ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਕੀ ਸੱਚਮੁੱਚ ਹੀ ਸਿੱਖੀ ਨੂੰ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ ?
ਕੀ ਸੱਚਮੁੱਚ ਹੀ ਸਿੱਖੀ ਨੂੰ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ ?
Page Visitors: 3108

ਕੀ ਸੱਚਮੁੱਚ ਹੀ ਸਿੱਖੀ ਨੂੰ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ ?
ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ ?
ਸਿੱਖੀ ਨੂੰ ਗੈਰ ਸਿੱਖਾਂ ਜਾਂ ਵਿਰੋਧੀ ਮੱਤਾਂ ਤੋਂ ਏਨਾ ਖਤਰਾ ਨਹੀਂ ਹੈ, ਜਿੰਨਾ ਖਤਰਾ ਅਖੌਤੀ ਸਿੱਖਾਂ ਅਤੇ ਸਿੱਖੀ ਦੇ ਠੇਕੇਦਾਰ ਤੋਂ ਹੈ ।
ਅੱਜ ਵੀ ਅਤੇ ਅੱਜ ਤੋਂ ਪਹਿਲਾਂ ਵੀ ਇਹ ਚਰਚਾ ਵੱਡੀ ਪੱਧਰ ਤੇ ਛਿੜੀ ਰਹਿੰਦੀ ਹੈ ਕਿ ਸਿੱਖੀ ਨੂੰ ਬਹੁਤ ਖਤਰਾ ਹੈ, ਸਾਨੂੰ ਸਿੱਖੀ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਂਦਾ ਹੈ । ਸਿੱਖੀ ਨੂੰ ਬਚਾਉਂਦੇ-ਬਚਾਉਂਦੇ ਬਹੁਤ ਲੋਕ ਮਰ ਗਏ ਹਨ ਅਤੇ ਬਹੁਤ ਦੇ ਘਰ ਘਾਟ ਬਰਬਾਦ ਹੋ ਗਏ ਹਨ । ਪਰ ਸਿੱਖੀ ਨੂੰ ਖਤਰਾ ਜਿਉਂ ਦੀ ਤਿਉਂ ਬਣਿਆ ਹੋਇਆ ਹੈ । ਇਸ ਲਈ ਅੱਜ ਵੀ ਬਹੁਤ ਸਾਰੇ ਲੀਡਰ, ਡੇਰੇਦਾਰ, ਅਖੌਤੀ ਸੰਤ, ਬ੍ਰਹਮ ਗਿਆਨੀ, ਅਖਬਾਰ, ਰਸਾਲੇ ਆਦਿ ਸਿੱਖੀ ਨੂੰ ਬਚਾਉਣ ਲਈ ਮੈਦਾਨ ਵਿੱਚ ਨਿਤਰੇ ਹੋਏ ਹਨ । ਫਿਰ ਵੀ ਸਿੱਖੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ । ਜਿਸ ਤਰ੍ਹਾਂ ਅੱਜ ਸਿੱਖੀ ਨੂੰ ਖਤਰਾ ਪ੍ਰਚਾਰਿਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਤਾਂ ਇਉਂ ਲੱਗਦਾ ਹੈ ਕਿ ਸਿੱਖੀ ਬਚ ਨਹੀਂ ਸਕੇਗੀ । ਕਿਉਂਕਿ ਸਿੱਖੀ ਨੂੰ ਰਾਧਾ ਸੁਆਮੀਆਂ (ਬਿਆਸ ਵਾਲਿਆਂ) ਤੋਂ ਖਤਰਾ, ਸੱਚੇ ਸੌਦੇ (ਸਿਰਸੇ) ਵਾਲਿਆਂ ਤੋਂ ਖਤਰਾ, ਨਿਰੰਕਾਰੀਆਂ ਤੋਂ ਖਤਰਾ, ਬ੍ਰਾਹਮਣਾਂ (ਆਰ.ਐਸ.ਐਸ.) ਤੋਂ ਖਤਰਾ, ਉਦਾਸੀਆਂ ਤੋਂ ਖਤਰਾ, ਆਸ਼ੂਤੋਸ਼ ਤੋਂ ਖਤਰਾ, ਭਨਿਆਰੇ ਵਾਲੇ ਤੋਂ ਖਤਰਾ, ਨਾਸਤਿਕਾਂ ਤੋਂ ਖਤਰਾ, ਤਰਕਸ਼ੀਲਾਂ ਤੋਂ ਖਤਰਾ, ਟੀ.ਵੀ. ਚੈਨਲਾਂ ਤੋਂ ਖਤਰਾ, ਅਖਬਾਰਾਂ ਤੋਂ ਖਤਰਾ, ਰਸਾਲਿਆਂ ਤੋਂ ਖਤਰਾ ਮੁੱਕਦੀ ਗੱਲ ਕਿ ਸਿੱਖਾਂ ਦੀ ਅੱਜ ਦੀ ਸੋਚ ਅਨੁਸਾਰ ਜਿਸਨੇ ਖੰਡੇ ਦੀ ਪਹੁਲ ਨਹੀਂ ਲਈ ਉਸ ਹਰ ਵਿਅਕਤੀ ਤੋਂ ਸਿੱਖੀ ਨੂੰ ਖਤਰਾ ਹੋਇਆ ਪਿਆ ਹੈ । ਸਿੱਖੀ ਕੀ ਹੈ ? ਸਿੱਖੀ ਗੁਰੂ ਨਾਨਕ ਵੱਲੋਂ ਪ੍ਰਗਟਾਇਆ ਸੱਚ ਹੈ । ਸਿੱਖੀ ਨੂੰ ਸੱਚ ਜਾਂ ਸੱਚ ਨੂੰ ਸਿੱਖੀ ਵੀ ਕਿਹਾ ਜਾ ਸਕਦਾ ਹੈ । ਇੱਥੇ ਦੋ ਸਵਾਲ ਪੈਦਾ ਹੁੰਦੇ ਹਨ ਪਹਿਲਾ ਸਵਾਲ ਇਹ ਹੈ ਕਿ ਕੀ ਸਿੱਖੀ ਨੂੰ ਸੱਚਮੁੱਚ ਹੀ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ ? ਦੂਜਾ ਸਵਾਲ ਇਹ ਕਿ ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ ? ਜੇ ਇਹਨਾਂ ਸਵਾਲਾਂ ਨੂੰ ਖੁੱਲ੍ਹੇ ਦਿਮਾਗ ਨਾਲ ਵਿਚਾਰਿਆ ਜਾਵੇ ਤਾਂ ਹੋਰ ਹੀ ਕਹਾਣੀ ਸਾਹਮਣੇ ਆਉਂਦੀ ਹੈ । ਜੋ ਕਹਾਣੀ ਮੇਰੇ ਸਾਹਮਣੇ ਆਈ ਮੈਂ ਉਸਨੂੰ ਇਸ ਲੇਖ ਵਿੱਚ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਜੇ ਪਹਿਲੇ ਸਵਾਲ ਤੇ ਵਿਚਾਰ ਕਰੀਏ ਕਿ ਸਿੱਖੀ ਨੂੰ ਕਿਸ ਤੋਂ ਖਤਰਾ ਹੈ ਤਾਂ ਸਾਹਮਣੇ ਆਉਂਦਾ ਹੈ ਬ੍ਰਾਹਮਣਵਾਦ । ਮੇਰੇ ਵੱਲੋਂ ਵਰਤਿਆ ਗਿਆ ਲਫ਼ਜ ਬ੍ਰਾਹਮਣਵਾਦ ਸਮੂਹ ਹਿੰਦੂਆਂ ਉਪਰ ਨਹੀਂ ਢੁੱਕਦਾ ਕਿਉਂਕਿ ਅੱਜ ਬਹੁਤ ਸਾਰੇ ਹਿੰਦੂ ਵੀਰ ਅਜੋਕੇ ਕੁਝ ਸਿੱਖਾਂ ਨਾਲੋਂ ਚੰਗੇ ਵੀ ਹਨ, ਬਹੁਤ ਸਾਰੇ ਸਿੱਖ ਬਣ ਚੁੱਕੇ ਹਨ ਅਤੇ ਬਹੁਤ ਸਾਰੇ ਤਰਕਸ਼ੀਲ ਵੀ ਬਣ ਚੁੱਕੇ ਹਨ । ਮੇਰੇ ਵੱਲੋਂ ਲਿਖੇ ਗਏ ਬ੍ਰਾਹਮਣਵਾਦ ਦਾ ਭਾਵ ਰੂੜੀਵਾਦੀ ਲੋਕਾਂ, ਸਮਾਜ ਨੂੰ ਜਾਤਾਂ ਦੇ ਅਧਾਰ ਤੇ ਵੰਡਣ ਵਾਲੇ ਲੋਕਾਂ, ਨਰਕ ਸੁਰਗ ਦੇ ਡਰਾਵੇ ਤੇ ਲਾਲਚ ਦੇ ਕੇ ਦੇਵੀ ਦੇਵਤਿਆਂ ਜਾਂ ਰੱਬ ਦੇ ਨਾਂ ਤੇ ਭੋਲੀ-ਭਾਲੀ ਜਨਤਾ ਨੂੰ ਡਰਾ ਕੇ ਲੁੱਟਣ ਵਾਲੇ ਲੋਕਾਂ ਅਤੇ ਧਰਮ ਦੇ ਨਾਂ ਤੇ ਦੂਜੇ ਧਰਮਾਂ ਵਾਲਿਆਂ ਨੂੰ ਨਫਰਤ ਕਰਨ ਵਾਲੇ ਲੋਕਾਂ ਤੋਂ ਹੈ । ਬ੍ਰਾਹਮਣਵਾਦ ਦਾ ਸਿੱਖ ਮੱਤ ਨਾਲ ਵਿਰੋਧ ਹੋਣਾ ਜਰੂਰੀ ਵੀ ਸੀ, ਕਿਉਂਕਿ ਸਿੱਖ ਮੱਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣਵਾਦ ਵੱਲੋਂ ਪ੍ਰਚਾਰੇ ਜਾਂਦੇ ਕੂੜ ਦਾ ਡੱਟ ਕੇ ਵਿਰੋਧ ਕੀਤਾ ਸੀ, ਬ੍ਰਾਹਮਣਵਾਦ ਵੱਲੋਂ ਦੁਰਕਾਰੇ ਲੋਕਾਂ ਨੂੰ ਗਲੇ ਨਾਲ ਲਾਇਆ ਸੀ ਅਤੇ ਬ੍ਰਾਹਮਣਵਾਦ ਵੱਲੋਂ ਸਮਾਜ ਨੂੰ ਵੰਡਣ ਵਾਲੀਆਂ ਦੀਵਾਰਾਂ ਨੂੰ ਤੋੜਿਆ ਸੀ । ਅੱਜ ਜੇ ਅਸੀਂ ਜਾਂ ਕੋਈ ਕਿਸੇ ਦੀ ਮਾੜੀ ਜਿਹੀ ਵੱਟ ਨੂੰ ਵੀ ਢਾਹ ਦੇਵੇ ਤਾਂ ਉਹ ਮਰਨ ਮਾਰਨ ਤੇ ਉਤਰ ਆਉਂਦਾ ਹੈ । ਜਿਸ ਦੇ ਸਦੀਆਂ ਤੋਂ ਉਸਾਰੇ ਕਿਲੇ ਨੂੰ ਕੋਈ ਢਾਹ ਦੇਵੇ ਫਿਰ ਉਹ ਕਿਵੇਂ ਬਰਦਾਸ਼ਤ ਕਰੇਗਾ ? ਉਸਨੇ ਤਾਂ ਵਿਰੋਧਤਾ ਕਰਨੀ ਹੀ ਹੈ । ਅਜਿਹੇ ਬ੍ਰਾਹਮਣਵਾਦ ਨੇ ਗੁਰੂ ਨਾਨਕ ਦੇ ਸਮੇਂ ਵਿੱਚ ਵੀ ਗੁਰੂ ਨਾਨਕ ਦਾ ਵਿਰੋਧ ਕੀਤਾ ਸੀ ਤੇ ਅੱਜ ਵੀ ਕਰ ਰਿਹਾ ਹੈ । ਅਜੋਕੇ ਸਮੇਂ ਦੇ ਬ੍ਰਾਹਮਣਵਾਦ ਦਾ ਨਵਾਂ ਨਾਂ ਆਰ.ਐਸ.ਐਸ. ਹੈ । ਅੱਜ ਆਰ.ਐਸ.ਐਸ. ਹੀ ਸਿੱਖ ਮੱਤ ਦੀ ਸਭ ਤੋਂ ਵੱਡੀ ਵਿਰੋਧੀ ਮੱਤ ਹੈ ।  ਇਹੀ ਕਾਰਨ ਹੈ ਕਿ ਅੱਜ ਅਸੀਂ ਆਪਣੇ ਵਿਰੋਧੀਆਂ ਤੇ ਦੋਸ਼ ਲਗਾਉਂਦੇ ਹੋਏ ਉਹਨਾਂ ਨੂੰ ਆਰ.ਐਸ.ਐਸ. ਦੀਆਂ ਕਠਪੁਤਲੀਆਂ ਜਾਂ ਏਜੰਟ ਵੀ ਕਹਿ ਦਿੰਦੇ ਹਾਂ । ਵਿਰੋਧੀ ਮਤ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ । ਅਸੀਂ ਵੀ ਆਰ.ਐਸ.ਐਸ. ਦਾ ਵਿਰੋਧ ਕਰਦੇ ਹਾਂ, ਪਰ ਅਸੀਂ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੀ ਮੱਤ ਦੇ ਵਾਰਿਸ ਕਹਾਉਂਦੇ  ਹਾਂ, ਅਸੀਂ ਗੁਰੂ ਨਾਨਕ ਦੀ ਮੱਤ ਤੇ ਕਿੰਨਾ ਕੁ ਪਹਿਰਾ ਦਿੰਦੇ ਹਾਂ, ਜੇ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਅੱਜ ਗੁਰੂ ਨਾਨਕ ਦੀ ਮੱਤ ਦੇ ਠੇਕੇਦਾਰ ਕਹਾਉਣ ਵਾਲੇ ਅਸੀਂ ਗੁਰੂ ਨਾਨਕ ਦੀ ਮੱਤ ਦੇ ਆਰ.ਐਸ.ਐਸ. ਨਾਲੋਂ ਵੀ ਵੱਡੇ ਦੁਸ਼ਮਣ ਹਾਂ । ਉਦਹਾਰਣ ਦੇ ਤੌਰ ਤੇ ਜਿਸ ਭਾੜੇ ਲੈ ਕੇ ਵਿਆਹ ਕਰਨ ਅਤੇ ਜੰਤਰੀਆਂ ਵੇਖ ਕੇ ਚੰਗਾ  ਮੰਦਾ ਸਮਾਂ ਦੱਸਣ ਤੇ ਚੋਟ ਕਰਦਿਆਂ ਗੁਰੂ ਨਾਨਕ ਨੇ ਕਿਹਾ ਸੀ ਕਿ :-
ਲੈ ਭਾੜਿ ਕਰੇ ਵਿਆਹੁ ॥ ਕਢਿ ਕਾਗਲ ਦਸੇ ਰਾਹੁ ॥ (ਪੰਨਾ ਨੰ: 471)
ਅੱਜ ੳੇੁਸੇ ਗੁਰੂ ਦੇ ਸਿੱਖ ਕਹਾਉਣ ਵਾਲੇ ਭਾੜੇ ਲੈ ਕੇ ਅਨੰਦ ਕਾਰਜ ਕਰ ਰਹੇ ਹਨ ਅਤੇ ਲੋਕਾਂ ਨੂੰ ਧਾਗੇ ਤਵੀਤ ਦੇ ਕੇ ਅਤੇ ਜੰਤਰੀਆਂ ਦੇਖ ਕੇ ਲੋਕਾਂ ਨੂੰ ਸ਼ੁਭ ਅਸ਼ੁਭ ਮਹੂਰਤ ਦੱਸ ਰਹੇ ਹਨ । ਇਸਤਰੀ ਜਾਤੀ ਨੂੰ ਨੀਚ ਸਮਝਣ ਵਾਲਿਆਂ ਵਿਰੁੱਧ ਅਵਾਜ ਉੱਚੀ ਕਰਦਿਆਂ ਗੁਰੂ ਨਾਨਕ ਨੇ ਕਿਹਾ ਸੀ ਕਿ
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥(ਪੰਨਾ ਨੰ: 473)
ਪਰ ਅੱਜ ਅਸੀਂ ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਵਾਲੇ ਕੁੜੀਮਾਰ ਬਣ ਚੁੱਕੇ ਹਾਂ । ਘਰ ਵਿੱਚ ਲੜਕੇ ਪੈਦਾ ਹੋਣ ਦੀਆਂ ਅਰਦਾਸਾਂ ਕਰਵਾਉਂਦੇ ਹਾਂ ਤੇ ਕਰਦੇ ਹਾਂ । ਲੜਕੀ ਪੈਦਾ ਹੋਣ ਤੇ ਦੁਖੀ ਅਤੇ ਲੜਕਾ ਪੈਦਾ ਹੋਣ ਤੇ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵੀ ਕਰਵਾਉਂਦੇ ਹਾਂ । ਲੜਕੇ ਦੇ ਵਿਆਹ ਸਮੇਂ ਲੜਕੀ ਵਾਲਿਆਂ ਨੂੰ ਖੂਬ ਲੁੱਟਦੇ ਹਾਂ, ਸਿੱਖੀ ਦਾ ਕੇਂਦਰ ਕਹੇ ਜਾਂਦੇ ਹਰਿਮੰਦਰ ਸਾਹਿਬ ਵਿੱਚ ਅੱਜ ਵੀ ਇਸਤਰੀ ਨੂੰ ਕੀਰਤਨ ਨਹੀਂ ਕਰਨ ਦਿੰਦੇ, ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਵੀ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਹੀਂ ਹੋਣ ਦਿੰਦੇ । ਗੁਰੂ ਸਾਹਿਬ ਨੇ ਕਿਹਾ ਸੀ ਕਿ
ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ ॥ (ਪੰਨਾ ਨੰ: 332) ਅਤੇ
ਦੁਧਿਧਾ ਨਾ ਪੜਉ ਹਰਿ ਬਿਨੁ ਹੋਰ ਨਾ ਪੂਜਊ ਮੜੇ ਮਸਾਣ ਨਾ ਜਾਈ ॥ (ਪੰਨਾ ਨੰ: 634)
ਪਰ ਅੱਜ ਅਸੀਂ ਸਰਾਧਾਂ ਦੇ ਦਿਨਾਂ ਵਿੱਚ ਸ਼ਰੇਆਮ ਪੁੰਨ ਦਾਨ ਕਰਦੇ ਹਾਂ, ਗੁਰੂ ਘਰਾਂ ਵਿੱਚ ਜੰਡਾਂ, ਕਰੀਰਾਂ, ਕਬਰਾਂ, ਮੜੀਆਂ, ਸਮਾਧਾਂ ਦੀ ਪੂਜਾ ਕਰਦੇ ਹਾਂ ।
ਤੀਰਥ ਨਾਇ ਨ ਉਤਰਸ ਮੈਲ ॥ (ਪੰਨਾ ਨੰ: 890)
ਦੇ ਉਲਟ ਤੀਰਥਾਂ ਤੇ ਇਸ਼ਨਾਨ ਕਰਦੇ ਹਾਂ ।
ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਭਰਿਅਹਿ ਸਾਥ ॥ (ਪੰਨਾ ਨੰ: 467)
 ਦੇ ਉਲਟ ਇੱਕੋ ਥਾਂ ਇੱਕੋ ਸਮੇਂ 51-51 ਜਾਂ 100-100 ਪਾਠ ਪ੍ਰਕਾਸ਼ ਕਰਕੇ ਗੁਰਮਤਿ ਦੀਆਂ ਧੱਜੀਆਂ ਉਡਾਉਂਦੇ ਹਾਂ । ਭਾੜੇ ਦੇ ਪਾਠ ਕਰਕੇ ਡਾਕ ਰਾਹੀਂ ਹੁਕਮਨਾਮੇ ਭੇਜਦੇ ਹਾਂ ਮਹਿੰਗੇ ਭਾਅ ਦੇ ਸੰਪਟ ਪਾਠ ਕਰਕੇ ਲੋਕਾਂ ਦੀ ਲੁੱਟ ਕਰਦੇ ਹਾਂ । ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਅਪਮਾਨ ਕਰਦੇ ਹਾਂ । ਗੰਗਾ (ਹਰਿਦੁਆਰ) ਦੀ ਨਕਲ ਤੇ ਕੀਰਤਪੁਰ ਵਿਖੇ ਮਰੇ ਪ੍ਰਾਣੀਆਂ ਦੇ ਫੁੱਲ ਚੁਗ ਕੇ ਪਾਉਂਦੇ ਹਾਂ । ਸ਼ਰਾਬਾਂ ਪੀਂਦੇ ਹਾਂ, ਕੇਸ ਕਟਵਾਉਂਦੇ ਹਾਂ ਆਪਣੇ ਨਾਵਾਂ ਨਾਲ ਜਾਤ, ਗੋਤ ਲਗਾਉਂਦੇ ਹਾਂ । ਸਿੱਖ ਮੱਤ ਦੇ ਉਲਟ ਉਹ ਕਿਹੜਾ ਕਰਮ ਹੈ ਜੋ ਅਸੀਂ ਕਰਦੇ ਨਾ ਹੋਈਏ । ਕੀ ਗੁਰਮਤਿ ਦੇ ਵਿਰੁੱਧ ਅਜਿਹਾ ਕੁੱਝ ਸਾਡੇ ਤੋਂ ਧੱਕੇ ਨਾਲ ਆਰ.ਐਸ.ਐਸ. ਵਾਲੇ, ਬਿਆਸ ਵਾਲੇ, ਸਿਰਸੇ ਵਾਲੇ, ਨਿਰੰਕਾਰੀਏ, ਆਸ਼ੂਤੋਸ਼ੀਏ, ਭਨਿਆਰੀਏ, ਉਦਾਸੀਏ, ਸੰਧੂ ਆਸ਼ਰਮ ਵਾਲੇ, ਨਾਸਤਕ, ਤਰਕਸ਼ੀਲ, ਅਖਬਾਰ, ਰਸਾਲੇ ਜਾਂ ਟੀ.ਵੀ. ਚੈਨਲ ਵਾਲੇ ਕਰਵਾਉਂਦੇ ਹਨ ? ਬਿਲਕੁਲ ਵੀ ਨਹੀਂ । ਇੱਕ ਪਾਸੇ ਜੇ ਸਿਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਪੂਰੀ ਸਿੱਖ ਕੌਮ ਮਰਨ ਮਾਰਨ ਤੇ ਉਤਰ ਆਈ, ਦੁਜੇ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਇੱਕ ਅਸ਼ਲੀਲ ਕਵਿਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ ।
ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਨਾਨਕ ਦੀ ਮੱਤ ਤੇ ਸਿਰਫ ਕਬਜ਼ਾ ਹੀ ਕੀਤਾ ਹੋਇਆ ਹੈ, ਗੁਰੂ ਨਾਨਕ ਦੀ ਮੱਤ ਨੂੰ ਮੰਨਣ ਬਾਰੇ ਕਦੇ ਸੋਚਿਆ ਵੀ ਨਹੀਂ, ਜਿੰਨ੍ਹਾਂ ਗੁਰੂ ਨਾਨਕ ਦੀ ਮੱਤ ਨੂੰ ਮੰਨ ਲਿਆ ਉਨ੍ਹਾਂ ਤਾਂ ਬ੍ਰਾਹਮਣਾਂ ਨੇ ਵੀ ਆਪਣੇ ਤਨ ਆਰੇ ਨਾਲ ਚਿਰਵਾ ਲਏ, ਅੱਗਾਂ ਵਿੱਚ ਜਿਊਂਦੇ ਜੀਅ ਸੜਨਾ ਮਨਜੂਰ ਕਰ ਲਿਆ, ਗੁਰੂ ਕੇ ਸਿੱਖਾਂ ਨੇ ਖੋਪੜੀਆਂ ਲੁਹਾ ਲਈਆਂ, ਬੰਦ ਬੰਦ ਕਟਵਾ ਲਏ, ਚਰਖੜੀਆਂ ਤੇ ਚੜ੍ਹ ਗਏ, ਨੀਹਾਂ  ਵਿੱਚ ਚਿਣੇ ਗਏ, ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਟੁਕੜਿਆਂ ਦੇ ਹਾਰ ਗਲਾਂ ਵਿੱਚ ਪਵਾ ਲਏ, ਮੁਕਦੀ ਗੱਲ ਕਿ ਉਹ ਕਿਹੜਾ ਤਸੀਹਾ ਹੈ, ਜਿਹੜਾਂ ਸਿੱਖਾਂ ਨੇ ਜਰਿਆ ਨਾ ਹੋਵੇ, ਪਰ ਕੋਈ ਵੀ ਤਸੀਹਾ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਨਹੀਂ ਸਕਿਆ ।    
 ਅਜੋਕੇ ਸਿੱਖਾਂ ਨੂੰ ਭਈਏ ਜੋ ਮਜਦੂਰੀ ਕਰਨ ਆਉਂਦੇ ਹਨ ਉਹੀ ਸਿੱਖੀ ਨਾਲੋਂ ਤੋੜ ਦਿੰਦੇ ਹਨ, ਕਿਸੇ ਤਸੀਹੇ ਦੀ ਤਾਂ ਲੋੜ ਹੀ ਨਹੀਂ । ਅੱਜ ਵੇਖਣ ਵਿੱਚ ਆ ਰਹੇ ਸਿੱਖਾਂ ਵਿਚੋਂ ਕਿਸੇ ਵਿਰਲੇ ਨੂੰ ਛੱਡ ਕੇ ਕੋਈ ਵੀ ਨਾਨਕ ਦਾ ਸਿੱਖ ਨਹੀਂ ਦਿਸਦਾ । ਕੋਈ ਬਾਦਲ ਧੜੇ ਦਾ ਸਿੱਖ, ਕੋਈ ਟੌਹੜੇ ਧੜੇ ਦਾ ਸਿੱਖ, ਕੋਈ ਟਕਸਾਲ ਦਾ ਸਿੱਖ, ਕੋਈ ਜਥੇ ਦਾ ਸਿੱਖ, ਕੋਈ ਨਾਨਕਸਰੀਆਂ ਦਾ ਸਿੱਖ, ਕੋਈ ਰਾੜੇ ਵਾਲਿਆਂ ਦਾ ਸਿੱਖ ਕੋਈ ਕਿਸੇ ਡੇਰੇ ਦਾ ਸਿੱਖ, ਕੋਈ ਕਿਸੇ ਸੰਤ ਦਾ ਸਿੱਖ ਬਣਿਆ ਹੋਇਆ ਹੈ । ਪਰ ਗੁਰੂ ਨਾਨਕ ਦਾ ਸਿੱਖ ਕੋਈ ਨਹੀਂ ਬਣਿਆ ।
  ਅਸੀਂ ਆਪ ਤਾਂ ਗੁਰਬਾਣੀ ਨੂੰ ਪੜ੍ਹ ਸੁਣ ਕੇ ਮਨ ਵਿੱਚ ਵਸਾਉਣਾ ਨਹੀਂ, ਪਰ ਗੈਰ ਸਿੱਖ ਮੱਤ ਵਾਲਿਆਂ ਉਤੇ ਇਹ ਦੋਸ਼ ਜਰੂਰ ਲਗਾ ਦਿੰਦੇ ਹਾਂ ਕਿ ਫਲਾਨੀ ਮੱਤ ਵਾਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦੇ ਸ਼ਬਦ ਚੋਰੀ ਕਰਕੇ ਉਹਨਾਂ ਸ਼ਬਦਾਂ ਦੇ ਆਸਰੇ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ । ਇੱਥੇ ਵੀ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਮੱਤਾਂ ਦੇ ਡੇਰੇਦਾਰ ਤਾਂ ਗੁਰਬਾਣੀ ਦੇ ਕੁੱਝ ਸ਼ਬਦਾਂ ਨੂੰ ਚੁਰਾ ਕੇ ਉਹਨਾਂ ਰਾਹੀਂ ਹੀ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਨ, ਪਰ ਅਸੀਂ ਗੁਰਬਾਣੀ ਦੇ ਮਾਲਕ ਕਹਾਉਣ ਵਾਲੇ ਨਾ ਤਾਂ ਆਪ ਬਾਣੀ ਨਾਲ ਜੁੜ ਸਕੇ ਹਾਂ ਤੇ ਨਾ ਹੀ ਕਿਸੇ ਹੋਰ ਨੂੰ ਜੋੜ ਸਕੇ ਹਾਂ । ਗੁਰਵਾਕ ਹੈ :-
ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨ ਮੁਠੇ ਅਹੰਕਾਰ ॥ (ਪੰਨਾ ਨੰ: 34)
ਇਸ ਵਿੱਚ ਦੋਸ਼ ਕਿਸੇ ਦਾ ਨਹੀਂ ਅਸੀਂ ਖੁਦ ਹੀ ਦੋਸ਼ੀ ਹਾਂ ਜੋ ਸਿੱਖ ਕਹਾਉਂਦੇ ਹੋਏ ਅਤੇ ਸਿੱਖ ਦਿਸਦੇ ਹੋਏ ਵੀ ਸਿੱਖ ਨਹੀਂ ਹਾਂ । ਅਸੀਂ ਖੁਦ ਨੇ ਹੀ ਸੱਚ ਨੂੰ ਨਹੀਂ ਪਛਾਣਿਆ । ਇਸ ਲਈ ਪਹਿਲੇ ਸਵਾਲ ਤੇ ਵਿਚਾਰ ਕੀਤਿਆਂ ਸਿੱਧ ਹੁੰਦਾ ਹੈ ਕਿ ਸਿੱਖੀ ਨੂੰ ਗੈਰ ਸਿੱਖਾਂ ਜਾਂ ਵਿਰੋਧੀ ਮੱਤਾਂ ਤੋਂ ਏਨਾ ਖਤਰਾ ਨਹੀਂ ਹੈ, ਜਿੰਨਾ ਖਤਰਾ ਅਖੌਤੀ ਸਿੱਖਾਂ ਅਤੇ ਸਿੱਖੀ ਦੇ ਠੇਕੇਦਾਰ ਤੋਂ ਹੈ । ਦੂਜਾ ਸਵਾਲ ਹੈ ਕਿ ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ ? ਸਿੱਖੀ ਸੱਚ ਹੈ । ਕੀ ਸੱਚ ਵੀ ਮਰ ਸਕਦਾ ਹੈ ? ਨਹੀਂ, ਸੱਚ ਕਦੇ ਵੀ ਨਹੀਂ ਮਰੇਗਾ ਅਤੇ ਅਸੀਂ ਸੱਚ ਨੂੰ ਬਚਾ ਵੀ ਨਹੀਂ ਸਕਦੇ, ਸਗੋਂ ਸੱਚ ਸਾਨੂੰ ਬਚਾਵੇਗਾ ।
ਸਚੁ ਸੇਵੀ ਸਚੁ ਮਨੁ ਵਸੈ ਸਚੁ ਸਚਾ ਹਰਿ ਰਖਵਾਲੇ ॥ (ਪੰਨਾ ਨੰ: 311)
ਕਿਉਂਕਿ ਅਸੀਂ ਝੂਠ ਹਾਂ, ਨਾਸ਼ਵੰਤ ਹਾਂ । ਸਿੱਖੀ ਸੱਚ ਹੈ, ਸੱਚ ਅਭਿਨਾਸ਼ੀ ਹੈ । ਸੱਚ ਨੂੰ ਸਾਡੀ ਲੋੜ ਨਹੀਂ ਸਾਨੂੰ ਸੱਚ ਦੀ ਲੋੜ ਹੈ । ਸੱਚ ਦੇ ਮਾਰਗ ਤੇ ਚੱਲ ਕੇ ਅਸੀਂ ਵੀ ਸਲਾਹੁਣ ਯੋਗ ਬਣ ਸਕਦੇ ਹਾਂ । ਗੁਰਫੁਰਮਾਨ ਹੈ :-
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ (ਪੰਨਾ ਨੰ:136)
ਸਾਡੇ ਸੱਚੇ ਬਣਨ ਨਾਲ ਸੱਚ ਉੱਚਾ ਨਹੀਂ ਹੁੰਦਾ, ਸੱਚ ਨਾਲ ਜੁੜ ਕੇ ਅਸੀਂ ਉੱਚੇ ਬਣ ਜਾਂਦੇ ਹਾਂ ।
ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚੁ ਨਾਲੇ ॥
ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ
॥ (ਪੰਨਾ ਨੰ: 311)
  ਪਰ ਸਿੱਖੀ ਸੱਚ ਨੂੰ ਸਮਝੇ ਬਗੈਰ ਅਸੀਂ ਭਰਮ ਦਾ ਸ਼ਿਕਾਰ ਹੋ ਚੁੱਕੇ ਹਾਂ ਕਿ ਅਸੀਂ ਸਿੱਖੀ ਨੂੰ ਬਚਾਵਾਂਗੇ । ਇਸ ਭਰਮ ਨੇ ਸਾਨੂੰ ਅਜਿਹੇ ਚੱਕਰਾਂ ਵਿੱਚ ਪਾਇਆ ਹੈ ਕਿ ਅਸੀਂ ਝੂਠਿਆਂ ਮਨਮੁੱਖਾਂ ਅਤੇ ਬੇਤਾਲਿਆਂ ਨੇ ਸੱਚ ਨੂੰ ਬਚਾਉਣ ਦਾ ਠੇਕਾ ਲੈ ਕੇ ਦੁਨੀਆਂ ਮਰਵਾ ਦਿੱਤੀ ਅਤੇ ਸੱਚ ਦੇ ਵਿਰੋਧੀਆਂ ਦੀ ਕਤਾਰ ਹੋਰ ਲੰਮੀ ਕਰ ਦਿੱਤੀ ਹੈ । ਉਦਹਾਰਣ ਵੱਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਨੂੰ ਬਚਾਉਣ ਅਤੇ ਸਿੱਖੀ ਦੇ ਪ੍ਰਚਾਰ ਲਈ ਹੋਂਦ ਵਿੱਚ ਆਈ ਸੀ, ਪਰ ਅੱਜ ਸਭ ਤੋਂ ਵੱਧ ਸ਼੍ਰੋ:ਗੁ:ਪ੍ਰ: ਕਮੇਟੀ ਹੀ ਸਿੱਖੀ ਦਾ ਘਾਣ ਕਰ ਰਹੀ ਹੈ । ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਵਿੱਚ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਅਤੇ ਸਿੱਖੀ ਨੂੰ ਬਚਾਉਣ ਦੀ ਗੱਲ ਕੀਤੀ । ਅਸੀਂ ਪੰਥ ਦੇ ਨਾਂ ਤੇ ਬਾਦਲ ਨੂੰ ਏਨਾ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਬਾਦਲ ਨੂੰ ਅਸੀਂ ਸਿੱਖੀ ਦਾ ਨੰ: ਇੱਕ ਦੁਸ਼ਮਣ ਹੋਣ ਦੇ ਬਾਵਜੂਦ ਵੀ ਬਦਲ ਨਹੀਂ ਸਕਦੇ । ਸ੍ਰ: ਬਾਦਲ ਨੇ ਸਿੱਖੀ ਵਿਰੁੱਧ ਕੀ ਨਹੀਂ ਕੀਤਾ ? ਬਾਦਲ ਦੀਆਂ ਸਿੱਖ ਵਿਰੋਧੀ ਨੀਤੀਆਂ ਦਾ ਪਤਾ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਉਸਨੂੰ ਰੋਕਣ ਟੋਕਣ ਤੋਂ ਅਸੱਮਰਥ ਹਾਂ ।
  ਹੋਰ ਅਨੇਕਾਂ ਡੇਰੇਦਾਰ, ਅਖੌਤੀ ਸੰਤ, ਸਾਧ, ਜਥੇਦਾਰ ਸਿੱਖੀ ਨੂੰ ਬਚਾਉਣ ਲਈ ਹੋਂਦ ਵਿੱਚ ਆਏ ਅਤੇ ਅੱਜ ਸਿੱਖੀ ਦਾ ਮਖੌਲ ਉਡਾ ਰਹੇ ਹਨ, ਜਿੰਨ੍ਹਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ । ਕਿਉਂਕਿ ਇਹਨਾਂ ਨੂੰ ਮਜਬੂਤ ਅਸੀਂ ਹੀ ਬਣਾਇਆ ਹੁੰਦਾ ਹੈ । ਸਿੱਖੀ ਨੂੰ ਬਚਾਉਣ ਦਾ ਨਾਅਰਾ ਦੇਣ ਵਾਲੇ ਠੇਕੇਦਾਰ ਸਾਡੇ ਮੋਢਿਆਂ ਰਾਹੀਂ ਟੀਸੀ ਉਤੇ ਪਹੁੰਚ ਕੇ ਜਦ ਸਾਡੇ ਲੱਤ ਮਾਰਦੇ ਹਨ, ਫਿਰ ਸਾਡੀਆਂ ਅੱਖਾਂ ਖੁੱਲਦੀਆਂ ਹਨ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ । ਸ਼ਿਕਾਰੀ ਕਿਸਮ ਦੇ ਲੋਕਾਂ ਨੂੰ ਸਾਡੀ ਕਮਜੋਰੀ ਦਾ ਪਤਾ ਲੱਗ ਚੁੱਕਾ ਹੈ, ਉਹ ਸਾਡੀ ਕਮਜੋਰੀ ਦਾ ਫਾਇਦਾ ਉਠਾ ਰਹੇ ਹਨ, ਪਰ ਅਸੀਂ ਆਪਣੀ ਕਮਜੋਰੀ ਨੂੰ ਦੂਰ ਕਰਨ ਦੀ ਬਜਾਇ ਇਸ ਦੇ ਆਦੀ ਬਣ ਚੁੱਕੇ ਹਾਂ ।
  ਜਿਸ ਕਾਰਣ ਹਰ ਕੋਈ ਸਿੱਖੀ ਨੂੰ ਬਚਾਉਣ ਦਾ ਨਾਅਰਾ ਦੇ ਕੇ ਸਾਡੇ ਮੋਢਿਆਂ ਨੂੰ ਪੌੜੀਆਂ ਦੀ ਥਾਂ ਵਰਤ ਕੇ ਟੀਸੀ ਉਤੇ ਚੜ੍ਹ ਜਾਂਦਾ ਹੈ ਤੇ ਅਸੀਂ ਪਿੱਛੋਂ ਪਛਤਾਉਂਦੇ ਹੀ ਰਹਿ ਜਾਂਦੇ ਹਾਂ । ਕੁੱਝ ਸਮੇਂ ਬਾਅਦ ਕੋਈ ਹੋਰ ਨਵਾਂ ਸ਼ਿਕਾਰੀ ਆ ਜਾਂਦਾ ਹੈ ਤੇ ਅਸੀਂ ਪਿਛਲਾ ਸਭ ਕੁਝ ਭੁੱਲ ਕੇ ਉਸਨੂੰ ਫਿਰ ਮੋਢਿਆਂ ਤੇ ਚੁੱਕ ਲੈਂਦੇ ਹਾਂ ਕਿ ਹੁਣ ਇਹੀ ਸਿੱਖੀ ਨੂੰ ਬਚਾਏਗਾ, ਪਰ ਬਾਅਦ ਵਿੱਚ ਨਤੀਜਾ ਉਹੀ ਪਹਿਲਾਂ ਵਾਲਾ ਹੀ ਨਿਕਲਦਾ ਹੈ ।
  ਇਸਦਾ ਹੱਲ ਕੀ ਹੋਵੇ ? ਇਸਦਾ ਹੱਲ ਇਹੀ ਹੈ ਕਿ ਅਸੀਂ ਸੱਚ ਨੂੰ ਬਚਾਉਣ ਲਈ ਚੁੱਕੀ ਹੋਈ ਝੂਠ ਦੀ ਡਾਂਗ ਨੂੰ ਸੁੱਟ ਦੇਈਏ ਅਤੇ ਸੱਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਸੱਚ ਸਾਨੂੰ ਖੱਜਲ ਖੁਆਰ ਹੋਣ ਤੋਂ ਬਚਾ ਲਵੇਗਾ । ਅੱਜ ਸੱਚ (ਸਿੱਖੀ) ਨੂੰ ਬਚਾਉਣ ਜਾਂ ਸਿੱਖੀ ਦੇ ਪ੍ਰਚਾਰ ਦੀ ਥਾਂ ਸਾਨੂੰ ਖੁਦ ਨੂੰ ਬਚਾਉਣ ਲਈ ਸੱਚੇ ਸਿੱਖ ਬਣਨਾ ਚਾਹੀਦਾ ਹੈ । ਕਿਉਂਕਿ ਸਿੱਖੀ ਨੂੰ ਬਚਾਉਣ ਲਈ ਸਾਡੇ ਵੱਲੋਂ ਕੀਤੇ ਗਏ ਯਤਨ ਹੁਣ ਤੱਕ ਹਾਨੀਕਾਰਕ ਹੀ ਸਿੱਧ ਹੋਏ ਹਨ । ਕਦੇ ਸਮਾਂ ਹੁੰਦਾ ਸੀ ਜਦੋਂ ਸਿੱਖਾਂ ਨੂੰ ਖਤਮ ਕਰਨ ਆਏ ਦੁਸ਼ਮਣ ਵੀ ਸਿੱਖਾਂ ਦੀ ਤਾਰੀਫ ਕਰਦੇ ਹੁੰਦੇ ਸਨ । ਉਸ ਸਮੇਂ ਸਿੱਖੀ ਦੇ ਪ੍ਰਚਾਰਕ ਕਿੰਨੇ ਕੁ ਸਨ ?
  ਉਸ ਸਮੇਂ ਸਿੱਖੀ ਦੇ ਪ੍ਰਚਾਰਕਾਂ ਦੀ ਥਾਂ ਸਿੱਖੀ ਨੂੰ ਕਮਾਉਣ ਵਾਲੇ ਸਨ, ਸਿੱਖੀ ਅਨੁਸਾਰ ਜੀਵਨ ਜਿਉਣ ਵਾਲੇ ਸਚਿਆਰੇ ਸਿੱਖ ਸਨ । ਤਾਂ ਹੀ ਤਾਂ ਉਸ ਸਮੇਂ ਭਾਵੇਂ ਜਾਲਮਾਂ ਨੇ ਸਿੱਖੀ ਨੂੰ ਮੁਕਾਉਣ ਦੀਆਂ ਕਸਮਾਂ ਖਾਧੀਆਂ ਹੋਈਆਂ ਸਨ, ਪਰ ਫਿਰ ਵੀ ਸਿੱਖੀ ਚਮਕਦੀ ਸੀ । ਬਾਬਰ, ਔਰੰਗਜੇਬ, ਹਿੰਦੂ ਪਹਾੜੀ ਰਾਜੇ ਅਤੇ ਮੀਰ ਮੰਨੂੰ ਵਰਗੇ ਜਾਬਰ ਵੀ ਸਿੱਖੀ ਦਾ ਵਾਲ ਵਿੰਗਾ ਨਹੀਂ ਸੀ ਕਰ ਸਕੇ । ਉਸ ਸਮੇਂ ਸਿੱਖਾਂ ਦਾ ਆਪਣਾ ਕੋਈ ਦੇਸ਼ ਜਾਂ ਸੂਬਾ ਵੀ ਨਹੀਂ ਸੀ । ਸਿੱਖਾਂ ਦੀ ਗੱਲ ਸੁਨਣ ਲਈ ਕੋਈ ਅਦਾਲਤ ਜਾਂ ਯੂ.ਐਨ.ਓ. ਵੀ ਨਹੀਂ ਸੀ, ਪਰ ਉਸ ਸਮੇਂ ਸਿੱਖਾਂ ਦਾ ਮਜਲੂਮਾਂ ਦੇ ਦਿਲਾਂ ਉਤੇ ਰਾਜ ਕਾਇਮ ਸੀ ਅਤੇ ਜਾਲਮਾਂ ਦੇ ਦਿਲਾਂ ਉਤੇ ਸਿੱਖਾਂ ਦੀ ਧਾਕ ਜਮੀ ਹੋਈ ਸੀ । ਅੱਜ ਅਸੀਂ ਕਿੱਥੇ ਖੜ੍ਹੇ ਹਾਂ ?
ਅੱਜ ਅਸੀਂ ਆਪ ਸਿੱਖ ਬਣੇ ਤੋਂ ਬਗੈਰ ਹੀ ਸਿੱਖੀ ਨੂੰ ਸਰਵੋਤਮ ਬਣਾਉਣ ਲੱਗੇ ਹੋਏ ਹਾਂ । ਜਿਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡੀ ਬਦੌਲਤ ਅੱਜ ਸਿੱਖੀ ਵੀ ਬਦਨਾਮ ਹੋ ਰਹੀ ਹੈ । ਸੱਚ ਕਦੇ ਵੀ ਖਤਮ ਨਹੀਂ ਹੁੰਦਾ । ਇਸ ਧਰਤੀ ਉਤੇ ਬਹੁਤ ਵਾਰ ਜੁਲਮ (ਝੂਠ) ਵਧਿਆ ਹੈ ਪਰ ਹਰ ਸਮੇਂ ਕਿਸੇ ਨਾ ਕਿਸੇ ਰਾਹੀਂ ਪ੍ਰਗਟ ਹੋ ਕੇ ਸੱਚ ਨੇ ਜਾਲਮ ਨੂੰ ਲਲਕਾਰਿਆ ਹੈ । ਇਹ ਸੱਚ ਕਦੇ ਕਬੀਰ,  ਕਦੇ ਰਵੀਦਾਸ, ਕਦੇ ਗੁਰੂ ਨਾਨਕ ਵਰਗੇ ਇਨਸਾਨਾਂ ਰਾਹੀਂ ਪ੍ਰਗਟ ਹੁੰਦਾ ਰਿਹਾ ਹੈ । ਗੁਰੂ ਨਾਨਕ ਦੇ ਪੈਰੋਕਾਰ ਕਹਾਉਣ ਵਾਲੇ ਇਸ ਗਲਤ ਫਹਿਮੀ ਵਿੱਚ ਨਾ ਰਹਿਣ ਕਿ ਸੱਚ ਸਿਰਫ ਉਹਨਾਂ ਕੋਲ ਹੀ ਹੈ ਜਾਂ ਇਹੀ ਨਾ ਗਾਉਂਦੇ ਰਹਿਣ ਕਿ ਗੁਰਬਾਣੀ ਨੇ
ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ (ਪੰਨਾ ਨੰ: 875)
ਕਹਿ ਕੇ ਹਿੰਦੂ ਅਤੇ ਮੁਸਲਮਾਨ ਧਰਮ ਦਾ ਤਾਂ ਖੰਡਨ ਕਰ ਹੀ ਦਿੱਤਾ ਸੀ, ਹੁਣ ਸਿੱਖ ਧਰਮ ਦੇ ਗਿਆਨੀ ਹੀ ਸਰਵੋਤਮ ਹਨ । ਪਰ ਸੱਚ ਕਦੇ ਕਿਸੇ ਦਾ ਗੁਲਾਮ ਨਹੀਂ ਹੁੰਦਾ । ਜੇ ਸੱਚ ਹਿੰਦੂ ਨੂੰ ਅੰਨਾ ਅਤੇ ਤੁਰਕੂ ਨੂੰ ਕਾਣਾ ਕਹਿ ਸਕਦਾ ਹੈ ਤਾਂ ਉਹ ਅਜੋਕੇ ਸਿੱਖਾਂ ਨੂੰ ,
ਮਾਇਆ ਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ (ਪੰਨਾ ਨੰ 313) ॥
ਅਤਿ ਅੰਨੇ ਬੋਲੇ ਕਹਿ ਕੇ ਲਲਕਾਰਨ ਦੀ ਸਮੱਰਥਾ ਵੀ ਰੱਖਦਾ ਹੈ । ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਗੁਰਬਾਣੀ ਸੱਚ ਹੈ ਗੁਰਬਾਣੀ ਦੇ ਸੱਚ (ਸਿੱਖੀ) ਨੂੰ ਕਿਸੇ ਵੀ ਪੱਖ ਤੋਂ ਝੁਠਲਾਇਆ ਨਹੀਂ ਜਾ ਸਕਦਾ, ਪਰ ਜੇ ਸਿੱਖ ਗੁਰਬਾਣੀ ਦੇ ਸੱਚ ਨੂੰ ਸਮਝਣ ਤੋਂ ਬਗੈਰ ਹੀ ਸੱਚ ਦੇ ਨਾਮ ਦੀ ਝੂਠੀ ਡਾਂਗ ਚੁੱਕੀ ਫਿਰਨਗੇ ਤਾਂ ਸੱਚ ਕਿਤੇ ਹੋਰ ਵੀ ਪ੍ਰਗਟ ਹੋ ਸਕਦਾ ਹੈ ਜਾਂ ਗੁਰਬਾਣੀ ਅਜੋਕੇ ਸਿੱਖਾਂ ਕੋਲੋਂ ਚਲੀ ਵੀ ਜਾ ਸਕਦੀ ਹੈ । ਕਿਉਂਕਿ ਸੱਚ ਨੂੰ ਰੁਮਾਲਿਆਂ ਜਾਂ ਸੋਨੇ ਦੀਆਂ ਪਾਲਕੀਆਂ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ । ਕੋਈ ਵੀ ਧਰਮ, ਪੰਥ ਜਾਂ ਆਗੂ ਸੱਚ ਦਾ ਮਾਲਕ ਬਣਨ ਜਾਂ ਸੱਚ ਨੂੰ ਬਚਾਉਣ ਦਾ ਦਾਅਵਾ ਨਹੀਂ ਕਰ ਸਕਦਾ । ਸੱਚ ਤਾਂ ਇਹ ਹੈ ਕਿ ਸੱਚ ਦੇ ਅਧੀਨ ਰਹਿਆਂ ਜਾਂ ਸੱਚ ਤੇ ਪਹਿਰਾ ਦੇਣ ਨਾਲ ਧਰਮ, ਪੰਥ ਜਾਂ ਆਗੂ ਬਚ ਸਕਦਾ ਹੈ ।
ਭਾਵ ਕਿ ਅਸੀਂ ਸੱਚ ਨੂੰ ਨਹੀਂ ਬਚਾ ਸਕਦੇ ਬਲਕਿ ਸੱਚ ਸਾਨੂੰ ਬਚਾਉਂਦਾ ਹੈ । ਅਖੀਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਨਾ ਤਾਂ ਸਿੱਖੀ ਨੂੰ ਕਿਸੇ ਤੋਂ ਖਤਰਾ ਹੈ ਨਾ ਹੀ ਅਸੀਂ ਸਿੱਖੀ ਨੂੰ ਬਚਾ ਸਕਦੇ ਹਾਂ ਅਤੇ ਨਾ ਹੀ ਸਿੱਖੀ ਖਤਮ ਹੋ ਸਕਦੀ ਹੈ । ਜੇ ਅਸੀਂ ਸੱਚ ਤੇ ਨਾ  ਚਲੇ ਤਾਂ ਅਸੀਂ ਆਤਮਕ ਮੋਤੇ ਜਰੂਰ ਮਰ ਜਾਵਾਂਗੇ!  

             ਹਰਲਾਜ ਸਿੰਘ  ਬਹਾਦਰ ਪੁਰ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.