ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਤਰਾਈ ਸਿੱਖ ਮਹਾਂਸਭਾ (ਉੱਤਰਾਖੰਡ/ ਉੱਤਰ ਪਰਦੇਸ) ਵਲੋਂ ਅਕਾਲ-ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਬੇਨਤੀ ਪੱਤ੍ਰ
ਤਰਾਈ ਸਿੱਖ ਮਹਾਂਸਭਾ (ਉੱਤਰਾਖੰਡ/ ਉੱਤਰ ਪਰਦੇਸ) ਵਲੋਂ ਅਕਾਲ-ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਬੇਨਤੀ ਪੱਤ੍ਰ
Page Visitors: 2665

ਤਰਾਈ ਸਿੱਖ ਮਹਾਂਸਭਾ (ਉੱਤਰਾਖੰਡ/ ਉੱਤਰ ਪਰਦੇਸ) ਵਲੋਂ ਅਕਾਲ-ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਬੇਨਤੀ ਪੱਤ੍ਰ
ਸੇਵਾ ਵਿਖੇ,
ਸਤਿਕਾਰ ਯੋਗ ਗਿਆਨੀ ਗੁਰਬਚਨ ਸਿੰਘ ਜੀ ,
 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,
ਸ੍ਰੀ ਅੰਮ੍ਰਿਤਸਰ  (ਪੰਜਾਬ)
      ਤਰਾਈ ਸਿੱਖ ਮਹਾਂਸਭਾ ਤੁਹਾਨੂੰ ਯਾਦ ਕਰਾਉਂਦੇ ਹੋਏ ਬੇਨਤੀ ਕਰਦੀ ਹੈ ਕਿ, ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਗੁਰਦਵਾਰਾ ਸ੍ਰੀ ਨਾਨਕਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ  1997 ਤੋਂ ਭੰਗ ਹੋਈ ਪਈ ਹੈ ।(ਜਿਸ ਬਾਰੇ ਅਸੀਂ ਤੁਹਾਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ)
   ਕੁਝ ਲੋਕਾਂ ਨੇ ਗੁਰਦਵਾਰਾ ਨਾਨਕਮਤਾ ਸਾਹਿਬ ਦੀ ਜਾਇਦਾਦ ਨੂੰ ਹੜੱਪ ਕਰਨ ਦੀ ਨੀਅਤ ਨਾਲ ਇਕ ਟ੍ਰੱਸਟ ਬਣਾ ਕੇ ਹਾਈ-ਕੋਰਟ (ਨੈਨੀਤਾਲ) ਵਿਚ ਇਕ ਰਿੱਟ ਦਾਇਰ ਕੀਤੀ ਸੀ ਕਿ ‘ ਨਾਨਕਮਤਾ ਸਾਹਿਬ ਦਾ ਪੂਰਨ ਪ੍ਰਬੰਧ ਇਸ ਟ੍ਰੱਸਟ ਦੇ ਹਵਾਲੇ ਕਰ ਦਿੱਤਾ ਜਾਵੇ। ਜਿਸ ਦਾ ਵਿਰੋਧ ਸ. ਜਸਵਿੰਦਰ ਸਿੰਘ ਗਿਲ ਨੇ ਸੁਪ੍ਰੀਮ-ਕੋਰਟ ਦਿੱਲੀ ਵਿਚ ਅਪੀਲ ਕਰ ਕੇ ਕੀਤਾ, ਕਿ ‘ਨਾਨਕਮਤਾ ਸਾਹਿਬ ਦੀ ਪੂਰੀ ਜਾਇਦਾਦ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ , ਇਸ ਦਾ ਪ੍ਰਬੰਧ ਨਿੱਜੀ ਹੱਥਾਂ ਵਿਚ ਨਹੀਂ ਦਿੱਤਾ ਜਾ ਸਕਦਾ , ਇਸ ਦਾ ਪ੍ਰਬੰਧ ਆਮ ਲੋਕਾਂ ਵਲੋਂ ਚੁਣੀ ਹੋਈ ਕਮੇਟੀ ਦੇ ਹੱਥਾਂ ਵਿਚ ਹੋਣਾ ਚਾਹੀਦਾ ਹੈ ’ । ਜਿਸ ਨੂੰ ਹਾਈ ਕੋਰਟ ਨੇ ਪ੍ਰਵਾਨ ਕਰ ਕੇ ਟ੍ਰੱਸਟ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ ।
  ਇਸ ਮਗਰੋਂ ਟ੍ਰੱਸਟ ਵਾਲਿਆਂ ਨੇ ਇਸ ਦੀ ਅਪੀਲ ਸੁਪ੍ਰੀਮ-ਕੋਰਟ (ਦਿੱਲੀ) ਵਿਚ ਕਰ ਦਿੱਤੀ , ਇਹ ਵਾਦ ਅੱਜ ਵੀ ਹਾਈਕੋਰਟ ਨੈਨੀਤਾਲ ਵਿਚ ਵਿਚਾਰ ਗੋਚਰੇ ਹੈ । ਉਸ ਵੇਲੇ (1997) ਤੋਂ ਹੀ ਪ੍ਰਬੰਧਕ ਕਮੇਟੀ ਦੀ ਥਾਂ ਰਿਸੀਵਰ ਥਾਪ ਦਿੱਤਾ ਗਿਆ, ਬੜੇ ਲੰਮੇ ਸਮੇ ਤੋਂ ਡੀ. ਐਮ. ਊਧਮ ਸਿੰਘ ਨਗਰ, ਨਾਨਕਮਤੇ ਦਾ ਪ੍ਰਬੰਧ ਵੇਖ ਰਿਹਾ ਹੈ । ਇਹ ਵਿਵਾਦ ਤੁਹਾਡੇ ਕੋਲ ਵੀ ਪੁੱਜਾ, (ਕਿਉਂਕਿ ਇਹ ਵਿਵਾਦ ਖੜਾ ਕਰਨ ਵਾਲੇ ਵੀ ਸਿੱਖ ਹੀ ਹਨ, ਅਤੇ ਉਹ ਵੀ ਤੁਹਾਨੂੰ ਜਥੇਦਾਰ ਹੀ ਮੰਨਦੇ ਹਨ) ਅਤੇ ਤੁਹਾਨੂੰ ਵਿਵਾਦ ਹੱਲ ਕਰਕੇ ਕਮੇਟੀ ਬਨਾਉਣ ਦੀ ਅਪੀਲ ਕਰਨ ਵਾਲੇ ਵੀ ਸਿੱਖ ਹੀ ਹਨ, ‘ਤੇ ਆਪ ਨੂੰ ਜਥੇਦਾਰ ਹੀ ਮੰਨਦੇ ਹਨ । ਦੋਵਾਂ ਪੱਖਾਂ ਦੇ ਲੋਕ ਤੁਹਾਨੂੰ ਮਿਲੇ ਵੀ । ਉਸ ਮਗਰੋਂ ਤੁਸੀਂ ਦੋਵਾਂ ਪੱਖਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਵੀ ਸੀ, ਪਰ ਅੱਜ ਤਕ ਤੁਸੀਂ ਇਸ ਮਸਲ੍ਹੇ ਨੂੰ ਹੱਲ ਨਹੀਂ ਕੀਤਾ ।
    ਜਿੱਥੋਂ ਤਕ ਗੁਰਦਵਾਰਾ ਨਾਨਕਮਤਾ ਸਾਹਿਬ ਦੀ ਕਮੇਟੀ ਦਾ ਸਬੰਧ ਹੈ, ਤੁਸੀਂ ਇਸ ਨੂੰ ਇਕ ਦਿਨ ਵਿਚ ਹੀ ਹੱਲ ਕਰ ਸਕਦੇ ਹੋ, ਕਿਉਂਕਿ ਅਦਾਲਤ ਵਿਚ ਉਨ੍ਹਾਂ ਲੋਕਾਂ ਨੇ ਹੀ ਕੇਸ ਕੀਤਾ ਹੋਇਆ ਹੈ, ਜਿਹੜੇ ਲੋਕ ਹਰ ਸਾਲ ਗੁਰਦੁਆਰਾ ਰੀਠਾ ਸਾਹਿਬ ਦੇ ਜੋੜ-ਮੇਲੇ ਦਾ ਪ੍ਰਬੰਧ ਕਰਦੇ ਹਨ, ਅਤੇ ਉਸ ਵਿਚ ਤੁਸਾਂ ਨੂ ਵੀ ਬੁਲਾਉਂਦੇ ਹਨ। ਤੁਸੀਂ ਵੀ ਹਰ ਸਾਲ ਉਨ੍ਹਾਂ ਦੇ ਸੱਦੇ ਤੇ, ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਹੋ, ਭਾਵੇਂ ਉਹ ਪਰੋਗਰਾਮ ਨਾਨਕਮਤਾ ਸਾਹਬ ਵਿਚ ਹੋਵੇ ਜਾਂ ਰੀਠਾ ਸਾਹਿਬ ਵਿਚ। ਏਥੇ ਇਹ ਸਵਾਲ ਖੜਾ ਹੁੰਦਾ ਹੈ ਕਿ, ਕੀ ਤੁਸੀਂ ਵੀ ਇਹੀ  ਚਾਹੁੰਦੇ ਹੋ ਕਿ ਗੁਰਦੁਆਰਾ ਸ੍ਰੀ ਨਾਨਕਮਤਾ ਦਾ ਪ੍ਰਬੰਧ ਸਿੱਖਾਂ ਦੀ ਚੁਣੀ ਹੋਈ ਕਮੇਟੀ ਦੀ ਥਾਂ ਸਰਕਾਰ ਦੇ ਹੱਥਾਂ ਵਿਚ ਹੀ ਰਹੇ, ਇਹ ਸੋਚਣ ਦਾ ਵਿਸ਼ਾ ਹੈ । ਪਰ ਸਤਿਕਾਰਤ ਜਥੇਦਾਰ ਸਾਹਿਬ, ਸਿੱਖ ਧਰਮ ਦੇ ਪੂਰਬਲੇ ਜਥੇਦਾਰਾਂ ਨੇ ਗੁਰ-ਮਰਿਆਦਾ ਲਾਗੂ ਕਰਵਾਉਣ ਲਈ ਆਪਣੇ ਪ੍ਰਾਣ ਵੀ ਨਛਾਵਰ ਕੀਤੇ ਹਨ, ਜਿਵੇਂ ਕਿ ਨਨਕਾਣਾ ਸਾਹਿਬ ਵਿਚ ਜਥੇਦਾਰ ਲਛਮਣ ਸਿੰਘ ਜੀ ਨੇ, ਅੰਗਰੇਜ਼ਾਂ ਵੇਲੇ ਮਹੰਤ ਨਰੈਣੂ (ਨਰਾਇਣ ਦਾਸ) ਤੋਂ ਗੁਰਦੁਆਰਾ ਆਜ਼ਾਦ ਕਰਵਾਉਣ ਲਈ ਕੀਤਾ ਸੀ। 
   ਅਸੀਂ, ਤੁਹਾਡੇ ਕੋਲੋਂ ਹੱਥ ਜੋੜ ਕੇ ਨਿਮਰਤਾ ਨਾਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਨ 1997 ਤੋਂ  2015 ਤਕ, ਕਰੀਬ 18 ਸਾਲ ਤੋਂ ਗੁਰਦੁਆਰਾ ਨਾਨਕਮਤਾ ਸਾਹਿਬ ਰਸੀਵਰ ਦੇ ਅਧੀਨ ਹੈ, ਤੁਸੀਂ ਵੀ ਲਗਾਤਾਰ ਓਥੋਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਆ ਰਹੇ ਹੋ, ਤੁਸੀਂ ਪੰਥ ਨਾਲ ਇਹ ਜ਼ਿਆਦਤੀ ਕਦ ਤਕ ਕਰਦੇ ਰਹੋਗੇ ? ਇਹ ਗੱਲ ਸੰਗਤ ਦੀ ਸਮਝ ਵਿਚ ਨਹੀਂ ਆ ਰਹੀ । ਮਿਹਰਬਾਨੀ ਕਰ ਕੇ ਤੁਸੀਂ ਹੀ ਸੰਗਤ ਨੂੰ ਇਹ ਦੱਸਣ ਦੀ ਖੇਚਲ ਕਰੋ ਕਿ ਗੁਰਦੁਆਰਾ ਨਾਨਕਮਤਾ ਸਾਹਿਬ ਵਿਚ ਸਿੱਖਾਂ ਦੀ ਕਮੇਟੀ ਕਦੋਂ ਅਤੇ ਕਿਵੇਂ ਬਣੇਗੀ ? ਅਤੇ ਤੁਸੀਂ ਕਮੇਟੀ ਭੰਗ ਕਰਨ ਵਾਲਿਆਂ ਦੇ ਸੱਦੇ ਤੇ ਕਦ ਤਕ ਨਾਨਕਮਤੇ ਆਉਂਦੇ ਰਹੋਗੇ ?  ਕੀ ਤੁਸੀਂ ਚਾਹੁੰਦੇ ਹੋ ਕਿ ਗੁਰਦੁਆਰਾ ਨਾਨਕਮਤਾ ਸਾਹਿਬ ਨੂੰ ਵੀ ਨਨਕਾਣਾ ਸਾਹਿਬ ਵਾਙ ਹੀ ਆਜ਼ਾਦ ਕਰਵਾਇਆ ਜਾਵੇ ? 
   ਏਥੇ ਦੀ ਸੰਗਤ ਤਾਂ, ਗੁਰਦੁਆਰੇ ਤੇ ਰਸੀਵਰ ਦਾ ਕਬਜ਼ਾ ਹੋਣ ਕਾਰਨ ਬਹੁਤ ਦੁਖੀ ਹੈ, ਕਿਉਂਕਿ ਗੁਰਦੁਆਰੇ ਦੇ ਪੈਸੇ ਅਤੇ ਸਵਾਰੀਆਂ ਦਾ ਖੁਲ੍ਹ ਕੇ ਦੁਰਉਪਯੋਗ ਕੀਤਾ ਜਾ ਰਿਹਾ ਹੈ, ਕੀ ਤੁਹਾਡੇ ਹਿਰਦੇ ਵਿਚੋਂ ਚੀਸ ਨਹੀਂ ਉੱਠਦੀ ?  ਅਸੀਂ ਆਸ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ (ਨਾਨਕਮਤਾ ਜਾਂ ਰੀਠਾ ਸਾਹਿਬ ਆਉਣ ਤੋਂ ਪਹਿਲਾਂ) ਗੁਰਦੁਆਰਾ ਨਾਨਕਮਤਾ ਸਾਹਿਬ ਦੀ ਕਮੇਟੀ ਦਾ ਗਠਨ ਕਰਵਾਉਂਗੇ । ਸੰਮਾਨਿਤ ਜਥੇਦਾਰ ਸਾਹਿਬ, ਅਸੀਂ ਇਹ ਵੀ ਆਸ ਕਰਦੇ ਹਾਂ ਕਿ ਤੁਸੀਂ ਉਹ ਦਿਨ ਨਹੀਂ ਆਉਣ ਦੇਵੋਂਗੇ, ਜਦ ਸਿੱਖ ਸੰਗਤ ਤੁਹਾਡੇ ਕੰਮਾਂ ਤੋਂ ਦੁਖੀ ਹੋ ਕੇ, ਤੁਹਾਡੇ ਏਥੇ ਆਉਣ ਦਾ ਵਿਰੋਧ ਕਰੇ। ਇਸ ਨਾਲ ਤੁਹਾਡਾ ਨੁਕਸਾਨ ਤਾਂ ਸ਼ਾਇਦ ਘੱਟ ਹੋ ਰਿਹਾ ਹੈ, ਪਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਪਦਵੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਜਿਸ ਲਈ ਇਤਿਹਾਸ ਤੁਹਾਨੂੰ ਸ਼ਾਇਦ ਕਦੇ ਵੀ ਮੁਆਫ ਨਹੀਂ ਕਰੇਗਾ।
     ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਬੇਨਤੀ ਤੇ ਸੁਹਿਰਦਤਾ ਨਾਲ ਵਿਚਾਰ ਕਰੋਗੇ।

                               ਤੁਹਾਡੇ ਆਪਣੇ ਹੀ
                             ਤਰਾਈ ਸਿੱਖ ਮਹਾਂਸਭਾ  
                             ਉਤ੍ਰਾਖੰਡ/ ਉਤ੍ਰ ਪਰਦੇਸ਼                              

 

      

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.