ਸੰਪਾਦਕੀ ਸੁਨੇਹਾ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
ਪਾਠਕ ਅਤੇ ਲੈਖਕ ਵੀਰਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਏਦਾਂ ਜਾਪਦਾ ਹੈ ਕਿ ਲੇਖਕ ਵੀਰਾਂ ਨੂੰ ਆਪਣੀਆਂ ਗੁਰਬਾਣੀ ਸਬੰਧਿਤ ਲਿਖਤਾਂ (ਭਾਵੇਂ ਉਹ ਠੀਕ ਹੋਣ ਜਾਂ ਗਲਤ) ਛਪੀਆਂ ਹੀ ਚੰਗੀਆਂ ਲਗਦੀਆਂ ਹਨ। ਸੁਭਾਵਕ ਤਾਂ ਇਹ ਰੁਚੀ ਹੁੰਦੀ ਹੀ ਹੈ, ਪਰ ਜ਼ਰਾ ਖਿਆਲ ਕਰਿਆ ਕਰੋ ਕਿ ਜੋ ਲਿਖਤ ਨਹੀਂ ਛਪੀ, ਉਸ ਬਾਰੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ। ਆਮ ਤੌਰ ਤੇ ਕਿਸੇ ਵੀਰ/ਭੈਣ ਨਾਲ ਵਿਚਾਰ ਕਰਨ ਤੇ ਉਹ ਕਹਿੰਦੇ ਹਨ ਕਿ, ਜੋ ਤੁਸੀਂ ਕਹਿੰਦੇ ਹੋ ਉਹ ਵੀ ਠੀਕ ਹੀ ਜਾਪਦਾ ਹੈ, ਪਰ ਜੋ ਮੈਂ ਲਿਖਿਆ ਹੈ, ਬਹੁਤੇ ਲੋਕ ਉਸ ਨੂੰ ਹੀ ਮੰਨਦੇ ਹਨ, ਸੋ ਤੁਸੀਂ ਮੇਰੀ ਲਿਖਤ ਜ਼ਰੂਰ ਛਾਪ ਦੇਵੋ।ਦੱਸੋ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਸ਼ਬਦ ਦੇ ਕਈ ਅਰਥ ਕੀਤੇ ਹੋਣ ਅਤੇ ਉਹ ਸਾਰੇ ਠੀਕ ਹੋਣ ? ਫਿਰ ਉਹ ਪੁਰਾਣੀਆਂ ਲਿਖਤਾਂ ਦੇ ਹਵਾਲੇ ਦੇ ਕੇ ਆਪਣੀ ਗੱਲ ਠੀਕ ਸਾਬਤ ਕਰਨ ਦਾ ਉਪਰਾਲਾ ਵੀ ਕਰਦੇ ਹਨ, ਜੋ ਕਿ ਠੀਕ ਨਹੀਂ ਹੈ। ਮੈਂ ਪੁਰਾਣੀਆਂ ਲਿਖਤਾਂ ਵਿਚਲੀਆਂ ਉਨ੍ਹਾਂ ਗੱਲਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਜੋ ਠੀਕ ਹਨ, ਜੋ ਗੱਲ ਮੈਨੂੰ ਗਲਤ ਜਾਪੇ ਮੈਂ ਉਸ ਨੂੰ ਸਮਝਣ ਦਾ ਉਪਰਾਲਾ ਕਰਦਾ ਹਾਂ, ਜੇ ਉਹ ਗੱਲ ਮੈਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ, ਫਿਰ ਮੈਂ ਉਸ ਤੇ ਡੱਟ ਜਾਂਦਾ ਹਾਂ, ਉਸ ਦੇ ਵਿਰੋਧ ਵਿਚ ਭਾਵੇਂ ਜਿੰਨੇ ਮਰਜ਼ੀ ਵਿਦਵਾਨ ਖੜੇ ਹੋਣ।
ਇਸ ਦਾ ਖੁਲਾਸਾ ਕਰਨ ਲਈ ਮੈਂ ਇਕ ਹੱਡ-ਬੀਤੀ ਦੱਸਦਾ ਹਾਂ।
ਗੱਲ ਉਨ੍ਹਾਂ ਦਿਨਾਂ ਦੀ ਹੈ, ਜਦ ਮੈਂ ‘ਸਪੋਕਸਮੈਨ’ ਅਖਬਾਰ ਵਿਚ ਗੁਬਾਣੀ ਦੀ ਸਰਲ ਵਿਆਖਿਆ ਕਰਦਾ ਹੁੰਦਾ ਸੀ, “ਆਸਾ ਕੀ ਵਾਰ” ਦੀ ਵਿਆਖਿਆ ਪੂਰੀ ਹੋ ਚੁੱਕੀ ਸੀ, ਸ. ਜੋਗਿੰਦਰ ਸਿੰਘ ਜੀ ਦੇ ਕਹਿਣ ਮੁਤਾਬਕ “ਜਪੁ” ਬਾਣੀ ਦੀਆਂ 4/5 ਪਉੜੀਆਂ ਦੀ ਵਿਆਖਿਆ ਹੀ ਹੋਈ ਸੀ ਕਿ ਜੋਗਿੰਦਰ ਸਿੰਘ ਜੀ ਦਾ ਹੁਕਮ ਹੋਇਆ ‘ਕੱਲ ਤੋਂ ਤੁਸੀਂ ਵਿਆਖਿਆ ਨਹੀਂ ਕਰੋਗੇ, ਸ. ਮਹਿੰਦਰ ਸਿੰਘ ਜੋਸ਼ ਜੀ ਵਿਆਖਿਆ ਕਰਨਗੇ। ਜੋਸ਼ ਜੀ ਵਲੋਂ ਵਿਆਖਿਆ ਸ਼ੁਰੂ ਹੋ ਗਈ ਅਤੇ ਪੂਰੀ ਵੀ ਹੋ ਗਈ। 2/3 ਦਿਨ ਮਗਰੋਂ ਮੈਨੂੰ ਹੁਕਮ ਹੋਇਆ ਕਿ “ਜਪੁ” ਬਾਣੀ ਦੀ ਵਿਆਖਿਆ ਤੁਸੀਂ ਕਰੋ, ਜੋਸ਼ ਜੀ ਦੀ ਵਿਆਖਿਆ ਲੋਕਾਂ ਨੂੰ ਪਸੰਦ ਨਹੀਂ ਆਈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਹ ਸੰਭਵ ਨਹੀਂ ਹੈ, ਮੇਰੇ ਮਗਰੋਂ ਜੋਸ਼ ਜੀ ਦਾ ਵਿਆਖਿਆ ਕਰਨਾ ਤਾਂ ਠੀਕ ਸੀ, ਉਹ ਮੇਰੇ ਵੱਡੇ ਭਰਾ ਹਨ, ਪਰ ਉਨ੍ਹਾਂ ਮਗਰੋਂ ਮੇਰਾ ਵਿਆਖਿਆ ਕਰਨਾ, ਜੋਸ਼ ਜੀ ਦੀ ਨਿਰਾਦਰੀ ਹੋਵੇਗੀ।
ਦੋ-ਤਿੰਨ ਦਿਨ ਇਹ ਗੱਲ ਅਟਕੀ ਰਹੀ, ਫਿਰ ਸ.ਜੋਗਿੰਦਰ ਸਿੰਘ ਜੀ ਨੇ ਕਹਿ ਦਿੱਤਾ ਕਿ ਮੇਰਾ ਹੁਕਮ ਹੈ ਕਿ ਤੁਸੀਂ “ਜਪੁ” ਬਾਣੀ ਦੀ ਵਿਆਖਿਆ ਕਰੋ।ਹੁਣ ਮਜਬੂਰੀ ਸੀ, ਹਾਂ ਕਰਨੀ ਹੀ ਪਈ, ਜਦੋਂ ਮੈਂ ਦਫਤਰ ਵਿਚੋਂ ਉੱਠ ਕੇ ਬਾਹਰ ਜਾਣ ਲੱਗਾ ਤਾਂ ਸ, ਜੋਗਿੰਦਰ ਸਿੰਘ ਜੀ ਦੇ ਬਚਨ ਸੁਣਾਈ ਦਿੱਤੇ, ‘ਪਹਿਲੇ ਵਾਲੀਆਂ ਗਲਤੀਆਂ ਹੁਣ ਨਹੀਂ ਕਰਨੀਆਂ’ ਮੇਰੇ ਕੰਨ ਖੜੇ ਹੋਏ, ਮੈਂ ਪੁੱਛ ਲਿਆ ਕਿ ਉਹ ਕਿਹੜੀਆਂ ਗਲਤੀਆਂ ਹਨ ? ਤਾਂ ਉਨ੍ਹਾਂ ਦਾ ਕਹਿਣਾ ਚੀ ਕਿ ਤੁਸੀਂ
“ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥”
ਵਿਚ ‘ਕਪੜਾ’ ਦੇ ਅਰਥ ‘ਇੱਜ਼ਤ’ ਕੀਤੇ ਸਨ ਜਦ ਕਿ ਸਾਰੇ ਵਿਦਵਾਨ ਇਸ ਨੂੰ ‘ਸਰੀਰ’ ਮੰਨਦੇ ਹਨ। ਮੈਂ ਕਿਹਾ ਸਰਦਾਰ ਜੀ ਭਾਵੇਂ 100 ਵਿਚੋਂ 110 ਵੀ ਇਸ ਨੂੰ ‘ਸਰੀਰ’ ਮੰਨਣ ਪਰ ਮੈਂ ਨਹੀਂ ਮੰਨਦਾ ਕਿਉਂਕਿ ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਹੈ, ਜੇ ਤੁਹਾਡੇ ਕੋਲ ਦੋ ਮਿੰਟ ਦਾ ਸਮਾ ਹੋਵੇ ਤਾ ਮੈਂ ਇਸ ਦਾ ਖੁਲਾਸਾ ਕਰਾਂ, ਉਨ੍ਹਾਂ ਦੇ ਹਾਂ ਕਰਨ ਤੇ ਮੈਂ ਸਮਝਾਇਆ ਕਿ ਇਸ ਵਿਚ ਸੇਧ ਦਿੱਤੀ ਹੈ ਕਿ ਚੰਗੇ ਕਰਮ ਕਰਨ ਨਾਲ ਕਪੜਾ ਮਿਲਦਾ ਹੈ, ਅਤੇ ਕਰਮ ਸਰੀਰ ਵਿਚ ਹੀ ਕੀਤੇ ਜਾਂਦੇ ਹਨ, ਜੇ ਸਰੀਰ ਨਾਲ ਹੀ ਕਰਮ ਕਰ ਕੇ ਫਿਰ ਸਰੀਰ ਹੀ ਮਿਲਣ ਦੀ ਗੱਲ ਹੈ ਤਾਂ ਇਸ ਦਾ ਕੀ ਅਰਥ ਹੋਇਆ ? ਇਸ ਵਿਚ ਸਮਝਾਇਆ ਹੈ ਕਿ ਚੰਗੇ ਕਰਮ ਕਰਨ ਨਾਲ ਇੱਜ਼ਤ ਤਾਂ ਮਿਲਦੀ ਹੈ, ਪਰ ਜੇ ਇਹ ਸੋਚੋਂ ਕਿ ਇਸ ਨਾਲ ਮੁਕਤੀ ਮਿਲ ਜਾਵੇਗੀ ਤਾਂ ਇਹ ਸੰਭਵ ਨਹੀਂ ਹੈ, ਮੁਕਤੀ ਤਾਂ ਕਰਤਾਰ ਦੀ ਨਦਰ, ਬਖਸ਼ਿਸ਼, ਰਹਿਮਤ ਨਾਲ ਹੀ ਮਿਲਣੀ ਹੈ। ਇਸ ਦਾ ਜਵਾਬ ਸ. ਜੋਗਿੰਦਰ ਸਿੰਘ ਜੀ ਕੋਲ ਕੁਝ ਨਹੀਂ ਸੀ।
(ਨੋਟ:- ਮੈਂ ਏਥੇ ਇਹ ਵੀ ਖੁਲਾਸਾ ਕਰ ਦਿਆਂ ਕਿ ਸ. ਮਹਿੰਦਰ ਸਿੰਘ ਜੋਸ਼ ਜੀ ਦੇ ਅਰਥ ਲੋਕਾਂ ਨੂੰ ਕਿਉਂ ਪਸੰਦ ਨਹੀਂ ਆਏ ਸੀ? ਅਸਲ ਵਿਚ ਜੋਸ਼ ਜੀ ਸ਼ਬਦਾਂ ਦੇ ਅਰਥ ਕਰਨ ਦੇ ਆਦੀ ਸਨ, ਸੋ ਉਨ੍ਹਾਂ ਨੇ “ਜਪੁ” ਬਾਣੀ ਦੇ ਅਰਥ ਹੀ ਕੀਤੇ ਸੀ, ਜੋ ਬਿਲਕੁਲ ਠੀਕ ਸੀ। ਅਰਥਾਂ ਵਿਚ ਬਹੁਤ ਸਾਰੀਆਂ ਗੱਲਾਂ ਅਣ-ਸੁਲਝੀਆਂ ਹੀ ਰਹਿ ਜਾਂਦੀਆਂ ਹਨ। ਮੈਂ ਸਰਲ ਵਿਆਖਿਆ ਕਰਦਾ ਹਾਂ, ਜਿਸ ਵਿਚ ਕੋਸ਼ਿਸ਼ ਕਰਦਾ ਹਾਂ ਕਿ ਕੋਈ ਵੀ ਗੱਲ ਅਣ-ਸੁਲਝੀ ਨਾ ਰਹੇ, ਅਤੇ ਇਸ ਦੀ ਆਦਤ, ਮੇਰੀ “ਆਸਾ ਕੀ ਵਾਰ” ਰਾਹੀਂ ਲੋਕਾਂ ਨੂੰ ਪੈ ਚੁੱਕੀ ਸੀ)
ਇਵੇਂ ਇਹ ਜ਼ਰੂਰੀ ਨਹੀਂ ਕਿ ਜੇ ਇਕ ਸ਼ਬਦ ਦੇ ਹਜ਼ਾਰਾਂ ਵਿਦਵਾਨ ਇਕ ਹੀ ਅਰਥ ਕਰ ਰਹੇ ਹੋਣ ਤਾਂ ਉਹ ਜ਼ਰੂਰ ਠੀਕ ਹੀ ਹੋਣ, ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਹੀ ਅਰਥ ਠੀਕ ਜਾਂ ਗਲਤ ਮੰਨੇ ਜਾ ਸਕਦੇ ਹਨ। ਕੁਝ ਸਾਲ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਵਿਚਲੇ ਸ਼ਬਦ
“ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥1॥
ਦੇ ਅਰਥਾਂ ਬਾਰੇ ਵਿਵਾਦ ਖੜਾ ਹੋ ਗਿਆ ਸੀ, ਕਾਫੀ ਵਿਚਾਰ-ਵਟਾਂਦਰਾ ਹੋਇਆ ਸੀ, ਪਰ ਸ਼ਾੲਦ ਗੱਲ ਕਿਸੇ ਬੰਨੇ ਨਹੀਂ ਲੱਗੀ ਸੀ, ਜਾਂ ਸ਼ਾਇਦ ਮੈਨੂੰ ਹੀ ਇਸ ਬਾਰੇ ਜਾਣਕਾਰੀ ਨਾ ਹੋਈ ਹੋਵੇ, ਜੇ ਕਿਸੇ ਵੀਰ ਭੈਣ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਮੈਨੂੰ ਜ਼ਰੂਰ ਖਬਰ ਕਰੇ, ਧੰਨਵਾਦੀ ਹੋਵਾਂਗਾ।
ਹੁਣ ਗੱਲ ਕਰਦੇ ਹਾਂ ਮੂਲ-ਮੁੱਦੇ ਦੀ, ਵੈਬਸਾਈਟ (www.thekhalsa.org ) ਤੇ ਇਕ ਦੋ ਦਿਨਾਂ ‘ਚ ਕਬੀਰ ਜੀ ਦੇ ਇਸ ਸ਼ਬਦ
‘ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥1॥
ਦੀ ਵਿਆਖਿਆ ਸ਼ੁਰੂ ਹੋਵੇਗੀ, ਇਸ ਬਾਰੇ ਜਾਣਕਾਰੀ ਲੈਣ ਲਈ, ਇਸ ਵਿਆਖਿਆ ਨੂੰ ਜ਼ਰੂਰ ਪੜ੍ਹਨਾ ਜੀ। ਲਭਦੇ ਹਾਂ ਉਹ ਅੱਖਰ ਕਿਹੜੇ ਹਨ ? ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ ਜਾਂ ਨਹੀਂ, ਜੇ ਨਹੀਂ ਤਾਂ ਫਿਰ ਉਹ ਕਿੱਥੇ ਹਨ ?
ਤੁਹਾਡਾ ਸਭ ਦਾ ਆਪਣਾ
ਅਮਰ ਜੀਤ ਸਿੰਘ ਚੰਦੀ
ਸੰਪਾਦਕੀ ਸੁਨੇਹਾ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
Page Visitors: 3078