ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰੱਬ ਦਾ ਵਾਸਤਾ ਜੇ ਇਕ ਹੋਰ ’ਬਲੂ-ਸਟਾਰ’ ਆਪ੍ਰੇਸ਼ਨ ਨਾ ਕਰਵਾ ਬੈਠਿਉ !
ਰੱਬ ਦਾ ਵਾਸਤਾ ਜੇ ਇਕ ਹੋਰ ’ਬਲੂ-ਸਟਾਰ’ ਆਪ੍ਰੇਸ਼ਨ ਨਾ ਕਰਵਾ ਬੈਠਿਉ !
Page Visitors: 2605

ਰੱਬ ਦਾ ਵਾਸਤਾ ਜੇ ਇਕ ਹੋਰ ’ਬਲੂ-ਸਟਾਰ’ ਆਪ੍ਰੇਸ਼ਨ ਨਾ ਕਰਵਾ ਬੈਠਿਉ !
ਕੀ ਸੰਵਿਧਾਨ ਦੇ ਆਰਟੀਕਲ 25 ਵਿਚ ਸੋਧ ਇਸ ਲਈ ਨਹੀਂ ਹੋਈ ਕਿ ਸਿੱਖ, ਗਣਤੰਤਰ ਦਿਵਸ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ ਹਨ?
ਸਿੱਖਾਂ ਦੇ ਪਹਿਲੇ, ਦੂਜੇ, ਤੀਜੇ ਜਾਂ ਚੌਥੇ ਦਰਜੇ ਦੇ ਕਿਸੇ ਵੀ ਲੀਡਰ ਦੀ ਗੱਲ ਕਰ ਲਉ, ਲਗਦਾ ਹੈ ਕਿ ਇਨ੍ਹਾਂ ਨੇ ਬੀਤੇ ਤੋਂ ਕੋਈ ਸਿਖਿਆ ਨਾ ਲੈਣ ਦੀ ਸਹੁੰ ਹੀ ਖਾਧੀ ਹੋਈ ਹੈ। ਗਰਮ ਤੋਂ ਗਰਮ ਗੱਲ ਕਰਨ (ਉਹ ਵੀ ਬੇ-ਦਲੀਲੀ) ਵਿਚ ਪਹਿਲਾ ਨੰਬਰ ਹਾਸਲ ਕਰਨ ਲਈ ਹਮੇਸ਼ਾ ਤਰਲੋ-ਮੱਛੀ ਹੋਏ ਰਹਿੰਦੇ ਹਨ, ਭਾਵੇਂ ਸਮਰੱਥਾ, ਬਾਹਵਾਂ ਗੋਡਿਆਂ ਨਾਲ ਗੰਨੇ ਦੇ ਚਾਰ ਟੋਟੇ ਕਰ ਸਕਣ ਜਿੰਨੀ ਵੀ ਨਾ ਹੋਵੇ। ਭੁਗਤਣੀਆਂ ਵਿਚਾਰੇ ਸਿੱਖਾਂ ਨੂੰ ਪੈਂਦੀਆਂ ਹਨ।
ਬਲੂ-ਸਟਾਰ ਆਪ੍ਰੇਸ਼ਨ, ਜ਼ੁਲਮ ਜਾਂ ਅੰਨ੍ਹੇ ਜ਼ੁਲਮ ਦੀ ਹੱਦ ਸੀ। ਉਸ ਵਿਚ ਪਾਰਟੀਆਂ ਦੋ ਹੀ ਨਹੀਂ ਸਨ-- ਸਰਕਾਰ ਅਤੇ ਖਾੜਕੂ ਭਾਸ਼ਾ ਬੋਲਣ ਵਾਲੇ ਸਿੱਖ ਆਗੂ ਬਲਕਿ ਸੱਭ ਤੋਂ ਵੱਡੀ ਪਾਰਟੀ ਸੀ, ਸਿੱਖ ਸੰਗਤ। ਦੋਹਾਂ ਧਿਰਾਂ ਨੇ ਸਿੱਖ ਸੰਗਤ ਨੂੰ ਗੌਲਿਆ ਤਕ ਵੀ ਨਾ। ਜੇ ਕਿਸੇ ਸਿਆਣੇ ਸਿੱਖ ਨੇ ਸਿਆਣੀ ਗੱਲ ਕਹਿਣ ਦੀ ਦਲੇਰੀ ਵਿਖਾਈ ਵੀ ਤਾਂ ਉਸ ਨੂੰ ਅਗਲੇ ਦਿਨ ਹੀ ਸੁਨੇਹਾ ਪਹੁੰਚ ਗਿਆ ਕਿ ਤੇਰੇ ਲਈ ਗੋਲੀ ਤਿਆਰ ਹੋ ਚੁੱਕੀ ਹੈ ਤੇ ਤੂੰ ਕਲ ਤਕ ਪੰਜਾਬ ਛੱਡ ਕੇ ਚਲਾ ਜਾ ਨਹੀਂ ਤਾਂ....! ਸਾਕੇ ਵਿਚ ਸਿੱਖ ਧਰਮ
ਮਿਧਿਆ ਗਿਆ, ਸਿੱਖਾਂ ਦੀ ਇਕੋ ਇਕ ਪਾਰਟੀ ਦਾ 'ਧਰਮ ਤਬਦੀਲ' ਹੋ ਗਿਆ, ਲੀਡਰਸ਼ਿਪ ਕੰਨਾਂ ਨੂੰ ਹੱਥ ਲਾ ਬੈਠੀ, ਧਰਮ-ਯੁਧ ਦੀਆਂ ਮੰਗਾਂ ਵਿਸਰ ਗਈਆਂ ਤੇ 30 ਸਾਲਾਂ ਵਿਚ, ਸਿੱਖਾਂ ਦੇ ਪ੍ਰਤੀਨਿਧਾਂ ਦੇ ਮੂੰਹ 'ਚੋਂ ਕੋਈ ਚੱਜ ਦੀ ਨਿਕਲਦੀ ਗੱਲ ਹੀ ਕਿਸੇ ਨੇ ਨਹੀਂ ਸੁਣੀ।
ਦੋ ਫ਼ੀ ਸਦੀ ਤੋਂ ਘੱਟ ਵੱਸੋਂ ਵਾਲੀ ਕੌਮ ਨੂੰ ਕਿਵੇਂ ਅਪਣੀਆਂ ਮੰਗਾਂ ਲਈ ਨਹੀਂ ਲੜਨਾ ਚਾਹੀਦਾ, ਇਹ ਗੱਲ 84 ਦੇ ਘਲੂਘਾਰੇ ਨੇ ਸਮਝਾ ਦਿਤੀ ਸੀ ਤੇ ਕਿਵੇਂ ਲੜ ਕੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ, ਇਹ ਯਹੂਦੀਆਂ ਨੇ ਕਰ ਕੇ ਵਿਖਾ ਦਿਤਾ ਹੈ ਜਿਨ੍ਹਾਂ ਦੀ ਗਿਣਤੀ ਸਿੱਖਾਂ ਨਾਲੋਂ ਵੀ ਘੱਟ ਹੈ।
ਪਰ ਸਿੱਖ ਲੀਡਰਸ਼ਿਪ ਨਾ ਅਪਣੇ ਤਜਰਬੇ ਤੋਂ ਕੁੱਝ ਸਿਖਦੀ ਹੈ, ਨਾ ਯਹੂਦੀਆਂ ਦੇ ਤਜਰਬੇ ਤੋਂ ਕੁੱਝ ਸਿਖਿਆ ਪ੍ਰਾਪਤ ਕਰਨਾ ਚਾਹੁੰਦੀ ਹੈ ਤੇ ਪੁਰਾਣੀਆਂ ਗ਼ਲਤੀਆਂ ਨੂੰ ਦੁਹਰਾਈ ਜਾਣਾ ਹੀ ਅਪਣਾ ਜਨਮ-ਸਿੱਧ ਅਧਿਕਾਰ ਸਮਝੀ ਬੈਠੀ ਹੈ। ਇਸ ਸੰਦਰਭ ਵਿਚ ਇਕ ਸਿੱਖ ਜਥੇਬੰਦੀ ਦਾ ਉਹ ਬਿਆਨ ਵੇਖਿਆ ਜਾਣਾ ਚਾਹੀਦਾ ਹੈ ਜਿਸ ਵਿਚ ਉਸ ਨੇ ਸਿੱਖਾਂ ਨੂੰ ਪ੍ਰੇਰਨਾ ਦਿਤੀ ਹੈ ਕਿ ਜੇ ਉਹ ਸੰਵਿਧਾਨ ਦੇ ਆਰਟੀਕਲ 25 ਨੂੰ ਸੰਵਿਧਾਨ 'ਚੋਂ ਕਢਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗਣਤੰਤਰ ਦਿਵਸ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਸਿੱਖਾਂ ਦੇ ਝੋਲਾ ਛਾਪ ਡਾਕਟਰ ਕਿਸਮ ਦੇ ਸਿਆਸਤਦਾਨਾਂ ਨੂੰ ਕੋਈ ਪੁੱਛੇ ਕਿ ਉਨ੍ਹਾਂ ਨੂੰ ਕਿਹੜੇ ਜੋਤਸ਼ੀ ਨੇ ਦਸਿਆ ਹੈ ਕਿ ਗਣਤੰਤਰ ਦਿਵਸ ਦੇ ਬਾਈਕਾਟ ਨਾਲ ਹੀ ਆਰਟੀਕਲ 25 ਬਦਲ ਦਿਤਾ ਜਾਏਗਾ ?
1984 ਦੇ ਘਲੂਘਾਰੇ ਵਿਚ ਇੰਦਰਾ ਗਾਂਧੀ ਦੇ ਜ਼ੁਲਮ ਦੀ ਹਮਾਇਤ ਵਿਚ ਸਾਰਾ ਹਿੰਦੁਸਤਾਨ ਇਕਜੁਟ ਹੋ ਕੇ ਸਿੱਖਾਂ ਵਿਰੁਧ ਉਠ ਖੜਾ ਹੋਇਆ ਸੀ ਕਿਉਂਕਿ ਕਾਂਗਰਸ ਅਤੇ ਇੰਦਰਾ ਗਾਂਧੀ ਨੇ ਸਾਲ ਭਰ ਤੋਂ ਸਿੱਖਾਂ ਬਾਰੇ ਇਹ ਪ੍ਰਚਾਰ ਸ਼ੁਰੂ ਕੀਤਾ ਹੋਇਆ ਸੀ ਕਿ ਅਕਾਲੀ, ਪਾਕਿਸਤਾਨ ਦੇ ਹੱਥਾਂ ਵਿਚ ਖੇਡ ਰਹੇ ਹਨ ਤੇ ਹਿੰਦੁਸਤਾਨ ਦੇ ਟੁਕੜੇ ਕਰ ਕੇ, ਪਾਕਿਸਤਾਨ ਲਈ ਬੰਗਲਾਦੇਸ਼ ਦਾ ਬਦਲਾ ਲੈਣਾ ਚਾਹੁੰਦੇ ਹਨ। ਇਹ ਇਲਜ਼ਾਮ ਸਰਾਸਰ ਝੂਠਾ ਸੀ ਪਰ ਸਾਡੇ ਬੜਬੋਲੇ ਸਿੱਖ ਲੀਡਰਾਂ ਦੇ ਹੀ ਕੁੱਝ ਕਥਨ, ਜੋ ਅਖ਼ਬਾਰਾਂ ਵਿਚ ਛੱਪ ਚੁਕੇ ਸਨ, ਸਾਰੇ ਦੇਸ਼ਵਾਸੀਆਂ ਨੂੰ ਯਕੀਨ ਕਰਵਾ ਗਏ ਕਿ ਸਿੱਖ ਤਾਂ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਇਸੇ ਲਈ ਸਿੱਖ ਤੜਪਦਾ ਰਿਹਾ ਪਰ ਕੋਈ ਉਸ ਨੂੰ ਪਾਣੀ ਪੁੱਛਣ ਤੇ 'ਫ਼ਸਟ ਏਡ' ਦੇਣ ਲਈ ਵੀ ਨਾ ਬਹੁੜਿਆ।
ਗਣਤੰਤਰ ਦਿਵਸ ਤੇ ਜਾਂਦੇ ਤਾਂ ਅੱਗੇ ਵੀ ਸਕੂਲੀ ਬੱਚੇ ਜਾਂ ਸਰਕਾਰੀ ਅਫ਼ਸਰ ਹੀ ਹਨ ਪਰ 'ਬਾਈਕਾਟ' ਵਰਗੇ ਬਿਆਨ, ਵਿਰੋਧੀ ਸ਼ਕਤੀਆਂ ਦੇ ਹੱਥ ਵਿਚ ਉਹ ਹਥਿਆਰ ਫੜਾ ਦੇਣਗੇ ਜਿਸ ਨਾਲ ਸਿੱਖਾਂ ਨੂੰ 'ਦੇਸ਼-ਦੁਸ਼ਮਣ' ਤੇ 'ਭਾਰਤ ਵਿਰੋਧੀ' ਗਰਦਾਨ ਕੇ, ਇਕ ਹੋਰ ਬਲੂ-ਸਟਾਰ ਆਪ੍ਰੇਸ਼ਨ ਦੀ ਤਿਆਰੀ ਦਾ
ਬਹਾਨਾ ਮਿਲ ਜਾਏਗਾ। ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਬਿਆਨ ਦੇਣ ਵਾਲਿਆਂ ਨੂੰ ਆਪ ਭਾਵੇਂ  
ਪਤਾ ਨਾ ਵੀ ਹੋਵੇ, ਇਹੋ ਜਿਹੇ ਬਿਆਨ ਅਤੇ ਨਾਹਰੇ, ਸਰਕਾਰੀ ਏਜੰਸੀਆਂ ਆਪ ਲਗਵਾਉਂਦੀਆਂ ਤੇ ਛਡਦੀਆਂ ਰਹਿੰਦੀਆਂ ਹਨ ਤਾਕਿ ਮੁਨਾਸਬ ਸਮੇਂ ਤੇ, ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। 1984 ਵਿਚ ਦਰਬਾਰ ਸਾਹਿਬ ਵਿਚੋਂ 'ਖ਼ਾਲਿਸਤਾਨ' ਦਾ ਨਾਹਰਾ ਮਾਰ ਕੇ ਭੱਜ ਜਾਣ ਵਾਲੇ ਕੌਣ ਸਨ?
ਉੁਂਜ ਆਰਟੀਕਲ 25 ਬਾਰੇ ਫ਼ੈਸਲਾ ਤਾਂ ਸਰਕਾਰ ਵਲੋਂ ਕਾਇਮ ਕੀਤੇ ਇਕ ਕਮਿਸ਼ਨ ਨੇ ਵੀ ਦੇ ਦਿਤਾ ਹੋਇਆ ਹੈ ਕਿ ਇਸ ਨੂੰ ਬਦਲ ਦਿਤਾ ਜਾਣਾ ਚਾਹੀਦਾ ਹੈ। ਫਿਰ ਇਸ ਨੂੰ ਤਬਦੀਲ ਕਰਨ ਲਈ, ਕੀ ਸਿੱਖਾਂ ਲਈ ਜ਼ਰੂਰੀ ਹੈ ਕਿ ਪਹਿਲਾਂ ਅਪਣੇ ਆਪ ਨੂੰ 'ਦੇਸ਼-ਧ੍ਰੋਹੀ' ਅਖਵਾਇਆ ਜਾਵੇ?
ਪਰ ਆਰਟੀਕਲ 25 ਹੁਣ ਤਕ ਤਬਦੀਲ ਕਿਉਂ ਨਹੀਂ ਕਰਵਾਇਆ ਜਾ ਸਕਿਆ? ਕੀ ਇਸ ਲਈ ਕਿ ਸਿੱਖ, ਗਣਤੰਤਰ ਦਿਵਸ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ ਹਨ ਜਾਂ ਇਸ ਲਈ ਕਿ ਸਿੱਖ ਲੀਡਰ ਹੀ ਨਹੀਂ ਸਨ ਚਾਹੁੰਦੇ ਕਿ ਇਹ ਮੰਗ ਮੰਨੀ ਜਾਏ? ਉਹ ਸਿੱਖ ਮੰਗਾਂ ਉਠਾ ਜ਼ਰੂਰ ਲੈਂਦੇ ਹਨ ਪਰ ਚੋਣਾਂ ਜਿੱਤਣ ਮਗਰੋਂ ਉਨ੍ਹਾਂ ਨੂੰ ਠੱਪ ਕੇ ਰੱਖ ਦੇਂਦੇ ਹਨ ਤਾਕਿ ਅਗਲੀਆਂ ਚੋਣਾਂ ਵਿਚ ਫਿਰ ਵਰਤ ਸਕਣ। ਚੰਡੀਗੜ੍ਹ ਦੀ ਪ੍ਰਾਪਤੀ ਦੀ ਗੱਲ ਉਹ ਕਿਉਂ ਕਰਨਗੇ ਜਿਨ੍ਹਾਂ ਨੂੰ ਹੁਣ 'ਨਵਾਂ ਚੰਡੀਗੜ੍ਹ' ਬਣਾ ਕੇ ਅਰਬਾਂ ਰੁਪਏ ਦਾ ਫ਼ਾਇਦਾ ਉਂਜ ਹੀ ਮਿਲ ਜਾਣਾ ਹੈ ? ਹਰਿਆਣੇ ਨਾਲ ਪਾਣੀ, ਜ਼ਮੀਨ ਆਦਿ ਦੇ ਝਗੜਿਆਂ ਵਿਚ ਪੰਜਾਬ ਦੇ ਹੱਕਾਂ ਲਈ ਉਹ ਕਿਉਂ ਡਟਣਗੇ ਜਿਨ੍ਹਾਂ ਦੇ ਫ਼ਾਰਮ, ਹਰਿਆਣੇ ਦੇ ਪਾਣੀ ਨਾਲ ਸਿੰਜੇ ਜਾ ਰਹੇ ਹਨ ਤੇ ਅਰਬਾਂ ਦੀ ਜਾਇਦਾਦ, ਹਰਿਆਣੇ ਵਾਲਿਆਂ ਦੀ ਕ੍ਰਿਪਾ ਸਦਕਾ, ਹਰਿਆਣੇ ਵਿਚ ਦੋ ਦੂਣੀ ਚਾਰ ਵਾਂਗ ਵਾਧੇ ਤੇ ਜਾ ਰਹੀ ਹੈ ? ਇਹੀ ਲੋਕ ਹਨ ਜੋ ਆਰਟੀਕਲ 25 ਨੂੰ ਤਬਦੀਲ ਕਰਨੋਂ ਕੇਂਦਰ ਸਰਕਾਰ ਨੂੰ ਇਸ਼ਾਰਿਆਂ ਨਾਲ ਰੋਕ ਲੈਂਦੇ ਹਨ। 'ਗਣਤੰਤਰ ਦਿਵਸ ਬਾਈਕਾਟ' ਵਰਗੇ ਐਲਾਨ ਦੂਜੇ ਬਲੂ-ਸਟਾਰ ਆਪ੍ਰੇਸ਼ਨ ਨੂੰ ਵਾਜਾਂ ਮਾਰਨ ਵਾਲੀ ਗੱਲ ਹੋਵੇਗੀ ਤੇ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਦਿੱਲੀ ਵਿਚ ਸਰਕਾਰ ਬਦਲ ਚੁੱਕੀ ਹੈ ਜੋ ਘੱਟ-ਗਿਣਤੀਆਂ ਕੋਲੋਂ 'ਅਸੀ ਹਿੰਦੂ ਹਾਂ' ਅਖਵਾਉਣ ਲਈ ਕਿਸੇ ਹੱਦ ਤਕ ਵੀ ਜਾਣ ਨੂੰ ਤਿਆਰ ਹੈ-- ਉਹਦੇ ਲਈ ਸਿਰਫ਼ ਗਣਤੰਤਰ ਦਿਸਵ ਬਾਈਕਾਟ ਵਰਗੇ ਬਹਾਨੇ ਹੀ ਕਾਫ਼ੀ ਹੋਣਗੇ
 (ਰੋਜ਼ਾਨਾ ਸਪੋਕਸਮੈਨ ਸੰਪਾਦਕੀ 17 ਦਸੰਬਰ 2014)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.