ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ
ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ
Page Visitors: 2595

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ
ਕਿਰਪਾਲ ਸਿੰਘ ਬਠਿੰਡਾ 

   ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਫੈਸਲਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਿਸੇ ਵੀ ਅਹੁੱਦੇਦਾਰ ਨੂੰ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਉਪਰੋਂ ਆਇਆ ਫੈਸਲਾ ਕੌਮ ਦੇ ਸਿਰ ਥੋਪਣ ਵਾਲੇ ਕਿਸੇ ਵੀ ਜਥੇਦਾਰ ਨੂੰ ਕੈਲੰਡਰ ਵਿਗਿਆਨ ਸਬੰਧੀ ਇੱਲ ਤੋਂ ਕੁੱਕੜ ਨਹੀਂ ਆਉਂਦਾ। ਇਸ ਦਾ ਅੰਦਾਜਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਟੈਲੀਫੋਨ ਤੇ ਹੋਈ ਗੱਲਬਾਤ https://youtu.be/bne5L1nxRaw ਸੁਣ ਕੇ ਲਾਇਆ ਜਾ ਸਕਦਾ ਹੈ। ਪ੍ਰਧਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਰੱਟ ਤਾਂ ਲਾ ਰਹੇ ਹਨ ਜੋ ਇਸ ਸਾਲ 13 ਜਨਵਰੀ ਨੂੰ ਆ ਰਿਹਾ ਹੈ ਪਰ ਉਹ ਇਹ ਨਹੀਂ ਦੱਸ ਸਕੇ ਕਿ ਪੋਹ ਸੁਦੀ 7 ਦੇ ਹਿਸਾਬ ਅੱਜ ਪੋਹ ਸੁਦੀ ਦੀ ਕਿਹੜੀ ਤਿੱਥ ਹੈ? ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਕਿ ਪਿਛਲੇ ਸਾਲ ਪੋਹ ਸੁਦੀ ਕਿਹੜੀ ਤਰੀਖ ਨੂੰ ਆਈ ਸੀ ਅਤੇ ਅਗਲੇ ਸਾਲ ਕਿਹੜੀ ਤਰੀਖ ਨੂੰ ਆਵੇਗੀ?
ਪਿਛਲੇ ਸਾਲ ਬਿਕ੍ਰਮੀ ਕੈਲੰਡਰ ਦੇ ਵੱਡੇ ਸਮਰਥਕ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਨੂੰ ਜਦ ਇਹ ਪੁੱਛਿਆ ਗਿਆ ਕਿ 19 ਮਈ/6 ਜੇਠ ਨੂੰ ਵੀ ਜੇਠ ਸੁਦੀ 4 ਹੈ ਅਤੇ ਇੱਕ ਮਹੀਨੇ ਪਿੱਛੋਂ 17 ਜੂਨ/3 ਹਾੜ ਨੂੰ ਵੀ ਜੇਠ ਸੁਦੀ 4 ਹੈ ਸੋ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਨ ਕਿਹੜੀ ਜੇਠ ਸੁਦੀ 4 ਨੂੰ ਮਨਾਓਗੇ ਤਾਂ ਪਹਿਲਾਂ ਤਾਂ ਉਹ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਇੱਕੋ ਤਿੱਥ ਦੋ ਦਿਨਾਂ ਨੂੰ ਕਿਵੇਂ ਆ ਸਕਦੀ ਹੈ? ਪਰ ਜਦੋਂ ਜੰਤਰੀ ਵਿਖਾਈ ਗਈ ਤਾਂ ਉਹ ਇਸ ਦਾ ਕੋਈ ਜਵਾਬ ਨਾ ਦੇ ਸਕੇ।
  ਇਨ੍ਹਾਂ ਵੱਲੋਂ ਕੈਲੰਡਰ ਦੇ ਮਾਹਰ ਸਮਝੇ ਜਾਂਦੇ ਜਿਸ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ ਸਾਲਾਹ ਮੰਨ ਕੇ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਕੌਮ ਨੂੰ ਮੁੜ ਬਿਕ੍ਰਮੀ ਕੈਲੰਡਰ ਦੀ ਘੁੰਮਣਘੇਰੀ ਵਿੱਚ ਪਾਇਆ ਹੈ ਉਸ ਨੂੰ ਵੀ ਕੈਲੰਡਰਾਂ ਸਬੰਧੀ ਮੁਢਲੀ ਜਾਣਕਾਰੀ ਤਾਂ ਹੈ ਪਰ ਇਹ ਨਹੀਂ ਪਤਾ ਕਿ ਕੈਲੰਡਰਾਂ ਵਿੱਚ ਸੋਧ ਕਰਨ ਦੀ ਲੋੜ ਕਿਉਂ ਪੈਂਦੀ ਹੈ ਅਤੇ ਸੋਧ ਉਪ੍ਰੰਤ ਪੁਰਾਣੇ ਕੈਲੰਡਰ ਦੀਆਂ ਤਰੀਖਾਂ ਸੋਧੇ ਹੋਏ ਕੈਲੰਡਰ ਦੀਆਂ ਤਰੀਖਾਂ ਵਿੱਚ ਕਿਸ ਤਰ੍ਹਾਂ ਤਬਦੀਲ ਕੀਤੀਆਂ ਜਾਂਦੀਆਂ ਹਨ।
ਉਹ ਇਕੋ
 ‘ਜੱਟ ਕਾ ਫਾਰਮੂਲਾ’ ਸਿੱਖੇ ਹਨ ਜਿਸ ਦੇ ਅਧਾਰ ਤੇ 1998 ਤੋਂ ਭਾਵ ਪਿਛਲੇ 20 ਸਾਲਾਂ ਤੋਂ ਇੱਕੋ ਰੱਟ ਲਾਈ ਜਾ ਰਹੇ ਹਨ ਕਿ ਕਿ 1582 ਵਿੱਚ ਪੋਪ ਗ੍ਰੈਗੋਰੀਅਨ ਨੇ ਕੈਲੰਡਰ ਵਿੱਚ 10 ਦਿਨਾਂ ਦੀ ਸੋਧ ਲਾਈ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ, 22 ਦਸੰਬਰ ਸੰਨ 1666 ’ਚ ਹੋਇਆ ਸੀ ਇਸ ਲਈ 22 ਦਸੰਬਰ 10 ਦਿਨ ਜੋੜਨ ਨਾਲ ਇਹ 1 ਜਨਵਰੀ 1667 ਬਣਦਾ ਹੈ ਪਰ ਪੁਰੇਵਾਲ ਨੇ 23 ਪੋਹ ਦੀ ਤਰੀਖ 5 ਜਨਵਰੀ ਨੂੰ ਨਿਸਚਤ ਕਰ ਦਿੱਤੀ ਹੈ ਇਸ ਲਈ ਇਸ ਵਿੱਚ 4 ਦਿਨਾਂ ਦੀ ਗਲਤੀ ਹੈ।ਮੈਂ 1963 ਵਿੱਚ ਦਸਵੀਂ ਪਾਸ ਕੀਤੀ ਸੀ ਜਿਸ ਸਮੇਂ 9ਵੀਂ-10ਵੀਂ ਕਲਾਸ ਵਿੱਚ ਕੈਲੰਡਰ ਦੇ ਸਵਾਲ ਆਉਂਦੇ ਸਨ। ਉਸ ਸਮੇਂ ਸਾਨੂੰ ਇਹ ਪੜ੍ਹਾਇਆ ਜਾਂਦਾ ਸੀ ਕਿ ਭਾਰਤ ਚ ਇੰਗਲੈਂਡ ਵਾਲਿਆਂ ਦਾ ਰਾਜ ਰਿਹਾ ਹੈ ਜਿਨ੍ਹਾਂ ਨੇ ਇਹ ਸੋਧ 170 ਸਾਲ ਬਾਅਦ 2 ਸਤੰਬਰ 1752 ਦਿਨ ਬੁੱਧਵਾਰ ਨੂੰ ਲਾਗੂ ਕੀਤੀ ਸੀ। ਭਾਰਤ ਇੰਗਲੈਂਡ ਦੇ ਅਧੀਨ ਹੋਣ ਕਰਕੇ ਭਾਰਤ ਚ ਵੀ ਇਹ ਸੋਧ 2 ਸਤੰਬਰ 1752 ਤੋਂ ਹੀ ਲਾਗੂ ਹੋਈ ਅਤੇ ਉਸ ਸਮੇਂ 10 ਦੀ ਬਜਾਏ 11 ਦਿਨਾਂ ਦੀ ਸੋਧ ਲਾਉਣੀ ਪਈ ਸੀ ਇਸ ਲਈ ਅਗਲੇ ਦਿਨ ਵੀਰਵਾਰ ਨੂੰ 3 ਸਤੰਬਰ ਦੀ ਬਜਾਏ ਸਿੱਧਾ ਹੀ 14 ਸਤੰਬਰ ਕਰ ਲਿਆ ਸੀ ਭਾਵ 1752 ਵਿੱਚ ਸਤੰਬਰ ਦਾ ਮਹੀਨਾ ਕੇਵਲ 19 ਦਿਨਾਂ ਦਾ ਸੀ। ਉਸ ਸਮੇਂ ਸਾਨੂੰ ਇਹ ਵੀ ਪੜ੍ਹਾਇਆ ਜਾਂਦਾ ਸੀ ਕਿ ਭਾਰਤੀ ਇਤਿਹਾਸ ਦੀਆਂ 2 ਸਤੰਬਰ 1752 ਜਾਂ ਇਸ ਤੋਂ ਪਹਿਲਾਂ ਦੀਆਂ ਤਰੀਖਾਂ ਪੁਰਾਣੇ ਕੈਲੰਡਰ ਜਾਨੀ ਕਿ ਜੂਲੀਅਨ ਕੈਲੰਡਰ ਦੇ ਫਾਰਮੂਲੇ ਨਾਲ ਕੈਲਕੂਲੇਟ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਇਸ ਤੋਂ ਬਾਅਦ ਦੀਆਂ ਤਰੀਖਾਂ ਗ੍ਰੈਗੋਰੀਅਨ ਕੈਲੰਡਰ ਦੇ ਫਾਰਮੂਲੇ ਨਾਲ ਕੈਲਕੂਕੇਟ ਕੀਤੀਆਂ ਜਾਂਦੀਆਂ ਹਨ। ਇਹ ਕੁਝ ਲਿਖਣ ਦਾ ਮੇਰਾ ਭਾਵ ਇਹ ਹੈ ਕਿ ਜੇ ਦਸਵੀਂ ਪਾਸ ਵਿਦਿਆਰਥੀ ਨੂੰ ਪੁਰਾਣੇ ਕੈਲੰਡਰ ਦੀਆਂ ਤਰੀਖਾਂ ਨੂੰ ਸੋਧੇ ਹੋਏ ਕੈਲੰਡਰ ਦੀਆਂ ਤਰੀਖਾਂ ਤਬਦੀਲ ਕਰਨ ਦੇ ਤਰੀਕੇ ਦੀ ਜਾਣਕਾਰੀ ਹੈ ਤਾਂ ਕਰਨਲ ਨਿਸ਼ਾਨ ਸਾਹਿਬ ਜੀ ਤਾਂ ਐੱਮ.ਏ. (ਮੈਥ. ਅਤੇ ਅਸਟਰੋਨੋਮੀ) ਹਨ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ ਕਿ ਪੁਰੇਵਾਲ ਸਾਹਿਬ ਜੀ ਨੇ ਖਾਲਸਾ ਸਾਜਨਾ ਸ਼ਤਾਬਦੀ ਨੂੰ ਮੁੱਖ ਰੱਖ ਕੇ 1999 ਦੀ ਵੈਸਾਖੀ ਤੋਂ ਆਪਣੀ ਸੋਧ ਲਾਗੂ ਕੀਤੀ ਸੀ।

 

ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਨਾਨਕਸ਼ਾਹੀ ਜੰਤਰੀ ਦੀ ਭੂਮਿਕਾ ਹੀ ਜੇ ਉਹ ਧਿਆਨ ਨਾਲ ਪੜ੍ਹ ਲੈਣ ਤਾਂ ਉਨ੍ਹਾਂ ਨੂੰ ਇਹ ਸਮਝ ਵੀ ਜਰੂਰ ਆਉਣੀ ਚਾਹੀਦੀ ਹੈ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਸਥਿਰ ਨਹੀਂ ਰਹਿੰਦੀ ਜਿਨ੍ਹਾਂ ਵਿੱਚੋਂ ਸਾਲ ਦੇ ਕੁਝ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਦਿਨਾਂ ਤੋਂ 32 ਦਿਨਾਂ ਤੱਕ ਹਰ ਸਾਲ 1 ਦਿਨ ਦੇ ਅੰਤਰ ਨਾਲ ਬਦਲਦੀ ਰਹਿੰਦੀ ਹੈ ਜਿਨ੍ਹਾਂ ਨੂੰ ਆਮ ਆਦਮੀ ਲਈ ਯਾਦ ਰੱਖਣਾ ਅਤੇ ਸਮਝਣਾ ਅਤਿ ਮੁਸ਼ਕਲ ਹੋਣ ਕਰਕੇ ਗਣਿਤ ਨੂੰ ਸੌਖਿਆਂ ਕਰਨ ਲਈ ਪਹਿਲੇ 5 ਮਹੀਨੇ ਚੇਤ ਤੋਂ ਸਾਵਣ ਤੱਕ 31-31 ਦਿਨਾਂ ਦੇ ਅਤੇ ਪਿਛਲੇ 7 ਮਹੀਨੇ ਆਮ ਸਾਲਾਂ ਵਿੱਚ 30-30 ਦਿਨਾਂ ਦੇ ਪਰ ਲੀਪ ਦੇ ਸਾਲ ਵਿੱਚ ਅਖੀਰਲਾ ਫੱਗਣ ਦਾ ਮਹੀਨਾ 31 ਦਿਨਾਂ ਦਾ ਹੋ ਜਾਂਦਾ ਹੈ। 1999 ’ਚ ਵੈਸਾਖੀ 14 ਅਪ੍ਰੈਲ ਨੂੰ ਆਉਣ ਕਰਕੇ 1 ਵੈਸਾਖ ਤੋਂ ਨਾਨਕਸ਼ਾਹੀ ਕੈਲੰਡਰ ਦਾ ਮਹੀਨਾ ਸ਼ੁਰੂ ਕਰਕੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੂਰੀ ਕਰਕੇ 365/66 ਦਿਨ ਬਾਅਦ ਮੁੜ 1 ਵੈਸਾਖ 14 ਅਪ੍ਰੈਲ ਨੂੰ ਆ ਜਾਂਦਾ ਹੈ। ਇਸ ਤਰ੍ਹਾਂ ਸਾਰੇ ਮਹੀਨਿਆਂ ਦੇ ਦਿਨ 1999 ਤੋਂ ਬਾਅਦ ਹਮੇਸ਼ਾਂ ਹਮੇਸ਼ਾਂ ਲਈ ਨਿਸਚਤ ਸਮੇਂ ਅਤੇ ਤਰੀਖ ਨੂੰ ਆਉਣੇ ਸ਼ੁਰੂ ਹੋ ਗਏ ਜਿਸ ਮੁਤਾਬਿਕ 23 ਪੋਹ ਹਰ ਸਾਲ 5 ਜਨਵਰੀ ਨੂੰ ਆਵੇਗਾ। ਪਰ 1999 ਤੋਂ ਪਹਿਲਾਂ 23 ਪੋਹ ਬਿਕ੍ਰਮੀ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਕੇਟ ਕੀਤਾ ਜਾਵੇਗਾ ਜਿਵੇਂ ਕਿ 2 ਸਤੰਬਰ 1752 ਤੋਂ ਪਹਿਲਾਂ ਦੇ ਸਾਰੇ ਦਿਨ ਪੁਰਾਣੇ ਜੂਲੀਅਨ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਲੇਟ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਮਿੰਟ ਵਧ ਸੀ ਜੇ ਉਨ੍ਹਾਂ ਨੂੰ 1582 ਵਿੱਚ ਹੀ ਸੋਧ ਕਰਨੀ ਪਈ ਤਾਂ ਬਿਕ੍ਰਮੀ ਕੈਲੰਡਰ ਜਿਸ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਕਾਲ ਦੌਰਾਨ 24 ਮਿੰਟ ਵੱਧ ਸੀ ਉਨ੍ਹਾਂ ਨੂੰ ਤਾਂ ਇਸ ਵਿੱਚ ਸੋਧ ਕਰਨ ਦੀ ਅਤਿਅੰਤ ਲੋੜ ਹੋਣੀ ਚਾਹੀਦੀ ਹੈ। ਪੰਡਿਤ ਜੋਤਸ਼ੀਆਂ ਵੱਲੋਂ 1964 ਵਿੱਚ ਇਸ ਵਿੱਚ ਸੋਧ ਦਾ ਯਤਨ ਤਾਂ ਜਰੂਰ ਕੀਤਾ ਗਿਆ ਪਰ ਇਹ ਸੋਧ ਕੇਵਲ ਸਾਢੇ ਕੁ ਤਿੰਨ ਮਿੰਟ ਦੀ ਹੀ ਸੀ ਤੇ ਹਾਲੀ ਵੀ ਰੁੱਤੀ ਸਾਲ ਨਾਲੋਂ ਤਕਰੀਬਨ 20 ਮਿੰਟ ਦਾ ਫਰਕ ਹੈ। ਕਰਨਲ ਸੁਰਜੀਤ ਸਿੰਘ ਦੀ ਕੰਨਫਿਊਜ਼ਨ ਸਿਰਫ ਇਹੀ ਹੈ ਕਿ 10 ਦਿਨਾਂ ਦਾ ਫਾਰਮੂਲਾ ਲਾਉਣ ਸਮੇਂ ਇਹ ਸੋਧ ਲਾਉਣੀ ਭੁੱਲ ਜਾਂਦੇ ਹਨ। ਜੇ ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਸਮਰਥਕ ਹਾਲੀ ਵੀ ਸਮਝਣ ਤੋਂ ਅਸਮਰਥ ਹਨ ਤਾਂ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਨਾਲ ਪੜ੍ਹਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਖੇਚਲ ਕਰਨ ਜੀ:-
1.
ਕੀ ਉਨ੍ਹਾਂ ਨੂੰ ਪਤਾ ਹੈ ਕਿ ਸੰਨ 1469, ਜਿਸ ਸਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਸਾਲ ਵੈਸਾਖੀ 27 ਮਾਰਚ ਨੂੰ ਸੀ ਅਤੇ 1699 ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਸਾਲ ਵੈਸਾਖੀ 29 ਮਾਰਚ ਨੂੰ ਸੀ। ਜੇ ਕਰਨਲ ਨਿਸ਼ਾਨ ਵਾਲਾ ਫਾਰਮੂਲਾ ਹੀ ਵਰਤਿਆ ਜਾਵੇ ਤਾਂ 1699 ਵਾਲੀ ਵੈਸਾਖੀ ਅੱਜਕੱਲ੍ਹ 8 ਅਪ੍ਰੈਲ ਨੂੰ ਆਉਣੀ ਚਾਹੀਦੀ ਹੈ ਪਰ ਵੈਸਾਖੀ ਤਾਂ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ ਅਤੇ ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਕਿਸੇ ਸਮਰਥਕ ਨੂੰ ਵੈਸਾਖੀ ਵਿੱਚ 5-6 ਦਿਨਾਂ ਦਾ ਫਰਕ ਰੜਕਦਾ ਨਹੀਂ ਤਾਂ ਫਿਰ ਕਿਉਂ ਕੇਵਲ 23 ਪੋਹ ਦੀ 4 ਦਿਨਾਂ ਦੀ ਗਲਤੀ ਦੱਸਣ ਦੀ ਜਿਦ ਕੀਤੀ ਜਾਂਦੀ ਹੈ?
2.
ਕਰਨਲ ਨਿਸ਼ਾਨ ਦਾ ਅਗਲਾ ਇਤਰਾਜ ਹੈ ਕਿ ਜੇ ਵੈਸਾਖੀ ਵਿੱਚ 8 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ 6 ਦਿਨਾਂ ਦਾ ਅੰਤਰ ਹੈ ਤਾਂ 23 ਪੋਹ ਵੀ 6 ਦਿਨਾਂ ਦੇ ਅੰਤਰ ਨਾਲ 1 ਜਨਵਰੀ ਦੀ ਬਜਾਏ 7 ਜਨਵਰੀ ਨੂੰ ਹੋਣੀ ਚਾਹੀਦੀ ਸੀ ਜੋ ਅੱਜ ਕੱਲ੍ਹ ਵੀ 7 ਜਨਵਰੀ ਨੂੰ ਹੀ ਆ ਰਹੀ ਹੈ। ਉਸ ਦਾ ਜਵਾਬ ਹੈ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇ ਨਾਨਕਸ਼ਾਹੀ ਕੈਲੰਡਰ ਦੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਤੋਂ 32 ਦਿਨਾਂ ਵਿੱਚ ਹਰ ਸਾਲ ਬਿਕ੍ਰਮੀ ਕੈਲੰਡਰ ਵਾਙ ਹੀ ਵਧਦੀ ਘਟਦੀ ਰਹੇ। ਜੇ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਵਾਲੀ ਹੀ ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਵੀ ਬਿਕ੍ਰਮੀ ਕੈਲੰਡਰ ਦੇ ਸਾਲ ਵਾਲੀ ਹੀ ਰਹੇਗੀ ਜੋ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵਧ ਹੋਣ ਕਰਕੇ ਤਰੀਖਾਂ ਪਹਿਲਾਂ ਵਾਙ ਹੀ ਬਦਲਦੀਆਂ ਰਹਿਣਗੀ ਅਤੇ 13 ਹਜਾਰ ਸਾਲ ਬਾਅਦ ਹਾੜ ਦੇ ਮਹੀਨੇ ਵਿੱਚ ਅੱਜ ਵਰਗੀ ਗਰਮੀ ਪੈਣ ਦੀ ਥਾਂ ਪੋਹ ਦੇ ਮਹੀਨੇ ਵਰਗੀ ਠੰਡ ਪਵੇਗੀ ਅਤੇ ਪੋਹ ਦੇ ਮਹੀਨੇ ਚ ਠੰਡ ਪੈਣ ਦੀ ਬਜਾਏ ਅੱਜ ਦੇ ਹਾੜ ਮਹੀਨੇ ਵਰਗੀ ਗਰਮੀ ਪਵੇਗੀ। ਉਸ ਸਮੇਂ ਜਦੋਂ ਅਸੀਂ ਪੜ੍ਹਾਂਗੇ ਕਿ 2 ਹਾੜ ਨੂੰ ਮੌਸਮ ਗਰਮ ਸੀ, ਤਵੀ ਜਿਸ ਤੇ ਗੁਰੂ ਅਰਜਨ ਸਾਹਿਬ ਜੀ ਚੌਕੜਾ ਮਾਰ ਕੇ ਬੈਠੇ ਸਨ; ਗਰਮ ਸੀ ਅਤੇ ਸਿਰ ਉੱਪਰ ਗਰਮ ਰੇਤ ਪਾਈ ਜਾ ਰਹੀ ਸੀ ਇਤਨੀ ਗਰਮੀ ਵਿੱਚ ਜੇ ਠੰਡੇ ਸਨ ਤਾਂ ਕੇਵਲ ਗੁਰੂ ਅਰਜਨ ਸਾਹਿਬ ਜੀ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਪੜ੍ਹਾਂਗੇ ਕਿ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ ਇਤਨੀ ਠੰਡ ਵਿੱਚ ਉਨ੍ਹਾਂ ਨੂੰ ਠੰਡ ਤੋਂ ਬਚਾ ਲਈ ਕੋਈ ਕਪੜਾ ਵੀ ਨਹੀਂ ਦਿੱਤਾ ਗਿਆ। ਉਸ ਸਮੇਂ ਜਦੋਂ ਵਰਨਣ ਕੀਤੇ ਮਹੀਨਿਆਂ ਦਾ ਮੌਸਮ ਸਾਡੇ ਮੁੱਖ ਸਰੋਤਾਂ ਵਿੱਚ ਲਿਖੇ ਹੋਏ ਇਤਿਹਾਸਕ ਘਟਨਾਵਾਂ ਦੇ ਮੌਸਮ ਨਾਲ ਮੇਲ ਨਾ ਖਾਂਦਾ ਹੋਇਆ ਤਾਂ ਆਪਣੇ ਇਤਿਹਾਸ ਨੂੰ ਕਿਵੇਂ ਸੱਚਾ ਸਿੱਧ ਕਰਾਂਗੇ ਅਤੇ ਇਸ ਦੇ ਦੋਸ਼ੀ ਅਸੀਂ ਕਿਸ ਨੂੰ ਮੰਨਾਂਗੇ?
3.
ਤੀਸਰਾ ਇਤਰਾਜ਼ ਹੈ ਕਿ ਪੁਰੇਵਾਲ ਨੇ ਝੂਠੀਆਂ ਸੰਗਰਾਂਦਾਂ ਮਿਥ ਲਈਆਂ ਕਿਉਂਕਿ ਸੰਗਰਾਂਦ ਤਾਂ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ ਜਾਂਦਾ ਹੈ। ਇਹ ਇਤਰਾਜ਼ ਕਰਨ ਵਾਲਿਆਂ ਨੂੰ ਸਵਾਲ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਸ਼ੀ, ਸੰਗਰਾਂਦ ਜਾਂ ਸੰਕਰਾਂਤ ਨਾਮ ਦਾ ਕੋਈ ਵੀ ਸ਼ਬਦ ਦਰਜ ਹੈ ਜਾਂ ਕੋਈ ਹੋਰ ਵੀ ਐਸਾ ਸ਼ਬਦ ਦਰਜ ਹੈ ਜਿਸ ਵਿੱਚ ਸੰਗਰਾਂਦ ਦੀ ਪ੍ਰੀਭਾਸ਼ਾ ਦੱਸੀ ਗਈ ਹੋਵੇ? ਜੇ ਨਹੀ ਤਾਂ ਗੁਰੂ ਸਾਹਿਬਾਨ ਦੇ ਗੁਰਪੁਰਬ ਅੱਗੇ ਪਿੱਛੇ ਆਉਣ ਦਾ ਫਿਕਰ ਛੱਡ ਕੇ ਕੇਵਲ ਪੰਡਿਤ ਦੇਵੀ ਦਿਆਲ ਸ਼ਰਮਾ ਦੀ ਪੰਚਾਂਗ ਵਿੱਚ ਦੱਸੀਆਂ ਸੰਗਰਾਂਦਾਂ ਨਾਲ ਜੁੜੇ ਰਹਿਣ ਦੇ ਕੀ ਕਾਰਨ ਹਨ?
4.
 
ਸੰਨ 2016 ਦੀ ਕੁਰਾਲੀ ਤੋਂ ਛਪਣ ਵਾਲੀ ਪੰਚਾਂਗ ਵੇਖੀਫ਼ਨਬਸਪਗਈ ਤਾਂ ਉਸ ਵਿੱਚ ਕੱਤਕ ਦੀ ਸੰਗਰਾਂਦ 16 ਅਕਤੂਬਰ ਨੂੰ ਲਿਖੀ ਹੋਈ ਸੀ ਪਰ ਜਲੰਧਰ, ਅੰਮ੍ਰਿਤਸਰ ਤੋਂ ਛਪਣ ਵਾਲੀਆਂ ਪੰਚਾਂਗਾਂ ਵਿੱਚ 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਸੀ। ਝੂਠੀਆਂ ਸੰਗਰਾਂਦਾਂ ਦੀ ਰੱਟ ਲਾਉਣ ਵਾਲੇ ਇਨ੍ਹਾਂ ਦੋਵਾਂ ਵਿੱਚੋਂ ਕਿਹੜੀ ਨੂੰ ਸੱਚੀ ਅਤੇ ਕਿਹੜੀ ਨੂੰ ਝੂਠੀ ਮੰਨਦੇ ਹਨ? ਇਸ ਹਿਸਾਬ ਦੋਵਾਂ ਪੰਚਾਂਗਾਂ ਵਿੱਚ 23 ਪੋਹ ਦੀ ਤਰੀਖ ਵਿੱਚ ਇੱਕ ਦਿਨ ਦਾ ਫਰਕ ਪੈ ਗਿਆ। ਜੇ ਇੱਕੋ ਸਾਲ ਵਿੱਚ ਇੱਕ ਹੀ ਦਿਨ ਦੇ ਫਰਕ ਨੂੰ ਨਿਸ਼ਾਨ ਸਾਹਿਬ ਸਮਝ ਜਾਂ ਸਮਝਾ ਨਹੀਂ ਸਕਦੇ ਤਾਂ ਇਨ੍ਹਾਂ ਵੱਲੋਂ ਸਾਢੇ ਤਿੰਨ ਸੌ ਸਾਲ ਪਹਿਲਾਂ 1666-67 ਵਿੱਚ ਚਾਰ ਦਿਨਾਂ ਦੇ ਫਰਕ ਦਾ ਰੋਣਾ ਕਿਸ ਅਰਥ ਹੈ? ਜੇ ਵਾਰਾਨਸੀ ਤੋਂ ਛਪਣ ਵਾਲੀਆਂ ਗਣੇਸ਼ ਅੱਪਾ ਪੰਚਾਂਗ ਜਾਂ ਮਹਾਂਵੀਰ ਪੰਚਾਂਗ ਵੇਖ ਲਵੋ ਤਾਂ ਹਰ ਸਾਲ ਹੀ 3 ਜਾਂ 4 ਸੰਗਰਾਂਦਾਂ ਵੱਖ ਵੱਖ ਦਿਨਾਂ ਨੂੰ ਹੁੰਦੀਆਂ ਹਨ; ਇਨ੍ਹਾਂ ਵਿੱਚੋਂ ਕਿਹੜੀ ਸੰਗਰਾਂਦ ਨੂੰ ਸੱਚੀ ਅਤੇ ਕਿਹੜੀ ਨੂੰ ਝੂਠੀ ਕਹਿਣਗੇ?
5.
ਇਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਵਾਰਾਨਸੀ ਤੋਂ ਛਪਣ ਵਾਲੀਆਂ ਪੰਚਾਂਗਾਂ ਸੂਰਜੀ ਸਿਧਾਂਤ ਤੇ ਅਧਾਰਤ ਹਨ ਅਤੇ ਇਸੇ ਸਿਧਾਂਤ ਨਾਲ ਬਣੀਆਂ ਪੰਚਾਂਗਾਂ ਗੁਰੂ ਸਾਹਿਬਾਨ ਦੇ ਸਮੇਂ ਪੰਜਾਬ ਵਿੱਚ ਪ੍ਰਚਲਤ ਸੀ। ਪਰ 1964 ਤੋਂ ਬਾਅਦ ਉੱਤਰੀ ਭਾਰਤ ਦੇ ਪੰਡਿਤਾਂ ਨੇ ਇਸ ਵਿੱਚ ਸੋਧ ਕਰਕੇ ਦ੍ਰਿੱਕ ਗਣਿਤ ਅਧਾਰਤ ਪੰਚਾਂਗਾਂ ਲਾਗੂ ਕਰ ਲਈਆਂ ਜਿਸ ਦੇ ਅਧਾਰ ਤੇ ਦੇਵੀ ਦਿਆਲ ਪੰਚਾਂਗਾਂ ਛਪਦੀਆਂ ਹਨ ਅਤੇ ਉਸੇ ਦੇ ਅਧਾਰ ਤੇ ਹੀ ਸ਼੍ਰੋਮਣੀ ਕਮੇਟੀ ਆਪਣੇ ਕੈਲੰਡਰ ਛਾਪਦੀ ਹੈ। ਸੋ ਗੁਰੂ ਕਾਲ ਵਾਲਾ ਕੈਲੰਡਰ ਤਾਂ ਇਹ 1964 ਵਿੱਚ ਹੀ ਛੱਡ ਚੁੱਕੇ ਹਨ। ਗੁਰੂ ਸਾਹਿਬਾਨ ਵੱਲੋਂ ਵਰਤਿਆ ਕੈਲੰਡਰ ਨਾ ਛੱਡਣ ਦੇ ਚਾਹਵਾਨ ਕੀ ਵਾਰਾਨਸੀ ਤੋਂ ਸੂਰਯ ਸਿਧਾਂਤ ਦੇ ਅਧਾਰਤ ਛਪਣ ਵਾਲੀਆਂ ਪੰਚਾਂਗਾਂ ਅਪਨਾਉਣਗੇ?
6.
ਪਿਛਲੇ 20 ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ਚ ਦਰਜ ਤਰੀਖਾਂ ਨੂੰ ਗਲਤ ਦੱਸਣ ਦੀ ਰੱਟ ਲਾਉਣ ਵਾਲੇ ਕਰਨਲ ਨਿਸ਼ਾਨ ਨੇ ਦਸੰਬਰ 2016 ਵਿੱਚ ਗੁਰਪੁਰਬ ਦਰਪਣ ਨਾਮ ਦੀ ਪੁਸਤਕ ਛਪਵਾਈ ਜਿਸ ਵਿੱਚ ਸੰਨ 2015 ਤੋਂ ਲੈ ਕੇ 2100 ਤੱਕ ਆਉਣ ਵਾਲੇ 86 ਸਾਲਾਂ ਦੌਰਾਨ ਗੁਰਪੁਰਬਾਂ ਦੀਆਂ ਤਰੀਖਾਂ ਦਰਜ ਕੀਤੀਆਂ ਹਨ ਅਤੇ ਇਨ੍ਹਾਂ ਤਰੀਖਾਂ ਨੂੰ ਗਲਤ ਸਿੱਧ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਪਰ ਇਹ ਪੁਸਤਕ ਬਜਾਰ ਵਿੱਚ ਆਉਣ ਤੋਂ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਸੰਮਤ 549 ਅਤੇ 550 ਦੇ ਕੇਵਲ ਦੋ ਹੀ ਕੈਲੰਡਰ ਜਾਰੀ ਕੀਤੇ। ਦੋਵਾਂ ਕੈਲੰਡਰਾਂ ਦਾ ਗੁਰਪੁਰਬ ਦਰਪਣ ਵਿੱਚ ਗੁਰਪੁਰਬਾਂ ਦੀਆਂ ਦਰਜ ਤਰੀਖਾਂ ਨਾਲ ਮਿਲਾਨ ਕੀਤਾ ਗਿਆ ਤਾਂ ਦੋਵਾਂ ਵਿੱਚ ਹੀ ਤਕਰੀਬਨ 4-4 ਦਿਹਾੜਿਆਂ ਵਿੱਚ ਅੰਤਰ ਵੇਖਿਆ ਗਿਆ। ਇਨ੍ਹਾਂ ਸਬੰਧੀ ਸ: ਸਰਬਜੀਤ ਸਿੰਘ ਜੀ ਸੈਕਰਾਮੈਂਟੋ ਅਤੇ ਮੇਰੇ ਵੱਲੋਂ ਨਿਸ਼ਾਨ ਸਾਹਿਬ ਜੀ ਨਾਲ ਤਕਰੀਨ 3 ਦਰਜਨ ਚਿੱਠੀਆਂ ਦਾ ਆਦਾਨ ਪ੍ਰਦਾਨ ਹੋਇਆ ਇਸ ਦੇ ਬਾਵਜੂਦ ਨਿਸ਼ਾਨ ਸਾਹਿਬ ਜੀ ਨੇ ਨਾ ਆਪਣੇ ਵੱਲੋਂ ਗਲਤ ਤਰੀਖਾਂ ਅੰਕਿਤ ਹੋ ਜਾਣ ਦੀ ਗਲਤੀ ਹੀ ਮੰਨੀ ਹੈ ਅਤੇ ਨਾ ਹੀ ਆਪਣੇ ਵੱਲੋਂ ਦਿੱਤੀਆਂ ਤਰੀਖਾਂ ਨੂੰ ਸਹੀ ਸਿੱਧ ਕਰ ਸਕਿਆ ਹੈ। ਉਨ੍ਹਾਂ ਚਿੱਠੀਆਂ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਨਿਸ਼ਾਨ ਸਾਹਿਬ ਜੀ ਤੋਂ ਲੈ ਕੇ ਜਰੂਰ ਦੇਣ।
7.
ਸੰਮਤ 551 ’ਚ ਗੁਰਪੁਰਬ ਦਰਪਣ ਵਿੱਚ ਨਿਸ਼ਾਨ ਸਾਹਿਬ ਜੀ ਨੇ ਬੰਦੀਛੋੜ ਦਿਵਸ 28 ਅਕਤੂਬਰ ਦਰਜ ਕੀਤਾ ਹੈ ਜਦੋਂ ਕਿ ਜਲੰਧਰ ਤੋਂ ਛਪਣ ਵਾਲੀ ਦੇਵੀ ਲਾਲ ਸ਼ਰਮਾ ਦੀ ਮੁਫੀਦ ਆਲਮ ਜੰਤਰੀ, ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਛਾਪੀ ਹੋਈ ਅਸਲੀ ਤਿੱਥ ਪਤ੍ਰਿਕਾ ਅਤੇ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਵੱਲੋਂ ਛਾਪੀ ਜਾ ਰਹੀ ਜੋਤਸ਼ੀ ਪ੍ਰਤਾਪ ਸਿੰਘ ਵਾਲੀ ਜੰਤਰੀ ਬਿਕ੍ਰਮੀ ਤਿੱਥ ਪੱਤ੍ਰਕਾ ਭਾਵ ਤਿੰਨਾਂ ਵਿੱਚ ਹੀ ਬੰਦੀ ਛੋੜ ਦਿਵਸ 27 ਅਕਤੂਬਰ ਨੂੰ ਵਿਖਾਇਆ ਗਿਆ ਹੈ। ਸ਼੍ਰੋਮਣੀ ਕਮੇਟੀ, ਜਥੇਦਾਰਾਂ ਸਮੇਤ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਇਸ ਬਾਬਤ ਵੀ ਨਿਸ਼ਾਨ ਸਾਹਿਬ ਜੀ ਤੋਂ ਸਹੀ ਤਰੀਖ ਸਬੰਧੀ ਪੁੱਛਗਿੱਛ ਕਰ ਕੇ ਪੰਥ ਨੂੰ ਜਵਾਬ ਦੇਣ ਕਿ ਉਹ ਕਿਸ ਦਿਨ ਬੰਦੀਛੋੜ ਦਿਨ ਮਨਾਉਣ?
8.
ਗੁਰਪੁਰਬ ਦਰਪਣ ਦੇ ਪੰਨਾ ਨੰ 85 ’ਤੇ ਨਿਸ਼ਾਨ ਸਾਹਿਬ ਜੀ ਨੇ ਨਾਨਕਸ਼ਾਹੀ ਸੰਮਤ 550 ਚੇਤ ਸੁਦੀ 1 ਮਿਤੀ 18 ਮਾਰਚ ਨੂੰ ਸ਼ੁਰੂ ਕੀਤਾ ਹੈ ਜਦੋਂ ਕਿ ਚੇਤ ਦੀ ਸੰਗਰਾਂਦ 14 ਮਾਰਚ ਨੂੰ ਲਿਖੀ ਹੈ; ਇਸ ਹਿਸਾਬ ਨਵਾਂ ਸਾਲ 5 ਚੇਤ ਨੂੰ ਸ਼ੁਰੂ ਹੋਇਆ। ਇਸੇ ਤਰ੍ਹਾਂ ਸੰਮਤ ਨਾਨਕਸ਼ਾਹੀ ਸੰਮਤ 549, 29 ਮਾਰਚ/16 ਚੇਤ ਅਤੇ ਸੰਮਤ 551, 21 ਮਾਰਚ/8 ਚੇਤ ਨੂੰ ਸ਼ੁਰੂ ਹੋਇਆ ਵਿਖਾਇਆ ਹੈ। ਸ਼੍ਰੋਮਣੀ ਕਮੇਟੀ ਹਰ ਸਾਲ 1 ਚੇਤ/ 14 ਮਾਰਚ ਤੋਂ ਨਵਾਂ ਸਾਲ ਸ਼ੁਰੂ ਕਰਕੇ ਆਪਣਾ ਕੈਲੰਡਰ ਛਾਪਦੀ ਹੈ। ਕੀ ਦੁਨੀਆਂ ਦਾ ਕੋਈ ਐਸਾ ਕੈਲੰਡਰ ਹੈ ਜਿਸ ਵਿੱਚ ਮਹੀਨੇ ਦੇ ਕੁਝ ਦਿਨ ਪਿਛਲੇ ਸਾਲ ਅਤੇ ਕੁਝ ਦਿਨ ਨਵੇਂ ਸਾਲ ਵਿੱਚ ਆਉਂਦੇ ਹੋਣ ਅਤੇ ਇਹ ਵੀ ਨਿਸਚਤ ਨਾ ਹੋਣ ਕਿ ਮਹੀਨੇ ਦੇ ਕਿੰਨੇ ਦਿਨ ਪੁਰਾਣੇ ਸਾਲ ਵਿੱਚ ਹੋਣ ਅਤੇ ਕਿੰਨੇ ਦਿਨ ਨਵੇਂ ਸਾਲ ਵਿੱਚ?
9.
 
ਬਿਕ੍ਰਮੀ ਕੈਲੰਡਰ ਦੇ ਸਮਰਥਕ ਬਹੁਤ ਦਲੀਲਾਂ ਦਿੰਦੇ ਹਨ ਕਿ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿੱਚ ਅਤੇ ਹੋਰਨਾਂ ਧਰਮਾਂ ਦੇ ਵੀ ਚੰਦਰ ਕੈਲੰਡਰ ਲਾਗੂ ਹੈ। ਪਰ ਮੈਂ ਇਨ੍ਹਾਂ ਵੀਰਾਂ ਤੋਂ ਇੱਕ ਸਵਾਲ ਪੁਛਦਾ ਹਾਂ ਕਿ ਬਿਕ੍ਰਮੀ ਕੈਲੰਡਰ ਤੋਂ ਬਿਨਾਂ ਕੀ ਕਿਸੇ ਹੋਰ ਦੇਸ਼ ਜਾਂ ਧਰਮ ਦੇ ਕੈਲੰਡਰ ਵਿੱਚ ਵੀ ਇੱਕੇ ਦਿਨ ਦੋ ਤਰੀਖਾਂ ਹੁੰਦੀਆਂ ਹਨ ਜਾਂ ਇੱਕੋ ਤਰੀਖ ਲਗਾਤਾਰ ਦੋ ਦਿਨ ਆਉਂਦੀ ਹੈ, ਜਿਵੇਂ ਕਿ ਬਿਕ੍ਰਮੀ ਕੈਲੰਡਰ ਵਿੱਚ ਆ ਰਹੀਆਂ ਹਨ?
10.
ਜਲੰਧਰ ਤੋਂ ਛਪਣ ਵਾਲੀ ਦੇਵੀ ਦਿਆਲ ਸ਼ਰਮਾ ਦੀ ਮੁਫੀਦ ਆਲਮ ਜੰਤਰੀ ਦੇ ਪੰਨਾ 85 ਅਨੁਸਾਰ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਸਮੇਤ ਪੱਛਮੀ ਭਾਰਤ ਵਿੱਚ ਬਸੰਤ ਪੰਚਮੀ ਦਾ ਪਰਬ 9 ਫਰਵਰੀ 2019 ਨੂੰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਸਮੇਤ ਬਾਕੀ ਦੇ ਖੇਤਰ, ਬਿਹਾਰ, ਬੰਗਾਲ ਆਦਿਕ ਸਮੇਤ ਬਾਕੀ ਦੇ ਸਾਰੇ ਪੂਰਬੀ ਭਾਰਤ ਵਿੱਚ ਇਹ ਪਰਬ 10 ਫਰਵਰੀ ਨੂੰ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਚ ਸੰਮਤ 550 ਵਿੱਚ ਬਸੰਤ ਪੰਚਮੀ 28 ਮਾਘ (10 ਫਰਵਰੀ) ਨੂੰ ਦਰਜ ਕੀਤਾ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਸਮੇਤ ਬਿਕ੍ਰਮੀ ਕੈਲੰਡਰ ਦੇ ਸਮਰਥਕ ਦੱਸਣ ਕਿ ਇਹ ਪੱਛਮੀ ਭਾਰਤ ਦੀਆਂ ਜੰਤਰੀਆਂ ਅਨੁਸਾਰ ਆਪਣੇ ਦਿਨ ਦਿਹਾੜੇ ਨਿਸਚਿਤ ਕਰਨਗੇ ਜਾਂ ਪੂਰਬੀ ਭਾਰਤ ਦੀਆਂ ਜੰਤਰੀਆਂ ਮੁਤਾਬਿਕ? ਕਿਉਂਕਿ ਇਸ ਤਰ੍ਹਾਂ ਦੀਆਂ ਦੁਬਿਧਾਵਾਂ ਕਈ ਵਾਰ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਤੇ ਅੱਗੇ ਤੋਂ ਵੀ ਵਾਪਰਦੀਆਂ ਰਹਿਣਗੀਆਂ ਜਿਵੇਂ ਕਿ ਸਾਲ 2000 ਵਿੱਚ ਪੋਹ ਸੁਦੀ 7 ਇੱਕ ਦਿਨ ਦੇ ਅੰਤਰ ਨਾਲ ਆਈ ਸੀ। ਪੰਜਾਬ ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਦ੍ਰਿੱਕ ਗਣਿਤ ਅਨੁਸਾਰ 14 ਜਨਵਰੀ ਨੂੰ ਅਤੇ ਪਟਨਾ ਸਾਹਿਬ (ਬਿਹਾਰ) ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਾਕਾਸ਼ ਹੋਇਆ ਸੀ ਉਥੇ ਸੂਰਯ ਸਿਧਾਂਤ ਅਨੁਸਾਰ 13 ਜਨਵਰੀ ਨੂੰ ਮਨਾਇਆ ਗਿਆ ਸੀ
11.
ਦ੍ਰਿੱਕ ਗਣਿਤ ਦੇ ਅਧਾਰ ਤੇ ਪੰਡਿਤ ਦੇਵੀ ਦਿਆਲ ਜੋਤਸ਼ੀ ਵੱਲੋਂ 2019 ਸਾਲ ਦੀਆਂ ਪੰਚਾਂਗਾਂ ਜੋ ਜਲੰਧਰ/ਅੰਮ੍ਰਿਤਸਰ ਤੋਂ ਛਪਦੀਆਂ ਹਨ ਅਤੇ ਸੂਰਯ ਸਿਧਾਂਤ ਦੇ ਅਧਾਰ ਤੇ ਜੋਤਸ਼ੀ ਰੁਪੇਸ਼ ਠਾਕੁਰ ਪ੍ਰਸ਼ਾਦ ਦੀਆਂ ਪੰਚਾਂਗਾਂ ਜੋ ਵਾਰਾਨਸੀ ਤੋਂ ਛਪੀ ਹੈ, ਦੀਆਂ ਸੰਗਰਾਂਦਾ ਅਤੇ ਮੱਸਿਆ, ਪੂਰਨਮਾਸ਼ੀਆਂ ਦਾ ਮਿਲਾਨ ਕਰਕੇ ਸਾਰਨੀ ਤਿਆਰ ਕੀਤੀ ਗਈ ਜੋ ਹੇਠਾਂ ਵੇਖੀ ਜਾ ਸਕਦੀ ਹੈ । ਮਿਸਾਲ ਵਜੋਂ ਦੋਵੇਂ ਜੰਤਰੀ/ ਕੈਲੰਡਰ ਦੀਆਂ ਫੋਟੋ ਕਾਪੀਆਂ ਵੇਖੋ। ਜੇ ਸੰਗਰਾਂਦਾਂ ਅਤੇ ਮੱਸਿਆ, ਪੂਰਨਮਾਸ਼ੀਆਂ ਦਾ ਹੀ ਇਨ੍ਹਾਂ ਫਰਕ ਹੈ ਤਾਂ ਦੋਵਾਂ ਪੰਚਾਂਗਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.