਆਮ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਇਸ ਦਾ ਪਤਾ ਲਗਦੇ ਸਾਰ ਭਾਈ ਮਨੀ ਸਿੰਘ ਜੀ ਨੇ ਸਭ ਨੂੰ ਸੂਚਿਤ ਕਰ ਦਿੱਤਾ ਕਿ ਸਰਕਾਰ ਦੀ ਨੀਯਤ ਬਦਲ ਗਈ ਹੈ ਇਸ ਲਈ ਕੋਈ ਵੀ ਅੰਮ੍ਰਿਤਸਰ ਨਾ ਪਹੁੰਚੇ। ਇਸ ਬਦਲੇ ਭਾਵੇਂ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕਟਵਾ ਕੇ ਸ਼ਹੀਦ ਹੋਣਾ ਪਿਆ ਪਰ ਜਿੰਨੇ ਜਖ਼ਮ ਸਾਰੀ ਕੌਮ ਨੂੰ ਆਉਣੇ ਸਨ ਉਹ ਸਾਰੇ ਭਾਈ ਮਨੀ ਸਿੰਘ ਜੀ ਨੇ ਆਪਣੇ ਸਰੀਰ ’ਤੇ ਝੱਲ ਕੇ ਸਾਰੀ ਕੌਮ ਨੂੰ ਬਚਾ ਲਿਆ। ਪਰ ਅੱਜ ਅਸੀਂ ਵੈਸਾਖੀ ਦੀਵਾਲੀ ਦੇ ਅਸਲੀ ਮਕਸਦ ਨੂੰ ਭੁੱਲ ਕੇ ਤਿਥਾਂ, ਸੰਗ੍ਰਾਂਦਾਂ ਨਾਲ ਜੁੜ ਗਏ ਹਾਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.