ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਇੱਕ ਬਾਤ ਪਾਉਣ ਨੂੰ ਦਿਲ ਕਰਦਾ !
ਇੱਕ ਬਾਤ ਪਾਉਣ ਨੂੰ ਦਿਲ ਕਰਦਾ !
Page Visitors: 2452

ਇੱਕ ਬਾਤ ਪਾਉਣ ਨੂੰ ਦਿਲ ਕਰਦਾ !
ਇੱਕ ਬਾਤ ਪਾਉਣ ਨੂੰ ਦਿਲ ਕਰਦਾ,
ਇੱਕ ਬਾਤ ਪਾਉਣ ਨੂੰ ਦਿਲ ਕਰਦਾ !

ਬੁੱਝੋ ਉਹ ਖਿੱਤਾ ਕਿਹੜਾ ਏ ?
ਕਿਰਦਾਰੋਂ ਖਾਲੀ ਹੋਕੇ ਵੀ,
ਫੁਕਰੀ ਨਾਲ ਭਰਿਆ ਜਿਹੜਾ ਏ ।
ਜਿੱਥੇ ਰਿਸ਼ਵਤ, ਝੂਠ ਤੇ ਠੱਗੀ ਵੀ,
ਇੱਕ ਮਾਣ ਹੀ ਸਮਝੇ ਜਾਂਦੇ ਨੇ ।
ਨਿਯਮਾਂ ਨੂੰ ਤੋੜਨ ਦੇ ਕਿੱਸੇ,
ਹੱਸ-ਹੱਸ ਕੇ ਲੋਕ ਸੁਣਾਂਦੇ ਨੇ ।
ਜਿੱਥੇ ਲੋਕ-ਦਿਖਾਵੇ ਕਾਰਣ ਹੀ,
ਜਿੰਦਗੀ ਤੋਂ ਰੁੱਸਿਆ ਖੇੜਾ ਏ ।
ਇੱਕ ਬਾਤ,,,,,,,,,,,,,,,,,,,,,?

ਜਿੱਥੇ ਵਿਹਲੜ ਕਰਦੇ ਮੌਜਾਂ ਨੇ,
ਪਰ ਕਿਰਤੀ ਨੂੰ ਅਪਮਾਨ ਮਿਲੇ ।
ਜਿੱਥੇ ਸੱਚ ਨੂੰ ਲਗਦੀ ਫਾਂਸੀ ਹੈ,
ਪਰ ਝੂਠੇ ਨੂੰ ਸਨਮਾਨ ਮਿਲੇ ।
ਜਿੱਥੇ ਹੱਕ ਮੰਗ ਰਹੀ ਪਰਜਾ ਦਾ,
ਡਾਂਗਾਂ ਨਾਲ ਕਰਨ ਨਿਬੇੜਾ ਏ ।
ਇੱਕ ਬਾਤ,,,,,,,,,,,,,,,,,,,,,,?

ਜਿੱਥੇ ਧਰਮ ਦੇ ਨਾਂ ਤੇ ਨੇਤਾ ਹੀ,
ਨਿੱਤ ਦੰਗੇ ਆਪ ਕਰਾਉਂਦੇ ਨੇ ।
ਲੜਨੇ ਲਈ ਨਫਰਤ ਦੇ ਮੁੱਦੇ,
ਲੋਕਾਂ ਤੱਕ ਖੁਦ ਪਹੁੰਚਾਉਂਦੇ ਨੇ ।
ਜਿੱਥੇ ਜਾਤ-ਪਾਤ ਤੇ ਊਚ-ਨੀਚ,
ਪਿਆ ਵੰਡਿਆ ਚਾਰ ਚੁਫੇਰਾ ਏ ।
ਇੱਕ ਬਾਤ,,,,,,,,,,,,,,,,,,,,,,?

ਜਿੱਥੇ ਰਾਜ, ਮਜ਼ਹਬ ਦੇ ਆਗੂ ਨੇ,
ਐਸਾ ਗੱਠ-ਜੋੜ ਬਣਾਇਆ ਏ ।
ਰਲ਼ ਲੋਕੀਂ ਕਿੱਦਾਂ ਲੁੱਟਣੇ ਨੇ,
ਇੱਕ ਦੂਜੇ ਨੂੰ ਸਮਝਾਇਆ ਏ ।
ਇੱਕ ਲਾਰੇ ਵੰਡਦਾ ਲੋਕਾਂ ਨੂੰ ,
ਇੱਕ ਵੰਡਦਾ ਝਗੜਾ-ਝੇੜਾ ਏ ।
ਇੱਕ ਬਾਤ,,,,,,,,,,,,,,,,,,,,,,,,?

ਜਿੱਥੇ ਸੱਚੇ ਅਤੇ ਇਮਾਨਦਾਰ,
ਹਰ ਵੇਲੇ ਘਾਟਾ ਖਾਂਦੇ ਨੇ ।
ਝੂਠੇ ਤੇ ਬੇਈਮਾਨ ਜਿੱਥੇ,
ਹਰ ਗੱਲ ਦਾ ਲਾਭ ਉਠਾਂਦੇ ਨੇ ।
ਜਿੱਥੇ ਸਭ ਲਈ ਇੱਕ ਅਧਿਕਾਰ ਨਹੀਂ,
ਕਾਨੂੰਨ ‘ਚ ਬੜਾ ਬਖੇੜਾ ਏ ।
ਇੱਕ ਬਾਤ,,,,,,,,,,,,,,,,,,,,,,,,,,?

ਜਿੱਥੇ ਘੱਟ ਗਿਣਤੀ ਦੇ ਲੋਕ ਸਦਾ,
ਹਰ ਜੁਲਮ-ਸਿਤਮ ਨੂੰ ਸਹਿੰਦੇ ਨੇ ।
ਜਿੱਥੇ ਗਰਜਾਂ ਮਾਰੇ ਵੋਟਰ ਤਾਂ,
ਇੱਕ ਪਰਚੀ ਬਣਕੇ ਰਹਿੰਦੇ ਨੇ ।
ਜਿੱਥੇ ਗੁੰਡਾ-ਗਰਦੀ ਦਾ ਘੜਿਆ,
ਹਾਕਮ ਹੀ ਆਪ ਲੁਟੇਰਾ ਏ ।
ਇੱਕ ਬਾਤ,,,,,,,,,,,,,,,,,,,,?

ਜਿੱਥੇ ਲੋਕੀਂ ਭੁੱਖੇ ਮਰ ਜਾਂਦੇ,
ਰੱਜਿਆਂ ਨੂੰ ਭੋਜ ਕਰਾਂਦੇ ਨੇ ।
ਬੰਦਿਆਂ ਨੂੰ ਜਿੰਦਾ ਸਾੜ ਦਿੰਦੇ,
ਪਰ ਪੱਥਰ ਪੂਜੇ ਜਾਂਦੇ ਨੇ ।
ਜਿੱਥੇ ਲੋਕ-ਰਾਜ ਦੇ ਪੜਦੇ ਦੇ,
ਥੱਲੇ ਦੋ ਮੂਹਾਂ ਚਿਹਰਾ ਏ ।
ਇੱਕ ਬਾਤ,,,,,,,,,,,,,,,,,,?

ਜਿੱਥੇ ਲੋੜਬੰਧਾਂ ਨੂੰ ਮਿਲਦਾ ਨਹੀਂ,
ਪਰ ਜੋਤਾਂ ਵਿੱਚ ਘਿਓ ਪਾਉਂਦੇ ਨੇ
ਜਿੱਥੇ ਕਿਰਤ ਧਰਮ ਦੀ ਨਾਲੋਂ ਤਾਂ,
ਉੱਪਰ ਨੂੰ ਮੂੰਹ ਚਕਵਾਂਉਦੇ ਨੇ ।
ਜਿੱਥੇ ਮਾਨਵਤਾ ਦੀ ਸੇਵਾ ਤੋਂ ,
ਪੂਜਾ ਦਾ ਢੌਂਗ ਉਚੇਰਾ ਏ ।
ਇੱਕ ਬਾਤ,,,,,,,,,,,,,,,,,,,?

ਜਿੱਥੇ ਧਰਮ-ਘਰਾਂ ਦੇ ਪੱਥਰ ਵੀ,
ਦੁੱਧਾਂ ਨਾਲ ਧੋਤੇ ਜਾਂਦੇ ਨੇ ।
ਭੁੱਖਿਆਂ ਵਿੱਚ ਵੰਡਣ ਨਾਲੋਂ ਤਾਂ ,
ਰਾਸ਼ਣ ਦਾ ਹਵਨ ਕਰਾਂਦੇ ਨੇ ।
ਜਿੱਥੇ ਅਣਖ-ਹਿੰਮਤ ਦੇ ਨਾਲੋਂ ਵੱਧ,
ਨਿੰਬੂ ਮਿਰਚਾਂ ਦਾ ਪਹਿਰਾ ਏ ।
ਇੱਕ ਬਾਤ,,,,,,,,,,,,,,,,,,,,,,,?

ਜਿੱਥੇ ਨਦੀਆਂ, ਨਾਲੇ, ਦਰੱਖਤਾਂ ਤੇ,
ਪਸ਼ੂਆਂ ਨੂੰ ਮੱਥੇ ਟਿਕਦੇ ਨੇ ।
ਪਰ ਮੁਢਲੀਆਂ ਲੋੜਾਂ ਤੋਂ ਸੱਖਣੇ,
ਇਨਸਾਨ ਲਿਤਾੜੇ ਵਿਕਦੇ ਨੇ ।
ਜਿੱਥੇ ਕਰਮ-ਕਾਂਢ ਜੇਹੀਆਂ ਰੀਤਾਂ ਨੇ,
ਪਾਇਆ ਸਭ ਪਾਸੇ ਘੇਰਾ ਏ ।
ਇੱਕ ਬਾਤ,,,,,,,,,,,,,,,,,,,,,,?

ਜਿੱਥੇ ਧਰਮ ਦੇ ਨਾਂ ਤੇ ਗੰਜੇ ਨੂੰ ,
ਵੀ ਕੰਘੇ ਵੇਚੇ ਜਾਂਦੇ ਨੇ ।
ਜਿੱਥੇ ਅੰਧ-ਵਿਸ਼ਵਾਸ ਦੇ ਵਾਧੇ ਲਈ,
ਹਰ ਫੰਦੇ ਵੇਚੇ ਜਾਂਦੇ ਨੇ ।
ਜਿੱਥੇ ਲੋਕ ਲੁਟਾਈ ਖਾ ਕਹਿੰਦੇ,
ਸਭ ਕਿਸਮਤ ਵਾਲਾ ਗੇੜਾ ਏ ।
ਇੱਕ ਬਾਤ,,,,,,,,,,,,,,,,,,,,,,,?

ਕੁਝ ਲੋਕਾਂ ਨੇ ਇਸ ਖਿੱਤੇ ਦੇ,
ਗੁਣਗਾਨ ਵਥੇਰੇ ਗਾਏ ਨੇ ।
ਪਰ ਆਖਿਰ ਵੇਲੇ ਉਹ ਲੋਕੀਂ,
ਇਸ ਗਲਤੀ ਤੇ ਪਛਤਾਏ ਨੇ ।
ਇਖਲਾਕ ਬਿਨਾਂ ਸਭ ਧੋਖਾ ਏ,
ਨਾ ਤੇਰਾ ਕੁਝ ਨਾ ਮੇਰਾ ਏ ।
ਇੱਕ ਬਾਤ ,,,,,,,,,,,,,,,,,,,?

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.