ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਭਾਰਤ ਵਿਚ ਸਿੱਖਾਂ ਦੀ ਗਿਣਤੀ ਸਿਰਫ 2 ਕਰੋੜ
ਭਾਰਤ ਵਿਚ ਸਿੱਖਾਂ ਦੀ ਗਿਣਤੀ ਸਿਰਫ 2 ਕਰੋੜ
Page Visitors: 2717

ਭਾਰਤ ਵਿਚ ਸਿੱਖਾਂ ਦੀ ਗਿਣਤੀ ਸਿਰਫ 2 ਕਰੋੜ
ਨਵੀਂ ਦਿੱਲੀ, 25 ਅਗਸਤ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਦੇਸ਼ ਵਿਚਲੇ ਧਾਰਮਿਕ ਭਾਈਚਾਰਿਆਂ ਦੀ ਆਬਾਦੀ ਸਬੰਧੀ ਅੰਕੜੇ ਜਾਰੀ ਕਰ ਦਿੱਤੇ, ਜਿਨ੍ਹਾਂ ਵਿਚ ਦਿਖਾਇਆ ਗਿਆ ਹੈ ਕਿ ਦੇਸ਼ ਵਿਚ ਹਿੰਦੂ ਭਾਈਚਾਰੇ ਦੀ ਆਬਾਦੀ ਵਿਚ ਅਨੁਪਾਤਕ ਕਮੀ ਆਈ ਹੈ। ਦੂਜੇ ਪਾਸੇ ਮੁਸਲਮਾਨ ਭਾਈਚਾਰੇ ਦੀ ਆਬਾਦੀ ਨਾ ਸਿਰਫ਼ ਅਨੁਪਾਤਕ ਤੌਰ ‘ਤੇ ਵਧੀ ਹੈ, ਸਗੋਂ ਇਸ ਦੀ ਵਿਕਾਸ ਦਰ ਵੀ ਸਾਰੇ ਭਾਈਚਾਰਿਆਂ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਨਾਲ ਇਕ ਵਾਰੀ ਫੇਰ ਦੇਸ਼ ਵਿਚ ਤਕਰਾਰ ਤੇ ਬਿਆਨਬਾਜ਼ੀ ਵਧਣ ਦੇ ਆਸਾਰ ਹਨ। ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਵੱਲੋਂ ਇਕੱਤਰ ਇਹ ਅੰਕੜੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਜਾਰੀ ਕੀਤੇ ਗਏ ਹਨ, ਜਿਥੇ ਵਿਧਾਨ ਸਭਾ ਦੀਆਂ ਕੁੱਲ 243 ਸੀਟਾਂ ਵਿਚੋਂ ਕਰੀਬ 50 ਸੀਟਾਂ ‘ਤੇ ਮੁਸਲਿਮ ਭਾਈਚਾਰੇ ਦੀ ਫ਼ੈਸਲਾਕੁਨ ਵੋਟ ਹੈ। ਸਿਆਸੀ ਤੌਰ ‘ਤੇ ਇਸ ਨਾਲ ਨਾ ਸਿਰਫ਼ ਸਮਾਜ ‘ਚ ‘ਵੋਟ ਬੈਂਕਾਂ’ ‘ਤੇ ਆਧਾਰਿਤ ਵੰਡੀਆਂ ਪੈਣਗੀਆਂ, ਸਗੋਂ ਤਣਾਅ ਵੀ ਵਧੇਗਾ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ 2001-11 ਦੇ ਦਹਾਕੇ ਦੌਰਾਨ ਮੁਲਕ ਦੀ ਕੁੱਲ ਆਬਾਦੀ ‘ਚ ਹਿੰਦੂ ਭਾਈਚਾਰੇ ਦਾ ਅਨੁਪਾਤ 0.7 ਫ਼ੀਸਦੀ, ਸਿੱਖ ਭਾਈਚਾਰੇ ਦਾ 0.2 ਫ਼ੀਸਦੀ ਅਤੇ ਬੋਧੀ ਭਾਈਚਾਰੇ ਦਾ 0.1 ਫ਼ੀਸਦੀ ਘਟਿਆ ਹੈ। ਇਹ ਪਹਿਲੀ ਵਾਰ ਹੈ ਕਿ ਦੇਸ਼ ‘ਚ ਹਿੰਦੂਆਂ ਦੀ ਆਬਾਦੀ ਕੁੱਲ ਆਬਾਦੀ ਦੇ 80 ਫ਼ੀਸਦੀ ਤੋਂ ਹੇਠਾਂ ਆਈ ਹੈ।
ਮਰਦਮਸ਼ੁਮਾਰੀ 2011 ‘ਚ ਧਾਰਮਿਕ ਭਾਈਚਾਰਿਆਂ ਦੀ ਆਬਾਦੀ ਦੇ ਅੰਕੜੇ’ ਸਿਰਲੇਖ ਵਾਲੀ ਇਸ ਰਿਪੋਰਟ ‘ਚ ਮੁੱਖ 6 ਧਾਰਮਿਕ ਭਾਈਚਾਰਿਆਂ- ਹਿੰਦੂ, ਮੁਸਲਮਾਨ, ਈਸਾਈ, ਸਿੱਖ, ਬੋਧੀ ਅਤੇ ਜੈਨੀ ਦੇ ਵੇਰਵੇ ਦਿੱਤੇ ਗਏ ਹਨ ਅਤੇ ਬਾਕੀਆਂ ਨੂੰ ‘ਹੋਰ ਧਰਮ ਤੇ ਅਕੀਦੇ’ ਅਤੇ ‘ਧਰਮ ਨਹੀਂ ਦੱਸਿਆ’ ਮੱਦਾਂ ਵਿਚ ਰੱਖਿਆ ਗਿਆ ਹੈ। ਅੰਕੜਿਆਂ ਦੇ ਵੇਰਵੇ ਲਿੰਗ ਅਤੇ ਤਹਿਸੀਲਾਂ ਤੇ ਕਸਬਿਆਂ ਤੱਕ ਰਿਹਾਇਸ਼ ਦੇ ਆਧਾਰ ‘ਤੇ ਦਿੱਤੇ ਗਏ ਹਨ। ਅੰਕੜਿਆਂ ਮੁਤਾਬਕ ਸਾਲ 2011 ‘ਚ ਦੇਸ਼ ਦੀ ਕੁੱਲ ਆਬਾਦੀ 121.09 ਕਰੋੜ ਸੀ, ਜਿਨ੍ਹਾਂ ਵਿਚੋਂ ਹਿੰਦੂ 96.63 ਕਰੋੜ (79.8 ਫ਼ੀਸਦੀ), ਮੁਸਲਮਾਨ 17.22 ਕਰੋੜ (14.2 ਫ਼ੀਸਦੀ), ਈਸਾਈ 2.78 ਕਰੋੜ (2.3 ਫ਼ੀਸਦੀ), ਸਿੱਖ 2.08 ਕਰੋੜ (1.7 ਫ਼ੀਸਦੀ), ਬੋਧੀ 0.84 ਕਰੋੜ (0.7 ਫ਼ੀਸਦੀ), ਜੈਨੀ 0.45 ਕਰੋੜ (0.4 ਫ਼ੀਸਦੀ), ਹੋਰ ਧਰਮ ਤੇ ਅਕੀਦੇ 0.79 ਕਰੋੜ (0.7 ਫ਼ੀਸਦੀ) ਅਤੇ ਧਰਮ ਨਹੀਂ ਦੱਸਿਆ 0.29 ਕਰੋੜ (0.2 ਫ਼ੀਸਦੀ) ਹਨ। ਇਨ੍ਹਾਂ ਮੁਤਾਬਕ 2011 ‘ਚ ਹਿੰਦੂਆਂ ਦੀ ਆਬਾਦੀ ਦਾ ਅਨੁਪਾਤ 0.7 ਫ਼ੀਸਦੀ, ਸਿੱਖਾਂ ਦਾ 0.2 ਫ਼ੀਸਦੀ ਅਤੇ ਬੋਧੀਆਂ ਦਾ 0.1 ਫ਼ੀਸਦੀ ਘਟਿਆ ਹੈ। ਦੂਜੇ ਪਾਸੇ ਮੁਸਲਮਾਨਾਂ ਦੀ ਆਬਾਦੀ ਦਾ ਅਨੁਪਾਤ 0.8 ਫ਼ੀਸਦੀ ਵਧਿਆ ਹੈ। ਈਸਾਈ ਤੇ ਜੈਨੀ ਭਾਈਚਾਰੇ ਦੀ ਆਬਾਦੀ ‘ਚ ਖ਼ਾਸ ਤਬਦੀਲੀ ਨਹੀਂ ਆਈ। ਦੇਸ਼ ਦੀ ਆਬਾਦੀ ਦੀ ਵਿਕਾਸ ਦਰ 2001 ਤੋਂ 2011 ਦੇ ਦਹਾਕੇ ਦੌਰਾਨ 17.7 ਫ਼ੀਸਦੀ ਰਹੀ, ਜਿਨ੍ਹਾਂ ਵਿਚੋਂ ਮੁਸਲਮਾਨਾਂ ਦੀ ਵਿਕਾਸ ਦਰ ਸਭ ਤੋਂ ਵੱਧ 24.6 ਫੀਸਦੀ ਰਹੀ। ਹਿੰਦੂਆਂ ਦੀ ਵਿਕਾਸ ਦਰ 16.8 ਫ਼ੀਸਦੀ, ਈਸਾਈਆਂ ਦੀ 15.5 ਫ਼ੀਸਦੀ, ਸਿੱਖਾਂ ਦੀ 8.4 ਫ਼ੀਸਦੀ, ਬੋਧੀਆਂ ਦੀ 6.1 ਫ਼ੀਸਦੀ ਅਤੇ ਜੈਨੀਆਂ ਦੀ 5.4 ਫ਼ੀਸਦੀ ਰਹੀ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.