ਸਮਝ ਤਾਂ ਹਰ ਗੱਲ ਦੀ ਲੱਗਦੀ ਪਈ
ਸਮਝ ਤਾਂ ਹਰ ਗੱਲ ਦੀ ਲੱਗਦੀ ਪਈ
ਫਿਕਰ ਤੇ ਫਰਲੋ ਦੀ ਪਰ ਆਦਤ ਜਹੀ
ਕਮਲੇ ਹੀ ਸਰਫੇ ਤੇ ਕਮਲੇ ਖਰਚ ਨੇ
ਪਤਾ ਨਹੀਂ ਕਰਦੇ ਹਾਂ ਕਿਓਂ ਕਾਹਦੇ ਲਈ
ਮੁੱਲ ਲੈਣਾਂ ਹੋਵੇ ਜੇ ਅਖਬਾਰ ਵੀ
ਰੂਹ ਹੀ ਟੋਕ ਦੇਂਦੀ ਏ ਛੱਡ ਦੇ ਬਈ
ਵਾਰੋ ਵਾਰੀ ਵਿਆਹ ਲਈ ਜੇ ਆਖਦੇ
‘ਚਿੱਲ’ ਕਹਿ ਕੇ ਬੇਬੀ ਲੈਂਦੀ ਹੈ ਝਈ
ਕੇਟਰਿੰਗ ਤੇ ਫੋਟੋ ਵਾਲੇ ਆਖਦੇ
ਬਿੱਲ ਵਿਆਹ ਤੋਂ ਪਹਿਲਾਂ ਹੀ ਪੇ ਕਰ ਦਈਂ
ਸ਼ਗਨ ਦੇ ਮੌਕੇ ਵੀ ਡਰ ‘ਤੇ ਤੌਖਲੇ
ਪਾਣੀ ਵਾਂਗੂ ਪੂੰਜੀ ਵੀ ਜਾਵੇ ਵਹੀ
ਢੋਲ ਦੇ ਡਗਿਆਂ ‘ਤੇ ਖੌਰੂ ਪੱਟ ਕੇ
ਹਨੀਮੂਨ ਤੇ ਹੀ ਜਾ ਸੁਰ ਵਿਗੜ ਗਈ
ਮਹਿੰਗੀ ਵਿੱਦਿਆ ਦੇ ਲਈ ਔਲਾਦ ਨੂੰ
ਢਾਈ ਅੱਖਰ ਪ੍ਰੇਮ ਦੀ ਸਿੱਖ ਨਾ ਦਈ
ਜੇ ਨਹੀਂ ਸੰਤਾਨ ਸੁਰ ਸਾਡੇ ਲਈ
ਜਿਊਣ ਦੀ ਹੀ ਆਸ ਜਾਂਦੀ ਹੈ ਢਈ
ਲੋਹੜੇ ਦਾ ਗਮ ਲੈ ਕੇ ਖੁਦ ਔਲਾਦ ਦਾ
ਮਾਪੇ ਕਹਿੰਦੇ ਲਾ ਲਏ ਨੇ ਰੋਗ ਕਈ
ਗੁਰੂਆਂ ਤੇ ਪੀਰਾਂ ਸੀ ਮੋਹ ਤੋਂ ਵਰਜਿਆ
ਸਾਨੂੰ ਪੋਤੇ ਦੋਹਤਿਆਂ ਦੀ ਹੈ ਪਈ
ਜੇ ਇਵੇਂ ਪੂਰਬ ਦੀ ਲਾਲੀ ਬੁੱਝ ਗਈ
ਜੋ ਵੀ ਹੈ ਪੱਛਮ ਦਾ ਓਹੋ ਹੀ ਸਹੀ
ਮੌਜ ਲਈ ਕਾਫੀ ਸੀ ਮਨ ਦੀ ਸਾਦਗੀ
‘ਢੇਸੀ’ ਨੂੰ ਏਨੀ ਸਮਝ ਵੀ ਨਾਂ ਪਈ
kulwantsinghdhesi@hotmail.com