ਕਵਿਤਾਵਾਂ
ਸਾਂਝ ਗੁਣਾਂ ਦੀ !
Page Visitors: 2494
ਸਾਂਝ ਗੁਣਾਂ ਦੀ !
ਸਾਂਝ ਗੁਣਾਂ ਦੀ ਕਰਦਾ ਜਾਹ ,
ਚੁੱਗ-ਚੁੱਗ ਝੋਲੀ ਭਰਦਾ ਜਾ ।
ਅੱਗ ਤਰਕ ਦੀ ਬਾਲੀ ਰੱਖ,
ਗਿਆਨ ਬਿਨਾਂ ਨਾ ਠਰਦਾ ਜਾ ।
ਬੰਦਿਆਂ ਦਾ ਨਾ ਧੜਾ ਬਣਾਈਂ ,
ਸ਼ਬਦ ਰਤਨ ਸਭ ਸਾਂਭੀ ਜਾਈਂ ।
ਦੁਸ਼ਮਣ ਤੋਂ ਵੀ ਸਿੱਖਣਾ ਸਿੱਖਕੇ,
ਹਉਮੇ ਲਾਹ-ਲਾਹ ਧਰਦਾ ਜਾ ।
ਛੱਡ ਵਿਸਾਹ ਤਕਦੀਰਾਂ ਦਾ ,
ਆਸ਼ਕ ਬਣ ਤਦਬੀਰਾਂ ਦਾ ।
ਇੱਕੋ ਵਾਰੀ ਮਰਨਾ ਸਿੱਖ ਲੈ,
ਵਾਰ-ਵਾਰ ਨਾ ਮਰਦਾ ਜਾ ।
ਨਾ ਕਰਨਾ ਨਾ ਸਹਿਣਾ ਹੈ ,
ਜੁਲਮ ਵਿਰੋਧੀ ਰਹਿਣਾ ਹੈ ।
ਰਾਜ-ਮਜ਼ਹਬ ਦੀਆਂ ਚਾਲਾਂ ਨੂੰ,
ਚੁੱਪ ਕਰਕੇ ਨਾ ਜਰਦਾ ਜਾ ।
ਆਪਣੇ ਅਤੇ ਬੇਗਾਨੇ ਨਾਲ ,
ਸੱਚ ਦੇ ਫੜੇ ਪੈਮਾਨੇ ਨਾਲ ।
ਝੂਠੀ ਦੁਨੀਆਂ ਦਾਰੀ ਲਈ,
ਦਿਲ ਹੱਥੋਂ ਨਾ ਹਰਦਾ ਜਾ ।
ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)