ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
- = * ਸਿੱਖ ਯਾਦ * = -
- = * ਸਿੱਖ ਯਾਦ * = -
Page Visitors: 2645

   -   =   *   ਸਿੱਖ ਯਾਦ   *   =   -
ਜਿਸ ਕੋਮ ਨੂੰ ਆਪਣੀ ਬੁਨਿਯਾਦੀ ਯਾਦ ਤੇ ਭਰੋਸਾ ਨਾ ਰਹੇ ਉਹ ਬਿਮਾਰ ਹੁੰਦੀ ਹੈ।ਉਸਦਾ ਅੰਤ ਨਿਸ਼ਚਤ ਹੁੰਦਾ ਹੈ!ਬੰਦਾ ਜੀਵਨ ਵਿਚ ਬਹੁਤ ਭੁੱਲਾਂ ਕਰਦਾ ਹੈ।ਪਰ ਜਿਸ ਮਨੁੱਖ ਦੀ ਯਾਦਾਸ਼ਤ ਹੀ ਚਲੀ ਜਾਏ ਤਾਂ ਉਸਦੀ ਹਾਲਤ?
ਯਾਦ ਰੱਖਣ ਦੇ ਕਈਂ ਢੰਗ ਹੁੰਦੇ ਹਨ।ਲਿਖ ਕੇ ਘਟਨਾਵਾਂ ਨੂੰ ਸੰਭਾਲ ਲੇਂਣਾ, ਯਾਦ ਰੱਖਣ ਦਾ ਇਕ ਮੁੱਖ ਵਸੀਲਾ ਹੁੰਦਾ ਹੈ।ਪਰ ਇਕ ਅਵਸਥਾ ਐਸੀ ਵੀ ਹੁੰਦੀ ਹੈ ਜਿਸ ਵੇਲੇ ਲਿਖਤ ਨਹੀਂ, ਬਲਕਿ ਯਾਦਾਸ਼ਤ ਕੰਮ ਕਰਦੀ ਹੈ ਅਤੇ ਉਹ ਤਮਾਮ ਲਿਖਤੀ ਸਬੂਤਾਂ ਦੀ ਲੋੜ ਨੂੰ ਪਛਾੜਦੀ ਜਾਂਦੀ ਹੈ।ਲਿਖਤਾਂ ਤਾਂ ਬਹੁਤ ਬਾਦ ਵਿਚ ਆਇਆਂ ਹਨ।ਇਤਹਾਸ ਤੋਂ ਪਹਿਲਾਂ ਦੇ ਸਮੇਂ (Pre Historical Period) ਤੋਂ, ਸਭਿੱਯਤਾ ਦੇ ਇਤਹਾਸ ਤਕ ਪਹੁੰਚਿਆਂ ਸੰਸਕ੍ਰਿਤਿਆਂ, ਯਾਦ ਦੇ ਬਲ ਤੇ ਹੀ ਜਿੰਦਾ ਰਹਿ ਪਾਇਆਂ ਸਨ।ਅੱਜ ਦੀ ਮਨੁੱਖੀ ਸਭਿੱਯਤਾ ਉਨ੍ਹਾਂ ਯਾਦ ਕਰਨ ਵਾਲਿਆਂ ਦੀ ਹੀ ਸੰਤਾਨ ਹੈ।ਯਾਦ ਦਾ ਮਹੱਤਵ ਤਾਂ ਯਾਦ ਰੱਖਣ ਵਾਲੇ ਹੀ ਸਮਝ ਸਕਦੇ ਹਨ!ਖ਼ੈਰ!
ਲੇਖਨ ਜਿਸ ਵੇਲੇ ਬਹੁਤੇ ਬੰਦਿਆਂ ਦੇ ਹੱਥ ਹੋਵੇ, ਤਾਂ ਕਾਲਾਂਤਰ ਹੋਏ ਲੇਖਣ ਵਿਚ ਵੀ, ਅਲਗ-ਅਲਗ ਪ੍ਰਕਾਰ ਦੇ ਤੱਥ ਪ੍ਰਗਟ ਹੁੰਦੇ ਹਨ, ਜੋ ਕਿ ਕਈ ਵਾਰ ਸਵੈ-ਵਿਰੌਧ ਵੀ ਉਤਪੰਨ ਕਰਦੇ ਹਨ।ਇੱਥੋਂ ਤਕ ਕਿ ਸਮਕਾਲੀ ਲਿਖਤਾਂ  ਵਿਚ ਵੀ ਸਵੈ ਵਿਰੋਧ ਹੁੰਦਾ ਹੈ।ਇਸ ਲਈ, ਨਾ ਤਾਂ ਸਾਰਿਆਂ ਲਿਖਤਾਂ ਸਵੀਕਾਰ ਹੁੰਦੀਆਂ ਹਨ, ਅਤੇ ਨਾ ਹੀ ਸਾਰੀ ਯਾਦਾਸ਼ਤ।ਨਾਲ ਹੀ , ਨਾ ਤਾਂ ਸਾਰੀਆਂ ਲਿਖਤਾਂ ਰੱਧ ਹੁੰਦੀਆਂ ਹਨ ਨਾ ਹੀ ਸਾਰੀ ਯਾਦਸ਼ਤ।
ਪਰ ਸਿੱਖ ਇਤਹਾਸ ਦੇ ਕੁੱਝ ਪੱਖ ਐਸੇ ਹਨ, ਜਿਸ ਵਿਚ ਸਿੱਖ ਯਾਦ ਨੂੰ ਕਿਸੇ ਲਿਖਤੀ ਆਦੇਸ਼ ਦੀ ਲੋੜ ਨਹੀਂ ਰਹੀਂ, ਬਲਕਿ ਗੁਰੂ ਦੇ ਮੁੱਖੋਂ ਉਚਾਰਿਆ ਆਦੇਸ਼ ਹੀ, ਸਿੱਖਾਂ ਲਈ, ਤਮਾਮ ਲਿਖਤੀ ਸਬੂਤਾਂ ਦੀ ਲੋੜ ਦੇ ਬੰਨ ਨੂੰ ਤੋੜਦਾ ਆਇਆ ਹੈ।ਇਹ ਯਾਦ ਇਤਨੀ ਤਗੜੀ ਅਤੇ ਨਿਰੋਲ਼ ਹੈ, ਕਿ ਇਸ ਵਿਚ ਸਿੱਖ ਮਾਨਸਿਕਤਾ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਨੂੰ ਬੰਨਣ ਦੀ ਸਮਰਥਾ ਹੈ।
ਵਿਗਾੜ ਆਏ ਵੀ ਅਤੇ ਗਏ ਵੀ।ਵਿਗਾੜ ਅੱਜ ਵੀ ਹਨ।ਪਰ ਸਿੱਖ ਮਾਨਸਿਕਤਾ ਵਿਚਲੇ ਕੁੱਝ ਪੱਖ ਐਸੇ ਰਹੇ ਜਿਸ ਵਿਚ ਵਿਗਾੜ ਦੀ ਕੋਈ ਗੁੰਜਾਇਸ਼, ਸਿੱਖ ਯਾਦ ਵਿਚ ਨਹੀਂ ਰਹੀ।ਕੁੱਝ ਮਿਸਾਲਾਂ ਵਿਚਾਰ ਲੇਂਦੇ ਹਾਂ।
ਪਹਿਲੀ:-ਗੁਰੂ ਨਾਨਕ ਜੀ ਦੇ ਜੀਵਨ ਬਾਰੇ ਸੂਚਨਾਵਾਂ, ਗੁਰੂ ਨਾਨਕ ਜੀ ਦੇ ਅਕਾਲ ਚਲਾਣੇ ਤੋਂ ਦਹਾਕਿਆਂ ਬਾਦ, ਲਿਖਤਾਂ ਦੇ ਰੂਪ ਵਿਚ ਪ੍ਰਗਟ ਹੋਇਆਂ।ਕਈਂ ਸਵੈ-ਵਿਰੌਧ ਵੀ ਪ੍ਰਗਟ ਹੋਏ, ਪਰ ਗੁਰੂ ਨਾਨਕ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ, ਇਹ ਗਲ ਗੁਰੂ ਨਾਨਕ ਜੀ ਤੋਂ ਸਿੱਧਾ, ਬਿਨਾਂ ਕਿਸੇ ਵਿਗਾੜ ਦੇ, ਸਿੱਖ ਮਾਨਸਿਕਤਾ/ਯਾਦ ਵਿਚੋਂ ਦੀ ਹੁੰਦੀ, ਅੱਜ ਸਾਡੇ ਤਕ ਪਹੁੰਚੀ ਹੈ।ਸਿੱਖਾਂ ਨੇ ਮੁਗ਼ਾਲਤੇ ਤਾਂ ਖਾਦੇ ਪਰ ਸਿੱਖ ਯਾਦ ਨੇ ਗੁਰੂ ਨਾਨਕ ਅਤੇ ਗੁਰੂਆਂ ਦੀ ਗੁਰਤਾ ਬਾਰੇ ਕਦੇ ਕੋਈ ਮੁਗ਼ਾਲਤਾ ਨਹੀਂ ਖਾਦਾ।
ਦੂਜੀ:- ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖੰਡੇ ਬਾਟੇ ਦਾ ਅੰਮ੍ਰਿਤ ਸਿੱਖਾਂ ਨੂੰ ਬਖ਼ਸਿਆਂ ਇਸ ਸਵੀਕਾਰ ਕਰਨ ਲਈ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਹੱਥ ਲਿਖਤੀ ਆਦੇਸ਼ ਦੀ ਲੋੜ ਨਹੀਂ।ਇਸ ਆਦੇਸ਼ ਨੂੰ ਸਿੱਖ ਯਾਦਸ਼ਤ ਨੇ ਹੀ ਪੱਲੇ ਬੰਨ ਕੇ ਅੱਗੇ ਤੋਰਿਆ ਹੈ।
ਤੀਜੀ:- ਗੁਰੂ ਗੋਬਿੰਦ ਸਿੰਘ ਜੀ ਨੇ ਗੁਰਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ। ਇਹ ਸਵੀਕਾਰ ਕਰਨ ਲਈ ਸਿੱਖਾਂ ਨੂੰ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤੀ ਆਦੇਸ਼ ਦੀ ਲੋੜ ਨਹੀਂ ਰਹੀ, ਕਿਉਂਕਿ ਇਹ ਗਲ, ਬਿਨ੍ਹਾਂ ਵਿਗਾੜ ਦੇ, ਸਿੱਖ ਮਾਨਸਿਕਤਾ/ਯਾਦਸ਼ਤ ਰਾਹੀਂ ਹੀ ਹੁੰਦੀ ਸਾਡੇ ਤਕ ਨਿਰਵਿਘਨ ਪਹੁੰਚੀ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਬਾਰੇ ਵੀ ਸਿੱਖ ਯਾਦ ਨੇ, ਕਦੇ ਕੋਈ ਮੁਗ਼ਾਲਤਾ ਨਹੀਂ ਖਾਦਾ।ਇਹ ਗਲ ਵੱਖਰੀ ਹੈ ਕਿ ਕੁੱਝ ਸੱਜਣ ਸਿੱਖ ਯਾਦ ਵਿਚ ਵੱਸੇ ‘ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ’ ਵਰਗੇ ਦਸ਼ਮੇਸ਼ ਨਿਰਦੇਸ਼ ਨੂੰ ਗ਼ੈਰ ਸਿਧਾਂਤਕ ਕਰਾਰ ਦੇਂਣ ਦਾ ਚਿੰਤਨ ਕਰਦੇ ਹਨ।
ਇਨ੍ਹਾਂ ਤਿੰਨਾ ਮਾਮਲਿਆਂ ਵਿਚ ਜੇ ਕਰ ਕਿਸੇ ਨੂੰ ਸਿੱਖ ਯਾਦ ਤੇ ਭਰੋਸਾ ਨਹੀਂ ਤਾਂ ਸਮਝੋ ਕਿ ਉਸ ਨੂੰ ਖੁਦ ਤੇ ਭਰੋਸਾ ਨਹੀਂ।ਉਹ ਕਿਸੇ ਦੀ ਰੀਸ ਵਿਚ ਹੈ।
ਹੁਣ ਕੋਈ ਗੁਰੂ ਨਾਨਕ ਦੇ ਗੁਰੂ ਹੋਂਣ ਦਾ ਲਿਖਤੀ ਆਦੇਸ਼ ਭਾਲੇ, ਜਾਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਂਣ ਦਾ ਦਸ਼ਮੇਸ਼ ਜੀ ਦਾ ਹੱਥ ਲਿਖਤੀ ਆਦੇਸ਼ ਭਾਲੇ, ਤਾਂ ਇਹ ਨਿਰੋਲ ਮੁਰਖਤਾ ਹੀ ਕਹੀ ਜਾ ਸਕਦੀ ਹੈ ਕੁੱਝ ਹੋਰ ਨਹੀਂ। ਜਾਂ ਇਸ ਨੁਕਤੇ ਤੇ ਕੋਈ, ਕਿਸੇ ਸਮੇਂ ਦਰਬਾਰ ਸਾਹਿਬ ਲੱਗੀਆਂ ਮੂਰਤਿਆਂ ਬਾਰੇ, ਸਿੱਖਾਂ ਨੂੰ ਲੱਗੇ ਭੁੱਲੇਖੇ ਦਾ ਤਰਕ ਪੇਸ਼ ਕਰਕੇ, ਇਹ ਸਿੱਧ ਕਰਨ ਦਾ ਯਤਨ ਕਰੇ ਕਿ, ਸਿੱਖ ਯਾਦ ਜੇ ਕਰ ਮੁਰਤਿਆਂ ਬਾਰੇ ਭੁੱਲੇਖਾ ਖਾ ਸਕਦੀ ਹੈ, ਤਾਂ ਗੁਰੂਆਂ ਬਾਰੇ  ਵੀ ਭੁੱਲੇਖਾ ਖਾ ਕੇ ਉਨ੍ਹਾਂ ਨੂੰ ਗੁਰੂ ਮੰਨ ਗਈ, ਤਾਂ ਇਹ ਇਕ ਬੜੇ ਹਲਕੇ ਸਤਰ ਦਾ ਤਰਕ ਹੈ। ਕੋਈ ਸਿੱਖਾਂ ਵਿਚ ਵੜੀ ਕਿਸੇ ਮਨਮਤਿ ਰੂਪ ਮੁਗ਼ਾਲਤੇ  ਦਾ ਹਵਾਲਾ ਦੇ ਕੇ, ਇਹ ਸਿੱਧ ਕਰਨ ਦਾ ਯਤਨ ਕਰੇ, ਕਿ ਸਿੱਖ ਆਪਣੇ ਗੁਰੂਆਂ ਨੂੰ ਕਹਿ ਕੇ ਬ੍ਰਾਹਮਣਵਾਦੀ ਹੋ ਗਏ, ਤਾਂ ਇਹ ਵੀ ਇਕ ਬੜੇ ਹਲਕੇ ਸਤਰ ਦਾ ਤਰਕ ਹੈ।
ਉਹ ਕਿਉਂ ਭੁੱਲਦੇ ਹਨ ਕਿ ਸਿੱਖ ਯਾਦ ਨੇ ਹੀ ਦਰਬਾਰ ਸਾਹਿਬ ਲੱਗੀਆਂ ਮੁਰਤਿਆਂ ਨੂੰ ਚੁਕਵਾਇਆ ਸੀ।‘ਨਵੀਂ ਪੁਜਾਰੀਵਾਦੀ’ ਸੋਚ ਤਾਂ ਸਾਡੇ ਮੁਹੋਂ, ਮੁਰਤਿਆਂ ਚੁਕਵਾਉਂਣ ਵਾਲਿਆਂ ਨੂੰ ਵੀ, ਪੁਜਾਰੀਵਾਦੀ ਸੋਚ ਦਾ ਐਲਾਨਣਾ ਚਾਹੁੰਦੀ ਹੈ, ਤਾਂ ਕਿ ਸਾਡਾ ਭਰੋਸਾ ਸਾਡੇ ਵਿਰਸੇ ਤੋਂ ਉੱਠ ਜਾਏ। ਅਸੀਂ ਐਸਾ ਹੀ ਕਰਨ ਲਗ ਪਏ ਹਾਂ।ਜਿਸ ਕੋਮ ਨੂੰ ਆਪਣੀ ਬੁਨਿਯਾਦੀ ਯਾਦ ਤੇ ਭਰੋਸਾ ਨਾ ਰਹੇ ਉਹ ਬਿਮਾਰ ਹੁੰਦੀ ਹੈ।ਉਸਦਾ ਅੰਤ ਨਿਸ਼ਚਤ ਹੁੰਦਾ ਹੈ।
ਮਨਮਤੀਆਂ ਅਤੇ ਅਣਮਤੀਆਂ ਨੇ ਬਹੁਤ ਜਤਨ ਕੀਤੇ, ਪਰ ਸਿੱਖਾਂ ਦੇ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਹੀ ਰਹੇ ਅਤੇ ਫ਼ਿਰ, ਦਸਾਂ ਗੁਰੂਆਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਗੁਰੂ! ਕਈਂ ਵਾਰ ਤਾਂ ਗੁਰਤਾ ਦੀ ਗੱਦੀ ਤੇ ਕਿਸੇ ਹੋਰ ਨੂੰ ਬਿਠਾਉਂਣ ਦੇ ਯਤਨ ਵੀ ਹੋਏ, ਅਤੇ ਮੀਣੇਆਂ ਵੱਲੋਂ ਕੱਚੀਆਂ ਲਿਖਤਾਂ ਨੂੰ ਗੁਰਬਾਣੀ ਦਾ ਰੂਪ ਦੇਂਣ ਦਾ ਯਤਨ ਵੀ ਹੋਇਆ, ਤਾਂ ਕਿ ਗੁਰਬਾਣੀ ਨੂੰ ਸ਼ੰਕਾ ਗ੍ਰਸ਼ਤ ਸਥਿਤੀ ਵਿਚ ਲਿਆਂਦਾ ਜਾਏ। ਇਹ ਯਤਨ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜਾਰੀ ਹਨ।
ਹੁਣ ਹਾਲਾਤ ਵੀ ਬਦਲੇ ਹਨ।ਜੇ ਕਰ ਕੁੱਝ ਸੱਜਣਾਂ ਦੀ ਹੀ ਸ਼ਬਦਾਵਲੀ ਵਰਤੀ ਜਾਏ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਅਣਜਾਣੇ,ਆਪ ਉਸ ਪੁਜਾਰੀਵਾਦੀ ਖੇਡ ਦਾ ਸ਼ਿਕਾਰ ਹੋ ਚੁੱਕੇ ਹਨ, ਜੋ ਕਿ ਗੁਰੂਆਂ ਦੇ ਸਮੇਂ ਤੋਂ ਹੀ ਗੁਰੂਘਰ ਵਿਰੂੱਧ ਖੇਡੀ ਜਾਂਦੀ ਰਹੀ ਹੈ।
ਇਹ ਸਿੱਖ ਮਾਨਸਿਕਤਾ ਨੂੰ ਵਰਗਲਾਉਂਣ ਦੀ ਖੇਡ ਹੈ, ਜਿਸ ਵਿਚ, ਇਤਹਾਸ ਵਿਚ ਨਜ਼ਰ ਆਉਂਦੇ ਵਿਗਾੜ ਦਾ ਅਨੁਚਿਤ ਲਾਭ ਉਠਾਉਂਣ ਦੀ ਜੁਗਤ ਵਰਤੀ ਜਾ ਰਹੀ ਹੈ।ਮਨੁੱਖਤਾ ਲਈ ਬਾਣੀ ਉਚਾਰਨ/ਪਰਵਾਨ ਕਰਨ ਵਾਲੇ ਗੁਰੂ ਅਗਰ ਭੁੱਲਣਹਾਰ ਕਰਾਰ ਦਿੱਤੇ ਗਏ ਤਾਂ, ਆਖਰਕਾਰ, ਉਨ੍ਹਾਂ ਵਲੋਂ ਦਿੱਤੇ ਸ਼ਬਦ ਨੂੰ ਵੀ ਭੁਲੱਣਹਾਰਾਂ ਦੀ ਰਚਨਾ ਨਹੀਂ ਕਹਿਆ ਜਾਏਗਾ?
ਪਰਮਾਤਮਾ ਅਤੇ ਸਿੱਖ ਦੇ ਦਰਮੀਆਨ, ਦੱਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਕ ਜੋਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸਥਿਤੀ ਹੈ।ਇਹ ਗੁਰੂਆਂ ਦਾ ਦੁਆਰ ਹੈ, ਜਿਸ ਵਿਚੋਂ ਹੀ ਸਿੱਖ ਜੀਵਨ ਨੇ ਗੁਜ਼ਰਦੇ ਰਹਿਣਾ ਹੈ।ਉਨ੍ਹਾਂ ਦੀ ਇਸ ਕੇਂਦਰੀ ਸਥਿਤੀ ਨੂੰ ਹਟਾ ਕੇ, ਵਿਚ ਆਉਂਣ ਵਾਲੇ ਸੱਜਣ, ਖੁਦ ਕਿਸੇ ਵਲੋਂ ਛੱਡੀ ਸੋਚ ਦੇ ਸ਼ਿਕਾਰ ਹਨ, ਜੋ ਕਿ ‘ਗੁਰੂ ਅਤੇ ਸਿੱਖ’ ਵਿਚਲੇ ਰਿਸ਼ਤੇ ਵਿਚ ਖ਼ਲਲ ਪਾਉਣਾ ਚਾਹੁੰਦੀ ਹੈ।ਪਰ ਸਿੱਖ ਯਾਦਾਸ਼ਤ, ਇਸ ਪੱਖੋਂ, ਇਤਨੀ ਕਮਜੋਰ ਨਹੀਂ!

ਹਰਦੇਵ ਸਿੰਘ,ਜੰਮੂ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.