ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸੋਸ਼ਲ ਮੀਡੀਏ ਦਾ ਨਿਤ ਨੇਮ
ਸੋਸ਼ਲ ਮੀਡੀਏ ਦਾ ਨਿਤ ਨੇਮ
Page Visitors: 2478

 ਸੋਸ਼ਲ ਮੀਡੀਏ ਦਾ ਨਿਤ ਨੇਮ
ਉਹ ਕਿਹੜੀ ਥਾਂ ਹੈ ਜਿੱਥੇ ਅਧਰਮੀ ਕੰਮ ਹੁੰਦਾ ਹੈ ? ਇਹ ਸਵਾਲ ਨਾਸਤਕਾਂ ਜਾਂ ਕੁੱਝ ਜਾਗਰੂਕ ਅਖਵਾਉਂਦੇ ਸੱਜਣਾਂ ਤੋਂ ਪੁੱਛ ਲੋ ਤਾਂ ਉਹ ਕਹਿਣ ਗੇ ਕਿ, 'ਧਰਮ ਅਸਥਾਨ ਤੇ!' ਪਰ ਕੀ ਹੁਣ ਅਜਿਹਾ ਕਿਹਾ ਜਾ ਸਕਦਾ ? ਹੁਣ ਅਸੀਂ ਸੋਸ਼ਲ ਮੀਡੀਏ ਦੇ ਸੰਸਾਰ ਵਿਚ ਰਹਿ ਰਹੇ ਹਾਂ।
ਸੋਸ਼ਲ ਮੀਡੀਆ, ਯਾਨੀ ਸਮਾਜਕ ਸਾਧਨ! ਸਾਧਨ ਗਲਤ ਨਹੀਂ ਹੁੰਦਾ ਜੇ ਕਰ ਉਸਦੀ ਵਰਤੋਂ ਸਹੀ ਹੋਵੇ। ਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ ਵਿਚਾਰ ਕਰਣ ਦਾ ਜਤਨ ਕਰਾਂਗੇ ਕਿ, ਸਿੱਖਮਤ ਦੇ ਸੰਧਰਭ ਵਿਚ, ਇਸ ਸੋਸ਼ਲ ਮੀਡੀਏ ਦਾ ਨਿਤ ਨੇਮ ਕਿਹੋ ਜਿਹਾ ਹੈ? ਨਿਤ ਨੇਮ ਤੋਂ ਭਾਵ; ਰੋਜ਼ ਦਾ ਕੰਮ!
ਗੁਰਮਤਿ ਦੀ ਵਿਆਖਿਆ, ਸੋਸ਼ਲ ਮੀਡੀਏ ਰਾਹੀਂ, ਅਜਿਹੀ ਮਾਨਸਿਕਤਾ ਦੇ ਹੱਥ ਜਕੜੀ ਜਾ ਰਹੀ ਹੈ ਜੋ ਵਾਸਤਵ ਵਿਚ, ਸਿੱਖਮਤ ਦੀ ਸਹੀ ਵਿਆਖਿਆ ਲਈ ਨਹੀਂ, ਬਲਕਿ ਉਸਦੇ ਵਿਰੋਧ ਵਿਚ ਖੜੀ ਹੈ। ਚਿਹਰੇਆਂ ਦੀ ਕਿਤਾਬ (ਫ਼ੇਸ ਬੁੱਕ), ਇਸ ਮਾਮਲੇ ਵਿਚ ਬਦਸੂਰਤ ਹੋ ਚੁੱਕੀ ਹੈ ਅਤੇ ਕੁੱਝ  ਗੁਰੱਪਾਂ-ਚੈਨਲਾਂ ਤੇ ਹੁਣ ਕੁੜ ਦੇ ਪ੍ਰਚਾਰ ਦਾ ਵਪਾਰ ਹੁੰਦਾ ਹੈ। ਇਨ੍ਹਾਂ ਲਈ, ਇਨ੍ਹਾਂ ਦੇ ਲੇਖ-ਬੋਲ ਹੀ ਗੁਰੂ ਦੀ ਮਤ ਹਨ ਅਤੇ ਗੁਰਬਾਣੀ ਤਾਂ ਵਸੀਲਾ ਮਾਤਰ ਹੈ ਮਨਮਤਿ ਦੀ ਪਰਦੇਦਾਰੀ ਲਈ! ਖ਼ੈਰ, ਆਨਲਾਈਨ ਹੁੰਦੇ ਕਮੇਂਟਸ, ਆਫ਼ਲਾਈਨ ਦੇ ਸੰਸਾਰ ਦੀ ਝੱਲਕ ਤਾਂ ਦੇ ਹੀ ਦਿੰਦੇ ਹਨ।
ਇਕ ਦਿਨ, ਇਕ ਵੈਬਸਾਈਟ ਦੂਜਿਆਂ ਲਈ ਅਪਮਾਨ ਜਨਕ ਢੰਗ-ਸ਼ਬਦ ਵਰਤਦੀ ਹੈ, ਅਤੇ ਦੂਜੇ ਦਿਨ ਉਹੀ ਵੈਬਸਾਈਟ, ਉਸ ਵੇਲੇ ਨੈਤਿਕਤਾ ਦਾ ਪਾਠ ਪੜਾਉਂਦੀ ਹੈ, ਜਿਸ ਵੇਲੇ ਕਿ ਕੋਈ ਹੋਰ ਗਰੁੱਪ, ਉਸ ਵੈਬਸਾਈਟ ਨੂੰ ਅਪਮਾਨ ਜਨਕ ਢੰਗ-ਸ਼ਬਦਾਂ ਨਾਲ ਅਪਮਾਨਤ ਕਰ ਦਿੰਦਾ ਹੈ। ਅਜਿਹਾ ਵਰਤਾਰਾ ਸਾਡੀ ਹਉਮੇ ਅਤੇ ਚੌਧਰਾਹਟ ਦੀ ਭੁੱਖ ਨੂੰ ਆਨੰਦ ਤਾਂ ਦੇ ਸਕਦਾ ਹੈ ਪਰ ਬੁੱਧੀ ਨੂੰ ਸਥਿਰਤਾ ਨਹੀਂ। ਇਸ ਵਿਚ ਟਾਈਪ ਜਾਂ ਬੋਲਣ ਦੀ  ਗਤੀ (ਸਪੀਡ) ਤਾਂ ਹੈ ਪਰ ਸੂਰਮ ਗਤੀ ? ਨਾਲਾਯਕ ਸੂਰਮੇ ਬਣ ਕੇ ਸੂਰਮਿਆਂ ਨੂੰ ਬਦਨਾਮ ਕਰਨ ਲੱਗੇ ਹਨ! ਗੁਰੂ ਸਾਹਿਬਾਨ ਸਮੇਤ ਹਰ ਕਿਰਦਾਰ ਤੇ ਸਿੱਖ ਦੇ ਭਰੋਸੇ ਨੂੰ ਤੋੜਿਆ ਜਾ ਰਿਹਾ ਹੈ। ਕਿਉਂ?
ਪ੍ਰਸੰਗਕ ਬਣੇ ਰਹਿਣ ਲਈ, ਸੋਸ਼ਲ ਮੀਡੀਏ ਤੇ ਸਿੱਖੀ ਬਾਰੇ ਵਿਵਾਦ ਖੜੇ ਕਰਨ ਦਾ ਢੰਗ, ਹੁਣ ਇਕ ਬੇਹਤਰ ਜ਼ਰੀਆ ਹੈ। ਇਹ ਸਭ ਵੇਖ ਕੇ ਉਸ ਗੁਰੂਕਾਲ ਦੀ ਸੋਚ ਆਉਂਦੀ ਹੈ ਜਿਸ ਨੂੰ ਅਸੀਂ ਵੇਖਿਆ ਨਹੀਂ। ਉਸ ਵੇਲੇ ਵੀ ਮੀਡੀਆ ਤਾਂ ਸੀ ਪਰ, ਨਿਸ਼ਚਤ ਤੋਰ ਤੇ, ਉਹ ਅੱਜ ਵਰਗਾ ਸੋਸ਼ਲ ਨਹੀਂ ਸੀ। ਅੱਜ ਗੁਰਮਤਿ ਜਾਂ ਸਹੀ-ਗਲਤ ਹੋਣ ਦੀ ਕੋਈ ਪਰਵਾਹ ਨਹੀਂ ਅਤੇ  ਇਹੀ ਲਾਪਰਵਾਹੀ ਹੁਣ ਸੋਸ਼ਲ ਮੀਡੀਏ ਦੇ ਕੁੱਝ ਸੱਜਣਾ ਦੀ ਰਹਿਤ ਮਰਿਆਦਾ ਹੈ।  ਉਨ੍ਹਾਂ ਨੂੰ ਉਤਪਾਤ ਮਚਾਉਣ ਲਈ ਸੜਕ ਤੇ ਜਾਣ ਦੀ ਲੋੜ ਨਹੀਂ। ਉਹ ਸਮਾਜਕ ਮੀਡੀਏ (Social Media) ਰਾਹੀਂ ਆਪਣਾ ਅਸਮਾਜਕ ਕੰਮ ਆਸਨੀ ਨਾਲ ਕਰ ਸਕਦੇ ਹਨ। ਅਜਿਹੀ ਸਮਾਜਕਤਾ ਵਿਚ ਆਖ਼ਰ  ਸਾਡੀ ਧਾਰਮਕਤਾ ਦਾ ਕੀ ਸਥਾਨ ਬੱਚੇਗਾ ?
ਸੋਸ਼ਲ ਮੀਡੀਏ ਨੇ ਉਨ੍ਹਾਂ ਸੱਜਣਾ ਨੂੰ ਵੀ ਜ਼ੁਬਾਨ ਦਿੱਤੀ ਹੈ ਜੋ ਦਰਅਸਲ, ਗੁਰਮਤਿ ਬਾਰੇ, ਡੁੰਗੀ ਗੰਭੀਰਤਾ ਨਾਲ ਬੋਲਣ-ਲਿਖਣ ਦੇ ਕਾਬਿਲ ਨਹੀਂ ਹਨ।  ਦਿਨ ਪ੍ਰਤੀਦਿਨ ਇੱਕਤਰ ਹੁੰਦੀਆਂ ਨਾ-ਕਾਬਿਲ ਆਵਾਜ਼ਾਂ, ਹੁਣ ਸ਼ੋਰ ਵਿਚ ਬਦਲ ਗਈਆਂ ਹਨ। ਇਸ ਮੰਚ ਤੇ ਸਿੱਖ ਆਪਸ ਵਿਚ ਜੁੜੇ ਨਹੀਂ ਬਲਕਿ ਬੁਰੀ ਤਰਾਂ ਟੁੱਟ ਰਹੇ ਹਨ।  ਕੁੱਝ ਸੱਜਣ ਤਾਂ ਦਾਵੇ ਨਾਲ ਉਸ ਸੱਚ ਨੂੰ ਸਮਰਪਤ ਹਨ ਜਿਸ ਸੱਚ ਨੂੰ ਅਜੇ ਉਹ ਤਲਾਸ਼ ਰਹੇ ਹਨ। ਜੇ ਕਰ ਸੱਚ ਲੱਭ ਹੀ ਲਿਆ ਗਿਆ ਹੈ ਤਾਂ ਤਲਾਸ਼ ਕੈਸੀ ? ਕੁੱਝ ਸੱਜਣ ਆਪਣੀ ਉਸ ਜਾਚ ਨੂੰ ਗੁਰਮਤਿ ਜੀਵਨ ਜਾਚ ਐਲਾਨ ਰਹੇ ਹਨ, ਜਿਸ ਬਾਰੇ (ਜੈਸਾ ਕਿ  ਉਹ ਆਪ ਕਹਿੰਦੇ ਹਨ) ਉਨ੍ਹਾਂ ਨੂੰ, ਅੱਜੇ ਦਾਵੇ, ਨਾਲ ਕੁੱਝ ਪੱਕਾ ਪਤਾ ਨਹੀ।
ਕੁੱਝ ਸੱਜਣ ਰੋਜ਼ਾਨਾ ਆਪਣੀ ਸਮਝ ਦੇ ਕਾਲੇ-ਕੱਚਿਆਂ ਕੋਲਿਆਂ ਤੇ "ਸਿੱਖ ਮਸਲੇ" ਭਖਾਉਂਦੇ ਮੌਜ ਮਸਤੀ ਕਰਦੇ ਹਨ।
ਸੋਸ਼ਲ ਮੀਡੀਏ ਦਾ ਇਕ ਘਿਨੋਉਣਾ ਰੂਪ ਅਸੀਂ ਰਾਜਨੀਤੀ ਵਿਚ ਵੇਖ ਹੀ ਰਹੇ ਹਾਂ ਪਰ ਤ੍ਰਾਸਦੀ ਇਹ ਹੈ ਕਿ ਕੁੱਝ ਸੱਜਣਾਂ ਨੇ ਠੀਕ ਉਸੀ ਰੂਪ ਨੂੰ ਅੱਜ, ਗੁਰਮਤਿ ਵਿਚਾਰ ਦੇ ਨਾਮ ਤੇ, ਆਪਣੀ ਹਉਮੇ ਅਤੇ ਚੌਧਰਾਹਟ ਦੀ ਭੁੱਖ ਨੂੰ ਸ਼ਾਂਤ ਕਰਨ ਆਦਿ ਲਈ ਅਪਨਾ ਲਿਆ ਹੈ।  ਸਾਨੂੰ ਸੋਸ਼ਲ ਮੀਡੀਏ ਤੇ ਵਿਗੜ ਰਹੇ ਆਪਣੇ ਇਸ ਰੂਪ ਵਿਚ ਸੁਧਾਰ ਬਾਰੇ, ਜ਼ਿੰਮੇਦਾਰੀ ਅਤੇ ਸੰਜੀਦਗ਼ੀ ਨਾਲ, ਸੋਚਣਾ ਚਾਹੀਦਾ ਹੈ ਨਹੀਂ ਤਾਂ ਸੋਸ਼ਲ ਮੀਡੀਏ ਤੇ ਚਲ ਰਿਹਾ ਅਜਿਹਾ ਨਿਤ ਨੇਮ ਵੱਡਾ ਨੁਕਸਾਨ ਕਰੇਗਾ।
ਹਰਦੇਵ ਸਿੰਘ,ਜੰਮੂ-੨੩.੦੯.੨੦੧੭

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.