ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਗੁਰਬਾਣੀ ਦੀ ਪੰਗਤੀ ਦੇ ਅਰਥ ?
ਗੁਰਬਾਣੀ ਦੀ ਪੰਗਤੀ ਦੇ ਅਰਥ ?
Page Visitors: 2592

 ਗੁਰਬਾਣੀ ਦੀ ਪੰਗਤੀ ਦੇ ਅਰਥ ?
  ਚਮਕੌਰ ਸਿੰਘ ਜੀ! ਸੰਬੰਧਤ ਪੰਗਤੀ ਵਿੱਚ ਲਫਜ਼ ਹੈ “ਪਰਿਆ”। ਤੁਸੀਂ ਖੁਦ ਲਿਖ ਰਹੇ ਹੋ ਕਿ ‘ਪਰਿਆ ਦਾ ਅਰਥ ਪਇਆ ਹੋਇਆ ਹੈ’ ਤਾਂ ਫੇਰ ਪੰਗਤੀ ਦੇ ਅਰਥਾਂ ਵਿੱਚ ‘ਪਇਆ ਹੋਇਆ ਹੈ ਅਰਥ ਲਿਖਣ ਵਿੱਚ ਕੀ ਖਰਾਬੀ ਹੈ?
 ਪਹਿਲਾਂ ਪੰਗਤੀ ਦੇ ਜੋ ਅਰਥ ਬਣਦੇ ਹਨ ਉਹ ਅਰਥ ਲਿਖੋ।
 ਉਹਨਾਂ ਅਰਥਾਂ ਵਿੱਚ ਤੁਹਾਨੂੰ ਕੋਈ ਖਰਾਬੀ ਲੱਗਦੀ ਹੈ ਤਾਂ ਫੇਰ ਆਪਣੇ ਭਾਵਾਰਥ ਬਿਆਨ ਕਰੋ।
 ਵਿਆਕਰਣ ਅਨੁਸਾਰੀ ਅਰਥਾਂ ਦੇ ਨਾਮ ਤੇ ਆਪਣੀ ਸੋਚ ਬਿਆਨ ਨਾ ਕਰੋ।
 ਮੁੱਦੇ ਦੀ ਗੱਲ ਇਹ ਹੈ ਕਿ ‘ਪਰਿਆ’ ਅਕਰਮਕ ਕਿਰਿਆ ਹੈ ਅਤੇ ‘ਧਰਿਆ ਹੋਇਆ ਹੈ’ ‘ਸਕਰਮਕ’ ਕਿਰਿਆ ਹੈ।
 ਅਕਰਮਕ ਕਿਰਿਆ ਦੇ ਨਾਲ ਅਹਿਸਾਸ ਹੁੰਦਾ ਹੈ ਕਿ ਪ੍ਰਭੂ ਹੁਣ ਵੀ ਮੌਜੂਦ ਹੈ ਜੋ ਦੇਖਦਾ, ਭਾਲਦਾ ਅਤੇ ਕੁਝ ਕਰਦਾ ਹੈ।
 ਪਰ ਸਕਰਮਕ ਕਿਰਿਆ ਵਾਲੇ ਤੁਹਾਡੇ ਅਰਥਾਂ ਨਾਲ ਉਸ ਦੀ ਮੌਜੂਦਗ਼ੀ ਹੋਣੀ ਜਾਂ ਨਾ ਹੋਣੀ ਜਰੂਰੀ ਨਹੀਂ।
 ਇਹ ਤੁਸੀਂ ਬਿਹਤਰ ਜਾਣਦੇ ਹੋ ਕਿ ਤੁਸੀਂ ਅਕਰਮਕ ਕਿਰਿਆ ਵਾਲੇ ਅਰਥਾਂ ਨੂੰ ਸਕਰਮਕ ਕਿਰਿਆ ਵਾਲੇ ਅਰਥ ਬਨਾਉਣ ਤੇ ਏਨਾ ਜ਼ੋਰ ਕਿਉਂ ਦੇਈ ਜਾ ਰਹੇ ਹੋ।
 ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਹੀ ਉਸ ਦੇ ਭੋਜਨ ਦੇ ਇੰਤਜਾਮ ਦੀ ਜਿਹੜੀ ਗੱਲ ਮੈਂ ਕੀਤੀ ਹੈ ਉਸ ਸੰਬੰਧੀ ਤੁਸੀਂ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰਕੇ ਇਸ ਨੂੰ ਕੁਦਰਤ ਦੇ ਨਿਯਮਾਂ ਨਾਲ ਜੋੜੀ ਜਾ ਰਹੇ ਹੋ।
 ਇਹ ਜਿਹੜਾ ਤੁਸੀਂ ਬਾਇਓਲੌਜੀਕਲ ਗਿਆਨ ਸਾਂਝਾ ਕਰ ਰਹੇ ਹੋ ਇਹ ਜਨਰਲ ਜਾਣਕਾਰੀ ਲਈ ਤਾਂ ਬਹੁਤ ਵਧੀਆ ਗੱਲ ਹੈ ਪਰ ਵਿਚਾਰ ਅਧੀਨ ਸ਼ਬਦ ਨੂੰ ਇਸ ਦੇ ਸਹੀ ਅਰਥਾਂ ਵਿੱਚ ਸਮਝਣ ਸਮਝਾਉਣ ਵਿੱਚ ਇਸ ਦਾ ਕੋਈ ਰੋਲ ਨਹੀਂ ਹੈ।
 ਆਖਿਰ ਤਾਂ ਇਹ ਨਿਯਮ ਕਿਤੋਂ ਆਏ ਹੀ ਹਨ, ਤੁਸੀਂ ਉਹਨਾਂ ਨਿਯਮਾਂ ਦੇ ਪ੍ਰਦਾਤਾ ਨੂੰ ਨਜ਼ਰ ਅੰਦਾਜ ਕਰਨ ਦੀ ਕੋਸ਼ਿਸ਼ ਵਿੱਚ ਹੋ।
  ਗੱਲ ਨੂੰ ਛੋਟੀ ਕਰਨ ਲਈ ਨਿਧਾਨ ਅਤੇ ਸਿਧਾਨ ਵਾਲੇ ਨੁਕਤੇ ਨੂੰ ਮੈਂ ਛੱਡ ਰਿਹਾ ਹਾਂ।
 ‘ਤਾ ਕਾ’ ਦੇ ਅਰਥ ਜ਼ਬਰਦਸਤੀ ‘ਉਹਨਾ ਦੇ’ ਕਰੀ ਜਾ ਰਹੇ ਹੋ।
 ਇਸੇ ਪੰਗਤੀ ਵਿੱਚ ਇਸ ਤੋਂ ਅੱਗੇ ਲਫਜ਼ ਹੈ “ਧਰਿਆ’ ਜੋ ਕਿ ਇਕ ਵਚਨ ਹੈ।ਤੁਸੀਂ ਜ਼ਬਰਦਸਤੀ ‘ਧਰਿਆ’ ਇਕ ਵਚਨ ਨੂੰ ‘ਧਰੇ’ ਬਹੁ ਵਚਨ ਦੇ ਅਰਥਾਂ ਵਿੱਚ ਬਿਆਨ ਕਰੀ ਜਾ ਰਹੇ ਹੋ।
 ਮਿਸਾਲ ਦੇ ਤੌਰ ਤੇ- ‘ਉਹਨਾ ਦਾ(ਬਹੁ ਵਚਨ) ਰਿਜਕ ਪਹਿਲਾਂ ਹੀ ‘ਧਰਿਆ ਪਿਆ ਹੈ’ (ਇਕ ਵਚਨ)”
 ਦੱਸ ਸਕਦੇ ਹੋ ਇਸ ਫਿਕਰੇ ਵਿੱਚ ਵਿਆਕਰਣ ਪੱਖੋਂ ਕੀ ਖਰਾਬੀ ਹੈ?
 ਮਿਸਾਲ ਦੇ ਤੌਰ ਤੇ- ‘ਹਜ਼ਾਰ ਬੰਦਿਆਂ ਦਾ ਖਾਣਾ ਪਹਿਲਾਂ ਹੀ ਤਿਆਰ ਪਿਆ ਹੈ’ ਇਸ ਫਿਕਰੇ ਵਿੱਚ ‘ਹਜ਼ਾਰ ਬੰਦੇ’ ਬਹੁ ਵਚਨ ਹੈ, ‘ਦਾ ਖਾਣਾ’ ਇੱਕ ਵਚਨ ਹੈ ਅਤੇ ‘ਪਿਆ ਹੈ’ ਵੀ ਇਕ ਵਚਨ ਹੈ।
 ਦੱਸ ਸਕਦੇ ਹੋ ਕਿ ਇਸ ਫਿਕਰੇ ਵਿੱਚ ਵਿਆਕਰਣ ਪੱਖੋਂ ਕੀ ਖਰਾਬੀ ਹੈ?”
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.