ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਚ ਆਤਮਾ -੪੮
ਗੁਰਬਾਣੀ ਚਾਨਣ ਚ ਆਤਮਾ -੪੮
Page Visitors: 2721

ਗੁਰਬਾਣੀ ਚਾਨਣ ਚ ਆਤਮਾ -੪੮
ਅਵਤਾਰ ਸਿੰਘ ਮਿਸ਼ਨਰੀ (5104325827)
ਆਤਮ, ਆਤਮਾ ਤੇ ਪ੍ਰਮਾਤਮਾ ਸੰਸਕ੍ਰਿਤ ਲਫਜ਼ ਹਨ। ਆਤਮ ਤੇ ਆਤਮਾ ਦਾ ਮਤਲਵ ਆਪਣਾ ਆਪ-
 ਸਭ ਤੇ ਨੀਚੁ ਆਤਮ ਕਰ ਮਾਨਉ॥(੫੩੨)
ਪ੍ਰਮਾਤਮਾ ਭਾਵ ਪਰਮ ਆਤਮਾ ਵੱਡਾ ਵਜ਼ੂਦ, ਕਰਤਾ ਕਰਤਾਰ। ਪ੍ਰਮਾਤਮਾਂ ਦੀ ਅੰਸ਼, ਉਸ ਦਾ ਹਿੱਸਾ (ਪਾਰਟ) ਸੌਖੇ ਸ਼ਬਦਾਂ ਵਿੱਚ ਆਤਮਾਂ ਤੇ ਪ੍ਰਮਾਤਮਾਂ ਸਬੰਧ ਇਉਂ ਹੈ ਜਿਵੇਂ ਸਾਗਰ ਤੇ ਸਰੋਵਰ ਦਾ, ਪਾਣੀ ਅਤੇ ਬੂੰਦ ਦਾ, ਅੱਗ ਅਤੇ ਚਿਣਗ ਦਾ, ਮਿੱਟੀ ਅਤੇ ਭਾਂਡੇ ਦਾ, ਸੋਨੇ ਤੇ ਗਹਿਣਿਆਂ ਦਾ, ਸੂਰਜ ਅਤੇ ਕਿਰਨ ਦਾ ਆਦਿਕ। ਅੰਗ੍ਰੇਜੀ ਵਿੱਚ ਆਤਮਾਂ ਨੂੰ ਸੋਲ ਅਤੇ ਅਰਬੀ ਵਿੱਚ ਰੂਹ ਕਹਿੰਦੇ ਹਨ। ਇਹ ਸਰੀਰ ਦੀ ਚੇਤਨਸਤਾ, ਅਦਿਖ ਸ਼ਕਤੀ, ਜੀਵਨਸਤਾ ਹੈ। ਜਿਵੇਂ ਪ੍ਰਮਾਤਮਾ ਨਿਰੰਕਾਰ ਸਥੂਲ ਅੱਖਾਂ ਤੋਂ ਅਦਿੱਖ ਹੈ ਓਂਵੇਂ ਹੀ ਉਸ ਦੀ ਅੰਸ਼, ਉਸ ਦੀ ਕਿਰਨ, ਉਸ ਦੀ ਸ਼ਕਤੀ ਵੀ ਸਥੂਲ ਅੱਖਾਂ ਨਾਲ ਦਿਖਾਈ ਨਹੀਂ ਦਿੰਦੀ। ਆਤਮਾਂ ਸਰੀਰ ਵਿੱਚ ਇਵੇਂ ਵਸਦੀ ਹੈ ਜਿਵੇਂ ਫੁੱਲ ਵਿੱਚ ਵਾਸ਼ਨਾ, ਸ਼ੀਸ਼ੇ ਵਿੱਚ ਪ੍ਰਛਾਵਾਂ, ਲੱਕੜ ਵਿੱਚ ਅੱਗ, ਤਾਰਾਂ ਵਿੱਚ ਬਿਜਲੀ, ਦੁੱਧ ਵਿੱਚ ਘਿਉ-
 ਪੁਹਪੁ ਮਧਿ ਜਿਉਂ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
 ਤੈਸੇ ਹੀ ਹਰਿ ਬਸੈ ਨਿਰੰਤਰਿ ਘਟ ਹੀ ਖੋਜਹੁ ਭਾਈ
॥੬੮੪)
ਕਈ ਮੱਤ ਸਰੀਰਕ ਮੌਤ ਤੋਂ ਬਾਅਦ ਮੰਨਦੇ ਹਨ ਕਿ ਆਤਮਾ ਹੋਰ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਜੇ ਕਰਮ ਚੰਗੇ ਨਾ ਹੋਣ ਤਾਂ ਭਟਕਦੀ ਹੈ। ਬਾਈਬਲ ਸਾਹ ਨੂੰ ਸੋਲ ਮੰਨਦੀ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਇਸ ਦੀ ਸੰਗਿਆ ਗਿਆਨ, ਸਤਾ ਅਤੇ ਸ਼ਬਦ ਨਾਲ ਵੀ ਦਰਸਾਈ ਹੈ-
 ਗੁਰ ਕਾ ਬਚਨੁ ਬਸੈ ਜੀਅ ਨਾਲੇ॥
 ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ
॥੧॥ ਰਹਾਉ॥ (੬੭੯)
   ਗੁਰੂ ਗ੍ਰੰਥ ਸਾਹਿਬ ਵਿਖੇ ਆਏ ਆਪ, ਆਤਮ, ਆਤਮਾ ਅਤੇ ਪ੍ਰਮਾਤਮਾ ਸ਼ਬਦਾਂ ਬਾਰੇ ਵਿਚਾਰ-
ਆਪ-ਖੁਦ, ਤੁਮ, ਆਪਾਭਾਵ, ਆਪਣਾ ਗਿਆਨ, ਆਤਮ ਬੋਧ-
 ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ॥੩॥(੯੯੪)
 ਜਹਾ ਲੋਭੁ ਤਹਿ ਕਾਲੁ ਹੈ ਜਹਾ ਖਿਮਾ ਤਹਿ ਆਪਿ॥੧੫੫॥(੧੩੭੨)
ਆਤਮ-ਪ੍ਰਮਾਤਮਾ-
 ਆਤਮ ਰਾਮੁ ਤਿਸੁ ਨਦਰੀ ਆਇਆ॥
ਜੀਵਾਤਮਾ-
 ਆਤਮ ਮਹਿ ਰਾਮੁ  ਰਾਮ ਮਹਿ ਆਤਮ।   
ਅੰਤਸ਼ਕਰਣ, ਮਨ-
ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ
ਆਪਣਾ ਆਪ-
ਸਭ ਤੇ ਨੀਚੁ ਆਤਮ ਕਰਿ ਮਾਨਉ
ਆਤਮਾ-ਰੂਹ, ਸਤਾ, ਪ੍ਰਮਾਤਮਾਂ ਦੀ ਅੰਸ਼, ਸੁਭਾਉ-
ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਇ॥
ਆਤਮੇ ਨੋ ਆਤਮੈ ਦੀ ਪ੍ਰਤੀਤਿ ਹੋਇ ਤਾਂ ਘਰਿ ਹੀ ਪਰਚਾ ਪਾਇ
॥ (੮੭)
 ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥ (੮੭੧)
ਆਤਮਾ ਦੇਉ ਭਾਵ ਗੁਰੂ ਦੇ ਸਹਿਜ ਸੁਭਾਵ ਵਿੱਚ, ਪ੍ਰਕਾਸ਼ ਸਰੂਪ ਪ੍ਰਮਾਤਮਾਂ ਦਾ ਸਤਿਕਾਰ ਕਰੀਏ, ਜੇ ਆਪਣੇ ਆਪ ਨੂੰ ਪ੍ਰਮਾਤਮਾਂ ਤੇ ਵਿਸ਼ਵਾਸ਼ ਹੋਵੇ ਤਾਂ ਹਿਰਦੇ ਘਰ ਵਿੱਚ ਹੀ ਉਸ ਨਾਲ ਪਰਚਾ ਪਾਇਆ ਜਾ ਸਕਦਾ ਹੈ।
ਜੀਵਾਤਮਾ-
ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥ਰਹਾਉ॥
ਭਾਵ ਜੀਵਾਤਮਾ ਪਾਰਬ੍ਰਹਮ ਪ੍ਰਮਾਤਮਾ ਦਾ ਹੀ ਰੂਪ ਹੈ। ਪ੍ਰਮਾਤਮਾ-ਪਰਮ+ਆਤਮਾ, ਆਤਮਾ, ਪਾਰਬ੍ਰਹਮ। ਪਰਮ ਦਾ ਭਾਵ ਹੈ ਅਤਿਅੰਤ, ਸਭ ਤੋਂ ਵਧਕੇ, ਪ੍ਰਧਾਨ, ਮੁਖੀ, ਪਹਿਲਾ, ਕਰਤਾਰ ਅਤੇ ਪਾਰਬ੍ਰਹਮ-
ਆਤਮਾ ਪਰਮਾਤਮਾ ਏਕੋ ਕਰੈ॥(੬੬੧)
ਜਿਨੀ ਆਤਮੁ ਚੀਨਿਆ ਪਰਮਾਤਮ ਸੋਈ॥ (੪੨੧)
ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸਲਾਮ ਵਾਲੀ ਰੂਹ ਤੇ ਵੇਦਾਂਤ ਵਾਲੀ ਆਤਮਾਂ ਦੀ ਮਨੌਤ ਤੋਂ ਉਪਰ ਉੱਠ ਕੇ, ਪ੍ਰਮਾਤਮਾਂ ਦੀ ਅੰਸ਼ ਆਤਮਾਂ ਦੀ ਗੱਲ ਕਰਦੀ ਏ ਜੋ ਜੀਵਾਂ ਦੀ ਜੀਵਨਜੋਤ ਹੈ ਅਤੇ ਸਰੀਰ ਦੇ ਖਤਮ ਹੋਣ 'ਤੇ,
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਹੋ ਕੇ ਆਪਣੇ ਅਸਲੇ ਪ੍ਰਮਾਤਮਾਂ ਵਿੱਚ ਸਮਾਅ ਜਾਂਦੀ ਹੈ ਜਿਵੇਂ-
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ॥
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ॥
ਬਿਨਵੰਤਿ ਨਾਨਕ ਸੇਈ ਜਾਣਹਿ ਜਿੰਨ੍ਹੀ ਹਰਿ ਰਸੁ ਪੀਆ
॥੪॥੨॥ (੮੪੬)
ਸੋ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ, ਪਾਣੀਆਂ ਦੀਆਂ ਬੂੰਦਾਂ ਪਾਣੀ ਅਤੇ ਮਿੱਟੀ ਦੇ ਕਣ (ਧੂੜ) ਧਰਤੀ ਵਿੱਚ ਸਮਾ ਜਾਂਦੇ ਹਨ। ਇਵੇਂ ਹੀ ਪ੍ਰਮਾਤਮਾਂ ਦੀ ਅੰਸ਼ ਆਤਮਾਂ ਵੀ ਉਸ ਵਿੱਚ ਸਮਾ ਜਾਂਦੀ ਹੈ। ਕੋਈ ਗੈਬੀ ਰੂਹਾਂ ਕਬਰਾਂ ਵਿੱਚ ਨਹੀਂ ਅਤੇ ਨਾਂ ਹੀ ਥਾਂ ਥਾਂ ਭਟਕਦੀਆਂ ਹਨ। ਇਸ ਲਈ ਸਾਨੂੰ ਆਪਣੇ ਮੂਲ (ਅਸਲੇ) ਦੀ ਪਛਾਣ ਕਰਨੀ ਚਾਹੀਦੀ ਹੈ-
ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੇ ਨਾਲਿ ਹੈ ਗੁਰਮਤੀ ਰੰਗੁ ਮਾਣੁ॥
ਮੂਲ ਪਛਾਣਹਿ ਤਾਂ ਸਹੁ ਜਾਣਹਿ ਜੀਵਣ ਕੀ ਸੋਝੀ ਹੋਈ॥
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਹਾ ਭਾਉ ਨ ਹੋਈ॥
ਮਨਿ ਸਾਂਤਿ ਆਈ ਵਜੀ ਵਾਧਾਈ ਤਾ ਹੋਆ ਪਰਵਾਣੁ॥
ਇਉਂ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ
॥੫॥(੪੪੨)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.