ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਮਾਮਲਾ ਗੁਰੂ ਨਾਨਕ ਜੀ ਦੀ ਤਸਵੀਰ ਨਾਲ ਛੇੜਛਾੜ ਦਾ
ਮਾਮਲਾ ਗੁਰੂ ਨਾਨਕ ਜੀ ਦੀ ਤਸਵੀਰ ਨਾਲ ਛੇੜਛਾੜ ਦਾ
Page Visitors: 2776

ਮਾਮਲਾ ਗੁਰੂ ਨਾਨਕ ਜੀ ਦੀ ਤਸਵੀਰ ਨਾਲ ਛੇੜਛਾੜ ਦਾ
ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾਏ ਜਾਣ ਤੇ ਤੜਫਣ ਵਾਲੇ ਸਿੱਖ ਵੀਰੋ ਕਦੇ ਆਪਣੇ ਵੱਲ ਨਿਗ੍ਹਾ ਮਾਰੀ ਹੈ ਕਿ ਅਸੀਂ ਗੁਰੂਆਂ ਦੇ ਮੁੱਖ ਵਿੱਚ ਕੀ ਕੁੱਝ ਪਾ ਰਹੇ ਹਾਂ ?
ਕਿਸੇ ਸਮਾਜ ਵਿਰੋਧੀ, ਸ਼ਰਾਰਤੀ ਅਨਸਰ, ਗੁਰੂ ਨਿੰਦਕ, ਅਕ੍ਰਿਤਘਣ ਨੇ ਫੇਸਬੁੱਕ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਪਿਤ ਤਸਵੀਰ ਨਾਲ ਛੇੜ ਛਾੜ ਕਰਦਿਆਂ, ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾ ਕੇ ਨਾ ਬਖਸ਼ਣ ਯੋਗ ਗਲਤੀ ਕਰਕੇ ਸਿੱਖ ਕੌਮ ਨੂੰ ਚਿੜਾਇਆ ਹੈ। ਅਜਿਹੇ ਗੁਰ ਨਿੰਦਕ ਵਿਰੁੱਧ ਸਰਕਾਰਾਂ ਅਤੇ ਅਦਾਲਤਾਂ ਤੋਂ ਕਾਰਵਾਈ ਕਰਵਾਉਣ ਦੀ ਆਸ ਰੱਖਣੀ ਮੂਰਖਤਾ ਤੋਂ ਵੱਧ ਕੁੱਝ ਵੀ ਨਹੀਂ ਹੈ, ਇਸ ਲਈ ਅਜਿਹੇ ਦੋਖੀ ਦਾ ਪਤਾ ਲਗਾ ਕੇ ਜਾਗਦੀ ਜਮੀਰ ਵਾਲੇ ਸਿੱਖਾਂ ਵੱਲੋਂ ਬਣਦੀ ਸਜ਼ਾ ਦੇ ਦੇਣੀ ਚਾਹੀਂਦੀ ਹੈ। ਤਾਂ ਕਿ ਅੱਗੇ ਤੋਂ ਕੋਈ ਹੋਰ ਸ਼ਰਾਰਤੀ ਅਨਸਰ ਅਜਿਹੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ। ਪਰ ਦੁੱਖ ਦੀ ਗੱਲ ਹੈ ਗੁਰੂਆਂ ਤੇ ਸਿੱਖੀ ਸਿਧਾਂਤਾਂ ਤੋਂ ਆਪਾ ਕੁਰਬਾਨ ਕਰਨ ਵਾਲੀ ਸਿੱਖ ਕੌਮ (ਜਿਸ ਤੋਂ ਵੱਡੇ ਤੋਂ ਵੱਡੇ ਬਾਹੂਬਲੀ ਹੰਕਾਰੀ ਰਾਜੇ ਵੀ ਭੈ ਖਾਂਦੇ ਸਨ) ਨੂੰ ਸ਼ਰਾਰਤੀ ਅਨਸਰ ਹੀ ਭੈਅ ਮੁਕਤ ਹੋ ਕੇ ਚਿੜਾ ਰਹੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। 
ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਘਟਨਾਵਾਂ ਅਜੋਕੇ ਸਿੱਖਾਂ ਵਿੱਚੋਂ ਖਤਮ ਹੋ ਰਹੇ ਸਿੱਖੀ ਜਜਬੇ ਦੀਆਂ ਸੂਚਕ ਹਨ। ਸਾਡੇ ਵਿੱਚੋਂ ਸਿੱਖੀ ਜਜਬਾ ਕਿਉਂ ਖਤਮ ਹੋ ਗਿਆ, ਸਾਡੇ ਨਾਲ ਅਜਿਹੀਆਂ ਸ਼ਰਾਰਤੀ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ, ਅਤੇ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇਤਨੇ ਬੁਲੰਦ ਕਿਉਂ ਹੋ ਗਏ ਹਨ, ਇਸ ਦਾ ਕੀ ਕਾਰਨ ਹੈ ?
ਮੇਰੀ ਆਪਣੀ ਸਮਝ (ਹੋ ਸਕਦੈ ਮੈਂ ਗਲਤ ਹੋਵਾਂ) ਅਨੁਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਵਜਾਏ ਵਿਕਾਊ ਲੀਡਰਾਂ, ਜਥੇਦਾਰਾਂ, ਸੰਤਾਂ, ਡੇਰੇਦਾਰਾਂ ਪੁਜਾਰੀਆਂ ਦੇ ਗੁਲਾਮ ਬਣ ਚੁੱਕੇ ਹਾਂ। ਫਿਰ ਗੁਰੂ ਤੋਂ ਬੇਮੁੱਖ ਹੋਏ ਸਾਡੇ ਵਰਗੇ ਸਿੱਖਾਂ ਵਿੱਚ ਸਿੱਖੀ ਜ਼ਜ਼ਬਾ ਕਿਵੇਂ ਰਹਿ ਸਕਦਾ ਹੈ । ਜਦੋਂ ਸਿੱਖੀ ਜ਼ਜ਼ਬਾ ਨਾ ਰਿਹਾ ਤਾਂ ਫਿਰ ਸਾਡੇ ਵਰਗੇ ਬੇਗੈਰਤੇ ਸਿੱਖਾਂ ਨਾਲ ਸ਼ਰਾਰਤੀ ਅਨਸਰ ਸ਼ਰਾਰਤਾਂ ਹੀ ਕਰਨਗੇ, ਹੋਰ ਕੀ ਅਜਿਹੇ ਬੇਮੁੱਖਾਂ ਦਾ ਸਤਿਕਾਰ ਹੋਣਾ ਚਾਹੀਂਦਾ ਹੈ ?
 ਆਪਣੇ ਗੁਰੂ ਤੋਂ ਬੇਮੁੱਖ ਹੋਇਆਂ ਨਾਲ ਤਾਂ ਹੋਰ ਵੀ ਭੈੜੀ ਬਣਨੀ ਚਾਹੀਦੀ ਹੈ। ਆਪਣੇ ਗੁਰੂ ਤੋਂ ਮੂੰਹ ਫੇਰਨ ਵਾਲੇ ਬੇਮੁੱਖਾਂ ਲਈ ਗੁਰਬਾਣੀ ਦਾ ਫੁਰਮਾਨ ਹੈ :-
ਸਤਿਗੁਰ ਤੇ ਜੋ ਮੁਹ ਫੇਰੇ ਤੇ ਬੇਮੁਖ ਬੁਰੇ ਦਿਸੰਨ ॥ 
ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥1
.........ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ॥
ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪੰਚਨਿ॥4॥ (ਪੰਨਾ ਨੰ: 233)
ਉਪਰੋਕਤ ਸ਼ਬਦ ਸਾਡੇ ਵਰਗੇ ਅਜੋਕੇ ਸਿੱਖਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਨਜ਼ਰ ਆਉਂਦਾ ਹੈ । ਕਿਉਂਕਿ ਅਸੀਂ ਗੁਰੂ ਕੇ ਸਿੱਖ ਕਹਾਉਣ ਵਾਲਿਆਂ ਨੇ ਸਿੱਖੀ ਸਿਧਾਂਤਾਂ ਦੇ ਉਲਟ ਚੱਲਣ ਨੂੰ ਹੀ ਸਿੱਖੀ ਸਮਝਿਆ ਹੋਇਆ ਹੈ। ਕੀ ਸਿੱਖ ਮੱਤ ਵਿੱਚ ਤਸਵੀਰਾਂ, ਮੂਰਤੀਆਂ ਲਈ ਕੋਈ ਥਾਂ ਹੈ, ਕੀ ਅਸੀਂ ਮੂਰਤੀ ਪੂਜਕ ਹਾਂ ? ਜੇ ਨਹੀਂ ਤਾਂ ਫਿਰ ਅਸੀਂ ਗੁਰੂਆਂ ਦੀਆਂ ਕਲਪਿਤ ਮੂਰਤਾਂ/ਤਸਵੀਰਾਂ ਬਣਾ ਕੇ ਕਿਹੜੇ ਗੁਰ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ
ਜਿੱਥੇ ਅੱਜ ਕਿਸੇ ਗੁਰੁ ਦੋਖੀ ਸ਼ਰਾਰਤੀ ਨੇ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਨਾਲ ਛੇੜਛਾੜ ਕਰਨ ਦਾ ਅਪਰਾਧ ਕੀਤਾ ਹੈ ਕੀ ਉੱਥੇ ਅਸੀਂ ਸਿੱਖੀ ਸਿਧਾਂਤਾਂ ਦੇ ਉਲਟ ਗੁਰੂਆਂ ਦੀਆਂ ਕਲਪਿਤ ਤਸਵੀਰਾਂ ਬਣਾਉਣ ਦਾ ਅਪਰਾਧ ਨਹੀਂ ਕੀਤਾ ਹੋਇਆ? ਜਿੱਥੇ ਅੱਜ ਗੁਰੂਆਂ ਦੀ ਕਲਪਿਤ ਤਸਵੀਰ ਨਾਲ ਛੇੜਛਾੜ ਕਰਨ ਵਾਲਾ ਦੋਸ਼ੀ ਸਖਤ ਤੋਂ ਸਖਤ ਸਜ਼ਾ ਦਾ ਹੱਕਦਾਰ ਹੈ, ਕੀ ਉੱਥੇ ਅਸੀਂ ਵੀ ਗੁਰੂਆਂ ਦੀਆਂ ਕਲਪਿਤ ਤਸਵੀਰਾਂ ਬਣਾਉਣ ਦੇ ਦੋਸ਼ ਵਿੱਚ ਸਖਤ ਤੋਂ ਸਖਤ ਸਜ਼ਾ ਦੇ ਹੱਕਦਾਰ ਨਹੀਂ ਹਾਂ
ਉਸ ਪਾਪੀ ਨੂੰ ਤਾਂ ਸ਼ਾਇਦ ਕੋਈ ਕੀਤੇ ਪਾਪ ਦੀ ਸਜ਼ਾ ਦੇ ਵੀ ਦੇਵੇ, ਪਰ ਸਿੱਖੀ ਸਿਧਾਂਤਾਂ ਦੇ ਉਲਟ ਗੁਰੂਆਂ ਦੀਆਂ ਕਲਪਿਤ ਤਸਵੀਰਾਂ ਬਣਾਉਣ ਵਾਲੀ ਸਮੁੱਚੀ ਸਿੱਖ ਕੌਮ (ਕਿਸੇ ਵਿਰਲੇ ਨੂੰ ਛੱਡ ਕੇ) ਨੂੰ ਕੀਤੇ ਪਾਪ ਦੀ ਸਜ਼ਾ ਕੌਣ ਦੇਵੇਗਾ ? ਜਿਹੜੀ ਸਿੱਖ ਕੌਮ ਦੀ ਅੱਜ ਇੰਨੀ ਮਾੜੀ ਹਾਲਤ ਹੋ ਰਹੀ ਹੈ, ਕਿਤੇ ਸਿੱਖ ਕੌਮ ਅਜਿਹੇ ਕੀਤੇ ਹੋਏ ਪਾਪਾਂ ਦੀ ਸਜ਼ਾ ਹੀ ਤਾਂ ਨਹੀਂ ਭੋਗ ਰਹੀ
ਨਹੀਂ, ਮੇਰੀ ਨਜ਼ਰ ਵਿੱਚ ਤਾਂ ਜਿਸ ਤਰ੍ਹਾਂ ਅਜੋਕੇ ਸਿੱਖ, ਸਿੱਖੀ ਸਿਧਾਂਤਾਂ ਦਾ ਮਲੀਆਮੇਟ ਕਰ ਰਹੇ ਹਨ ਉਸ ਅਨੁਸਾਰ ਤਾਂ ਅਜਿਹੇ ਸਾਡੇ ਵਰਗੇ ਸਿੱਖਾਂ ਦਾ ਤਾਂ ਸਰਵਨਾਸ਼ ਹੋ ਜਾਣਾ ਚਾਹੀਂਦਾ ਹੈ, ਕਿਉਂਕਿ ਸਿੱਖੀ ਵਿਰੋਧੀ ਤਾਕਤਾਂ ਤਾਂ ਵਿਰੋਧੀ ਬਣਕੇ ਹੀ ਸਿੱਖੀ ਉੱਪਰ ਹਮਲੇ ਕਰਦੀਆਂ ਹਨ । ਪਰ ਅਸੀਂ ਤਾਂ ਸਿੱਖੀ ਦੇ ਠੇਕੇਦਾਰ, ਪੈਰੋਕਾਰ ਬਣਕੇ ਸਿੱਖੀ ਵਿਰੋਧੀ ਤਾਕਤਾਂ ਨਾਲੋਂ ਵੀ ਵੱਡੇ ਹਮਲੇ ਸਿੱਖੀ ਉੱਤੇ ਕਰ ਰਹੇ ਹਾਂ। ਅੱਜ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾਏ ਜਾਣ ਤੇ ਅਸੀਂ ਤੜਫ ਰਹੇ ਹਾਂ ਅਤੇ ਸਾਡੇ ਪੱਥਰ ਵਰਗੇ ਹਿਰਦੇ ਵਲੂੰਧਰੇ ਗਏ ਹਨ । ਜਿਸ ਕਾਰਨ ਸਾਡੇ ਸਿੱਖ ਆਗੂ ਇਸ ਘਟਨਾ ਦੇ ਗੰਭੀਰ ਅਤੇ ਸਖਤ ਨੋਟਿਸ ਲੈਂਦਿਆਂ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਸ਼ਰਾਰਤਾਂ ਤੋਂ ਵਾਂਝ ਆ ਜਾਣ ਦੇ ਬਿਆਨਾਂ ਰੂਪੀ ਗੋਲੇ ਦਾਗ ਰਹੇ ਹਨ। ਕੀ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਪੱਥਰ ਹਿਰਦਿਆਂ ਵਾਲਿਆਂ ਨੇ ਗੁਰੂ ਦੇ ਮੁੱਖ ਵਿੱਚ ਸਿਗਰਟ ਤੋਂ ਵੀ ਵੱਧ ਗੰਦ ਪਾਇਆ ਹੋਇਆ ਹੈ।ਗੁਰੂਆਂ ਦੀਆਂ ਕਲਪਿਤ ਤਸਵੀਰਾਂ ਨਾਲ ਛੇੜਛਾੜ ਕਰਨ ਵਾਲੇ, ਸ਼ਰਾਰਤੀ ਅਨਸਰ ਜਾਂ ਸਿੱਖੀ ਵਿਰੋਧੀ ਹੋਰ ਹਰਕਤਾਂ ਕਰਨ ਵਾਲੇ ਸਿੱਖੀ ਦੇ ਦੁਸ਼ਮਣ ਤਾਂ ਸ਼ਾਇਦ ਆਪਣੀ ਕੀਤੀ ਗਲਤੀ ਤੇ ਪਛਤਾਵਾ ਕਰਕੇ ਸਿੱਖ ਕੌਮ ਤੋਂ ਮੁਆਫੀ ਵੀ ਮੰਗ ਲੈਣ, ਅਖਬਾਰਾਂ, ਰਸਾਲਿਆਂ, ਵੈੱਬ ਸਾਇਟਾਂ ਅਤੇ ਪੁਸਤਕਾਂ ਛਾਪਣ ਵਾਲੇ ਵੀ ਮੁਆਫੀ ਮੰਗ ਕੇ ਸਿੱਖ ਵਿਰੋਧੀ ਲਿਖਤਾਂ ਜਾਂ ਤਸਵੀਰਾਂ ਨੂੰ ਹਟਾ ਵੀ ਦਿੰਦੇ ਹਨ । ਪਰ ਅਸੀਂ ਸਿੱਖ ਕਹਾਉਣ ਵਾਲੇ, ਗੁਰੂ ਨਿੰਦਕ ਪੁਸਤਕਾਂ ਨੂੰ ਨਸ਼ਟ ਕਰਨ ਦੀ ਥਾਂ ਅਜਿਹੀਆਂ ਸਿੱਖੀ ਸਿਧਾਂਤ ਵਿਰੋਧੀ ਪੁਸਤਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਮੱਥੇ ਟੇਕਦੇ ਹਾਂ । 
ਸਾਨੂੰ ਕੌਣ ਕਹੇ ਕਿ ਰਾਣੀਏ ਅੱਗਾ ਢੱਕ । ਇੱਥੇ ਮੇਰੀ ਗੱਲ ਦੇ ਉਲਟ ਅਰਥ ਇਹ ਨਾ ਬਣਾ ਲੈਣੇ ਕਿ ਮੈਂ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾਉਣ ਵਾਲੇ ਦੋਸ਼ੀ ਦੇ ਦੋਸ਼ ਨੂੰ ਘੱਟ ਕਰ ਰਿਹਾ ਹਾਂ, ਮੈਂ ਤਾਂ ਅਜਿਹੇ ਦੋਸ਼ੀ ਦੇ ਗੋਲੀ ਮਾਰ ਦੇਣ ਦੇ ਹੱਕ ਵਿੱਚ ਹਾਂ ਤਾਂ ਕਿ ਅੱਗੇ ਤੋਂ ਕੋਈ ਹੋਰ ਅਜਿਹੀ ਗਲਤੀ ਨਾ ਕਰੇ । ਪਰ ਜੋ ਗੰਦ ਅਸੀਂ ਗੁਰੂ ਦੇ ਮੁੱਖ ਵਿੱਚ ਪਾ ਰਹੇ ਹਾਂ ਇਸ ਪਾਪ ਦੀ ਸਾਨੂੰ ਕੀ ਸਜ਼ਾ ਮਿਲੇਗੀ । ਮੇਰੇ ਖਿਆਲ ਮੁਤਾਬਿਕ ਅੱਜ ਅਸੀਂ 95 ਪ੍ਰਤੀਸ਼ਤ ਸਿੱਖੀ ਸਿਧਾਂਤਾਂ ਦੇ ਉਲਟ ਮਨਮੱਤਾਂ, ਕਰਮਕਾਂਡ ਤੇ ਪਾਪ ਕਰ ਰਹੇ ਹਾਂ ।ਇੱਥੇ ਮੈਂ ਵੰਨਗੀ ਮਾਤਰ ਕੁੱਝ ਕੁ ਉਦਹਾਰਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਗੁਰੂਆਂ ਦੇ ਮੁੱਖ ਵਿੱਚ ਕੀ ਕੁੱਝ ਪਾ ਰਹੇ ਹਾਂ । ਗੁਰਬਿਲਾਸ ਪਾਤਸ਼ਾਹੀ ਛੇਵੀਂ ਜੋ ਗੁਰਮਤਿ ਸਿਧਾਂਤਾਂ ਦੇ ਵਿਰੋਧ ਨਾਲ ਭਰੀ ਪਈ ਹੈ, ਉਸ ਵਿੱਚੋਂ ਸਿਰਫ ਇੱਕ ਉਦਹਾਰਣ ਦੇ ਰਿਹਾ ਹਾਂ । ਇਸ ਪੁਸਤਕ ਦੇ ਅਧਿਆਇ 7, ਪੰਨਾ ਨੰਬਰ 190 ਉੱਤੇ ਲਿਖਿਆ ਹੈ ਕਿ ਗੁਰੂ ਨਾਨਕ ਜੀ ਨੇ ਤਿਮਰ (ਤੈਮੂਰ) ਨਾਮ ਦੇ ਭੇਡਾਂ ਦੇ ਆਜੜੀ ਕੋਲੋਂ ਭੰਗ ਮੰਗੀ ਤਾਂ ਉਸ ਆਜੜੀ ਨੇ ਗੁਰੂ ਨਾਨਕ ਨੂੰ ਸੱਤ ਮੁੱਠੀਆਂ ਭੰਗ ਦੀਆਂ ਦੇ ਦਿੱਤੀਆਂ ਤਾਂ ਗੁਰੂ ਨਾਨਕ ਜੀ ਨੇ ਉਸਨੂੰ ਸੱਤ ਪਾਤਸ਼ਾਹੀਆਂ ਦਾ ਰਾਜ ਬਖਸ਼ ਦਿੱਤਾ, ਹੁਣ ਜੇ ਕਿਸੇ ਨੇ ਕੱਲ਼੍ਹ ਨੂੰ ਇਸ ਲਿਖਤ ਦੇ ਅਧਾਰ ਤੇ ਨਾਨਕ ਪਾਤਸ਼ਾਹ ਨੂੰ ਭੰਗ ਪੀਂਦਾ ਵਿਖਾ ਦਿੱਤਾ ਤਾਂ ਸਾਡੇ ਸਿੱਖਾਂ ਦੇ ਪੱਥਰ ਹਿਰਦੇ ਫਿਰ ਵਲੂੰਧਰੇ ਜਾਣਗੇ, ਪਰ ਜਿਸ ਲਿਖਤ ਵਿੱਚ ਗੁਰੂ ਨਾਨਕ ਜੀ ਨੂੰ ਭੰਗ ਮੰਗਦਾ ਵਿਖਾਇਆ ਗਿਆ ਹੈ, ਉਸਦੇ ਸਬੰਧ ਵਿੱਚ ਸਾਡੇ ਹਿਰਦੇ ਸ਼ਾਂਤ ਹਨ, ਕਿਉਂਕਿ ਇਹ ਕਿਤਾਬ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਜੀ ਦੀ ਗੋਲਕ ਦੇ ਪੈਸਿਆਂ ਨਾਲ ਛਾਪੀ ਹੈ, ਸਾਡੇ ਅਕਾਲ ਤਖਤ ਅਤੇ ਤਖਤਾਂ ਦੇ ਜਥੇਦਾਰਾਂ ਨੇ ਇਸ ਗੁਰ ਨਿੰਦਕ ਪੁਸਤਕ ਨੂੰ ਸਲਾਹਿਆ ਹੈ, ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਇਸ ਗ੍ਰੰਥ ਦੀ ਗੁਰਦੁਆਰਿਆਂ ਵਿੱਚ ਮੁੜ ਕਥਾ ਆਰੰਭ ਹੋ ਸਕੇ ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ। ਇਸੇ ਤਰ੍ਹਾਂ ਅਖੌਤੀ ਦਸ਼ਮ ਗੰ੍ਰਥ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਵੀ ਸਿਗਰਟ ਨਾਲੋਂ ਭੈੜਾ ਗੰਦ ਪਾਇਆ ਗਿਆ ਹੈ । ਇਸਤਰੀ ਜਾਤੀ ਦਾ ਅਪਮਾਨ ਕਰਦੇ 400 ਤੋਂ ਵੱਧ ਚਰਿਤ੍ਰ ਇਸ ਵਿੱਚ ਤ੍ਰਿਯਾ ਚਰਿਤ੍ਰਾਂ ਦੇ ਨਾਮ ਹੇਠ ਦਰਜ ਹਨ ਅਤੇ ਹੋਰ ਵੀ ਬਹੁਤ ਕੁੱਝ ਹੈ । ਪਰ ਇਸ ਵਿੱਚੋਂ ਵੀ ਟੂਕ ਮਾਤਰ ਦੋ ਕੁ ਉਦਹਾਰਣਾਂ ਲਿਖ ਰਿਹਾ ਹਾਂ। ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਪੰਨਾ ਨੰਬਰ 838 ਤੋਂ 844 ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕੀਤਾ ਗਿਆ ਹੈ । ਇਸ ਗ੍ਰੰਥ ਦੇ 21ਵੇਂ ਚਰਿਤ੍ਰ ਵਿੱਚ ਗੁਰੂ ਗੋਬਿੰਂਦ ਸਿੰਘ ਜੀ ਨੂੰ ਇੱਕ ਬਦਚਲਣ ਔਰਤ ਕੋਲ ਜਾਂਦਿਆਂ ਵਿਖਾਇਆ ਗਿਆ ਹੈ :-................॥ਭੁਜੰਗ ਛੰਦ ॥ ਚਲਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥ ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ ॥10(ਪੰਨਾ ਨੰਬਰ 838) 
ਅੱਗੇ 22ਵੇਂ ਚਰਿਤ੍ਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਔਰਤ ਦੇ ਘਰ ਜੁੱਤੀ ਛੱਡਕੇ ਭੱਜਦਾ ਵਿਖਾਇਆ ਗਿਆ ਹੈ :- ਦੋਹਰਾ ॥ ਸੁਨਤ ਚੋਰ ਕੇ ਬਚ ਸ੍ਰਵਨ ਉਠਯੋ ਰਾਇ ਡਰ ਧਾਰ ॥ ਭਜਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ ॥1॥ (ਪੰਨਾ ਨੰਬਰ 843)
 ਅੱਗੇ 23ਵੇਂ ਚਰਿਤ੍ਰ ਵਿੱਚ ਉਸ ਬਦਚਲਣ ਔਰਤ ਨੂੰ 20 ਹਜਾਰ ਰੁਪਏ ਛਿਮਾਹੀ ਦਿੰਦਾ ਵਿਖਾਇਆ ਗਿਆ ਹੈ :- ਦੋਹਰਾ ॥ ਛਿਮਹਾ ਕਰਹੁ ਅਬ ਤ੍ਰਿਯਹ ਮੈਂ ਬਹੁਰਿ ਨ ਕਰਿਯਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ ॥12॥ (ਪੰਨਾ ਨੰ: 844)
 ਅੱਗੇ ਪੰਨਾ ਨੰਬਰ 901 ਅਤੇ 902 ਉੱਤੇ 71ਵੇਂ ਚਰਿਤ੍ਰ ਵਿੱਚ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਦੀਆਂ ਪੱਗਾਂ ਲਹਾਉਂਦਿਆਂ ਵਿਖਾਇਆ ਗਿਆ ਹੈ :-...... ॥ਚੌਪਈ॥
ਮੋਲਹਿ ਏਕ ਪਾਗ ਨਹਿ ਪਾਈ ॥ ਤਬ ਮਸਲਤਿ ਹਮ ਜਿਯਹਿ ਬਨਾਈ ॥ 
ਜਾਹਿ ਇਹਾਂ ਮੂਤਤਿ ਲਖਿ ਪਾਵੋ ॥ ਤਾਕੀ ਛੀਨ ਪਗਰਿਯਾ ਲਯਾਵੋ ॥6॥ (ਪੰਨਾ ਨੰਬਰ 901)………॥ਦੋਹਰਾ॥ ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ ॥ ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ॥8॥ ..........(ਪੰਨਾ ਨੰਬਰ 902) ਇਹ ਤਾਂ ਟੂਕ ਮਾਤਰ ਉਦਹਾਰਣਾਂ ਹਨ ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਹੋਰ ਵੀ ਵੱਡੇ ਪੱਧਰ ਤੇ ਅਸ਼ਲੀਲਤਾ ਅਤੇ ਗੁਰਮਤਿ ਵਿਰੋਧੀ ਕਹਾਣੀਆਂ ਹਨ । ਜੋ ਲਿਖਦਿਆਂ ਨੂੰ ਵੀ ਸ਼ਰਮ ਆਉਂਦੀ ਹੈ, ਪਰ ਸਾਡੇ ਅਖੌਤੀ ਜਥੇਦਾਰ ਕਹਿ ਰਹੇ ਹਨ ਕਿ ਇਹ ਲਿਖਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ । ਜੇਕਰ ਕੱਲ੍ਹ ਨੂੰ ਕਿਸੇ ਨੇ ਅਖੌਤੀ ਦਸ਼ਮ ਗ੍ਰੰਥ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅਧਾਰ ਤੇ ਗੁਰੂਆਂ ਦੀਆਂ ਫੋਟੋਆਂ ਜਾਂ ਵੀਡੀਓ ਬਣਾ ਕੇ ਫੇਸ-ਬੁੱਕ ਉੱਪਰ ਪਾ ਦਿੱਤੀਆਂ ਅਤੇ ਨਾਲ ਇੰਨ੍ਹਾਂ ਗੰ੍ਰਥਾਂ ਵਿੱਚੋਂ ਪੰਨੇ ਨੰਬਰ ਲਿਖ ਕੇ ਹਵਾਲੇ ਦੇ ਦਿੱਤੇ ਫਿਰ ਅਸੀਂ ਕੀ ਜਵਾਬ ਦੇਵਾਂਗੇ । ਕਿਉਂਕਿ ਜਿਸ ਗੰਦੇ ਗ੍ਰੰਥ ਰਾਹੀਂ ਇਖਲਾਕ ਹੀਣ ਕਹਾਣੀਆਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਇੰਨਾ ਗੰਦ ਪਾਇਆ ਗਿਆ ਹੈ ਉਸ ਗੰਦੇ ਗ੍ਰੰਥ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਅਸੀਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਹੇ ਹਾਂ ਅਤੇ ਮੱਥੇ ਟੇਕ ਰਹੇ ਹਾਂ । ਗੁਰਮਤਿ ਵਿਰੋਧੀ ਕਰਮਕਾਂਡ ਮੂਰਤੀ ਪੂਜਾ ਦੇ ਅਸੀਂ ਇੰਨੇ ਉਪਾਸਕ ਹੋ ਚੁੱਕੇ ਹਾਂ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰੂਆਂ ਦੇ ਨਾਮ ਤੇ ਬਣਾਈਆਂ ਗਈਆਂ ਕਲਪਿਤ ਤਸਵੀਰਾਂ ਨਾਲ ਛੇੜਛਾੜ ਕਰਨ ਤੇ ਤਾਂ ਅਸੀਂ ਮਰਨ ਮਾਰਨ ਤੇ ਉਤਰ ਆਉਂਦੇ ਹਾਂ, ਪਰ ਗੁਰਮਤਿ ਸਿਧਾਂਤਾਂ ਨੂੰ ਪੈਰਾਂ ਹੇਠ ਲਤਾੜਨ ਸਮੇਂ ਅਸੀਂ ਸਿੱਖੀ ਦੇ ਕਹੇ ਜਾਂਦੇ ਦੁਸ਼ਮਣਾਂ ਨੂੰ ਵੀ ਪਿੱਛੇ ਛੱਡ ਦਿੰਦੇ ਹਾਂ । ਕੀ ਇਹੀ ਸਾਡੀ ਸਿੱਖੀ ਹੈ
ਇਸੇ ਤਰ੍ਹਾਂ  ਪਹਿਲਾਂ ਸਿਰਸੇ ਡੇਰੇ ਦੇ ਸੌਦੇ ਸਾਧ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਦੀ ਨਕਲ ਕਰਕੇ ਸਿੱਖ ਕੌਮ ਨੂੰ ਚਿੜਾਇਆ ਸੀ। ਉਸ ਸ਼ਰਾਰਤ ਦਾ ਵੀ ਸਿੱਖੀ ਰਵਾਇਤ ਅਨੁਸਾਰ ਜਵਾਬ ਦੇਣ ਦੀ ਥਾਂ, ਅਸੀਂ ਵਿਖਾਵੇ ਦਾ ਵਿਰੋਧ ਕਰਕੇ, ਸੜਕਾਂ ਤੇ ਨੰਗੀਆਂ ਤਲਵਾਰਾਂ ਲਹਿਰਾਕੇ, ਜਿੱਥੇ ਸਿੱਖ ਕੌਮ ਦੇ ਸਮੇਂ ਦਾ, ਧਨ ਦਾ ਤੇ ਜਾਨੀ ਨੁਕਸਾਨ ਕਰਵਾਇਆ, ਉੱਥੇ ਸੌਦਾ ਸਾਧ ਨੂੰ ਜੈੱਡ ਸੁਰੱਖਿਆ ਦਿਵਾਉਣ ਵਿੱਚ ਵੀ ਸਹਾਇਤਾ ਕੀਤੀ । ਇੱਥੇ ਵੀ ਮੇਰਾ ਮਤਲਬ ਇਹ ਨਹੀਂ ਹੈ ਕਿ ਸੌਦਾ ਸਾਧ ਦਾ ਵਿਰੋਧ ਨਹੀਂ ਕਰਨਾ ਚਾਹੀਂਦਾ ਸੀ, ਵਿਰੋਧ ਜਰੂਰ ਕਰਨਾ ਸੀ ਪਰ ਉਹ ਵਿਖਾਵੇ ਤੋਂ ਰਹਿਤ ਕਰਨਾ ਸੀ । 
ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪ੍ਰਮਜੀਤ ਸਿੰਘ ਭਿਉਰਾ ਆਦਿ ਸਿੰਘਾਂ ਵਾਂਗ ਕਰਨਾ ਚਾਹੀਂਦਾ ਸੀ । ਜਿਸ ਤਰ੍ਹਾਂ ਇੰਨ੍ਹਾਂ ਸਿੰਘਾਂ ਨੇ ਸ਼ਰਾਰਤੀ ਅਨਸਰਾਂ ਨੂੰ ਸਜ਼ਾਵਾਂ ਦਿੱਤੀਆਂ੍‍ ਇਹੀ ਸਿੱਖੀ ਰਵਾਇਤ ਹੈ। ਸੋਚਣ ਵਾਲੀ ਗੱਲ ਹੈ ਜਿੰਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਇੰਨ੍ਹਾਂ ਸਿੰਘਾਂ ਨੇ ਸਜ਼ਾਵਾਂ ਦਿੱਤੀਆਂ ਹਨ ਜੇਕਰ ਇੰਨ੍ਹਾਂ ਸ਼ਰਾਰਤੀ ਅਨਸਰਾਂ ਵਿਰੁੱਧ ਵਿਖਾਵੇ ਦੇ ਜਲਸੇ, ਜਲੂਸ, ਰੋਸ ਧਰਨੇ ਜਾਂ ਰੋਸ ਮਾਰਚ ਕੱਢੇ
ਜਾਂਦੇ ਤਾਂ ਕੀ ਇੰਨ੍ਹਾਂ ਅਨਸਰਾਂ ਨੂੰ ਸਾਡੀਆਂ ਅਦਾਲਤਾਂ ਜਾਂ ਸਰਕਾਰਾਂ ਸਜ਼ਾਵਾਂ ਦੇ ਦਿੰਦੀਆਂ?
 ਨਹੀਂ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿਰ ਤੇ ਕਫਨ ਬੰਨ੍ਹ ਕੇ ਔਖੇ ਰਸਤਿਆਂ ਤੇ ਚੱਲਣਾ ਪੈਂਦਾ ਹੈ। ਪਰ ਵਿਖਾਵੇ ਦਾ ਵਿਰੋਧ ਕਰਨ ਵਾਲੇ ਸਾਡੇ ਆਗੂ ਏ.ਸੀ. ਗੱਡੀਆਂ ਵਿੱਚ ਚੜ੍ਹ ਕੇ ਸਿਰ ਤੇ ਕਫਨ ਬੰਨਣ ਦੀ ਥਾਂ ਵਿਖਾਵੇ ਦੇ ਵਿਰੋਧ ਦੇ ਸਿਹਰੇ ਬੰਨਣ ਲਈ ਕਾਹਲੇ ਹੁੰਦੇ ਹਨ। ਦੁੱਖ ਦੀ ਗੱਲ ਇਹ ਵੀ ਹੈ ਕਿ ਜਿੰਨਾਂ ਸਿੱਖ ਵਿਰੋਧੀ ਹਰਕਤਾਂ (ਸ਼ਰਾਰਤਾਂ) ਦਾ ਅਸੀਂ ਇੱਕ ਪਾਸੇ ਵਿਰੋਧ ਕਰ ਰਹੇ ਹੁੰਦੇ ਹਾਂ, ਦੂਜੇ ਪਾਸੇ ਉਹੀ ਹਰਕਤਾਂ ਆਪ ਕਰ ਰਹੇ ਹੁੰਦੇ ਹਾਂ । ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਦੀ ਨਕਲ ਕਰਨ ਤੇ ਅਸੀਂ ਸੌਦਾ ਸਾਧ ਦਾ ਵਿਰੋਧ ਕਰਦੇ ਰਹੇ ਤੇ ਅੱਜ ਵੀ ਕਰ ਰਹੇ ਹਾਂ ਦੂਜੇ ਪਾਸੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸੌਦਾ ਸਾਧ ਦੇ ਸਮ ਅਰਥੀ (ਭਾਵ ਕਿ ਚਰਿੱਤਰ ਹੀਣਤਾ ਅਤੇ ਕਤਲ ਕਰਨ ਦੀਆਂ ਜੋ ਕਹਾਣੀਆਂ ਅਖਬਾਰਾਂ ਰਸਾਲਿਆਂ ਵਿੱਚ ਸੌਦਾ ਸਾਧ ਵਾਰੇ ਪੜ੍ਹਣ ਨੂੰ ਮਿਲਦੀਆਂ ਹਨ ਉਹੀ ਕਹਾਣੀਆਂ ਨੂੰ ਅਖੌਤੀ ਦਸ਼ਮ ਗ੍ਰੰਥ ਵਿੱਚ ਪ੍ਰਚਾਰਿਆ ਗਿਆ ਹੈ) ਅਖੌਤੀ ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਰ ਰਹੇ ਹਾਂ । 
ਕੀ ਇਹ ਗੁਰ ਹੁਕਮਾਂ ਦੇ ਉਲਟ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਨਹੀਂ ਕਰ ਰਹੇ? ਸੌਦਾ ਸਾਧ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਦੀ ਨਕਲ ਕੀਤੀ ਸੀ, ਅਸੀਂ ਮੌਜੂਦਾ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰ ਰਹੇ ਹਾਂ । ਕਿਸੇ ਸ਼ਰਾਰਤੀ ਅਨਸਰ ਨੇ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੂੰਹ ਵਿੱਚ ਸਿਗਰਟ ਪਾਈ, ਅਸੀਂ ਗੁਰੂ ਨਾਨਕ ਜੀ ਨੂੰ ਲਿਖਤੀ ਰੂਪ ਵਿੱਚ ਭੰਗ ਖੁਆ ਰਹੇ ਹਾਂ । ਕਿਸੇ ਦਾੜ੍ਹੀ ਕੱਟ ਸ਼ਰਾਰਤੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਨਾਲ ਛੇੜਛਾੜ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਚੇਹਰੇ ਦੀ ਥਾਂ ਆਪਣਾ ਚੇਹਰਾ (ਘਸਾੜ) ਲਗਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕੱਟੀ ਦਾੜ੍ਹੀ ਵਾਲੀ ਕਲਪਿਤ ਤਸਵੀਰ ਬਣਾਈ, ਅਸੀਂ ਲਿਖਤੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਚਲਣ ਔਰਤ ਦੇ ਘਰ ਭੇਜਕੇ, ਫਿਰ ਉੱਥੋਂ ਭੱਜਦਾ ਵਿਖਾ ਕੇ ਅਤੇ ਉਸ ਮਾੜੀ ਔਰਤ ਨੂੰ ਹਜਾਰਾਂ ਰੁਪਏ ਦਿੰਦਾ ਅਤੇ ਲੋਕਾਂ ਦੀਆਂ ਪੱਗਾਂ ਲਹਾਉਂਦਾ ਵਿਖਾ ਕੇ ਸਿਧਾਂਤਕ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਾੜ੍ਹੀ ਕੱਟ ਰਹੇ ਹਾਂ । ਫਿਰ ਕੀ ਅਸੀਂ ਸਿੱਖੀ ਵਿਰੋਧੀ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲੋਂ ਹਜ਼ਾਰਾਂ ਗੁਣਾ ਵੱਡੇ ਦੋਸ਼ੀ ਨਹੀਂ ਹਾਂ ? ਸਾਡੀ ਅਜੋਕੀ ਹਾਲਤ ਵੇਖ ਕੇ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਅਸੀਂ ਇਹ ਪ੍ਰਣ ਕਰ ਲਿਆ ਹੋਵੇ ਕਿ :- ਸਿੱਖੀ ਮਾਰਗ ਤੇ ਚੱਲਣਾ ਨੀ, ਗੁਰਮਤਿ ਸਿਧਾਂਤਾਂ ਨੂੰ ਮੰਨਣਾ ਨੀ । ਗੁਰਮਤਿ ਦੀ ਸੋਝੀ ਆਉਣ ਨੀ ਦੇਣੀ, ਗੁਰਮਤਿ ਵਿਰੋਧੀ ਮੂਰਤੀ ਦੀ ਬੇਅਦਬੀ ਹੋਣ ਨੀ ਦੇਣੀ । ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਦੇ ਮੁੱਖ ਵਿੱਚ ਸਿਗਰਟ ਪਾਏ ਜਾਣ ਤੇ ਤੜਫਨ ਵਾਲੇ ਸਿੱਖ ਵੀਰੋ ਕਦੇ ਆਪਣੇ ਵੱਲ ਨਿਗ੍ਹਾ ਮਾਰੀ ਹੈ ਕਿ ਅਸੀਂ ਗੁਰੂਆਂ ਦੇ ਮੁੱਖ ਵਿੱਚ ਕੀ ਕੁੱਝ ਪਾ ਰਹੇ ਹਾਂ ? ਜਿੱਥੇ ਅੱਜ ਸਿੱਖ ਗੁਰੂਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਹੋ ਰਹੀ ਹੈ, ਉੱਥੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤਾਂ ਨਾਲ ਵੀ ਛੇੜਛਾੜ ਕੀਤੀ ਜਾ ਰਹੀ ਹੈ । ਇਸਦੇ ਪਿੱਛੇ ਸਿੱਖ ਵਿਰੋਧੀ ਸ਼ਕਤੀਆਂ ਦੀ ਸਾਜਿਸ਼ ਵੀ ਹੋ ਸਕਦੀ ਹੈ । ਜੋ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਉਨ੍ਹਾਂ ਦੇ ਖੂਨ ਦੀ ਹੋਲੀ ਖੇਡਣੀ ਚਾਹੁੰਦੀਆਂ ਹੋਣ ਜਾਂ ਸਿੱਖਾਂ ਵਿੱਚ ਪ੍ਰਚੱਲਿਤ ਹੋ ਰਹੀ ਮੂਰਤੀ ਪੂਜਾ ਦੀ ਮਨਮੱਤ ਨੂੰ ਪਰਖਣਾ ਚਾਹੁੰਦੀਆਂ ਹੋਣ ਕਿ ਸਿੱਖਾਂ ਅੰਦਰ ਮੂਰਤੀ ਪੂਜਾ ਕਿਸ ਹੱਦ
ਤੱਕ ਪਹੁੰਚ ਚੁੱਕੀ ਹੈ । ਇਸ ਲਈ ਸਾਨੂੰ ਭੜਕਾਹਟ ਵਿੱਚ ਆਉਣ ਦੀ ਥਾਂ ਸਮਝ ਤੋਂ ਕੰਮ ਲੈਂਦਿਆਂ ਅਜਿਹੀਆਂ ਸਾਜਿਸ਼ਾਂ ਨੂੰ ਅਸਫਲ ਬਣਾ ਦੇਣਾ ਚਾਹੀਂਦਾ ਹੈ ਅਤੇ ਸਾਡੇ ਵਿੱਚ ਆ ਵੜੀ ਮੂਰਤੀ ਪੂਜਾ ਦੀ ਮਨਮੱਤ ਤੋਂ ਛੁਟਕਾਰਾ ਪਾਉਣ ਦੇ ਯਤਨ ਵੀ ਤੇਜ ਕਰ ਦੇਣੇ ਚਾਹੀਂਦੇ ਹਨ । ਬਰਨਾਲਾ ਤੋਂ ਪਹਿਰੇਦਾਰ ਦੇ ਰਿਪੋਟਰ ਵੀਰ ਜਗਸੀਰ ਸਿੰਘ ਸੰਧੂ ਦੀ ਖਬਰ ਵਿੱਚ ਵੀ ਸ਼ੰਕਾ ਜਾਹਿਰ ਕੀਤਾ ਗਿਆ ਸੀ ਕਿ ਲੋਕਾਂ ਦੇ ਧਾਰਮਿਕ ਜਜਬਾਤ ਭੜਕਾ ਕੇ ਸਰਕਾਰ ਫੇਸਬੁੱਕ ਤੇ ਪਾਬੰਦੀ ਤਾਂ ਨਹੀਂ ਲਾਉਣੀ ਚਾਹੁੰਦੀ ? ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਮੈ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਸਿੱਖੋ, ਸਿੱਖੀ ਵਿਰੋਧੀ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਦਾ ਵਿਰੋਧ ਜਰੂਰ ਕਰੋ, ਪਰ ਕਰੋ ਵਿਖਾਵੇ ਤੋਂ ਰਹਿਤ ਅਤੇ ਨਾਲ ਆਪਣੇ ਆਪ ਵੱਲ ਵੀ ਵੇਖੋ ਕਿ ਕਿਤੇ ਅਸੀਂ ਵੀ ਕੁੱਝ ਸਿੱਖੀ ਦੇ ਵਿਰੁੱਧ ਤਾਂ ਨਹੀਂ ਕਰ ਰਹੇ । ਸਿੱਖੀ ਸਿਧਾਂਤਾਂ ਦੇ ਉਲਟ ਸਿੱਖ ਧਰਮ ਵਿੱਚ ਵੜ ਚੁੱਕੀ ਮੂਰਤੀ ਪੂਜਾ ਨੂੰ ਜੜੋਂ ਖਤਮ ਕਰਨ ਲਈ ਗੁਰੂਆਂ ਦੀਆਂ ਤਸਵੀਰਾਂ ਉੱਤੇ ਮੁਕੰਮਲ ਪਾਬੰਦੀ ਲਗਾ ਦਿਓ, ਕਿਸੇ ਨੂੰ ਕਿਸੇ ਵੀ ਰੂਪ ਵਿੱਚ ਗੁਰੂਆਂ, ਭਗਤਾਂ ਦੀਆਂ ਤਸਵੀਰਾਂ ਨਾ ਬਣਾਉਣ ਦਿਓ । 
ਸਿੱਖੀ ਸਿਧਾਂਤਾਂ ਤੇ ਚੋਟ ਕਰਦੀਆਂ ਗੁਰ ਨਿੰਦਕ ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਅਖੌਤੀ ਦਸ਼ਮ ਗ੍ਰੰਥ ਜਿਹੀਆਂ ਪੁਸਤਕਾਂ ਨੂੰ ਨਸ਼ਟ ਕਰ ਦਿਓ । ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨੋ, ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਓ । ਫਿਰ ਹੀ ਅਸੀਂ ਸਿੱਖ ਕਹਾਉਣ ਦੇ ਹੱਕਦਾਰ ਹੋਵਾਂਗੇ । ਫਿਰ ਕਿਸੇ ਸ਼ਰਾਰਤੀ ਅਨਸਰ ਨੇ ਤੁਹਾਡਾ ਮਖੌਲ ਨਹੀਂ ਉਡਾਉਣਾ । ਪਰ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਅਖੌਤੀ ਦਸ਼ਮ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ ਜਾਂ ਅਜਿਹੀਆਂ ਹੋਰ ਪੁਸਤਕਾਂ, ਅਖੌਤੀ ਸਾਧਾਂ, ਸੰਤਾਂ ਅਤੇ ਜਥੇਦਾਰਾਂ ਤੋਂ ਸੇਧ ਲੈਂਦੇ ਰਹੇ ਅਤੇ ਮੂਰਤੀ ਪੂਜਾ ਅਤੇ ਹੋਰ ਕਰਮ ਕਾਂਢ ਕਰਦੇ ਰਹੇ, ਮੁਆਫ ਕਰਨਾ ਫਿਰ ਵੀ ਸ਼ਰਾਰਤੀ ਅਨਸਰ ਤੁਹਾਡਾ ਮਖੌਲ ਜਿਆਦਾ ਚਿਰ ਨਹੀਂ ਉਡਾ ਸਕਣਗੇ, ਕਿਉਂਕਿ ਤੁਸੀਂ ਜਲਦੀ ਖੁਦ ਹੀ ਇੱਕ ਮਖੌਲ ਬਣ ਕੇ ਰਹਿ ਜਾਉਂਗੇ ।
ਹਰਲਾਜ ਸਿੰਘ ਬਹਾਦਰਪੁਰ
ਮੋ : 94170-23911

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.