ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਭੇਡਾਂ ਅਤੇ ਸ਼ੈਤਾਨਾਂ ਦੀ ਮਾਨਸਿਕਤਾ
ਭੇਡਾਂ ਅਤੇ ਸ਼ੈਤਾਨਾਂ ਦੀ ਮਾਨਸਿਕਤਾ
Page Visitors: 2530

ਭੇਡਾਂ ਅਤੇ ਸ਼ੈਤਾਨਾਂ ਦੀ ਮਾਨਸਿਕਤਾ
ਆਪਣੇ ਨਾਮ ਤੇ ਮੁਜਲੂਮਾਂ ਉਤੇ ਹੁੰਦੇ ਅਜਿਹੇ ਜੁਰਮ ਵੇਖ ਕੇ ਰੱਬ ਵੀ ਹੁਣ ਖੁਦਕਸ਼ੀ ਕਰਨੀ ਚਾਹੁੰਦਾ ਹੈ।
ਇੱਕ ਜੰਗਲ ਵਿੱਚ ਬਹੁਤ ਸਾਰੀਆਂ ਭੇਡਾਂ ਇੱਕ ਝੁੰਡ ਵਿੱਚ ਇਕੱਠੀਆਂ ਰਹਿੰਦੀਆਂ ਸਨ। ਜੋ ਰੰਗ ਦੀਆਂ  ਚਿੱਟੀਆਂ, ਕਾਲੀਆਂ, ਡੱਬ ਖੜੱਬੀਆਂ, ਅਤੇ ਕੱਦ ਵਿੱਚ ਛੋਟੀਆਂ ਵੱਡੀਆਂ ਵੀ ਸਨ। ਪਰ ਸਾਰੀਆਂ ਇੱਕ ਨਸਲ ਦੀਆਂ ਹੋਣ ਕਾਰਨ ਅਤੇ ਇੱਕ ਸਾਂਝੇ ਜੰਗਲ ਵਿੱਚ ਰਹਿਣ ਕਾਰਨ ਬਿਨਾ ਵਿਤਕਰੇ ਤੋਂ ਇੱਕੋ ਪ੍ਰੀਵਾਰ ਦੇ ਜੀਆਂ ਵਾਂਗ ਖੁਸ਼ੀ-ਖੁਸ਼ੀ ਪਿਆਰ ਨਾਲ ਰਹਿੰਦੀਆਂ ਸਨ। ਉਹਨਾ ਦੇ ਇੱਕ ਵੱਡੇ ਝੁੰਡ ਵਿੱਚ ਰਹਿਣ ਕਾਰਨ ਉਹਨਾ ਉਤੇ ਹਮਲੇ ਵੀ ਘੱਟ ਹੁੰਦੇ ਸਨ। ਜੇ ਕਿਤੇ ਹਮਲਾ ਹੋ ਵੀ ਜਾਂਦਾ ਤਾਂ ਉਹ ਸਾਰੀਆਂ ਇਕੱਠੀਆਂ ਹੋ ਕੇ ਉਸ ਦਾ ਮੁਕਾਬਲਾ ਕਰਦੀਆਂ ਜਿਸ ਕਾਰਨ ਜਿੱਥੇ ਉਹਨਾ ਦਾ ਨੁਕਸਾਨ ਬਹੁਤ ਘੱਟ ਹੁੰਦਾ ਉਥੇ ਹਮਲਾਵਰ ਨੂੰ ਵੀ ਆਪਣੀ ਜਾਨ ਬਚਾਉਣੀ ਮੁਸਕਲ ਹੋ ਜਾਂਦੀ ਸੀ।
    ਸਾਂਝੇ ਜੰਗਲ ਵਿੱਚ ਸੁਖੀ ਵਸਦੇ ਇਸ ਵੱਡੇ ਝੁੰਡ ਉਤੇ ਇੱਕ ਦਿਨ ਕੁੱਝ ਸੈਤਾਨਾਂ ਦੀ ਨਜਰ ਪੈ ਗਈ। ਉਹਨਾ ਸੋਚਿਆ ਕਿ ਕਿਉਂ ਨਾ ਇਹਨਾ ਦੀ ਕੀਮਤੀ ਉਨ ਲਾਹ ਕੇ ਬੇਚੀ ਜਾਵੇ ਅਤੇ ਇਹਨਾ ਦੇ ਲੇਲਿਆਂ ਨੂੰ ਖੁਰਾਕ ਦੇ ਰੂਪ ਵਿੱਚ ਬੇਚ ਕੇ ਮੋਟੀ ਕਮਾਈ ਕੀਤੀ ਜਾਵੇ, ਵੱਡਾ ਝੁੰਡ ਹੋਣ ਕਾਰਨ ਉਹਨਾ ਦਾ ਇਹ ਹੌਂਸਲਾ ਨਾ ਪਵੇ, ਪਰ ਉਹ ਇਸ ਕਮਾਈ ਨੂੰ ਛੱਡਣਾ ਵੀ ਨਹੀਂ ਸੀ ਚਾਹੁੰਦੇ। ਇਸ ਲਈ ਉਹਨਾ ਨੇ ਇੱਕ ਵਿਚਾਰ ਕਰਕੇ ਫੈਂਸਲਾ ਕੀਤਾ ਕਿ ਉਹ ਇੱਕ ਤਾਂ ਇਸ ਝੁੰਡ ਉੱਤੇ ਹਮਲਾਵਰ ਹੋ ਕੇ ਕਦੇ ਵੀ ਹਮਲਾ ਨਹੀਂ ਕਰਨਾ, ਦੂਜਾ ਆਪਣੀ ਕਮਾਈ ਨੂੰ ਕਮਾਈ ਦੀ ਥਾਂ ਭਲਾਈ ਦਾ ਨਾਮ ਦੇ ਕੇ ਕੁੱਝ ਕੁ ਸਮੇ ਲਈ ਭਲਾਈ ਦੇ ਕੰਮ ਕੀਤੇ ਜਾਣ, ਬਿਨਾ ਲੋੜ ਤੋਂ ਭੇਡਾਂ ਨੂੰ ਖਾਣ ਲਈ ਘਾਹ, ਪੀਣ ਲਈ ਪਾਣੀ ਅਤੇ ਰਹਿਣ ਲਈ ਛੱਤ ਜਾਂ ਵਾੜਿਆਂ ਦਾ ਪ੍ਰਬੰਧ ਕੀਤਾ ਜਾਵੇ।
      ਅਗਲੇ ਦਿਨ ਉਹਨਾ ਨੇ ਇਸੇ ਤਰਾਂ ਹੀ ਕੀਤਾ। ਉਹ ਇਕੱਠੇ ਇੱਕੋ ਰੂਪ ਵਿੱਚ ਇੱਕੋ ਪਾਸੇ ਦੀ ਹਮਲਾਵਰ ਹੋ ਕੇ ਜਾਣ ਦੀ ਵਜਾਏ ਵੱਖਰੇ-ਵੱਖਰੇ ਪਾਸਿਆਂ ਤੋਂ ਵੱਖਰੇ-ਵੱਖਰੇ ਰੂਪਾਂ ਵਿੱਚ ਸੇਵਾਦਾਰ ਬਣ ਕੇ ਸ਼ਾਂਤ ਵਸਦੇ ਝੁੰਡ ਕੋਲ ਜਾ ਪਹੁੰਚੇ। ਰੋਜ ਆਪਣੀ ਲੋੜ ਅਨੁਸਾਰ ਰੱਜ ਕੇ ਖਾਂਦੀਆਂ ਪੀਦੀਆਂ ਅਤੇ ਸੁਰੱਖਿਅਤ ਰਹਿੰਦੀਆਂ ਭੇਡਾਂ ਨੂੰ ਕਹਿਣ ਲੱਗੇ ਅਸੀਂ ਤੁਹਾਡੇ ਹੀ ਭੈਣ ਭਰਾ ਹਾਂ ਤੁਹਾਡੀ ਭਲਾਈ ਲਈ ਤੁਹਾਨੂੰ ਮਿਲਣ ਆਏ ਹਾਂ, ਤੁਹਾਡਾ ਪ੍ਰੀਵਾਰ ਬਹੁਤ ਵੱਡਾ ਹੈ ਇਸ ਲਈ ਤੁਹਾਨੂੰ ਖਾਣ ਪੀਣ ਅਤੇ ਰਹਿਣ ਲਈ ਸਮੱਸਿਆ ਆਂਉਂਦੀ ਹੋਵੇਗੀ। ਅਸੀਂ ਤੁਹਾਡੇ ਲਈ ਖਾਣ ਲਈ ਕੁੱਝ ਘਾਹ, ਪੀਣ ਲਈ ਸਾਫ ਪਾਣੀ ਲੈ ਕੇ ਆਏ ਹਾਂ ਬੇਸ਼ੱਕ ਇਹ ਬਹੁਤ ਘੱਟ ਹੈ ਪਰ ਤੁਸੀਂ ਸਾਡੀ ਇਹ ਸੇਵਾ ਮੰਨਜੂਰ ਕਰੋ, ਕੱਲ ਨੂੰ ਅਸੀਂ ਇਸ ਤੋਂ ਹੋਰ ਵੱਧ ਲੈ ਕੇ ਆਵਾਂਗੇ। ਰੋਜਾਨਾ ਆਪਣਾ ਖਾਣ ਵਾਲੀਆਂ ਭੋਲੀਆਂ ਭੇਡਾਂ ਸੈਤਾਨਾਂ ਦੀ ਚਾਲ ਨੂੰ ਸਮਝ ਨਾ ਸਕੀਆਂ, ਉਹਨਾ ਨੇ ਆਪਣਾ ਖਾਣ ਦੀ ਥਾਂ ਸੈਤਾਨਾਂ ਦਾ ਖਾਣਾ ਸ਼ੁਰੂ ਕਰ ਦਿੱਤਾ। ਆਲਸੀ ਹੋਈਆਂ ਭੇਡਾਂ ਨੂੰ  ਆਪਣੇ ਕਬਜੇ ਵਿੱਚ ਕਰਨ ਲਈ ਸੁਰੱਖਿਆ ਦੇ ਨਾਮ ਹੇਠ ਉਹਨਾ ਦੇ ਦੁਆਲੇ ਵਾੜ ਕਰਨੀ ਸ਼ੁਰੂ ਕਰ ਦਿੱਤੀ।    
   ਆਪਣੀ ਰਾਖੀ ਆਪ ਕਰਨ ਵਾਲੀਆਂ ਭੇਡਾਂ ਸੁਰੱਖਿਆ ਦੇ ਨਾਮ ਹੇਠ ਸ਼ੈਤਾਨਾਂ ਵੱਲੋਂ ਕੀਤੀ ਗੁਲਾਮੀ ਦੀ ਵਾੜ ਵਿੱਚ ਬੇਫਿਕਰ ਹੋ ਕੇ ਸੌਣ ਲੱਗ ਗਈਆਂ। ਤਾਂ ਸ਼ੈਤਾਨਾਂ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਆਪਣੀ ਕਮਾਈ ਸ਼ੁਰੂ ਕਰ ਸਕਦੇ ਹਨ। ਆਪਣੀ ਕਮਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਲ ਨੂੰ ਵੰਡਣ ਲਈ ਉਹਨਾ ਕਿਹਾ ਇੰਨੇ ਵੱਡੇ ਪ੍ਰੀਵਾਰ ਨੂੰ ਇੱਕ ਵਾੜੇ ਵਿੱਚ ਰਹਿਣਾ ਬਹੁਤ ਮੁਸਕਲ ਹੈ ਇਸ ਲਈ ਅਸੀਂ ਤੁਹਾਡੇ ਲਈ ਵੱਖ ਵੱਖ ਵਾੜਿਆਂ ਦਾ ਪ੍ਰਬੰਧ ਕੀਤਾ ਹੈ, ਜਿੱਥੇ ਤੁਹਾਡੀ ਸੰਭਾਲ ਹੋਰ ਵੀ ਚੰਗੀ ਤਰਾਂ ਹੋ ਸਕੇਗੀ।
    ਇਸ ਦਾ ਕੁੱਝ ਕੁ ਭੇਡਾਂ ਨੇ ਵਿਰੋਧ ਕੀਤਾ ਕਿ ਅਸੀਂ ਵੰਡੇ ਜਾਣ ਨੂੰ ਪਸੰਦ ਨਹੀਂ ਕਰਦੀਆਂ, ਇਸ ਲਈ ਅਸੀਂ ਇਕੱਠੀਆਂ ਹੀ ਰਹਾਂਗੀਆਂ। ਤਾਂ ਸ਼ੈਤਾਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵੰਡ ਨਹੀਂ ਰਹੇ ਇਹ ਤਾਂ ਸਿਰਫ ਤੁਹਾਡੀ ਭਲਾਈ ਲਈ ਹੀ ਹੈ। ਆਪਣੀ ਭਲਾਈ ਅਤੇ ਸਹੂਲਤਾਂ ਦੀ ਗੱਲ ਸੁਣ ਕੇ ਭੇਡਾਂ ਨੇ ਵੰਡੇ ਜਾਣ ਨੂੰ ਵੀ ਹਾਂ ਕਰ ਦਿੱਤੀ। ਇੱਕੋ ਨਸਲ ਦੀਆਂ ਭੇਡਾਂ ਨੂੰ ਆਪੋ ਆਪਣੇ ਵਾੜਿਆਂ ਵਿੱਚ ਕੈਦ ਕਰਕੇ ਸ਼ੈਤਾਨਾਂ ਨੇ ਉਹਨਾ ਦੇ ਵੱਖਰਾ ਵੱਖਰਾ ਰੰਗ ਲਗਾ ਕੇ ਪੱਕਾ ਕਬਜਾ ਕਰ ਲਿਆ। ਬੱਸ ਫਿਰ ਕੀ ਸੀ ਸਾਂਝੇ ਪ੍ਰੀਵਾਰ ਵਿੱਚ ਰਹਿਣ ਵਾਲੀਆਂ ਭੇਡਾਂ ਆਪਣੀ ਸਾਂਝ ਵਾਲੀ ਅਸਲੀ ਅਜਾਦ ਜਿੰਦਗੀ ਛੱਡ ਕੇ ਵੱਖਰੇ ਵਾੜਿਆਂ (ਸ਼ੈਤਾਨਾਂ ਦੀਆਂ ਦੁਕਾਨਾਂ) ਦੀ ਗੁਲਾਮੀ ਨੂੰ ਹੀ ਅਜਾਦੀ ਸਮਝਣ ਲੱਗ ਪਈਆਂ। ਆਪਣੇ ਵਾੜਿਆਂ ਨੂੰ ਹੀ ਆਪਣੇ-ਆਪਣੇ ਦੇਸ਼ (ਘਰ) ਮੰਨਣ ਲੱਗ ਗਈਆਂ, ਸ਼ੈਤਾਨਾਂ ਵੱਲੋਂ ਆਪਣੀ ਮਾਲਕੀ ਦੀ ਨਿਸ਼ਾਨੀ ਲਈ ਲਾਏ ਰੰਗ ਕਾਰਨ ਆਪਣੇ ਰੰਗ ਨੂੰ ਉਤਮ ੳਤੇ ਦੂਜੇ ਦੇ ਰੰਗ ਨੂੰ ਨੀਚ ਸਮਝ ਕੇ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ।
    ਸ਼ੈਤਾਨ ਵੀ ਇਹੀ ਕੁੱਝ ਚਾਹੁੰਦਾ ਸੀ। ਹੁਣ ਉਹ ਜਦੋਂ ਮਰਜੀ ਉਹਨਾ ਦੀ ਉਨ ਲਾਹ ਕੇ ਬੇਚ ਦਿੰਦਾ, ਜਦੋਂ ਮਰਜੀ ਉਹਨਾ ਦੇ ਲੇਲਿਆਂ ਨੂੰ ਕਸਾਈ ਕੋਲ ਬੇਚ ਦਿੰਦਾ। ਜਿਹੜੇ ਲੇਲਿਆਂ ਨੂੰ ਉਹ ਸ਼ੇਰਾਂ ਬਘਿਆੜਾਂ ਤੋਂ ਵੀ ਬਚਾ ਲੈਦੀਆਂ ਸਨ ਹੁਣ ਕਸਾਈ ਇਕੱਲਾ ਹੀ ਮੌਜ ਨਾਲ ਉਹਨਾ ਦੇ ਸਾਹਮਣੇ ਹੀ ਤਿੰਨ ਚਾਰ ਲੇਲ਼ੇ ਚੁੱਕ ਕੇ ਤੁਰ ਜਾਂਦਾ, ਉਹ ਵਾੜੇ ਵਿੱਚ ਖੜੀਆਂ ਵੇਖਦੀਆਂ ਤੇ ਬਿਆ ਬਿਆ ਕਰਦੀਆਂ ਰਹਿ ਜਾਂਦੀਆਂ ਪਰ ਕਰ ਕੁੱਝ ਵੀ ਨਹੀਂ ਸੀ ਸਕਦੀਆਂ। ਕਿਉਂਕਿ ਉਹ ਹੁਣ ਏਕਤਾ ਦੀ ਥਾਂ ਅਨੇਕਤਾ ਵਿੱਚ ਵੰਡੀਆਂ ਜਾ ਚੁੱਕੀਆਂ ਸਨ ਅਤੇ ਕਿਸੇ ਦੇ ਕਬਜੇ ਵਿੱਚ ਸਨ। ਉਹਨਾ ਨੇ ਅਜਾਦ ਜੀਵਨ ਨੂੰ ਭੁੱਲ ਕੇ ਗੁਲਾਮੀ ਨੂੰ ਹੀ ਅਜਾਦੀ ਮੰਨ ਲਿਆ ਹੋਇਆ ਸੀ। ਸ਼ੈਤਾਨਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ । ਉਹਨਾ ਨੇ ਅੱਗੇ ਤੋਂ ਇਹਨਾ ਦੋ ਸ਼ਬਦਾਂ (ਕਮਾਈ ਨੂੰ ਭਲਾਈ ਅਤੇ ਗੁਲਾਮੀ ਨੂੰ ਅਜਾਦੀ ਪ੍ਰਚਾਰਨ) ਨੂੰ ਹੀ ਆਪਣੀ ਜਿੰਦਗੀ ਦਾ ਅਧਾਰ ਬਣਾ ਲਿਆ। ਬੱਸ ਇਹਨਾ ਦੋ ਸ਼ਬਦਾਂ ਨੇ ਜਿੱਥੇ ਸੈਤਾਨ ਸੋਚ ਨੂੰ ਪੂਰੇ ਜੰਗਲ ਦੀ ਮਾਲਕ ਬਣਾ ਦਿੱਤਾ, ਉੱਥੇ ਭੇਡ ਸੋਚ ਨੂੰ ਸਦਾ ਲਈ ਸ਼ੈਤਾਨਾ ਦੀ ਗੁਲਾਮ ਅਤੇ ਕਮਾਈ ਦਾ ਸਾਧਨ ਬਣਾ ਦਿੱਤਾ।
      ਜਿਸ ਤਰਾਂ ਮਾਨਸਿਕ ਤੌਰ ਤੇ ਭੇਡ ਸੋਚ ਨੇ ਗੁਲਾਮੀ ਨੂੰ ਭਲਾਈ ਸਮਝ ਲਿਆ ਉਸੇ ਤਰਾਂ ਸ਼ੈਤਾਨ ਸੋਚ ਨੇ ਵੀ ਭੇਡਾਂ ਨੂੰ ਗੁਲਾਮ ਬਣਾ ਕੇ ਰੱਖਣ ਨੂੰ ਹੀ ਆਪਣਾ ਹੱਕ ਸਮਝ ਲਿਆ। ਭੇਡਾਂ ਅਤੇ ਸ਼ੈਤਾਨਾ ਦੀ ਪ੍ਰਪੱਕ ਹੋਈ ਅਜਿਹੀ ਮਾਨਸਿਕਤਾ ਨੂੰ ਵੇਖ ਕੇ ਰੱਬ ਵੀ ਦੁਖੀ ਹੈ। ਦੁਖੀ ਹੋਏ ਰੱਬ ਨੇ ਸੋਚਿਆ ਕਿ ਬੇਚਾਰੀਆਂ ਭੇਡਾਂ ਨੂੰ ਸ਼ੈਤਾਨਾ ਤੋਂ ਅਜਾਦ ਕਰਵਾਕੇ ਪਹਿਲਾਂ ਵਰਗਾ ਕੁਦਰਤੀ ਜੀਵਨ ਜਿਉਣਾ ਸਿਖਾਈਏ, ਇਹਨਾ ਨੂੰ ਸ਼ੈਤਾਨਾ ਵੱਲੋਂ ਬਣਾਏ ਜੇਲਾਂ ਰੂਪੀ ਵਾੜਿਆਂ ਵਿੱਚੋਂ ਅਜਾਦ ਕਰਵਾਕੇ ਆਪਣਾ ਕਮਾ ਕੇ ਖਾਣਾ, ਇਕੱਠੇ ਅਤੇ ਅਜਾਦ ਰਹਿਣਾ ਸਿਖਾਈਏ। ਰੱਬ ਨੇ ਸ਼ੈਤਾਨਾਂ ਵਾਲੇ ਰੂਪ ਵਿੱਚ ਆ ਕੇ ਭੇਡਾਂ ਨੂੰ ਕਿਹਾ ਕਿ ਤੁਸੀਂ ਅਜਾਦ ਨਹੀਂ ਹੋਂ, ਇਹ ਜੋ ਲੋਕ ਤੁਹਾਨੂੰ ਸੁੱਖ ਸਹੂਲਤਾਂ ਦੇਣ ਅਤੇ ਵਾੜਿਆਂ ਵਿੱਚ ਸੁਰੱਖਿਅਤ ਅਜਾਦ ਰੱਖਣ ਦੇ ਨਾਹਰੇ ਮਾਰ ਰਹੇ ਹਨ ਇਹ ਸੱਭ ਲੁਟੇਰੇ ਹਨ, ਤੁਸੀਂ ਹਿੰਮਤ ਕਰਕੇ ਇਹਨਾ ਦੀਆਂ ਜੇਲ਼ਾਂ ਵਿੱਚੋਂ ਬਾਹਰ ਆਓ, ਤੁਹਾਨੂੰ ਕੁੱਝ ਨਹੀਂ ਹੋਵੇਗਾ। ਇਹਨਾ ਦਾ ਦਿੱਤਾ ਘਾਹ ਪਾਣੀ ਖਾਣਾ ਬੰਦ ਕਰਕੇ ਆਪਣਾ ਕਮਾ ਕੇ ਖਾਓ, ਇਹਨਾ ਤੋਂ ਸੁਰੱਖਿਆ ਲੈਣ ਦੀ ਥਾਂ ਆਪਣੀ ਰਾਖੀ ਆਪ ਕਰੋ, ਤੁਸੀਂ ਸੱਭ ਇੱਕ ਬਰਾਬਰ ਹੋਂ ਤੁਹਾਡੇ ਵਿੱਚ ਵੱਖਰੇ ਵਾੜਿਆਂ ਅਤੇ ਰੰਗਾਂ ਕਾਰਨ ਕੋਈ ਉਤਮ ਜਾਂ ਨੀਚ ਨਹੀਂ ਹੈ, ਇਹ ਵਾੜੇ ਅਤੇ ਰੰਗ ਤੁਹਾਨੂੰ ਗੁਮਰਾਹ ਕਰਨ ਲਈ ਬਣਾਏ ਗਏ ਹਨ। ਤੁਹਾਡੇ ਵਡੇਰੇ ਇੱਕ ਵੱਡੇ ਝੁੰਡ ਵਿੱਚ ਰਹਿੰਦੇ ਸਨ, ਉਹ ਖੁਦ ਕਮਾ ਕੇ ਖਾਂਦੇ ਸੀ, ਆਪਣੀ ਰਾਖੀ ਵੀ ਖੁਦ ਹੀ ਕਰਦੇ ਸੀ, ਉਹਨਾ ਦਾ ਜੀਵਨ ਖੁਸ਼ ਅਤੇ ਅਸਲ ਵਿੱਚ ਅਜਾਦ ਸੀ। ਕੋਈ ਉਹਨਾ ਦੀ ਉਨ ਨਹੀਂ ਸੀ ਲਾਹੁਦਾ, ਵੱਡਾ ਸਾਂਝਾ ਪ੍ਰੀਵਾਰ ਹੋਣ ਕਰਕੇ ਸ਼ੇਰ ਤੇ ਬਘਿਆੜ ਵੀ ਉਹਨਾ ਤੋਂ ਡਰਦੇ ਸਨ।
ਰੱਬ ਤਾਂ ਸੈਤਾਨਾਂ ਵੱਲੋਂ ਵੱਖਰੇ-ਵੱਖਰੇ ਵਾੜਿਆਂ ਅਤੇ ਵੱਖੋ ਵੱਖਰੇ ਰੰਗਾਂ ਵਿੱਚ ਰੰਗੀਆਂ, ਆਪਣੀ ਹੀ ਨਸਲ ਦੀਆਂ ਦੁਸ਼ਮਣ ਬਣੀਆਂ ਭੇਡਾਂ ਨੂੰ ਜਗਾਉਣ ਲਈ ਸਾਂਝੀਵਾਲਤਾ ਦਾ ਹੋਕਾ ਦੇ ਕੇ ਚਲਿਆ ਗਿਆ। ਇੱਕ ਦੋ ਨੇ ਰੱਬ ਦੀ ਗੱਲ ਨੂੰ ਸਮਝਿਆ ਉਹ ਤਾਂ ਆਪਣੀ ਜਿੰਦਗੀ ਆਪ ਜਿਉਣ ਲਈ ਝੱਟ ਵਾੜੇ ਵਿੱਚੋਂ ਬਾਹਰ (ਬਾਗੀ) ਹੋ ਗਈਆਂ।ਪਰ ਮਾਨਸਿਕ ਤੌਰ ਤੇ ਗੁਲਾਮੀ ਦੀ ਮੌਤ ਵਰਗੀ ਨੀਂਦ ਵਿੱਚ ਸੁਤੀਆਂ ਬਹੁਤੀਆਂ ਭੇਡਾਂ ਨੇ ਰੱਬ ਦੇ ਬੋਲਾਂ ਨੂੰ ਸੁਣ ਤਾਂ ਲਿਆ ਪਰ ਉਨਾ ਨੂੰ ਵਿਚਾਰ ਕੇ ਅਮਲ ਕਰਨ ਵਾਰੇ ਸੋਚਿਆ ਤੱਕ ਨਹੀਂ। ਉਲਟਾ ਕੁੱਝ ਸਿਆਣੀਆਂ ਭੇਡਾਂ ਰੱਬ ਵੱਲੋਂ ਦਿੱਤੀ ਸਿੱਖਿਆ ਦੀਆਂ ਕਹਾਣੀ ਸ਼ੈਤਾਨਾਂ ਨੂੰ ਸੁਣਾਉਣ ਲੱਗ ਪਈਆਂ ਕਿ ਅੱਜ ਰੱਬ ਆਇਆ ਸੀ ਉਹ ਸਾਨੂੰ ਇਸ ਤਰਾਂ ਦੀ ਸਿੱਖਿਆ ਦੇ ਕੇ ਗਿਆ ਹੈ, ਕੁੱਝ ਭੇਡਾਂ ਉਸ ਦੀ ਗੱਲ ਸੁਣ ਕੇ ਵਾੜੇ ਨੂੰ ਛੱਡ ਕੇ ਚਲੀਆਂ ਵੀ ਗਈਆਂ ਹਨ।
ਇਹ ਸੁਣ ਕੇ ਸ਼ੈਤਾਨਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਉਹਨਾ ਨੂੰ ਆਪਣਾ ਰਾਜ ਖੁਸਦਾ ਨਜਰ ਆਇਆ। ਉਹਨਾ ਨੇ ਤੁਰੰਤ ਇਕੱਠੇ ਹੋ ਕੇ ਇਸ ਦੇ ਹੱਲ ਲਈ ਵਿਚਾਰ ਕਰਕੇ ਮਸਲੇ ਦਾ ਹੱਲ ਕੱਢਦਿਆਂ, ਕਹਾਣੀਆਂ ਸੁਣਾਉਣ ਵਾਲੀਆਂ ਨੂੰ ਵਫਾਦਾਰ ਅਤੇ ਵਾੜੇ ਛੱਡ ਕੇ ਜਾਣ ਵਾਲੀਆਂ ਨੂੰ ਬਾਗੀਆਂ ਦਾ ਖਿਤਬ ਦੇ ਕੇ, ਬਾਗੀਆਂ ਲਈ ਰੱਬ ਦੇ ਨਾਮ ਤੇ ਹੀ ਇੱਕ ਹੋਰ ਵਾੜਾ ਅਤੇ ਰੰਗ ਪੈਦਾ ਕਰਕੇ, ਬਾਗੀ ਹੋਈਆਂ ਭੇਡਾਂ ਨੂੰ ਉਸ ਰੰਗ ਵਿੱਚ ਰੰਗ ਕੇ ਵੱਖਰੇ ਵਾੜੇ ਵਿੱਚ ਕੈਦ ਕਰ ਲਿਆ।
   ਬੱਸ ਫਿਰ ਤਾਂ ਕੀ ਸੀ ਰੱਬ ਜਿੰਨੇ ਵਾਰੀਂ ਗੁਲਾਮ ਭੇਡਾਂ ਨੂੰ ਸਮਝਾਉਣ ਆਂਉਂਦਾ ਸੈਤਾਨ ਉਨੇ ਹੀ ਵੱਖਰੇ ਵਾੜੇ ਅਤੇ ਰੰਗ ਸਿਰਜ ਕੇ ਆਪਣੀਆਂ ਨਵੀਆਂ ਦੁਕਾਨਾਂ (ਜੇਲ਼ਾਂ) ਦੀ ਗਿਣਤੀ ਵਧਾਉਂਦਾ ਗਿਆ। ਨਿਰਾਸ਼ ਹੋਏ ਰੱਬ ਨੇ ਜੰਗਲ ਵਿੱਚ ਆਉਣਾ ਅਤੇ ਭੇਡਾਂ ਨੂੰ ਸਮਝਾਉਣਾ ਹੀ ਬੰਦ ਕਰ ਦਿੱਤਾ ਕਿਉਂਕਿ ਸ਼ੈਤਾਨਾਂ ਨੇ ਇੱਕ ਰੱਬ ਦੇ ਨਾਮ ਤੇ ਹੋਰ ਹੀ ਇੰਨੇ ਵਾੜੇ ਅਤੇ ਰੰਗ ਪੈਦਾ ਕਰ ਦਿੱਤੇ, ਜੋ ਭੇਡਾਂ ਤਾਂ ਕੀ ਰੱਬ ਦੀ ਵੀ ਸਮਝ ਤੋਂ ਬਾਹਰ ਹੋ ਗਏ। ਸਕਤੀ ਹੀਣ ਹੋਈਆਂ ਭੇਡਾਂ ਕਦੇ ਕਦੇ ਰੱਬ ਨੂੰ ਯਾਦ ਕਰਦੀਆਂ ਕਿ ਉਹ ਆ ਕੇ ਉਹਨਾ ਨੂੰ ਅਜਾਦ ਕਰਵਾਏਗਾ।           ਰੱਬ ਤਾਂ ਆਪਣੀ ਨਾਕਾਮੀ ਕਾਰਨ ਮੁੜ ਨਾ ਆਉਣ ਦਾ ਫੈਂਸਲਾ ਕਰ ਚੁਕਿਆ ਸੀ, ਕਿਉਂਕਿ ਉਹ ਸ਼ੈਤਾਨਾਂ ਵੱਲੋਂ ਆਪਣੇ ਨਾਮ ਤੇ ਫੈਲਾਏ ਜਾਲ਼ ਨੂੰ ਵੇਖ ਚੁਕਿਆ ਸੀ। ਪਰ ਭੇਡਾਂ ਦੀ ਮਾਨਸਿਕਤਾ ਨੂੰ ਸਮਝਦਾ ਸਮਝਦਾ ਸ਼ੈਤਾਨ ਹੁਣ ਇੰਨਾ ਚਲਾਕ ਹੋ ਗਿਆ ਸੀ ਕਿ ਰੱਬ ਦੇ ਨਾ ਆਉਣ ਵਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਹੁਣ ਰੱਬ ਦੀ ਆਸ ਵਿੱਚ ਬੈਠੀਆਂ ਭੇਡਾਂ ਨੂੰ ਵੀ ਨਿਰਾਸ ਨਹੀਂ ਹੋਣ ਦੇਣਾ ਚਾਹੁੰਦਾ। ਉਸ ਨੇ ਹੁਣ ਕੁੱਝ ਕੁ ਸਮੇਂ ਬਾਅਦ ਰੱਬ ਦੇ ਨਾਮ ਤੇ ਆਪ ਹੀ ਭੇਸ ਬਦਲ ਕੇ ਆਉਣਾ ਸ਼ੁਰੂ ਕਰਕੇ ਆਪਣੇ ਆਪ ਨੂੰ ਹੀ ਰੱਬ ਕਹਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਨਵਾਂ ਰੰਗ ਅਤੇ ਨਵੇਂ ਵਾੜੇ ਦਾ ਪ੍ਰਬੰਧ ਕਰਕੇ ਆਉਂਦਾ ਹੈ, ਪੁਰਾਣੇ ਵਾੜਿਆਂ ਵਿੱਚ ਉਦਾਸ ਬੈਠੀਆਂ ਭੇਡਾਂ ਖੁਦ ਹੀ ਨਵਾਂ ਰੰਗ ਲਵਾ ਕੇ ਨਵੇਂ ਵਾੜੇ ਵਿੱਚ ਖੁਸ਼ੀ ਖੁਸ਼ੀ ਕੈਦ ਹੋ ਜਾਦੀਆਂ ਹਨ। ਜਿੱਥੇ ਭੇਡਾਂ ਦੀ ਗੁਲਾਮ ਮਾਨਸਿਕਤਾ ਅਤੇ ਸ਼ੈਤਾਨਾਂ ਦੀਆਂ ਸ਼ੈਤਾਨੀਆਂ ਤੋਂ ਰੱਬ ਵੀ ਦੁਖੀ ਹੈ,ਉੱਥੇ ਸੈਤਾਨ ਖੁਦ ਰੱਬ ਬਣਕੇ ਭੇਡਾਂ ਦੀ ਉਨ ਲਾਹੁਣ,ਲੇਲ਼ੇ ਕਸਾਈਆਂ ਨੂੰ ਬੇਚਣ,ਆਪਣੀ ਮੌਤ ਮਰੀਆਂ ਭੇਡਾਂ ਦੇ ਸਰੀਰਾਂ ਦੇ ਅੰਗ ਬੇਚਣ, ਰੰਗਾਂ ਅਤੇ ਵਾੜਿਆਂ ਦੇ ਨਾਮ ਤੇ ਦੰਗੇ ਭੜਕਾਅ ਕੇ ਮਰਵਾੳਣ ਤੋਂ ਇਲਾਵਾ ਭੇਡਾਂ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਇੱਜਤਾਂ ਨਾਲ ਵੀ ਖੇਡਣ ਲੱਗ ਗਿਆ ਹੈ।  
   ਆਪਣੇ ਨਾਮ ਤੇ ਮੁਜਲੂਮਾਂ ਉਤੇ ਹੁੰਦੇ ਅਜਿਹੇ ਜੁਰਮ ਵੇਖ ਕੇ ਰੱਬ ਵੀ ਹੁਣ ਖੁਦਕਸ਼ੀ ਕਰਨੀ ਚਾਹੁੰਦਾ ਹੈ, ਪਰ ਅਫਸੋਸ ਕਿ ਇਸ ਸਾਰੇ ਕੁੱਝ ਨੂੰ ਭੇਡਾਂ ਰੱਬ ਦੀ ਮੇਹਰ ਅਤੇ ਆਪਣੇ ਕਰਮ ਸਮਝ ਕੇ ਸ਼ੈਤਾਨਾਂ ਅੱਗੇ ਸੀਸ ਝੁਕਾਅ ਰਹੀਆਂ ਹਨ।
ਜੇ ਕਿਤੇ ਅਸੀਂ ਭੇਡ ਸੋਚ ਅਤੇ ਰੰਗਾਂ,ਵਾੜਿਆਂ ਦੇ ਭੇਦਭਾਵ ਨੂੰ ਛੱਡ ਕੇ ਸਾਂਝੇ ਪ੍ਰੀਵਾਰ ਵਾਂਗ ਪਿਆਰ ਨਾਲ ਬਰਾਬਰਤਾ ਦਾ ਜੀਵਨ ਅਜਾਦ ਜਿਉਣਾ ਸਿੱਖ ਲਈਏ ਤਾਂ ਕੋਈ ਵੀ ਸ਼ੈਤਾਨ ਸਾਡੇ ਨਾਲ ਅਜਿਹਾ ਨਾ ਕਰ ਸਕੇ।
           ਹਰਲਾਜ ਸਿੰਘ ਬਹਾਦਰਪੁਰ   
           ਮੋਬਾਇਲ-94170-23911
                       




©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.