ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ।
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ।
Page Visitors: 2598

ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ।

ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ।
ਸੱਚ ਦੀ ਕਚਹਿਰੀ ਦੇ ਕਟਹਿਰੇ ਵਿਚ ਹੋਣ ਸਾਰੇ

ਨਾ ਕੋਈ ਗੋਲਾ ਹੋਵੇ ਨਾ ਕੋਈ ਨਵਾਬ ਹੋਵੇ
ਆਪਣਾਪੰਜਾਬਹੋਵੇ।ਸਾਰਿਆਂਦਾ ਸ੍ਹਾਬਹੋਵੇ

ਕੱਦੂਆਂ ਨੂੰ ਟੀਕਾ ਭਲਾ ਕਿੰਨ੍ਹੇ ਕਿੰਨੇ ਲਾਇਆਆ
ਕੈਮੀਕਲ ਪਾ ਕੇ ਦੁੱਧ ਕਿਸ ਨੇ ਬਣਾਇਆਆ।

ਰੋੜ ਕਿੰਨ੍ਹੇ ਵੇਚ ਛੱਡੇ ਦਾਲਾਂ ਚ ਲੁਕੋ ਕੇ।
ਗੋਭੀ ਕਿੰਨ੍ਹੇਂ ਵੇਚੀ ਗੰਦੇ ਨਾਲੇ ਵਿਚ ਧੋ ਕੇ।

ਹਲਦੀ ਚ ਚੌਲਾਂ ਦੀ ਰਲਾਈ ਕਿੰਨ੍ਹੇ ਕਣੀ ਹੈ
ਮਾਰ ਮਾਰ ਠੱਗੀਆਂ ਡਬਈ ਕੀਹਦੀ ਬਣੀ ਹੈ

ਹੱਕ ਦੀ ਕਮਾਈ ਵੱਲੋਂ ਕਿਨ ਟਾਲਾ ਕੀਤਾ ਏ
ਰਿਸ਼ਵਤ ਨਾਲ ਕਿੰਨ੍ਹੇਂ ਮੂੰਹ ਕਾਲਾ ਕੀਤਾ ਏ।

ਵੱਢੀ ਪਿੱਛੇ ਕੰਮ ਅਟਕਾਇਆ ਕਿਹੜੇ ਬਾਬੂਆਂ
ਖੱਜਲ ਖੁਆਰ ਕਰਵਾਇਆ ਕਿਹੜੇ ਬਾਬੂਆਂ।

ਕਿਹੜੇ ਪਹਿਰੇਦਾਰਾਂ ਬੰਦੇ ਆਪਣੇ ਲੰਘਾਏ ਆ।
ਲਾਈਨਾਂ ਵਿਚ ਲੱਗੇ ਖਾਲੀ ਘਰ ਨੂੰ ਘਲਾਏ ਆ।

ਕੌਣ ਰਿਹਾ ਵਖਤਾਂ ਦੇ ਮਾਰਿਆਂ ਨੂੰ ਲੁੱਟਦਾ।
ਜੰਮ ਜੰਮ ਧੀਆਂ ਕੌਣ ਕੂੜੇ ਵਿਚ ਸੁੱਟਦਾ।

ਡਾਕਟਰਾਂ ਨਜੈਜ ਕਿੰਨੀ ਲਿਖਤੀ ਦਵਾਈ ਆ
ਲੁੱਟ ਕੇ ਮਰੀਜ਼ ਕਿਹੜੀ ਕੰਪਨੀ ਰਜਾਈ ਆ।

ਕੰਪਨੀਆਂ ਵਾਲਿਆਂ ਮੁਨਾਫਾ ਜੋ ਕਮਾਇਆ ਆ।
ਉਹਦੇ ਵਿਚੋਂ ਇਹਨਾਂ ਦਾ ਕਮਿਸ਼ਨ ਕਿੰਨਾ ਆਇਆ ਆ

ਟੈਸਟਾਂ ਰਿਪੋਟਾਂ ਦੀ ਡਿਟੇਲ ਚੈਕ ਹੋ ਜਵੇ।
ਚਿੱਟੇ ਚਿੱਟੇ ਤਿਲਾਂ ਵਿਚ ਤੇਲ ਚੈਕ ਹੋ ਜਵੇ।

ਕਿਹੜਿਆਂ ਵਕੀਲਾਂ ਝੂਠ ਪਾਪ ਨੂੰ ਜਿਤਾਇਆ ਆ।
ਕਿਹੜੇ ਕਿਹੜੇ ਜੱਜਾਂ ਝੂਠਾ ਫੈਸਲਾ ਸੁਣਾਇਆ ਆ।

ਕਿੰਨਾਂ ਕਿੰਨ੍ਹਾਂ ਧੀਆਂ ਪੁੱਤ ਸੇਲ ਉੱਤੇ ਲਾਏ ਨੇ।
ਦਾਜ ਵਾਲੇ ਝੂਠੇ ਕੇਸ ਕਿੰਨੇ ਕਿੰਨੇ ਪਾਏ ਨੇ

ਗਲ ਪਾ ਕੇੇੇੇ ਵਰਦੀ ਕੌਣ ਮੰਗਦੇ ਨੇ ਖਰਚੇ
ਕਿੰਨਾਂ ਨੇ ਨਜੈਜ ਐਂਵੇ ਕੱਟ ਛੱਡੇ ਪਰਚੇ

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।??
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ


ਦੋ-ਦੋ ਥਾਂਵਾਂ ਤੇ ਪਲਾਟ ਕਿੰਨ੍ਹੇ ਵੇਚੇ ਆ।
ਮ੍ਹਾਤੜਾਂ ਨੂੰ ਨੀਲੇ ਪੀਲੇੇ ਕਾਟ ਕਿੰਨੇ ਵੇਚੇ ਆ।

ਹਾਕਮਾਂ ਤੋਂ ਵੱਡੇ ਵੱਡੇ ਗੱਫੇ ਕਿੰਨੂੰ ਆਏ ਆ
ਕਿੰਨ੍ਹੇ ਕਿੰਨ੍ਹੇਂ ਬੰਦੇ ਸੈੱਟ ਆਪਣੇ ਕਰਾਏ ਆ

ਕੌਣ ਕੱਲਾ ਖਾ ਗਿਆ ਗਰਾਂਟ ਮਿਲੀ ਸੱਜਰੀ।
ਕਿੰਨੇ ਖਾਧੀ ਰੇਤ ਆ ਤੇ ਕਿੰਨੇ ਖਾਧੀ ਬੱਜਰੀ।

ਨਕਲੀ ਦਵਾਈਆਂ ਭਲਾ ਕਿੰਨੇ ਕਿੰਨੇ ਵੇਚੀਆਂ।
ਸਰਕਾਰ ਵੱਲੋਂ ਆਈਆਂ ਭਲਾ ਕਿੰਨੇ ਕਿੰਨੇ ਵੇਚੀਆਂ।

ਸੀਵਰੇਜ਼ ਕਹਿ ਕੇ ਐਂਵੇ ਗਲੀਆਂ ਕਿੰਨ੍ਹੇਂ ਪੱਟੀਆਂ।
ਕਿਹੜਾ ਮੈਂਬਰ ਖਾ ਗਿਆ ਜੋ ਬਣਨੀਆਂ ਸੀ ਟੱਟੀਆਂ

ਕਿਹੜੀ ਬੱਸ ਵਾਲੇ ਏਥੇ ਬੰਦੇ ਮਾਰੀਜਾਂਦੇ ਨੇ
ਕਿਹੜੇ ਕਿਹੜੇ ਅਫਸਰਾਂ ਨੂੰ ਪੈਸੇ ਚਾਰੀ ਜਾਂਦੇ ।

ਕਿਹੜੇ ਕਿਹੜੇ ਫੁੱਲਾਂ ਤੇ ਤਰੇਲ ਪੈਣੀ ਚਾਹੀਦੀ
ਕਿਹੜੇ ਕਿਹੜੇ ਸਾਹਨਾਂ ਨੂੰ ਨਕੇਲ ਪੈਣੀ ਚਾਹੀਦੀ

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।??
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ


ਕਿਹੜੇ ਅਧਿਆਪਕਾਂ ਨੇ ਵਿੱਦਿਆ ਵੀਚਾਰੀ ਏ।
ਕਿਹੜਾ ਅੱਜ ਬਣ ਗਿਆ ਪੈਸੇ ਦਾ ਪੁਜਾਰੀ ਏ।

ਗਰੀਡੀ ਡੌਗ ਕਿੰਨੇੇ ਕੁ ਪ੍ਰਿੰਸੀਪਲ ਲੱਗੇ ਆ
ਕਿੰਨੇ ਬਘਿਆੜਾਂ ਅਣਜਾਣ ਗਧੇ ਠੱਗੇ ਆ

ਕਿਹੜੇ ਕਿਹੜੇ ਮਗਰਮੱਛ ਮਗਜ਼ ਖਾਈ ਜਾਂਦੇ ਆ
ਕਿੰਨੇ ਕੁ ਪਿਆਸੇ ਕਾਂ ਸਕੀਮਾਂ ਲਾਈ  ਜਾਂਦੇ ਆ।

ਕਿਹੜੇ ਖਰਗੋਸ਼ ਕੱਛੂ ਕੁੰਮੇਂ ਨੂੰ ਸਤਾਉਂਦੇ ਆ
ਦੌੜ ਲਾਉਣ ਵਾਸਤੇ ਰੋਜ਼ਾਨਾ ਉਕਸਾਉਂਦੇ ਆ

ਕਿਹੜੀ ਕਿਹੜੀ ਲੂੰਬੜੀ ਅੰਗੂਰਾਂ ਵੱਲ ਵੇਂਹਦੀ ਆ।
ਕਿਹੜੀ ਮੱਝ ਖਿੜੇ ਫੁੱਲ ਖੁਰਾਂ ਨਾਲ ਫੇਂਹਦੀ ਆ

ਕਾਤਲ ਪੰਜਾਬੀ ਦੇ ਆਹ ਰੁੱਖੇ ਬੰਦੇ ਕੌਣ ਨੇ।
ਫੋਕਿਆਂ ਸਟੇਟਸਾਂ ਦੇ ਭੁਖੇ ਬੰਦੇ ਕੌਣ ਨੇ।

ਮਾਂ ਬੋਲੀ ਮਿੱਟੀ ਚ ਰੁਲਾਉਣ ਵਾਲੇ ਕਿਹੜੇ ਨੇ।
ਹਿੰਦੀ ਵਿਚ ਬਾਲਾਂ ਨੂੰ ਬੁਲਾਉਣ ਵਾਲੇ ਕਿਹੜੇ ਨੇ।

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।??
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ


ਕਿੰਨੇ ਗੰਦੀ ਸੋਚ ਨਾਲ ਗੰਦੇ ਗੀਤਗਾਏ ਨੇ
ਕਿੰਨ੍ਹੇ ਕਿੰਨ੍ਹੇ ਸੁਣ ਕੇ ਤੇ ਪੱਬ ਥਿਰਕਾਏ ਨੇ

ਸਾਡੇ ਧੀਆਂ ਪੁੱਤਾਂ ਨੂੰ ਕੁਰਾਹੇ ਕਿਨ ਪਾਇਆ ਏ
ਵਿਆਹਾਂ ਵਿਚ ਗੋਲੀਆਂ ਚਲਾਉਣ ਕਿੰਨ੍ਹੇਂ ਲਾਇਆ ਏ

ਕਿਹੜੇ ਕਿਹੜੇ ਠੱਗਾਂ ਆਣ ਬੂਹਾ ਸਾਡਾ ਮੱਲਿਆ।
ਕਿੰਨ੍ਹੇ ਸਾਡੇ ਪੁੱਤਾਂ ਨੂੰ ਨਸ਼ੇੜੀਆਂ ਦੇ ਘੱਲਿਆ।

ਨੰਗੇ ਨਾਚ ਕਰਨ ਵਾਲੇ ਨੰਗ ਲੋਕ ਕੌਣ ਨੇ।
ਮੀਰ ਅਣਖ ਵਾਲੇ ਆਹ ਮਲੰਗ ਲੋਕ ਕੌਣ ਨੇ।

ਗੀਤਾਂ ਅਤੇ ਗਾਣਿਆਂ ਚ ਗੰਦ ਭਰ ਛੱਡਿਆ।
ਮੁੰਡਿਆ ਨੂੰ ਕਿਸ ਨੇ ਮੰਡ੍ਹੀਰ ਕਰ ਛੱਡਿਆ।

ਕਬਰਾਂ ਬਣਾ ਕੇ ਸਾਡੀਆਂ ਕਬਰਾਂ ਨੂੰ ਪੁੱਟਿਆ।
ਜਿਉਂਦਿਆਂ ਨੂੰ ਮਰਿਆਂ ਅੱਗੇ ਆਣ ਸੁੱਟਿਆ।

ਮੁੰਡਿਆਂ ਨੂੰ ਗੈਰਤਾਂ ਗਵਾਉਣ ਵੱਲ ਤੋਰਤਾ।
ਕੁੜੀਆਂ ਨੂੰ ਇੱਜ਼ਤਾਂ ਲੁਟਾਉਣ ਵੱਲ ਤੋਰਤਾ।

ਪੰਜਾਬੀਆਂਨੂੰ ਦੁਨੀਆਂ ਚ ਕਿਹੋ ਜ੍ਹੇ ਦਿਖਾ ਤਾ।
ਫੁਕਰਿਆਂ ਨਸ਼ੇੜੀਆਂ ਦਾ ਅਕਸ ਬਣਾ ਤਾ।

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।??
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ


ਪੰਜਾਬ ਦਿਆਂ ਪਾਣੀਆਂ ਨੂੰ ਅੱਗ ਕੌਣ ਲਾ ਰਿਹਾ।
ਹੱਡ ਸਾਡੇ ਬਾਲ ਕੇ ਤੰਦੂਰ ਕੌਣ ਤਾਅ ਰਿਹਾ।

ਕਿਹੜੇ ਕਿਹੜੇ ਆਕੇ ਉੱਤੇ ਸੇਕਦੇ ਨੇ ਰੋਟੀਆਂ।
ਕੌਣ ਕੌਣ ਖਾਣਾ ਚਾਹੁੰਦਾ ਸਿੱਖਾਂ ਦੀਆਂ ਬੋਟੀਆਂ।

ਹਾਕਮਾਂ ਦੇ ਮੂੰਹ ਚ ਕਿੰਨੇ ਗੱਪ ਲੁਕੇ ਹੋਏ ਨੇ।
ਬੁੱਕਲਾਂ ਚ ਹੋਰ ਕਿੰਨੇ ਸੱਪ ਲੁਕੇ ਹੋਏ ਨੇ।

ਦੁਸ਼ਮਣਾਂ ਦੀ ਖੈਰ ਚਾਹੁੰਦੇ ਪੱਗਾਂ ਵਾਲੇ ਕਿਹੜੇ ਆ।
ਕਿੰਨੀਆਂ ਕੁ ਥੋਹਰਾਂ ਹੋਰ ਉੱਗਣੀਆਂ ਵਿਹੜੇ ਆ।

ਵੀਰ ਮੇਰੇ ਕਿੰਨਾਂ ਚਿਰ ਹੋਰ ਔਖੇ ਹੋਣਗੇ।
ਕੌਮ ਦੇ ਰਟੌਲ ਦਿਨ ਕਦੋਂ ਸੌਖੇ ਹੋਣਗੇ।

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।??
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ


ਕੌਣ ਫਖਰੇ ਕੌਮ ਹੈ ਤੇ ਕਿਨ ਲਾਈ ਲੀਕ ਹੈ
ਕੌਣ ਕਿੰਨਾ ਗਲਤ ਹੈ ਤੇ ਕੌਣ ਕਿੰਨਾ ਠੀਕ ਹੈ

ਕੌਣ ਕਿੰਨਾ ਝੂਠਾ ਹੈ ਤੇ ਕੀਹਦੇ ਪੱਲੇ ਸੱਚ ਹੈ
ਕੌਣ ਖੰਡੇਧਾਰ ਉੱਤੇ ਰਿਹਾ ਅੱਜ ਨੱਚ ਹੈ

ਜ਼ਿੰਦਗੀ ਗੁਨਾਹਾਂ ਨਾਲ ਕੀਹਦੀ ਭਰੀ ਹੋਈ ਏ
ਕਿਸ ਕਿਸ ਬੰਦੇ ਦੀ ਜ਼ਮੀਰ ਮਰੀ ਹੋਈ ਏ

ਕੌਣ ਪਏ ਤੜਫਦੇ ਤੇ ਕੌਣ ਟਿਕੇ ਹੋਏ ਨੇ
ਕਿਹੜੇ ਕਿਹੜੇ ਧਰਮ ਦੇ ਪੁਜਾਰੀ ਵਿਕੇ ਹੋਏ ਨੇ

ਕਿਸ ਨੇ ਕਰਾਏ ਮਨਭਾਉਂਦੇ ਹੁਕਮ ਜਾਰੀ ਨੇ।
ਪਾਪ ਦੀ ਕਚਹਿਰੀ ਕੌਣ ਕੌਣ ਦਰਬਾਰੀ ਨੇ

ਕੌਣ ਏਥੇ ਚੋਰ ਹੈ ਤੇ ਕੌਣ ਪਹਿਰੇਦਾਰ ਹੈ
ਜਥੇਦਾਰ ਕੌਣ ਏਥੇ, ਕੌਣ ਸੇਵਾਦਾਰ ਹੈ।

ਕਿੰਨੇ ਕਿੰਨੇ ਮਾਣਿਆ ਏ ਲਹੂ ਦੇ ਸਵਾਦ ਨੂੰ ।
ਕਿਹੜਾ ਕਿਹੜਾ ਦਿੰਦਾ ਰਿਹਾ ਸ਼ਹਿ ਡੇਰਾਵਾਦ ਨੂੰ।

ਕੌਣ ਜਿੰਨ੍ਹੇ ਸ਼ਰਮ ਤੇ ਹਿਆ ਵੇਚ ਖਾ ਲ਼ੀ ਏ।
ਗੈਰਾਂ ਤੇ ਗਦਾਰਾਂ ਨਾਲ ਕਿਹਦੀ ਭਾਈਵਾਲੀ ਏ

ਸ਼ਰਮ ਵਾਲੀ ਲੋਈ ਕਿੱਥੋਂ ਕਿੱਥੋਂ ਗਲੀ ਹੋਈ ਏ।
ਚੋਰਾਂ ਨਾਲ ਕਿਹੜੀ ਕਿਹੜੀ ਕੁੱਤੀ ਰਲ਼ੀ ਹੋਈ ਏ।

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।??
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ


ਸੰਤ ਨਾਮ ਰੱਖ ਕੇ ਦੁਕਾਨਾਂ ਕਿੰਨ੍ਹਾਂ ਪਾਈਆਂ ਨੇ
ਕਿਹੜੇ ਕਿਹੜੇ ਵਿਹਲੜਾਂ ਨੇ ਗੋਗੜਾਂ ਵਧਾਈਆਂ ਨੇ

ਬਿਜਨਸ ਬਾਣੀ ਨੂੰ ਬਣਾਉਣ ਵਾਲੇ ਕਿਹੜੇ ਨੇ
ਪਾਠਾਂ ਦੀਆਂ ਲੜੀਆਂ ਚਲਾਉਣ ਵਾਲੇ ਕਿਹੜੇ ਨੇ

ਦੋਹੀਂ ਹੱਥੀਂ ਕਿੰਨ੍ਹਾਂ ਨੇ ਇਹ ਭੋਲੀ ਕੌਮ ਲੁੱਟੀ ਏ।
ਸਿੱਖਾਂ ਦੀ ਕਮਾਈ ਕਿੰਨ੍ਹਾਂ ਖੂਹ ਵਿਚ ਸੁੱਟੀ ਏ

ਬਰਸੀਆਂ ਮਨਾ ਕੇ ਪੱਕਾ ਗੱਦੀਆਂ ਨੂੰ ਕੀਤਾ ਏ
ਸੱਚ ਕਹਿਣ ਵੱਲੋਂ ਮੂੰਹ ਕੀਹਦਾ ਕੀਹਦਾ ਸੀਤਾ ਏ।

ਕਿੱਥੇ ਕਿੱਥੇ ਪਾਉਣ ਵਾਲੇ ਗੰਦ ਬੈਠੇ ਹੋਏ ਨੇ।
ਕਿੱਥੇ ਕਿੱਥੇ ਕੌਮ ਚ ਮਸੰਦ ਬੈਠੇ ਹੋਏ ਨੇ।

ਕਿੰਨ੍ਹਾਂ ਨੇ ਜਵਾਨਾਂ ਦੀਆਂ ਰੋਲੀਆਂ ਜਵਾਨੀਆਂ
ਸੇਵਾ ਦੇ ਬਹਾਨੇ ਕਿੰਨ੍ਹਾਂ ਤੋੜੀਆਂ ਨਿਸ਼ਾਨੀਆਂ।

ਗੈਰਤਾਂ ਨੂੰ ਵੇਚ ਕਿੰਨ੍ਹੇ ਲਾਹਨਤਾਂ ਖਰੀਦੀਆਂ।
ਕਿੰਨ੍ਹੇ ਕਿੰਨ੍ਹੇ ਸਿੱਖਾਂ ਦੀਆਂ ਵੇਚੀਆਂ ਸ਼ਹੀਦੀਆਂ।

ਕਿੰਨ੍ਹੇ ਲੋਟੂ ਹਾਕਮਾਂ ਦੇ ਤਲਿਆਂ ਨੂੰ ਚੱਟਿਆ
ਡੁੱਲੇ ਹੋਏ ਲਹੂ ਦਾਵੀ ਮੁੱਲ ਕਿੰਨ੍ਹੇ ਵੱਟਿਆ।

ਸਿੰਘਾਂ ਦੀਆਂ ਕਿੰਨ੍ਹਾਂ ਨੇ ਸ਼ਹੀਦੀਆਂ ਨੂੰ ਰੋਲਿਆ।
ਔਖੇ ਵੇਲੇ ਕੌਮ ਨਾਲ ਝੂਠ ਕਿੰਨ੍ਹੇ ਬੋਲਿਆ।

ਮੋਏ ਅੱਧ ਮੋਏ ਕਿੰਨੇ ਨਹਿਰਾਂ ਵਿਚ ਤਾਰ ਤੇ।
ਝੂਠਿਆਂ ਮੁਕਾਬਲਿਆਂ ਵਿਚ ਕਿੰਨੇ ਮਾਰਤੇ।

ਭਵਜਲ ਵਿਚੋਂ ਭਲਾ ਕਿੰਨੇ ਸਿੱਖ ਤਰ ਗੇ।
ਕਿੰਨੇ ਹੋਰ ਮਰਨਗੇ ਤੇ ਕਿੰਨੇ ਪਹਿਲਾਂ ਮਰ ਗੇ।

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।??
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ

ਜਾਨ ਨਾਲੋਂ ਵੱਧ ਸਿੱਖੀ ਕਿਸ ਨੂੰ ਪਿਆਰੀ ਏ।
ਕੌਮ ਦਿਆਂ ਦੋਖੀਆਂ ਨਾਲ ਕਿਹਦੀ ਕਿਹਦੀ ਯਾਰੀ ਏ।

ਬੇਕਸੂਰ ਫੜ੍ਹੇ ਕਿੰਨ੍ਹੇ, ਕਿਸ ਨੇ ਫੜਾਏ ਨੇ।
ਫਾਂਸੀਆਂ ਦੇ ਰੱਸੇ ਅੱਜ ਕਿਹਦੇ ਹਿੱਸੇ ਆਏ ਨੇ

ਠੋਕਰਾਂ ਅਦਾਲਤਾਂ ਚ ਕੌਣ ਅੱਜ ਖਾ ਰਿਹਾ।
ਰਾਹਾਂ ਵਿਚ ਵਾਲੋਂ ਫੜ੍ਹ ਕੌਣ ਧੂਹਿਆ ਜਾ ਰਿਹਾ।

ਹਿੱਸੇ ਆਈਆਂ ਕਿੰਨਾਂ ਦੇ ਸ਼ਹੀਦੀਅਮਾਨਤਾਂ।
ਕਿੰਨ੍ਹਾਂ ਨੂੰ ਰੋਜ਼ਾਨਾ ਲੱਖਾਂ ਪੈਂਦੀਆਂ ਨੇ ਲਾਹਨਤਾਂ।

ਕੌਣ ਅੱਜ ਦਿਲੋਂ ਭਲਾ ਸਿੱਖੀ ਦਾ ਹੈ ਮੰਗਦਾ।
ਕੌਣ ਅੱਜ ਗੋਲੀਆਂ ਦੇ ਮੀਂਹ ਵਿਚੋਂ ਲੰਘਦਾ।

ਛੱਡ ਗੱਲ ਚੌਧਰੀਆਂ ਨਾਲ ਭਰੀ ਸੱਥ ਦੀ।
ਇਹ ਦੱਸ ਚੌਂਕ ਵਿਚ ਧੌਣ ਕੀਹਦੀ ਲੱਥਦੀ।

ਗੱਲੀਂ ਬਾਤੀਂ ਹਰ ਕੋਈ ਗੁਰੂ ਦਾ ਪਿਆਰਾ ਏ।
ਜੇ ਲੱਭਣਾ ਤਾਂ ਵੇਖੋ ਕੀਹਦੇ ਸਿਰ ਉੱਤੇ ਆਰਾ ਏ।

ਸਾਡੇ ਕੋਲ ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹੋਵੇ।
ਆਪਣਾ ਪੰਜਾਬ ਹੋਵੇ।ਸਾਰਿਆਂ ਦਾ ਸ੍ਹਾਬ ਹੋਵੇ।


ਸੁਖਵਿੰਦਰ ਸਿੰਘ ਰਟੌਲ 
 98556 64085
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.