ਕਵਿਤਾਵਾਂ
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।
Page Visitors: 2609
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।
ਸਾਂਭ ਆਪ ਕਰਤਾਰ ਮੈਂ ਜੋ ਹਾਂ ਚੰਗਾ ਮੰਦਾ।
ਤੇਰਾ ਬ੍ਰਹਿਮੰਡ ਪਸਰਿਆ ਕੋਈ ਥਾਹ ਨਾ ਦਿਸਦੀ।
ਮੈ ਕਿਣਕਾ ਕੀ ਜਾਣਾ ਕੋਈ ਰਾਹ ਨਾ ਦਿਸਦੀ।
ਬੇੜਾ ਵਿਚ ਮੰਝਧਾਰ, ਲਗਾ ਹੁਣ ਆਪੂੰ ਹੰਦਾ।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।
ਮੈਂ ਕਰਦਾ ਹਾਂ ਊਹੋ ਜੋ ਹੁਕਮੀ ਕਰਵਾਉਨੈ।
ਪੁੰਨ ਪਾਪ ਦੇ ਚਕਰ ਵਿਚ ਕੀ ਮੈਨੂੰ ਪਾਉਨੈ।
ਮੈਥੋਂ ਨਿਪਟ ਨਾ ਹੋਵੇ ਪੇਟ ਲਈ ਲਾਇਆ ਧੰਦਾ।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।
ਤੂੰ ਹੀ ਤੂੰ ਬਸ ਦਿਸੇਂ ਮੈ ਮੇਰੀ ਮੁਕੇ ਸਾਰੀ।
ਜਗ ਦੇ ਇਸ ਜੰਜਾਲੋਂ ਛੁਟ ਜਾਏ ਜਿੰਦ ਵਿਚਾਰੀ।
ਕਾਮ, ਕ੍ਰੋਧ, ਮੋਹ, ਲੋਭ ਦਾ ਲਹਿ ਜਾਏ ਗਲ ਚੋਂ ਫੰਧਾ।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।
ਅਪਣੇ ਲੜ ਲਾ, ਨਾਮ ਜਪਾ, ਮੈ ਮੇਰ ਮੁਕਾਦੇ।
ਕਰ ਰੋਸ਼ਨ ਮਨ ਪਸਰਿਆ ਅੰਧੇਰ ਮਿਟਾਦੇ।
ਜੀਵਦਿਆਂ ਕਰ ਮੁਕਤ ਤੋੜਕੇ ਜਗ ਦਾ ਫੰਦਾ।
ਤੂੰ ਦਾਤਾ ਦਾਤਾਰ ਤੇਰੀ ਸ਼ਰਣਾਗਤ ਬੰਦਾ।
ਦਲਵਿੰਦਰ ਸਿੰਘ ਗ੍ਰੇਵਾਲ