ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਅਖੌਤੀ ਵਿਦਵਾਨਾਂ ਦੇ ਕੌਤਕ
ਅਖੌਤੀ ਵਿਦਵਾਨਾਂ ਦੇ ਕੌਤਕ
Page Visitors: 2582

ਅਖੌਤੀ ਵਿਦਵਾਨਾਂ ਦੇ ਕੌਤਕ
ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ 2017 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ, ਡਾ ਹਰਭਜਨ ਸਿੰਘ ਕੈਲੀਫੋਰਨੀਆ ਦੇ ਸ਼ਹਿਰ ਲੈਥਰੋਪ ਵਿਚ ਅਖੌਤੀ ਦਸਮ ਗ੍ਰੰਥ ਸਬੰਧੀ ਭਾਸ਼ਨ ਦੇਣ ਆਏ ਸਨ।
ਇਸੇ ਦੌਰਾਨ ਇਕ ਬੀਬੀ ਵੱਲੋਂ, ਨੂਪ ਕੌਰ ਸਬੰਧੀ ਪੁੱਛੇ ਗਏ ਸਵਾਲ ਕਾਰਨ, ਡਾ ਹਰਭਜਨ ਸਿੰਘ ਕਿਵੇਂ ਆਪੇ ਤੋਂ ਬਾਹਰ ਹੋ ਗਿਆ ਸੀ। ਬੀਬੀ ਵੱਲੋਂ ਪੁੱਛੇ ਗਏ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਬਿਜਾਏ, ਡਾ ਹਰਭਜਨ ਸਿੰਘ ਨੇ ਗੱਲ ਨੂੰ ਹੋਰ ਹੀ ਮੋੜ ਦੇ ਕੇ ਅਤੇ ਉੱਚੀ ਬੋਲ ਕੇ, ਰੌਲੇ-ਰਪੇ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ।
ਸੋਸ਼ਲ ਮੀਡੀਏ ਤੇ, ਡਾ ਹਰਭਜਨ ਸਿੰਘ ਦੇ ਇਸ ਵਰਤਾਰੇ ਕਾਰਨ ਹੋਈ ਤੋਏ-ਤੋਏ ਤੋਂ ਦੁੱਖੀ ਹੋ ਕਿ ਉਨ੍ਹਾਂ ਦੀ ਜੁੰਡਲੀ ਦੇ ਇਕ ਮੈਂਬਰ, ਅਨੁਰਾਗ ਸਿੰਘ ਨੇ ਹੀ ਡਾ ਹਰਭਜਨ ਸਿੰਘ ਦੇ ਖਿਲਾਫ਼ ਲਿਖਣਾ ਆਰੰਭ ਕਰ ਦਿੱਤਾ ਸੀ ਕਿ ਤੂੰ ਸਾਡੀ ਸਾਰਿਆਂ ਦੀ ਇੱਜ਼ਤ ਰੋਲ ਦਿੱਤੀ ਹੈ। ਇਹ ਲੜਾਈ ਨਿੱਜੀ ਰੂਪ ਧਾਰਨ ਕਰ ਗਈ ਸੀ। ਡਾ ਹਰਭਜਨ ਸਿੰਘ ਨੇ ਤਾਂ ਅਨੁਰਾਗ ਸਿੰਘ ਨੂੰ ਇਹ ਵੀ ਪੁੱਛ ਲਿਆ ਸੀ ਕਿ ਤੂੰ ਡਾਕਟਰੀ ਕਿੱਥੋਂ ਕੀਤੀ ਹੈ ਅਤੇ ਆਪਣੇ ਨਾਮ ਨਾਲ ਪ੍ਰੋ: ਕਿਉਂ ਲਿਖਦਾ ਹੈਂ। ਇਸ ਸਵਾਲ ਦਾ ਅਨੁਰਾਗ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ।
ਖੈਰ! ਇਹ ਸਾਡਾ ਵਿਸ਼ਾ ਨਹੀਂ ਹੈ ਕਿ ਕੌਣ ਅਸਲੀ ਡਾਕਟਰ ਹੈ ਅਤੇ ਕੌਣ ਨਕਲੀ, ਸਾਡਾ ਵਿਸ਼ਾ ਹੈ ਉਨ੍ਹਾਂ ਦੀ ਲੜਾਈ ਦਾ ਅਸਲ ਕਾਰਨ।
ਡਾ ਹਰਭਜਨ ਸਿੰਘ ਨੇ ਆਪਣੀ ਕਿਤਾਬ “ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ” ਵਿੱਚ ਅਖੌਤੀ ਦਸਮ ਗ੍ਰੰਥ ਦੇ ਕੁਝ ਚਰਿਤ੍ਰਾਂ ਨੂੰ ਗੁਰੂ ਜੀ ਦੀ ਆਪ ਬੀਤੀ ਸਾਬਿਤ ਕੀਤਾ ਹੈ। ਉਨ੍ਹਾਂ ਨੇ ਇਕ ਪੂਰਾ ਅਧਿਆਇ ਹੀ ਗੁਰੂ ਜੀ ਅਤੇ ਅਨੂਪ ਕੌਰ ਦੇ ਸਵਾਲ-ਜਵਾਬ ਦੇ ਰੂਪ ਵਿਚ ਲਿਖਿਆ ਹੈ। (ਅਧਿਆਇ ਸਤਵਾਂ, ਪੰਨਾ 277) ਹੁਣ ਜਦੋਂ ਸੰਗਤਾਂ ਵੱਲੋਂ ਸਵਾਲ ਪੁੱਛੇ ਜਾਂਦੇ ਹਨ ਤਾਂ ਇਨ੍ਹਾਂ ਅਖੌਤੀ ਵਿਦਵਾਨਾਂ ਨੂੰ ਜਵਾਬ ਦੇਣ ਸਮੇਂ ਡਾਢੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਨੁਰਾਗ ਸਿੰਘ ਨੇ ਕਿਹਾ ਕਿ ਨੂਪ ਕੌਰ ਵਾਲਾ ਚਰਿਤ੍ਰ (21-23) ਗੁਰੂ ਜੀ ਦੀ ਆਪ ਬੀਤੀ ਨਹੀਂ ਹੈ। ਡਾ ਹਰਭਜਨ ਸਿੰਘ ਅਤੇ ਅਨੁਰਾਗ ਸਿੰਘ ਦੀ ਆਪਸੀ ਬਹਿਸ, ਬਿਨਾ ਕਿਸੇ ਨਤੀਜੇ ਤੇ ਪੁੱਜਿਆ, ਸ਼ਾਇਦ ਕਿਸੇ ਸਮਝੌਤੇ ਤਹਿਤ, ਅਚਾਨਕ ਹੀ ਬੰਦ ਹੋ ਗਈ ਸੀ।
ਯਾਦ ਰਹੇ ਡਾ ਹਰਭਜਨ ਸਿੰਘ ਦੀ ਇਹ ਕਿਤਾਬ ਪਹਿਲੀ ਵਾਰ 2009 ਈ: ਵਿਚ ਛਪੀ ਸੀ ਇਸ ਕਿਤਾਬ ਦੀ ਦੂਜੀ ਛਾਪ ਵੀ 2012 ਈ: ਵਿਚ ਆ ਗਈ ਸੀ। ਇਸ ਤੋਂ ਕਈ ਸਾਲ ਪਿਛੋਂ, (ਅਪ੍ਰੈਲ 2016) ਕੈਲੀਫੋਰਨੀਆ ਵਿੱਚ ਦੋਵੇਂ ਇਕੱਠੇ ਹੀ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਕਰਨ ਆਏ ਸਨ। ਸ਼ਾਇਦ ਉਸ ਵੇਲੇ ਤੱਕ ਅਨੁਰਾਗ ਸਿੰਘ ਨੇ ਡਾ ਹਰਭਜਨ ਸਿੰਘ ਦੀ ਕਿਤਾਬ ਨਹੀਂ ਪੜ੍ਹੀ ਹੋਵੇਗੀ।
ਪਰ ਜਦੋਂ ਡਾ ਹਰਭਜਨ ਸਿੰਘ ਨੇ ਸਟੇਜ ਤੋਂ ਅੱਡੀਆਂ ਚੁੱਕ ਕੇ, ਬਾਂਹਾਂ ਉਲਾਰ ਕੇ ਕਿਹਾ ਸੀ, “ਇਸ ਗ੍ਰੰਥ ਨੂੰ ਪੜ੍ਹੋ, ਪੜ੍ਹਾਓ, ਇਹਦੀ ਵਿੱਦਿਆ ਲੋਕਾਂ ਨੂੰ ਦਿਓ, ਇਹਦੇ ਵਿੱਚ ਇਤਨੇ ਅਨਮੋਲ ਰਤਨ ਨੇ, ਉਨ੍ਹਾਂ ਦਾ ਪਸਾਰ ਕਰੋ ਦੁਨੀਆਂ ਨੂੰ ਪਤਾ ਲੱਗੇ, ਆਹ ਚੀਜ਼ਾਂ ਜੇਹੜੀਆਂ, ਅਨੂਪ ਕੌਰ ਦਾ ਕਿੱਸਾ, ਇਹਨੂੰ ਟਰਾਂਸਲੇਟ ਕਰਕੇ ਕਦੇ ਪਹੁੰਚਾਓ ਤੇ ਸਹੀ ਅੰਗਰੇਜੀ ਵਿੱਚ ਅਨੁਵਾਦ ਕਰਕੇ, ਵੱਖ-ਵੱਖ ਭਾਸ਼ਾਵਾਂ ਵਿੱਚ, ਵੇਖੋ ਕਿਤਨੀ ਐਪਰੀਸ਼ੇਸ਼ਨ ਲੋਕਾਂ ਤੋਂ ਮਿਲਦੀ ਹੈ, ਕਿਆ ਕਮਾਲ ਦਾ ਕਿੱਸਾ ਹੈ”। ਕੀ ਉਸ ਵੇਲੇ ਵੀ ਅਨੁਰਾਗ ਸਿੰਘ ਨੂੰ ਇਹ ਪਤਾ ਨਹੀ ਸੀ ਲੱਗਾ ਕਿ ਡਾ ਹਰਭਜਨ ਸਿੰਘ ਦੇ ਅਨੂਪ ਕੌਰ ਵਾਲੇ ਚਰਿੱਤਰ ਬਾਰੇ ਕੀ ਵਿਚਾਰ ਹਨ?
ਪਿਛੇ ਜਿਹੇ ਇਕ ਹੋਰ ਕਿਤਾਬ ਪੜ੍ਹਨ ਨੂੰ ਮਿਲੀ, ਤਾਂ ਇਹ ਵੇਖ ਕੇ ਬਹੁਤ ਹੀ ਹੈਰਾਨੀ ਹੋਈ ਕਿ, ਜਿਹੜਾ ਅਨੁਰਾਗ ਸਿੰਘ, ਡਾ ਹਰਭਜਨ ਸਿੰਘ ਨੂੰ ਇਸ ਕਰਕੇ ਬੁਰਾ-ਭਲਾ ਕਹਿ ਰਿਹਾ ਸੀ ਕਿ ਉਸ ਨੇ ਅਨੂਪ ਕੌਰ ਵਾਲੇ ਚਰਿਤ੍ਰ ਨੂੰ ਗੁਰੂ ਜੀ ਦੀ ਆਪ ਬੀਤੀ ਕਿਉਂ ਲਿਖਿਆ ਹੈ, ਉਹੀ ਅਨੁਰਾਗ ਸਿੰਘ, ਗੁਰਚਰਨ ਸਿੰਘ ਸੇਖੋਂ ਦੀ ਕਿਤਾਬ, “ਸ਼ਬਦ ਮੂਰਿਤ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ, ਸ਼ੰਕੇ ਅਤੇ ਸਮਾਧਾਨ” ਦਾ ਮੁਖ ਬੰਦ ਲਿਖ ਰਿਹਾ ਹੈ। ਜਿਸ ਦਾ ਲੇਖਕ ਇਸ ਚਰਿਤ੍ਰ ਨੂੰ ਗੁਰੂ ਜੀ ਦੀ ਆਪਣੀ ਕਹਾਣੀ ਬਿਆਨ ਕਰ ਰਿਹਾ ਹੈ, “ਇਸ ਲਈ ਗੁਰੂ ਸਾਹਿਬ ਨੇ ਇਸ ਬਾਣੀ ਵਿਚ ਇਕ ਅਜੇਹਾ ਚਰਿਤ੍ਰ ਉਚਾਰਿਆ ਹੈ ਜਿਸ ਵਿਚੋਂ ਇਹ ਝਲਕ ਪੈਂਦੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕਹਾਣੀ ਹੈ। ਇਸ ਕਹਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਚਰਿਤ੍ਰਾਂ 21-23 ਵਿਚ ਪੂਰਾ ਕੀਤਾ ਹੈ। ਇਸ ਕਹਾਣੀ ਵਿੱਚ ਗੁਰੂ ਜੀ ਜੋ ਪਾਤਰ ਉਸਾਰਦੇ ਹਨ, ਉਹ ਅਨੰਦਪੁਰ ਦਾ ਰਾਜਾ ਅਤੇ ਸਿੱਖਾਂ ਦਾ ਗੁਰੂ ਹੁੰਦਾ ਹੈ”। (ਪੰਨਾ 63)
ਇਥੇ ਹੀ ਵੱਸ ਨਹੀਂ, ਇਸ ਕਿਤਾਬ ਦੇ ਲੇਖਕ ਨੇ ਤਾਂ ਚਰਿਤ੍ਰ 71 ਨੂੰ ਵੀ, ਦਲੀਲਾਂ ਸਹਿਤ, ਇਨ੍ਹਾਂ ਸ਼ਬਦਾਂ ਵਿੱਚ ਗੁਰੂ ਜੀ ਦੀ ਆਪ ਬੀਤੀ ਲਿਖਿਆ ਹੈ। “ਚਰਿਤ੍ਰ 71 ਕਪਾਲ ਮੋਚਨ ਤੀਰਥ ਨਾਲ ਸਬੰਧਿਤ ਹੈ। ਇਸ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਪਾਉਂਟਾ ਸਾਹਿਬ ਤੋਂ ਕਪਾਲ ਮੋਚਨ ਤੀਰਥ ਵੱਲ ਨੂੰ ਚੱਲ ਪਏ ਅਤੇ ਰਸਤੇ ਵਿਚ ਸ਼ਿਕਾਰ ਖੇਡਦੇ ਹੋਏ ਉਥੇ ਪਹੁੰਚ ਗਏ। ਉਥੇ ਸਾਡੇ ਬਹੁਤ ਸਾਰੇ ਸਿੱਖ ਆ ਪਹੁੰਚੇ ਅਤੇ ਅਸੀਂ ਉਹਨਾਂ ਨੂੰ ਸਰੋਪੇ ਦੇਣੇ ਚਾਹੇ। ਇਸ ਲਈ ਅਸੀਂ ਆਪਣੇ ਸਿਖਾਂ ਨੂੰ ਆਸ ਪਾਸ ਦੇ ਇਲਾਕੇ ਵਿੱਚੋਂ ਪੱਗਾਂ ਖਰੀਦਣ ਲਈ ਭੇਜ ਦਿੱਤਾ। ਜਦ ਮੁਲ ਖਰੀਦਣ ਤੇ ਸਾਨੂੰ ਇਕ ਵੀ ਪੱਗ ਨਾ ਮਿਲੀ ਤਾਂ ਅਸੀਂ ਆਦੇਸ਼ ਦਿੱਤਾ ਕਿ ਜੋ ਵੀ ਮਨਮੁਖ ਇਥੇ ਪਿਸ਼ਾਬ ਕਰਦਾ ਨਜ਼ਰ ਆਉਂਦਾ ਹੈ, ਉਸ ਦੀ ਪੱਗ ਉਤਾਰ ਲਵੋ। ਇਸ ਤਰ੍ਹਾਂ ਰਾਤੋਂ ਰਾਤ ਅਸੀਂ ਅੱਠ ਸੌ ਪੱਗਾਂ ਇਕੱਤਰ ਕਰ ਲਈਆਂ ਅਤੇ ਧੁਵਾ ਸਵਾਰ ਕੇ ਸਿੱਖਾਂ ਦੇ ਬਨਵਾ ਦਿੱਤੀਆਂ ਅਤੇ ਰਾਏ ਕੀ ਚਰਿਤ੍ਰ ਖੇਡ ਗਿਆ, ਇਸ ਗੱਲ ਦੀ ਮੂਰਖਾਂ ਨੂੰ ਸਮਝ ਹੀ ਨਹੀਂ ਲੱਗੀ।
ਹੁਣ ਜਿਸ ਕਿਸੇ ਨੇ ਵੀ ਸਿੱਖਾਂ ਨੂੰ ਦਸਮ ਗ੍ਰੰਥ ਦੇ ਖਿਲਾਫ਼ ਭਟਕਾਉਣਾ ਹੈ, ਉਸ ਲਈ ਤਾਂ ਆਨੰਦਪੁਰ ਦੇ ਰਾਇ ਦੀ ਕਹਾਣੀ ਅਤੇ ਇਹ ਕਹਾਣੀ, ਸੋਨੇ ਦੀਆਂ ਖਾਨਾਂ ਹਨ ਅਤੇ ਇਹ ਸੱਜਣ ਇਨ੍ਹਾਂ ਖਾਨਾਂ ਦੀ ਪੂਰੇ ਜ਼ੋਰਾਂ ਨਾਲ ਖੁਦਾਈ ਕਰਦੇ ਹਨ। ਲੇਕਿਨ ਦੇਖਣਾ ਇਹ ਹੈ ਕਿ ਕੀ ਇਹ ਸੱਜਣ ਇਸ ਕਹਾਣੀ ਦੀ ਗਹਿਰਾਈ ਨੂੰ ਸਮਝਦੇ ਹਨ ਜਾਂ ਨਹੀਂ। ਕੀ ਇਹ ਖਾਨਾਂ ਵਿਰੋਧੀਆਂ ਵਾਸਤੇ ਸੋਨੇ ਦੀਆਂ ਖਾਨਾਂ ਹਨ ਜਾਂ ਦਸਮ ਗ੍ਰੰਥ ਦੇ ਹੱਕ ਵਿਚ ਖਲੋਣ ਵਾਲਿਆਂ ਲਈ”? (ਪੰਨਾ 76)
“ਜਦ ਅਸੀਂ ਇਹ ਚਰਿਤ੍ਰ ਸ਼ੰਕਾ ਵਾਦੀ ਹੋ ਕੇ ਵਿਚਾਰਦੇ ਹਾਂ ਸਾਨੂੰ ਸਭ ਕੁਝ ਗਲਤ ਨਜ਼ਰ ਆਉਂਦਾ ਹੈ ਅਤੇ ਅਸੀਂ ਇਹ ਨਤੀਜਾ ਕੱਢਦੇ ਹਾਂ ਕਿ ਇਹ ਗੁਰੂ ਜੀ ਨਹੀਂ ਹੋ ਸਕਦੇ, ਇਸ ਰਾਏ ਨੇ ਤਾਂ ਜਬਰੀ ਪੱਗਾਂ ਉਤਾਰ ਕੇ ਸਿੱਖਾਂ ਨੂੰ ਸਰੋਪੇ ਦਿੱਤੇ ਨੇ ਅਤੇ ਫਿਰ ਆਖਿਆ ਹੈ ਕਿ ਮੂਰਖਾਂ ਨੂੰ ਕੁਝ ਵੀ ਪਤਾ ਨਹੀਂ ਲਗਿਆ ਕਿ ਰਾਇ ਕੀ ਕਰ ਗਿਆ ਹੈ, ਲੇਕਿਨ ਜਦ ਅਸੀਂ ਇਸ ਚਰਿਤ੍ਰ ਦੀ ਗਹਿਰਾਈ ਨੂੰ ਸਮਝਦੇ ਹਾਂ, ਤਾਂ ਬਾਰ-ਬਾਰ ਗੁਰੂ ਜੀ ਦੀ ਮਹਾਨਤਾ ਦੇ ਬਲਿਹਾਰੇ ਜਾਂਦੇ ਹਾਂ”। (ਪੰਨਾ 78)
ਹੈਰਾਨੀ ਦੀ ਗੱਲ ਇਹ ਹੈ ਕਿ ਕਿਤਾਬ ਦਾ ਲੇਖਕ ਜਿਸ ਨੂੰ ਇਹ ਚਰਿਤ੍ਰ ਸੋਨੇ ਦੀ ਖਾਣ ਦਿਸਦਾ ਹੈ, ਉਹ ਖੁਦਾਈ ਕਰਦਾ-ਕਰਦਾ ਬਹੁਤ ਹੀ ਅਹਿਮ ਪੰਗਤੀਆਂ ਨੂੰ ਕਿਵੇਂ ਛੱਡ ਗਿਆ?
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖ੍ਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ
। 9।
ਇਨ੍ਹਾਂ ਪੰਗਤੀਆਂ ਦੇ ਅਰਥ ਡਾ ਜੋਧ ਸਿੰਘ ਨੇ ਇਉਂ ਕੀਤੇ ਹਨ, “ਪ੍ਰਾਤ: ਵੇ ਸਬ ਧੁਲੀ ਹੁਈ ਮੰਗਵਾ ਕਰ ਸਬ ਸ਼ਿਖੋਂ ਕੋ ਵੱਧਵਾ ਦੀਂ। ਜੋ ਬਚ ਗਈ ਉਨੇ ਤਰੁੰਤ ਵੇਚ ਦੀਆ ਗਿਆ ਅਰ ਜੋ ਫਿਰ ਭੀ ਬਚ ਗਈ ਉਨੇਂ ਸਿਪਾਹੀਓ ਕੋ ਦੇ ਦੀਆ”। (ਸੈਂਚੀ ਤੀਜੀ, ਪੰਨਾ 347)
ਕਿਤਾਬ ਦੇ ਲੇਖਕ, ਜਿਸ ਨੇ 237 ਪੰਨੇ ਕਾਲੇ ਕੀਤੇ ਹਨ, ਨਾ ਤਾਂ ਇਹ ਪੰਗਤੀਆਂ ਦਰਜ ਕੀਤੀਆਂ ਹਨ ਅਤੇ ਨਾ ਹੀ ਆਪਣੀ ਲਿਖਤ ਵਿਚ ਕਿਤੇ ਜਿਕਰ ਕੀਤਾ ਹੈ। ਇਸ ਕਿਤਾਬ ਦੀ ਅਤੇ ਇਸ ਦੇ ਲੇਖਕ ਦੀਆਂ ਸਿਫਤਾਂ ਕਰਦਾ ਅਨੁਰਾਗ ਸਿੰਘ ਲਿਖਦਾ ਹੈ, “ਤੀਸਰੀ ਸ਼੍ਰੇਣੀ ਵਿੱਚ ਇਕ ਨਵੇਂ ਲੇਖਕ, ਨਵੇ ਸਾਹਿਤਕ ਜਗਤ ਵਿਚ ਗੁਰਪ੍ਰਸਾਦਿ ਰਾਹੀਂ ਇਕ ਨਵੀਨ ਖੋਜ ਦੇ ਰੂਪ ਵਿਚ ਆਪਣੀ ਪੁਸਤਕ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਮੂਰਤ ਸ੍ਰੀ ਦਸਮ ਗ੍ਰੰਥ ਸਾਹਿਬ ਜੀ: ਸ਼ੰਕੇ ਤੇ ਸਮਾਧਾਨ ਨਾਲ ਸ਼ੁਰੂਆਤ ਕੀਤੀ ਹੈ, ਜਿਸ ਲਈ ਮੈਂ ਸ੍ਰ: ਗੁਰਚਰਨ ਸਿੰਘ ਸੇਖੋਂ ਨੂੰ ਮੁਬਾਰਕ ਬਾਦ ਦੇਂਦਾ ਹਾਂ। ਇਸ ਲੇਖਕ ਨੇ ਜਦੋਂ ਇਸ ਪੁਸਤਕ ਦਾ ਖਰੜਾ ਮੈਨੂੰ ਨਜ਼ਰਸਾਨੀ ਲਈ ਭੇਜਿਆ ਤਾਂ ਇਸ ਨੂੰ ਕਿਤਾਬੀ ਰੂਪ ਦੇਣ ਲਈ ਮੈਨੂੰ ਉਤਸੁਕਤਾ ਇਸ ਲਈ ਹੋਈ ਕਿ ਸ੍ਰ: ਗੁਰਚਰਨ ਸਿੰਘ ਸੇਖੋਂ ਨੇ ਪਹਿਲੀ ਪੁਸਤਕ ਵਿਚ ਹੀ ਇਕ ਬਹੁਤ ਹੀ ਮੁਸ਼ਕਿਲ ਪੈਂਡਾ ਤਹਿ ਕਰਨ ਦਾ ਹੌਸਲਾ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਦੇ ਵਿਰੁਧ ਹੋ ਰਹੇ ਭੰਡੀ ਪ੍ਰਚਾਰ ਨੂੰ ਤਰਕ ਨਾਲ ਨਿਰ-ਉਤਰ ਕਰਨ ਦਾ ਜੋ ਉਪਰਾਲਾ ਕੀਤਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਫੁਰਮਾਣ ਦੀ ਪੂਰੀ ਤਰ੍ਹਾਂ ਤਰਜਮਾਨੀ ਕਰਦਾ ਹੈ, “ਜਬੇ ਬਾਣ ਲਾਗਿਯੋ ਤਬੇ ਰੋਸ ਜਾਗਿਯੋ” (ਦਸਮ ਗ੍ਰੰਥ, ਬਚਿਤ੍ਰ ਨਾਟਕ 8:38-1 ਪੰ: 62) ਇਹ ਪੁਸਤਕ ਗੁਰੂ ਨਿੰਦਕਾਂ ਦੀ ਅਵਾਜ਼ ਮੱਧਮ ਕਰਨ ਵਿਚ ਸਹਾਈ ਹੋਵੇਗੀ”। (ਮੁਖ ਬੰਦ, 15 ਸਤੰਬਰ 2015 ਈ:)
ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ, ਜੇ ਡਾ ਹਰਭਜਨ ਸਿੰਘ ਨੇ ਚਰਿਤ੍ਰ 16 ਅਤੇ 21-23 ਨੂੰ ਗੁਰੂ ਜੀ ਦੀ ਹੱਡ ਬੀਤੀ ਲਿਖ ਕੇ ਗੁਨਾਹ ਕੀਤਾ ਹੈ ਤਾਂ ਗੁਰਚਰਨ ਸਿੰਘ ਨਾਮ ਦੇ ਬੰਦੇ ਨੇ ਤਾਂ ਉਸ ਤੋਂ ਵੀ ਦੋ ਕਦਮ ਅੱਗੇ,ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਦੀਆਂ ਪੱਗਾਂ ਲਾਹ ਕੇ ਵੇਚਣ ਵਾਲਾ ਲਿਖਿਆ ਹੈ, “ਬਚੀ ਸੂ ਬੇਚਿ ਤਰੁਤ ਤਹ ਲਈ”,
ਅਨੁਰਾਗ ਸਿੰਘ ਦਾ ਚਹੇਤਾ ਲੇਖਕ ਪੰਥਕ ਕਿਵੇਂ ਹੈ?
ਅਨੁਰਾਗ ਸਿੰਘ ਨੇ ਇਸ ਕਿਤਾਬ ਦਾ ਮੁਖ ਬੰਦ ਲਿਖ ਕੇ ਕਿਹੜੀ ਪੰਥਕ ਸੇਵਾ ਕੀਤੀ ਹੈ?
ਕੀ ਅਨੁਰਾਗ ਸਿੰਘ ਨੇ ਇਸ ਕਿਤਾਬ ਦਾ ਮੁਖ ਬੰਦ, ਕਿਤਾਬ ਨੂੰ ਪੜ੍ਹਨ ਤੋਂ ਬਿਨਾ ਹੀ ਲਿਖ ਦਿੱਤਾ ਸੀ?
ਜੇ ਇਸ ਨੇ ਸਤੰਬਰ 2015 ਈ: ਵਿੱਚ, ਕਿਤਾਬ ਨੂੰ ਪੜ੍ਹ ਕੇ ਮੁਖ ਬੰਦ ਲਿਖਿਆ ਸੀ ਤਾਂ  ਜਨਵਰੀ 2018 ਈ: ਵਿੱਚ, ਡਾ ਹਰਭਜਨ ਸਿੰਘ ਨੂੰ ਆਪਣੀ ਸੋਚ ਬਦਲਣ ਅਤੇ ਮਾਫ਼ੀ ਮੰਗਣ ਲਈ ਕਿਸ ਅਧਾਰ ਤੇ ਕਹਿ ਰਿਹਾ ਹੈ?
ਪੜ੍ਹੋ ਅਨੁਰਾਗ ਸਿੰਘ ਦੇ ਸ਼ਬਦ, “ਡਾ ਹਰਭਜਨ ਸਿੰਘ ਨੇ ਆਪਣੀ ਪੁਸਤਕ ਦਸਮ ਗ੍ਰੰਥ ਸਾਹਿਬ: ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ (2009) ਵਿਚ ਚਰਿਤ੍ਰ 16,21-23 ਨੂੰ ਗੁਰੂ ਗੋਬਿੰਦ ਸਿੰਘ ਦੀ ਸਵੈ-ਜੀਵਨੀ  ਨਾਲ ਜੋੜਨ ਦੀ ਜੋ ਯੁਕਤੀ ਲਗਾਈ ਉਹ ਮੰਦਭਾਗੀ ਹੀ ਨਹੀਂ ਸੀ, ਬਲਕਿ ਤੱਤਹੀਣ ਅਤੇ ਬੁਧਹੀਣ ਵੀ ਸੀ । ਫੇਰ ਏਸ ਪੜ੍ਹੇ-ਲਿਖੇ ਯੂਨੀਵਰਸਿਟੀ ਦੇ ਲੇਖਕ ਨੇ ਇਹ ਸ਼ਕ ਵੀ ਪਰਗਟ ਕੀਤੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੇ ਸਰੂਪ ਆਪਣੀ ਨਿਗਰਾਨੀ  ਹੇਠ ਅਨੰਦਪੁਰ ਸਾਹਿਬ 1686-1698 ਈ: ਦੌਰਾਨ ਤਿਆਰ ਕਰਵਾਏ, ਉਹ ਅਸ਼ੁੱਧ ਸਨ।
ਬਲਦੀ `ਤੇ ਤੇਲ ਪਾਉਣ ਲਈ ਹੁਣ ਅਮਰੀਕਾ ਫੇਰੀ ਦੌਰਾਨ ਇਹ ਕੁਤਰਕ ਵੀ ਦੇ ਦਿੱਤਾ ਕਿ ਅੱਧਕ  ਦਾ ਪ੍ਰਯੋਗ ਗੁਰਮੁਖੀ ਲਿਪੀ ਵਿਚ ਕੋੜ ਸਮਾਨ ਹੈ। ਇਸੇ ਫੇਰੀ ਦੌਰਾਨ ਫੇਰ ਇਹ ਦਲੀਲ ਦਿੱਤੀ ਕਿ ਤ੍ਰਿਆ ਚਰਿਤ੍ਰ ਪਖਯਾਨ  ਦੇ ਚਰਿਤ੍ਰ 16, 21, 22, 23 ਦੇ ਮੁਖ ਪਾਤਰ ਗੁਰੂ ਗੋਬਿੰਦ ਸਿੰਘ ਜੀ ਹਨ”। (ਜਨਵਰੀ 7, 2018)
“ਇਸ ਨਵੀਨ ਅਟਕਲ ਬਾਜੀ ਅਤੇ ਯਕੜ ਬਾਜੀ ਦਾ ਇਕ ਹਲ ਹੈ ਕਿ ਉਹ ਆਪਣੀ ਸੋਚਣੀ ਵਿੱਚ ਸੁਧਾਰ ਲਿਆ ਕੇ ਇਸ ਭੁੱਲ ਨੂੰ ਦਰੁਸਤ ਕਰ ਲੈਣ, ਜੋ ਕਿ ਇਕ ਸ਼ਲਾਘਾ ਯੋਗ ਕਦਮ ਹੋਵੇਗਾ। ਪਰ ਜਦ ਤੱਕ ਗੁਰਮਤਿ ਦੇ ਪ੍ਰੋਫੈਸਰ ਡਾ ਹਰਭਜਨ ਸਿੰਘ ਆਪਣੀ ਨਵੀਨ ਖੋਜ ਤੇ ਕਾਇਮ ਹਨ, ਉਦੋਂ ਤਕ ਅਸੀਂ ਵੀ ਹਰੇਕ ਤਰਕ-ਵਿਤਰਕ ਦੀ ਪੂਰੀ ਪੜਤਾਲ ਕਰਦੇ ਰਹਾਂਗੇ, ਕਿਉਂਕਿ ਇਕ ਹੀ ਵਿਸ਼ੇ ਤੇ ਦੋਹਰੇ ਮਾਪਦੰਡ ਨਹੀ ਚਲ ਸਕਦੇ।... ਕੀ ਇਸ ਸਾਕਤ ਮੱਤ ਵਾਲੀਆਂ ਹਰਕਤਾਂ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਡਾ ਹਰਭਜਨ ਸਿੰਘ ਨੇ ਵਡਮੁੱਲੀ ਸੇਵਾ ਕੀਤੀ ਹੈ”? (ਜਨਵਰੀ 9, 2018)
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਡਾ ਹਰਭਜਨ ਸਿੰਘ ਅਨੂਪ ਕੌਰ ਵਾਲੇ ਚਰਿਤ੍ਰ ਨੂੰ ਗੁਰੂ ਜੀ ਦੀ ਆਪ ਬੀਤੀ ਲਿਖ ਕੇ ਕੋਈ ਸੇਵਾ ਨਹੀਂ ਕੀਤੀ ਤਾਂ ਗੁਰਚਰਨ ਸਿੰਘ ਜਿਸ ਨੇ ਗੁਰੂ ਗੋਬਿੰਦ ਸਿੰਘ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਦੀਆਂ ਪੱਗਾਂ, ਜਬਰੀ ਲਾਹ ਕੇ ਵੇਚਣ ਵਾਲਾ ਲਿਖ ਕੇ ਅਤੇ ਅਨੁਰਾਗ ਸਿੰਘ ਨੇ ਉਸ ਦੀ ਲਿਖਤ ਨੂੰ ਤਸਦੀਕ ਕਰਕੇ, ਕਿਹੜੀ ਅਤੇ ਕਿਸ ਦੀ ਸੇਵਾ ਕੀਤੀ ਹੈ?
ਜੇ ਅਨੁਰਾਗ ਸਿੰਘ ਦੇ ਲਿਖਣ ਮੁਤਾਬਕ ਡਾ ਹਰਭਜਨ ਸਿੰਘ ਨੇ ਗੈਸ ਸਟੇਸ਼ਨ ਲਿਆ ਹੈ ਤਾਂ ਅਨੁਰਾਗ ਸਿੰਘ ਵੀ ਦੱਸੇ ਕਿ ਉਸ ਨੇ ਅਤੇ ਉਸ ਦੇ ਚਹੇਤੇ ਲੇਖਕ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਦੀਆਂ ਪੱਗਾਂ ਲਾਹ ਕੇ, ਵੇਚਣ ਵਾਲਾ ਲਿਖ ਕੇ (ਬਚੀ ਸੂ ਬੇਚਿ ਤਰੁਤ ਤਹ ਲਈ), ਆਪਣੀਆਂ ਕਲਮਾਂ ਦਾ ਕੀ ਮੁੱਲ ਵੱਟਿਆ ਹੈ?
ਸਰਵਜੀਤ ਸਿੰਘ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.