ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਪਰਮਜੀਤ ਸਿੰਘ ਉਤਰਾਖੰਡ ਜੀ ਦੇ ਦੋ ਸਵਾਲਾਂ ਦਾ ਜਵਾਬ
ਪਰਮਜੀਤ ਸਿੰਘ ਉਤਰਾਖੰਡ ਜੀ ਦੇ ਦੋ ਸਵਾਲਾਂ ਦਾ ਜਵਾਬ
Page Visitors: 2969

ਪਰਮਜੀਤ ਸਿੰਘ ਉਤਰਾਖੰਡ ਜੀ ਦੇ ਦੋ ਸਵਾਲਾਂ ਦਾ ਜਵਾਬ
  ਮਿਤੀ ੦੭.੦੯.੨੦੧੬ ਨੂੰ "ਦਾ ਖ਼ਾਲਸਾ" ਵੈਬਸਾਈਟ ਤੇ ਇਕ ਲੇਖ "ਅਖੌਤੀ ਦਸਮ ਗ੍ਰੰਥੀਆਂ ਲਈ ਪਰਮਜੀਤ ਸਿੰਘ ਉਤਰਾਖੰਡ ਦੇ ਦੋ ਸਵਾਲ?" ਪੜਨ ਦਾ ਮੌਕਾ ਮਿਲਿਆ ਹੈ। ਇਹੀ ਲੇਖ ਕੁੱਝ ਹੋਰ ਵੈਬਸਾਈਟਾਂ ਤੇ "ਦਸਮ ਗ੍ਰੰਥ ਦਾ ਲਿਖਾਰੀ ਕਉਣ?" ਦੇ ਸਿਰਲੇਖ ਹੇਠ ਵੀ ਛੱਪਿਆ ਹੈ। ਅੱਗੇ ਤੁਰਨ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਵਾਂ ਕਿ "ਅਖੌਤੀ ਦਸਮ ਗ੍ਰੰਥੀਆਂ" ਤੋਂ ਭਾਵ ਅਰਥ ਭਾਵ ਬਣਦਾ ਹੈ ਕਿ "ਸੋ ਕਾਲਡ ਦਸਮ ਗ੍ਰੰਥੀ" ! ਯਾਨੀ ਕਿ ਉਹ ਸੱਜਣ ਜੋ ਕਿ ਵਾਸਤਵ ਵਿਚ ਦਸਮ ਗ੍ਰੰਥੀ ਨਾ ਹੋਣ ਪਰ ਉਨ੍ਹਾਂ ਨੂੰ ਦਸਮ ਗ੍ਰੰਥੀ ਕਿਹਾ ਜਾ ਰਿਹਾ ਹੋਵੇ। ਖ਼ੈਰ, ਇਸ ਸ਼੍ਰੇਣੀ ਵਿਚ ਤਾਂ  ਸਿੰਘ ਸਭਾ ਲਹਿਰ ਦੇ ਤਮਾਮ ਵਿਦਵਾਨ ਸੱਜਣ ਆਉਦੇ ਹਨ ਜੋ ਕਿ ਦਸਮ ਗ੍ਰੰਥ ਵਿਚ ਦਰਜ ਹੋਇਆਂ ਨਿਤਨੇਮ ਦੀਆਂ ਰਚਨਾਵਾਂ ਸਮੇਤ ਹੋਰ ਕਈਂ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਸੀ। ਦਸਮ ਗ੍ਰੰਥ ਦੇ ਕ੍ਰਿਤਿਤੱਵ ਬਾਰੇ  ਕੰਮ ਕਰਨ ਵਾਲੇ ਸੱਜਣ ਰਤਨ ਸਿੰਘ ਜੱਗੀ ਜੀ ਵੀ ਇਸੇ ਮਤ ਦੇ ਧਾਰਨੀ ਹਨ ਅਤੇ ਆਪਣੀ ਸ਼ੌਧ ਪੁਸਤਕ (੧੯੬੬) ਵਿਚ ਉਨ੍ਹਾਂ ਇਹ ਵਿਚਾਰ ਸਪਸ਼ਟ ਰੂਪ ਵਿਚ ਪੇਸ਼ ਕੀਤਾ ਹੈ।
ਖ਼ੈਰ, ਪਰਮਜੀਤ ਸਿੰਘ ਉੱਤਰਾਖੰਡ ਜੀ ਨੇ ਦੋ ਸਵਾਲ ਕੀਤੇ ਹਨ ਜੋ ਕਿ ਇਸ ਪ੍ਰਕਾਰ ਹਨ:-
੧. "ਦੱਸੋ ਦਸਮ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕਦੋਂ ਅਤੇ ਕਿਥੇ ਹੋਇਆ?"
੨. "ਦਸਮ ਗ੍ਰੰਥ ਨੂੰ ਗੁਰਗੱਦੀ ਕਦੋਂ ਅਤੇ ਕਿਥੇ ਦਿੱਤੀ?"
ਉਪਰੋਕਤ ਦੋ ਸਵਾਲਾਂ ਵਿਚੋਂ ਪਹਿਲਾਂ ਦੂਜੇ ਅਜੀਬ ਜਿਹੇ ਸਵਾਲ ਦਾ ਉੱਤਰ ਦੇਣਾ ਬਣਦਾ ਹੈ। ਇਸਦਾ ਉੱਤਰ ਇਹ ਹੈ ਕਿ ਸਿੱਖ ਇਤਹਾਸ ਵਿਚ ਦਸਮ ਗ੍ਰੰਥ ਨੂੰ ਗੁਰਗੱਦੀ ਕਦੇ ਵੀ ਨਹੀਂ ਦਿੱਤੀ ਗਈ ਅਤੇ ਸਿੱਖ ਇਸ ਨੂੰ ਗੁਰੂ ਨਹੀਂ ਮੰਨਦੇ!
ਹੁਣ ਚਲਦੇ ਹਾਂ ਪਹਿਲੇ ਸਵਾਲ ਦੇ ਉੱਤਰ ਵੱਲ! ਦੂਜੇ ਸਵਾਲ ਦੇ ਜਵਾਬੀ ਪਰਿਪੇਖ ਵਿਚ ਇਹ ਸਮਝ ਲੇਣਾ ਜ਼ਰੂਰੀ ਹੈ, ਕਿ ਜੇ ਕਰ ਦਸਮ ਗ੍ਰੰਥ ਨੂੰ ਗੁਰਗੱਦੀ ਦਿੱਤੀ ਹੀ ਨਹੀਂ ਗਈ, ਤਾਂ ਕਿਸੇ ਵੀ ਥਾਂ ਇਸਦਾ ਪ੍ਰਕਾਸ਼ ਵੀ ਗੁਰੂ ਦੇ ਰੂਪ ਵਿਚ ਕਦੇ ਨਹੀਂ ਹੋਇਆ।  ਅਗਰ ਇਸ ਦਾ ਅਸਥਾਪਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ (ਤੁੱਲ) ਹੁੰਦਾ ਹੈ ਤਾਂ ਇਹ ਸਿੱਖ ਰਹਿਤ ਮਰਿਆਦਾ ਦੀ  ਉਲੰਘਣਾ ਹੈ।
  ਇਤਹਾਸ ਵਿਚ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਕੇ ਰੱਖੇ ਜਾਣ ਦਾ ਤਾਂ ਜ਼ਿਕਰ ਹੈ ਪਰ ਉਸ ਵੇਲੇ ਵੀ ਇਸ ਨੂੰ ਗੁਰੂ ਕਰਕੇ ਸਵੀਕਾਰ/ਪ੍ਰਕਾਸ਼ ਕਰਨ ਦੀ ਮਾਨਤਾ ਕਦੇ ਪ੍ਰਾਪਤ ਨਹੀਂ ਹੋਈ। ਇਹ ਪ੍ਰਚਾਰ ਕਿ ਸਿੱਖਾਂ ਵਲੋਂ ਦਸਮ ਗ੍ਰੰਥ ਗੁਰੂ ਮੰਨਿਆਂ ਗਿਆ ਸੀ ਜਾਂ ਹੈ, ਬਿਲਕੁਲ ਗਲਤ ਹੈ।  ੨੦੦੩ ਵਿਚ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਕਮੇਟੀ ਸੰਚਾਲਤ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ (ਤੁਲ) ਦਸਮ ਗ੍ਰੰਥ ਦਾ ਪ੍ਰਕਾਸ਼  Next to Impossible  ਹੈ।  ਜੇ ਕਰ ਦਸਮ ਗ੍ਰੰਥ ਨੂੰ ਗੁਰਗਦੀ ਦਿੱਤੀ ਗਈ ਹੁੰਦੀ ਤਾਂ ਕਮੇਟੀ ਨੇ ਐਸਾ ਬਿਆਨ ਨਹੀਂ ਸੀ ਦੇਣਾ ਅਤੇ ਸਿੱਖ ਰਹਿਤ ਮਰਿਆਦਾ ਵਿਚ ਇਸਦਾ ਜ਼ਿਕਰ ਹੋਣਾ ਸੀ।
   ਇਸਦੀ ਸਾਰੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨਣਾ ਜਾਂ ਨਾ ਮੰਨਣਾ ਅਲਗ ਵਿਸ਼ਾ ਹੈ ਪਰ ਇਤਹਾਸ ਵਿਚ ਇਸਦੀਆਂ ਸਮਸਤ ਰਚਨਾਵਾਂ ਨੂੰ ਕਦੇ ਵੀ ਰੱਧ ਨਹੀਂ ਕੀਤਾ ਗਿਆ।ਇਹ ਰਾਜਨੀਤੀ ਹੁਣ ਸ਼ੁਰੂ ਹੋਈ ਹੈ।
ਇਤਹਾਸ ਅਨੁਸਾਰ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬਾਨ ਦੀ ਬਾਣੀ (ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ) ਅਤੇ ਦਸਮ ਗ੍ਰੰਥ ਵਿਚਲਿਆਂ ਰਚਨਾਵਾਂ  ਇਕੋ ਜਿਲਦ ਵਿਚ ਲਿਖ ਦਿੱਤੀਆ ਸਨ।  ਉਸ ਸਮੇਂ ਇਸ ਜਿਲਦ ਨੂੰ ਗੁਰੂ ਆਸ਼ੇ ਵਿਰੁੱਧ ਜਾਣ ਕੇ ਮਤਭੇਦ ਹੋਣ ਦੀ ਸੂਚਨਾ ਮਿਲਦੀ ਹੈ, ਪਰ ਇਹ ਵੀ ਸਪਸ਼ਟ ਹੁੰਦਾ ਹੈ ਕਿ ਭਾਈ ਮਨੀ ਸਿੰਘ ਜੀ ਨੇ ਉਸ ਬੀੜ ਦਾ ਸੰਕਲਨ, ਗੁਰੂ ਵਜੋਂ ਪ੍ਰਕਾਸ਼ ਕਰਨ ਲਈ ਨਹੀਂ ਸੀ ਕੀਤਾ ਅਤੇ ਨਾ ਹੀ ਕਦੇ ਐਸਾ ਹੋਇਆ।  ਹਾਂ ਇਸ ਵਿਚਲਿਆਂ ਕੁੱਝ ਰਚਨਾਵਾਂ ਦੀ ਕਥਾ ਸਿੰਘ ਸਭਾ ਲਹਿਰ ਤੇ ਤਹਿਤ ਸਥਾਪਤ ਸਿੰਘ ਸਭਾਵਾਂ ਦੇ ਸਮਾਗਮਾਂ ਵਿਚ ਵੀ ਬਾ-ਕਾਯਦਾ ਹੁੰਦੀ ਰਹੀ।
ਪਰ ਜਿਸ ਵੇਲੇ ਪੰਚ ਖ਼ਾਲਸਾ ਦੀਵਾਨ ਭਸੌੜ ਦੇ ਮੁਖੀ ਜੀ ਨੇ ਨਿਤਨੇਮ ਵਿਚਲੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸ਼ਾਮਲ ਕਰਨ ਦਾ ਯਤਨ ਕੀਤਾ ਤਾਂ ਇਸ ਨੂੰ ਪੰਥ ਨੇ ਕਬੂਲ ਨਾ ਕਰਦੇ ਹੋਏ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ।
ਸਪਸ਼ਟ ਹੈ ਕਿ ਦਸਮ ਗ੍ਰੰਥ ਨੂੰ ਕਦੇ ਵੀ ਪੰਥ ਨੇ ਨਾ ਤਾਂ ਪਹਿਲਾਂ ਗੁਰੂ ਮੰਨਿਆਂ ਅਤੇ ਨਾ ਹੀ ਹੁਣ ਮੰਨਿਆਂ ਹੈ।  ਦਸ਼ਮੇਸ਼ ਜੀ ਦੇ ਹੁਕਮ ਅਨੁਸਾਰ ਇਹ ਪਦਵੀ ਹਮੇਸ਼ਾ ਵਾਸਤੇ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਪਰਵਾਣ ਕੀਤੀ ਗਈ ਹੈ।
ਇਸ ਲਈ ਉਪਰੋਕਤ ਪਰਿਪੇਖ ਵਿਚ ਪਰਮਜੀਤ ਸਿੰਘ ਉਤਰਾਖੰਡ ਵਾਲਿਆਂ ਦੇ ਦੋ ਸਵਾਲ ਚਾਹ ਦੇ ਕੱਪ ਵਿਚ ਤੂਫ਼ਾਨ (Storm in teacup) ਉਠਾਉਣ ਦੇ ਯਤਨ ਵਰਗੇ ਹਨ।ਕਿਸੇ ਅਪਵਾਦ ਨੂੰ ਲੈ ਕੇ ਪੰਥ ਵਿਚ ਅਜਿਹੇ ਸਵਾਲ ਖੜੇ ਕਰਨ ਦਾ ਯਤਨ ਵਾਜਬ ਪ੍ਰਤੀਤ ਨਹੀਂ ਹੁੰਦਾ। ਚੰਗਾ ਹੋਵੇਗਾ ਕਿ ਦਸਮ ਗ੍ਰੰਥ ਨੂੰ ਲੈਕੇ ਆਪਸੀ ਖ਼ਾਨਾ ਜੰਗੀ ਨਾ ਉੱਤਪੰਨ ਕੀਤੀ ਜਾਏ ਅਤੇ ਪ੍ਰਚਾਰ ਸ਼ਕਤੀ ਨੂੰ ਉਸਾਰੂ ਕਾਰਜਾਂ ਵੱਲ ਲਗਾਇਆ ਜਾਏ।
ਹਰਦੇਵ ਸਿੰਘ, ਜੰਮੂ-੦੭.੦੯.੨੦੧੬


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.