ਗੁਰੂ ਦਿਉ ਸਿੱਖੋ, ਗੁਰੂ ਦੇ ਦੱਸੇ ਰਾਹ ਤੇ ਚੱਲੋ!
ਗੁਰੂ ਨਾਨਕ ਜੀ ਨੇ ਇੰਕਲਾਬ ਦੀ ਗੱਲ ਕੀਤੀ ਸੀ, ਨਾ ਕਿ ਕਿਸੇ ਸੁਧਾਰ ਦੀ, ਉਨ੍ਹਾਂ ਬੜੇ ਸਾਫ ਲਫਜ਼ਾਂ ਵਿਚ ਕਿਹਾ ਸੀ ”ਨਾ ਹਿੰਦੂ ਨਾ ਮੁਸਲਮਾਨ” ਜਿਸਦਾ ਸਾਫ ਮਤਲਬ ਸੀ ਕਿ, ਪੁਜਾਰੀ ਜਮਾਤ ਨੇ ਹਿੰਦੂ ਧਰਮ ਵਿਚ ਅਤੇ ਮੁਸਲਮਾਨ ਧਰਮ ਵਿਚ ਏਨਾ ਰੋਲ-ਘਚੋਲਾ ਪਾ ਦਿੱਤਾ ਹੈ ਕਿ ਉਨ੍ਹਾਂ ਵਿਚ ਸੁਧਾਰ ਹੋਣਾ ਅਸੰਭਵ ਹੈ, ਇਸ ਲਈ ਇਨ੍ਹਾਂ ਤੋਂ ਅਲੱਗ ਰਾਹ ਤੇ ਚੱਲਣ ਦੀ ਲੋੜ ਹੈ। ਇਵੇਂ ਹੀ ਅੱਜ ਸਿੱਖਾਂ ਵਿਚ ਘੁਸ-ਪੈਠ ਕਰ ਚੁੱਕੀ ਪੁਜਾਰੀ ਸ਼੍ਰੇਣੀ ਨੇ ਸਿੱਖੀ ਵਿਚ ਵੀ ਏਨਾ ਰੋਲ-ਘਚੋਲਾ ਪਾ ਦਿੱਤਾ ਹੈ ਕਿ ਇਸ ਵਿਚ ਵੀ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ।
ਤੁਸੀਂ ਸੁਧਾਰ ਦੀ ਆੜ ਵਿਚ, ਕੁਝ ਲੈ ਲਵੋ, ਕੁਝ ਦੇ ਦੇਵੋ, ਕੁਝ ਬਦਲ ਦੇਵੋ, ਕੁਝ ਰੱਖ ਲਵੋ ਦੀ ਕਵਾਇਦ ਨਾ ਕਰੋ। (1920 ਵਿਚ ਵੀ ਇਹੋ ਕੁਝ ਹੋਇਆ ਸੀ, ਜਿਸ ਦਾ ਨਤੀਜਾ ਅੱਜ ਭੁਗਤ ਰਹੇ ਹਾਂ) ਪੂਰਨ ਇੰਕਲਾਬ ਦੀ ਗੱਲ ਕਰੋ। ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਮੁਤਾਬਕ ਹੈ, ਉਸ ਨੂੰ ਸੰਭਾਲ ਲਵੋ, ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਅਨਕੂਲ ਨਹੀਂ ਹੈ, ਉਸ ਨੂੰ ਰੱਦ ਕਰ ਦੇਵੋ, ਤਦ ਹੀ ਸਿੱਖੀ ਸੁਰਜੀਤ ਹੋ ਸਕਦੀ ਹੈ। ਇਸ ਤੋਂ ਇਲਾਵਾ, ਸਿੱਖੀ ਨੂੰ ਬਚਾਉਣ ਦਾ ਹੋਰ ਕੋਈ ਰਾਹ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ
7-11-15