ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਸਤਿਗੁਰ ਜੀ , ਮੈਨੂੰ ਸੁਮੱਤਿ ਬੱਖਸ਼ੋ ਜੀ !
ਸਤਿਗੁਰ ਜੀ , ਮੈਨੂੰ ਸੁਮੱਤਿ ਬੱਖਸ਼ੋ ਜੀ !
Page Visitors: 2703

ਸਤਿਗੁਰ ਜੀ  , ਮੈਨੂੰ ਸੁਮੱਤਿ ਬੱਖਸ਼ੋ ਜੀ !
ਦੋ ਵਰ੍ਹਿਆਂ ਦਾ ਗੁਰਦੁਆਰੇ ਜਾਂਣਾਂ ਛੱਡ ਦਿੱਤਾ ਸੀ । ਨਾਂ ਗੁਰਦੁਆਰੇ , ਨਾਂ ਗੁਰਪੁਰਬ , ਨਾਂ ਨਗਰ ਕੀਰਤਨ ਕਿਧਰੇ ਵੀ ਜਾਂਣ ਤੇ ਮੰਨ ਹੀ ਨਹੀ ਸੀ ਕਰਦਾ । ਕਦੀ ਕਦੀ ਤਾਂ ਅਪਣੇ ਆਪ ਨੂੰ ਕੋਸਦਾ ਕਿ , "ਇਹ ਤੈਨੂੰ ਕੀ ਹੋ ਗਿਆ ਕਮਲਿਆ ?" ਪਰ ਅੰਦਰੋ ਕੋਈ ਜਵਾਬ ਨਹੀ ਸੀ ਮਿਲਦਾ । ਰੁੱਸੇ ਨਿਆਣੇ ਵਾਂੰਗ ਮੇਰਾ ਮੰਨ ਵੀ ਚੁੱਪ ਹੀ ਧਾਰੀ ਰਖਦਾ ਸੀ ।
ਮੇਰੇ ਘਰ ਇਕ ਪਰੋਹਣਾਂ ਆਇਆ ਜੋ ਮੇਰੀ ਇਹ ਰੁਟੀਨ ਵੇਖ ਕੇ ਬੜਾ ਹੈਰਾਨ ਹੋਇਆ ਤੇ ਸ਼ਾਇਦ ਨਰਾਜ ਵੀ ਕਿਉਕਿ ਉਸਨੇ ਮੈਨੂੰ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾਂਦਿਆਂ ਵੇਖਿਆ ਸੀ । ਨਾਂ ਗੁਰਦੁਆਰਾ, ਨਾਂ ਨਗਰ ਕੀਰਤਨ , ਨਾਂ ਨਿਤਨੇਮ ਨਾਂ ਗੁਰਪੁਰਬ । ਉਸਦੇ ਮੰਨ ਦੀ ਗੱਲ ਨੂੰ ਮੈਂ ਸਮਝ ਕੇ ਵੀ ਕੋਈ ਪਰਵਾਹ ਨਹੀ ਸੀ ਕੀਤੀ ਕਿਉਕਿ ਮੈਨੂੰ ਖਾਮਖਵਾਹ ਕਿਸੇ ਨੂੰ ਸਫਾਈ ਦੇਣ ਦੀ ਆਦਤ ਨਹੀ , ਅਤੇ ਨਾਂ ਹੀ ਪਰਦੇ ਪਾਉਣ ਦੀ।
ਇਕ ਦਿਨ ਮੈਂ ਅਪਣੇ ਮੰਨ ਨੂੰ ਝਿੜੱਕ ਕੇ ਪੁੱਛ ਹੀ ਬੈਠਾ ਕਿ , "ਤੂੰ ਐਸਾ ਕਿਉ ਬਣ ਗਿਆ ਹੈ ? ਜਵਾਬ ਦੇ , ਤੇਰੀ ਮੌਨ ਤਾਂ ਮੈਨੂੰ ਮਾਰ ਕੇ ਮੇਰਾ ਦੱਮ ਹੀ ਘੋਟ ਦੇਵੇਗੀ ! ਮੈਂ ਅਪਣੇ ਗੁਰੂ ਅਤੇ ਸਮਾਜ ਨੂੰ ਕੀ ਮੂਹ ਵਖਾਵਾਂਗਾ ? ਤੂੰ ਬੋਲਦਾ ਕਿਉ ਨਹੀ ? ਉਹ ਕਿਸੇ ਸਹਮੇ ਅਤੇ ਡਰੇ ਹੋਏ ਜਵਾਂਕ ਵਾਂਗੂ ਸੁਬਕ ਸੁਬਕ ਕੇ ਰੋ ਪਿਆ ਅਤੇ ਕਹਿਣ ਲੱਗਾ । ਮੇਰਾ ਮਨ ਗੁਰਦੁਆਰੇ ਜਾਂਣ ਤੇ ਨਹੀ ਕਰਦਾ । ਫਿਰ ਡਾਂਟ ਕੇ ਉਸਨੂੰ ਪੁਛਿਆ ,
" ਫਿਰ ਪਹਿਲਾਂ ਰੋਜ ਸਵੇਰੇ ਕਿਉ ਜਾਂਦਾ ਸੈ ?
ਉਹ ਸੁਬਕਦਾ ਹੋਇਅਾ ਬੋਲਿਆ ," ਮੈਂ ਉਥੇ ਸ਼ਬਦ ਗੁਰੂ ਦੇ ਸ਼ਬਦਾਂ ਵਿੱਚ , ਉਸ ਕਰਤਾਰ ਨੂੰ ਲਭਣ ਜਾਂਦਾ ਸੀ । ਮੈਂ ਅਪਣੇ ਗੁਰੂ ਦੀ ਸੌਂਹ ਖਾ ਕੇ ਕਹਿੰਦਾ ਹਾਂ ਕਿ ਮੈਂ ਉਥੇ ਕੁਝ ਵੀ ਹੋਰ ਮੰਗਣ ਨਹੀ ਸੀ ਜਾਂਦਾ। ਸਿਰਫ ਗੁਰੂ ਦੇ ਸ਼ਬਦਾਂ ਨੂੰ ਹੀ ਅਪਣੀ ਝੋਲੀ ਵਿੱਚ ਪਾਉਣ ਅਤੇ ਉਨ੍ਹਾਂ ਤੇ ਅਮਲ ਕਰਣ ਦੀ ਅਰਦਾਸ ਹੀ ਉਸ ਕਰਤਾਰ ਅੱਗੇ ਕਰਦਾ ਸੀ । ਹੁਣ ਕੀ ਹੋ ਗਿਆ ਤੈਨੂੰ ? ਕੀ ਤੂੰ ਨਾਸਤਿਕ ਹੋ ਗਿਆ ਜਾਂ ਅਪਣੇ ਸ਼ਬਦ ਗੁਰੂ ਤੋਂ ਟੁ੍ਟ ਗਿਆ ਤੂੰ ? ਉਹ ਰੋ ਪਿਆ , " ਨਹੀ ਜੀ ! ਮੈਨੂੰ ਇੰਝ ਨਾਂ ਝਿੜਕੋ ਜੀ ! ਨਾਂ ਤਾਂ ਮੈ ਅਪਣੇ ਸ਼ਬਦ ਗੁਰੂ ਤੋਂ ਟੁੱਟਿਆ ਹਾਂ । ਨਾਂ ਮੈਂ ਉਸਨੂੰ ਭੁਲਿਆ ਹਾਂ ਅਤੇ ਉਸ ਬਿਨ ਮੈਂ ਜੀ ਵੀ ਨਹੀ ਸਕਦਾ ।
"ਫਿਰ ਕੀ ਹੋ ਗਿਆ ਤੈਨੂੰ ? ਉਹ ਬੋਲਿਆ , "ਹੁਣ ਗੁਰਦੁਆਰੇ ਮੇਰਾ ਸ਼ਬਦ ਗੁਰੂ ਮੈਨੂੰ ਮਿਲਦਾ ਹੀ ਨਹੀ ! ਉਹ ਤਾਂ ਉਥੋਂ ਕਿਤੇ ਹੋਰ ਹੀ ਤੁਰ ਗਿਆ ਹੈ । ਉਥੇ ਤਾਂ ਸ਼ਬਦ ਗੁਰੂ ਦੇ ਸ਼ਬਦਾਂ ਦੀ ਥਾਵੇ ਮਹਿਖਾਸੁਰ ਅਤੇ ਦੁਰਗਾ ਦੀਾਆਂ ਕਹਾਨੀਆਂ ਸੁਣਾਈਆਂ ਜਾਂਦੀਆਂ ਨੇ । ਆਸਾ ਕੀ ਵਾਰ ਦੀ ਪਵਿਤੱਰ ਬਾਣੀ ਦੀ ਥਾਂ ਤੇ " ਚੰਡੀ ਦੀ ਵਾਰ" ਦਾ ਕੀਰਤਨ ਹੋ ਰਿਹਾ ਹੂੰਦਾ ਹੈ ।
ਕਿਤੇ ਵੀ ਮੇਰੇ ਗੁਰੂ ਦੀ ਗੱਲ ਨਹੀ ਹੂੰਦੀ । ਮੈਂ ਕੀ ਕਰਣ ਜਾਵਾਂ ਗੁਰਦੁਆਰੇ ?
ਹੁਣ ਉਹ ਖੁਲ ਕੇ ਕਹਿ ਰਿਹਾ ਸੀ ਲੇਕਿਨ ਉਸਦੇ ਅੰਦਰ ਦਾ ਦਰਦ , ਉਸ ਦੀਆਂ ਗੱਲਾਂ ਤੇ ਵਗਦੇ ਹੰਜੂਆਂ ਵਿੱਚ ਸਾਫ ਸਾਫ ਦਿਸ ਰਿਹਾ ਸੀ । ਗੁਰਦੁਆਰੇ ੳਤੇ 20 ਵਰ੍ਹੀਆਂ ਤੋਂ ਕਾਬਿਜ ਇਕੋ ਪ੍ਰਧਾਨ , ਗਿਆਨ ਵਿਹੂਣਾਂ ਹੈ । ਜਨੇ ਖਨੇ ਨੂੰ ਸਿਰੋਪੇ ਦਈ ਜਾਂਦਾ ਹੈ । ਗੁਰਮਤਿ ਦਾ ਉਸਨੂੰ ਗਿਆਨ ਨਹੀ । ਉਹ ਗੁਰਦੁਆਰੇ ਦੇ ਮਾਈਕ ਤੇ ਖੜਾ ਹੋਕੇ ਕਿਸੇ ਸਿਆਸੀ ਲੀਡਰ ਵਾਂਗ ਤਕਰੀਰਾਂ ਦੇਣ ਲੱਗ ਪੈੰਦਾ ਹੈ । ਦੂਜਿਆਂ ਦੀ ਨਿੰਦਾ ਕਰਦਾ ਹੈ , ਲੇਕਿਨ ਆਪ ਨਿੰਦਣ ਜੋਗ ਹੈ । ਮੇਰਾ ਮੰਨ ਹੋਰ ਦੁਖੀ ਹੋ ਜਾਂਦਾ ਹੈ ।
ਚੱਲ ਤੂੰ ਗੁਰਦੁਆਰੇ ਨਹੀ ਜਾਂਦਾ? ਨਗਰ ਕੀਰਤਨ ਅਤੇ ਗੁਰਪੁਰਬਾਂ ਤੇ ਤੈਨੂੰ ਕੀ ਤਕਲੀਫ ਹੂੰਦੀ ਹੈ ?
ਜੀ , ਉਥੇ ਵੀ ਮੈਨੂੰ ਸ਼ਬਦ ਗੁਰੂ ਨਹੀ ਦਿਸਦਾ । ਨਗਰ ਕੀਰਤ ਅਤੇ ਗੁਰਪੁਰਬ ਤੇ ਵੀ ਕੱਚੀਆਂ ਬਾਣੀਆਂ ਅਤੇ ਲੰਗਰ ਤੋਂ ਸਿਵਾ ਕੁਝ ਨਹੀ ਹੂੰਦਾ । ਕੁਝ ਲੋਗ ਅਪਣੇ ਨਵੇ ਫੈਸ਼ਨ ਅਤੇ ਸਿੱਖੀ ਬਾਣਾਂ ,ਕੇਸਕੀਆਂ ਅਤੇ ਦੁਮਾਲਿਆਂ ਦੀ ਨੁਮਾਇਸ਼ ਕਰਦੇ ਹੀ ਦਿਸਦੇ ਹਨ । ਕੁਝ ਲੋਕੀ ਜਿਨ੍ਹਾਂ ਨੇ ਪਾਹੁਲ ਛੱਕੀ ਹੂੰਦੀ ਹੈ,  ਉਹ ਅਪਣੇ ਆਪ ਨੂੰ ਹੀ ਪੂਰਣ ਸਿੱਖ ਸਮਝਦੇ ਹਨ ਅਤੇ ਦੂਜੇ ਨੂੰ ਅਹੰਕਾਰ ਅਤੇ ਨੀਵੀ ਨਜਰ ਨਾਲ ਵੇਖਦੇ ਹਨ ।  ਇਹ ਸਭ ਵੇਖ ਕੇ ਮੇਰਾ ਮੰਨ ਬਹੁਤ ਦੁਖੀ ਹੋ ਜਾਂਦਾ ਹੈ । ਇਨ੍ਹਾਂ ਨੇ ਬਾਣਾਂ , ਕਕਾਰ ਅਤੇ ਦੁਮਾਲਾ ਤਾਂ ਬਹੁਤ ਸੋਹਣਾਂ ਸਜਾਇਆ ਹੂੰਦਾ ਹੈ । ਕਈਆਂ ਨੇ ਤਾਂ ਇਨ੍ਹਾਂ ਚੋਲਿਆਂ ਤੇ ਬਹੁਤ ਵਧੀਆਂ ਕਡ੍ਹਾਈਆਂ ਅਤੇ ਕਸੀਦੇ ਵੀ ਬਣਵਾਏ ਹੂੰਦੇ ਹਨ, ਲੇਕਿਨ ਗੁਰਮਤਿ ਪੱਖੌ ਬਹੁਤੇ ਬਿਲਕੁਲ ਹੀ ਕੋਰੇ ਹੂੰਦੇ ਹਨ । ਜੀ , ਇਹ ਵੇਖ ਕੇ ਮੇਰਾ ਦਿਲ ਉੱਥੇ ਜਾਂਣ ਨੂੰ ਨਹੀ ਕਰਦਾ ।
ਗੁਰਦੁਆਰਿਆਂ ਵਿੱਚ ਲਥਦੀਆਂ ਪੱਗਾਂ , ਪ੍ਧਾਨਗੀਆਂ ਦੇ ਝਗੜੇ , ਧ੍ੜੇ ਬੰਦੀਆਂ , ਨਫਰਤ , ਅਤੇ ਅਹੰਕਾਰ ਦੇ ਨਾਲ ਨਾਲ ਦੁਰਮਤਿ ਦਾ ਪ੍ਰਚਾਰ ਮੈਨੂੰ ਗੁਰਦੁਆਰੇ ਤੋਂ ਦੂਰ ਅਪਣੇ ਸ਼ਬਦ ਗੁਰੂ ਦੀ ਗੋਦ ਵਿੱਚ ਘਰ  ਲੈ ਗਿਆ ਹੈ ਜੀ । ਮੈਨੂੰ ਮਾੜਾ ਨਾਂ ਆਖੋ ! ਮੈਂਨੂੰ ਇੱਨਾਂ ਨਾਂ ਝਿੜਕਿਆ ਕਰੋ ! ਜਦੋ ਮੇਰਾ ਸ਼ਬਦ ਗੁਰੂ ਗੁਰਦੁਆਰਿਆਂ ਵਿੱਚ ਮੁੜ ਆਨ ਬਹੇਗਾ ਮੈਂ ਨਿੱਤ ਜਾਵਾਂ ਕਰਾਂਗਾ ।
ਹੁਣ ਤਾੰ ਲਗਦਾ ਹੈ ,ਗੁਰਦੁਆਰਿਆ, ਗੁਰਪੁਰਬਾ ਵਿਚ ਵੀ ਕੁਝ ਨਹੀ ਰਿਹਾ ! ਹਉਮੇਂ ਅਤੇ ਚੌਧਰ ਵਿਚ ਗੁਰੂ ਕਿੱਥੇ ਰਹਿੰਦਾ ! ਉਹ ਤਾਂ ਅਪਣੇ ਦਿਲ ਵਿਚ ਵਸਦਾ ! ਸਭ ਫਜੂਲ ਹੋ ਗਿਆ । ਇਕ ਮੈਂ ਹੀ ਨਹੀ, ਅਗਰ ਇਹੋ ਜਹੇ ਹੀ ਹਾਲਾਤ ਰਹੇ ਤਾਂ ਆਉਣ ਵਾਲੀ ਨਵੀਂ ਪੀੜ੍ਹੀ ਨੇ ਤਾਂ ਗੁਰਦੁਆਰਿਆਂ , ਗੁਰਪੁਰਬਾਂ ਤੇ ਬਿਲਕੁਲ ਹੀ ਜਾਂਣਾਂ ਛੱਡ ਦੇਣਾਂ ਹੈ । ਮੇਰਾ ਮੰਨ ਕਹੀ ਜਾ ਰਿਹਾ ਸੀ , ਲੇਕਿਨ ਮੇਰੇ ਕੋਲ ਉਸਦੀ ਇਕ ਵੀ ਗੱਲ ਦਾ ਜਵਾਬ ਨਹੀ ਸੀ........
ਇੰਦਰਜੀਤ ਸਿੰਘ, ਕਾਨਪੁਰ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.