ਕਵਿਤਾਵਾਂ
ਸ਼ਬਦ ਵਿਚਾਰ ਬਨਾਮ ਧੂਤਾਗਿਰੀ !!
Page Visitors: 2606
ਸ਼ਬਦ ਵਿਚਾਰ ਬਨਾਮ ਧੂਤਾਗਿਰੀ !!
ਜਿਸਦੇ ਕੋਲ ਵਿਚਾਰ ਨਹੀਂ ਹੈ ,
ਬੰਦਾ ਪਾਏਦਾਰ ਨਹੀਂ ਹੈ ।
ਓਹ ਕਾਹਦਾ ਸੱਚ ਦਾ ਪਰਚਾਰਕ,
ਹੋਇਆ ਜੋ ਖੁਆਰ ਨਹੀਂ ਹੈ ।
ਗਿਆਨ ਉੱਤੇ ਹੱਥ ਚੁੱਕਣ ਵਾਲਾ,
ਹੁੰਦਾ ਕੋਈ ਸਿਰਦਾਰ ਨਹੀਂ ਹੈ ।
ਵਾਹ ਗੁਰੂ ਵਿਸਮਾਦੀ ਅੱਖਰ,
ਧੂਤਕੜਾ ਹਥਿਆਰ ਨਹੀਂ ਹੈ ।
ਦੂਜੇ ਦੀ ਲਾਹ ਹੱਸਣ ਵਾਲੀ,
ਗੁਰ ਬਖਸ਼ੀ ਦਸਤਾਰ ਨਹੀਂ ਹੈ ।
ਪੜ੍ਹੇ ਚਰਿੱਤਰ, ਕਰੇ ਚਲਿੱਤਰ,
ਉਸ ਵਰਗਾ ਬਦਕਾਰ ਨਹੀਂ ਹੈ ।
ਧੂਤੇ, ਬਿੱਜੂ, ਬੂਝੜ ਵਰਗੀ,
ਸਮਝੋ ਤਾਂ ਫਿਟਕਾਰ ਨਹੀਂ ਹੈ ।
ਧਰਮ ਗੁਣਾਂ ਦਾ ਧਾਰਨ ਹੁੰਦਾ,
ਵਰਗਾਂ ਦਾ ਪ੍ਰਚਾਰ ਨਹੀਂ ਹੈ ।
ਸਿੱਖੀ ਜੀਵਨ-ਜਾਚ ਹੈ ਹੁੰਦੀ,
ਬਾਹਰ ਦਾ ਸੰਗਾਰ ਨਹੀਂ ਹੈ ।
ਸ਼ਬਦ ਵਿਚਾਰਨ ਧਾਰਨ ਤੋਂ ਬਿਨ,
ਗੁਰਮਤਿ ਦਾ ਸਤਿਕਾਰ ਨਹੀਂ ਹੁੰਦਾ ।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)