ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ
Page Visitors: 2530

ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ
ਬਾਬਾ ਜੀ ਆਪਣੇ ਬਚਨ ਕਰਦੇ ਹਨ ਕਿ ਕਲੀ ਯਾਨੀ ਕਲਯੁਗ ਵਿਚ ਜਿੰਨਾ ਯਾਨੀ ਭੂਤਨਿਆਂ ਦਾ ਅਵਤਾਰ ਹੋਇਆ ਕਰੇਗਾ। ਜਿਥੇ ਵੀ ਕਲਯੁਗ ਰਹੇਗਾ ਉਥੇ ਹੀ ਭੂਤਨੇ ਪੈਦਾ ਹੋਇਆ ਕਰਨਗੇ। ਪਿਓ ਸ਼ਰਾਬ ਨਾਲ ਲਿਹੜਿਆ ਆਉਂਦਾ ਹੈ, ਘਰ ਕਲਯੁਗ ਹੀ ਹੈ। ਕਲਯੁਗ ਕੋਈ ਕਤੂਰਾ ਥੋੜਾ ਜਿਹੜਾ ਕੰਨੋ ਫੜਕੇ ਲੈ ਕੇ ਆਉਂਣਾ ਕਿਤੋਂ। ਜਿਥੇ ਵੀ ਮੈਂ ਗੰਦ ਪਾਵਾਂਗਾ, ਪ੍ਰਦੂਸ਼ਣ ਪੈਦਾ ਕਰਾਂਗਾ ਉਥੇ ਹੀ ਕਲਯੁਗ ਹੈ ਅਤੇ ਉਸ ਕਲਯੁਗ ਵਿਚ ਹੀ ਭੂਤਨੇ ਪੈਦਾ ਹੋਣਗੇ। ਘਰ ਵਿਚ, ਸਮਾਜ ਵਿਚ, ਆਲੇ-ਦੁਆਲੇ ਵਿਚ ਕੁਲਯੁਗ ਦੇ ਬੀਜ ਕਿਸੇ ਹੋਰ ਨੇ ਨਹੀਂ ਬੀਜੇ ਮੈਂ ਖੁਦ ਹੀ ਉਨ੍ਹਾਂ ਬੀਜਾਂ ਦਾ ਕਾਰਨ ਹਾਂ। ਬਹੁਤ ਪਿਆਰੇ ਅਤੇ ਮੋਹ ਭਰੇ ਲੱਗਦੇ ਬੱਚੇ ਭੂਤਨੇ ਉਦੋਂ ਬਣਨਗੇ ਜਦ ਪਹਿਲਾਂ ਮੈਂ ਘਰ ਵਿਚ ਪ੍ਰਦੂਸ਼ਣ ਪੈਦਾ ਕਰਾਂਗਾ।
ਸਾਡਾ ਦੂਰੋਂ ਇੱਕ ਰਿਸ਼ਤੇਦਾਰ ਦੋਧੀ ਦਾ ਕੰਮ ਕਰਦਾ ਸੀ। ਜਮੀਨ ਚੰਗੀ ਸੀ ਯਾਣੀ ਖਾਂਦਾ ਪੀਂਦਾ! ਇੱਕ ਵਾਰ ਅਸੀਂ ਉਸ ਦੇ ਪਿੰਡ ਗਏ। ਉਦੋਂ ਹਾਲੇ ਉਸ ਮੁੰਡੇ ਅਪਣੇ ਕਿਸੇ ਦਾ ਵੀ ਵਿਆਹ ਨਹੀਂ ਸੀ ਕੀਤਾ। ਉਹ ਗੱਲੀਂ ਲੱਗ ਗਿਆ ਤੇ ਕਹਿਣ ਲੱਗਾ ਕਿ ਮੈਂ ਛੋਟਾ ਮੁੰਡਾ ਪਹਿਲਾਂ ਵਿਆਹੁਣਾ, ਪਰ ਦੁਨੀਆਂ ਯਾਦ ਕਰੇਗੀ ਕਿ ਮੈਂ ਮੁੰਡਾ ਵਿਆਹਿਆ।
ਉਹ ਕਿਵੇਂ? ਮੈਂ ਪੁੱਛਿਆ
ਲੋਕ ਤਾਂ ਸ਼ਰਾਬ ਪਿਆਉਂਦੇ ਨੇ ਮੈਂ ਦੁਨੀਆਂ ਨਵਾਉਂਣੀ ਏ ਸ਼ਰਾਬ ਨਾਲ!! ਵੱਡੇ ਡਰੰਮ ਮੈਂ ਲਾ੍ਹਣ ਦੇ ਤਿਆਰ ਕੀਤੇ ਪਏ ਨੇ। ਇਹ ਗੱਲ ਕਹਿੰਦਿਆਂ ਉਹ ਮੁੱਛਾਂ ਨੂੰ ਵੱਟ ਇੰਝ ਦੇ ਰਿਹਾ ਸੀ ਜਿਵੇਂ ਉਹ ਕਿਸੇ ਚਿਤੌੜ ਕਿਲਾ ਜਿੱਤਣ ਦੀ ਤਿਆਰੀ ਬਾਰੇ ਦੱਸ ਰਿਹਾ ਹੋਵੇ।
ਨਤੀਜਾ? ਲੋਕ ਤਾਂ ਪਤਾ ਨਹੀਂ, ਉਸ ਸ਼ਰਾਬ ਨਾਲ ਨਵਾਏ ਜਾਂ ਨਹੀਂ ਪਰ ਮੁੰਡਾ ਉਸ ਦਾ ਨਸ਼ਿਆਂ ਵਿਚ ਇੰਝ ਨ੍ਹਾਤਾ ਗਿਆ ਕੁਝ ਹੀ ਚਿਰ ਬਾਅਦ ਪਿਉ ਨਾਲੋਂ ਪਹਿਲਾਂ ਚਲ ਵਸਿਆ?
ਤਾਂ ਹੀ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਮੂਰਖ ਜੱਟ ਕਿੱਕਰ ਬੀਜ ਕੇ ਦਾਖਾਂ ਭਾਲਦਾ
 "ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥"
 ਮੁੰਗਫਲੀ ਚੱਬ ਕੇ ਦਿਹਾੜੀ ਟਪਾਉਂਣ ਵਾਲਾ ਤੰਦਰੁਸਤੀ ਭਾਲਦਾ, ਲੁਕਾਈ ਨੂੰ ਸ਼ਰਾਬ ਨਾਲ ਨਵ੍ਹਾ ਕੇ ਉਲਾਦ ਕੋਲੋਂ ਚੰਗੀ ਨਿਕਲਣ ਦੀ ਉਮੀਦ ਕਰੀ ਬੈਠਾ?
ਮੇਰੀ ਪਤਨੀ ਨਾਲ ਕੰਮ ਕਰਦੀ ਬੀਬੀ। ਕ੍ਰਿਸ-ਮਿਸ ਦੀਆਂ ਛੁਟੀਆਂ ਜਦ ਆਉਣ ਵਾਲੀਆਂ ਸਨ ਤਾਂ ਕਹਿ ਰਹੀ ਸੀ ਕਿ ਰੱਬ ਕਰਕੇ ਮੈਨੂੰ ਇੰਨਾ ਦਿਨਾ ਵਿਚ ਬੁਖਾਰ ਹੀ ਚ੍ਹੜ ਜਾਵੇ ਤਾਂ ਚੰਗਾ ਹੈ। ਕਾਰਨ ਪੁੱਛਿਆ ਤਾਂ ਕਹਿਣ ਲੱਗੀ ਕਿ ਜਿਉਂ ਪਾਰਟੀਆਂ ਸ਼ੁਰੂ ਹੋਣੀਆਂ ਸਾਰੀਆਂ ਛੁੱਟੀਆਂ 'ਕੁੱਤ-ਖਾਨਾ' ਚਲਣਾ ਘਰ ਵਿੱਚ।
ਛੁੱਟੀਆਂ ਮੁੱਕਣ ਤੋਂ ਬਾਅਦ ਪਤਨੀ ਮੇਰੀ ਨੇ ਪੁੱਛਿਆ ਕਿ ਕਿਵੇਂ ਰਹੀਆਂ ਛੁੱਟੀਆਂ ਤਾਂ ਉਹ ਕਹਿਣ ਲੱਗੀ ਕਿ ਛੇ ਪਾਰਟੀਆਂ ਅਸੀਂ ਕੀਤੀਆਂ ਅਤੇ ਚਾਰ ਪਾਰਟੀਆਂ 'ਤੇ ਅਸੀਂ ਗਏ ਅਤੇ ਰਾਤ ੨-੩ ਤੋਂ ਪਹਿਲਾਂ ਕਦੇ ਅਸੀਂ ਸੁੱਤੇ ਨਹੀਂ। ਘਰ ਵਿਚ ਬੱਚੇ ਜਵਾਨ ਹੋ ਰਹੇ ਹਨ।
ਇਹੀ ਉਹ ਘਰ ਹਨ ਜਿੰਨਾ ਘਰਾਂ ਬਾਰੇ ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਕਲਯੁਗ ਵਿਚ ਪੁੱਤ ਵੀ ਭੂਤਨੇ ਜੰਮਣਗੇ, ਧੀਆਂ ਵੀ ਭੂਤਨੀਆਂ ਅਤੇ ਉਨ੍ਹਾਂ ਭੂਤਨੇ-ਭੂਤਨੀਆਂ ਦੇ ਸਰਦਾਰ ਉਨ੍ਹਾਂ ਦੇ ਮਾਂ-ਬਾਪ ਹੋਣਗੇ। ਹੁਣ ਕਲਯੁਗ ਕਿਸੇ ਸਿੰਗਾਂ ਵਾਲੇ ਬੰਦੇ ਦਾ ਨਾਂ ਥੋੜੋਂ ਜਿਹੜਾ 'ਬਾਬਿਆਂ' ਨੂੰ ਦਿੱਸਦਾ। ਮੈਂ ਹੈਰਾਨ ਹਾਂ 'ਬਾਬਿਆਂ' ਕੋਲੇ ਕਲਯੁਗ ਕਿਵੇਂ ਚਲਾ ਜਾਂਦਾ ਰਿਹਾ। ਨਾ ਬਾਬਿਆਂ ਦਾ ਕੋਈ ਧੀ ਨਾ ਪੁੱਤ। ਚੇਲੇ ਤਾਂ ਅੱਖਾਂ ਮੀਚੀ ਸੱਤ-ਬਚਨੀਏ ਹੁੰਦੇ। ਮਰਨ ਤੋਂ ਬਾਅਦ ਭਾਵੇਂ ਪੱਗਾਂ ਪਿੱਛੇ ਲੜਨ ਜਿਉਂਦਿਆਂ ਤਾਂ ਤੌਲੀਆ-ਗੜਵਾ ਹਾਜਰ ਰੱਖਦੇ। ਦਰਅਸਲ 'ਬਾਬਿਆਂ' ਕਲਯੁਗ ਕਦੇ ਦੇਖਿਆ ਹੀ ਨਹੀਂ। ਜੇ ਉਨ੍ਹਾਂ ਦੇ ਜਵਾਨ ਧੀਆਂ ਪੁੱਤ ਹੁੰਦੇ ਤਾਂ ਕਲਯੁਗ ਉਨ੍ਹਾਂ ਨੂੰ ਬਿੱਲੀ ਕਦੇ ਕੁੱਤਾ ਬਣਕੇ ਨਹੀਂ ਸੀ ਦਿੱਸਣਾ ਅਤੇ ਭੂਤਨੇ ਜਾਂ ਭੂਤਨੀਆਂ ਉਨ੍ਹਾਂ ਨੂੰ ਉਹ ਨਹੀਂ ਸੀ ਜਾਪਣੇ ਜਿੰਨਾ ਦੀਆਂ ਗੱਪਾਂ ਉਨ੍ਹਾਂ ਨੇ ਅਪਣੇ ਗਰੰਥਾਂ ਵਿਚ ਮਾਰੀਆਂ ਹੋਈਆਂ ਹਨ।
ਇਕ ਪੰਜਾਬੀ ਕੁੜੀ ਨੇ ਗੋਰੇ ਨਾਲ ਵਿਆਹ ਕਰਵਾਇਆ। ਗੁਰਦੁਆਰੇ ਲਾਵਾਂ-ਫੇਰੇ ਹੋ ਗਏ। ਲੰਗਰ-ਪਾਣੀ ਛਕ ਹੋ ਗਿਆ। ਕੁੜੀ-ਮੁੰਡੇ ਲੰਗਰ ਛਕ ਲਿਆ ਹੋਇਆ ਸੀ, ਪਰ ਰਿਸ਼ਤੇਦਾਰਾਂ ਜਾਂ ਮਿੱਤਰਾਂ-ਦੋਸਤਾਂ ਨੂੰ ਮਿਲਣ ਦੇ ਚੱਕਰ ਵਿਚ ਮਾਂ-ਬਾਪ ਲੰਗਰ ਛਕਣ ਵਿੱਚ ਲੇਟ ਯਾਨੀ ਉਹ ਹਾਲੇ ਲੰਗਰ ਛਕ ਹੀ ਰਹੇ ਸਨ ਕਿ ਕੁੜੀ ਹਰਲ-ਹਰਲ ਕਰਦੀ ਅਪਣੇ ਬਾਪ ਕੋਲੇ ਆਈ ਤੇ ਕਹਿਣ ਲਗੀ ਚੰਗਾ 'ਡੈਅਅਡ' ਤੁਸੀਂ ਲੰਗਰ ਛਕ ਕੇ ਆ ਜਾਇਓ ਆਪੇ ਅਸੀਂ ਚਲੇ!!! ਮੈਂ ਨੇੜੇ ਹੀ ਬੈਠਾ ਸੀ। ਮੈਨੂੰ ਬੜਾ ਧੱਕਾ ਲੱਗਾ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਮਾ-ਬਾਪ ਨੇ ਜਾਣ ਲੱਗਿਆਂ ਗੁਰਦੁਆਰਿਓਂ ਵਧੇ ਹੋਏ ਅਪਣੇ ਲੱਡੂ-ਬਰਫੀਆਂ ਸਮੇਟ ਕੇ ਅਪਣੇ ਝੋਲਿਆਂ ਵਿਚ ਪਾ ਲਈਆਂ..?
ਕਿਸ ਵਾਸਤੇ?
ਬਾਬਾ ਜੀ ਆਪਣੇ ਵਾਰ-ਵਾਰ ਕਹਿ ਰਹੇ ਹਨ ਕਿ ਕਮਲਿਆ ਬੰਦਾ ਬਣ ਜਾਹ। ਇਸ ਜੀਵਨ ਦੇ ਖੇਤ ਵਿਚ ਜੋ ਬੀਜੇਗਾ ਉਹ ਤੈਨੂੰ ਅਵੱਸ਼ ਵੱਡਣਾ ਪੈਣਾ। ਇਸ ਜੀਵਨ ਨੂੰ ਕਲਯੁਗ ਬਣਨੋ ਬਚਾ ਲੈ ਨਹੀਂ ਤਾਂ ਤੇਰੇ ਘਰ ਭੂਤਨੇ-ਭੂਤਨੀਆਂ ਹੀ ਪੈਦਾ ਹੋਣਗੇ। ਤੂੰ ਲੱਖ ਪਾਠ ਕਰਾ ਲੈ, ਪੁੰਨ-ਦਾਨ ਕਰ ਲੈ, ਚੜਾਵੇ ਚੜਾ ਲੈ, ਲੰਗਰ ਲਵਾ ਲੈ ਪਰ ਜਿੰਨਾ ਚਿਰ ਤੇਰੇ ਜੀਵਨ ਵਿਚ ਕੋਈ ਰਹੱਸ ਨਾ ਪੈਦਾ ਹੋਇਆ, ਕੋਈ ਰਸ ਨਾ ਆਇਆ, ਕੋਈ ਖੇੜਾ ਨਾ ਆਇਆ, ਤੂੰ ਗੰਦ ਪਾਉਣੋਂ ਨਾ ਹਟਿਆ ਉਨ੍ਹਾਂ ਚਿਰ ਤੂੰ ਖੁਦ ਹੀ ਕਲਯੁਗ ਹਂੈ ਅਤੇ ਤੇਰੇ ਵਿਚੋਂ ਫਿਰ ਭੂਤਨੇ ਹੀ ਪੈਦਾ ਹੋਣਗੇ।
ਮਿੱਤਰ ਇਕ ਦੱਸ ਰਿਹਾ ਸੀ ਕਿ ਮੇਰੇ ਵਾਲੇ ਹੀ ਦਫਤਰ ਵਿੱਚ ਇਥੋਂ ਦਾ ਜੰਮ-ਪਲ ਮੁੰਡਾ ਰੀਅਲ-ਸਟੇਟ ਕਰਦਾ ਹੈ। ਉਹ ਪਹਿਲਾਂ ਵੀ ਆਪਣੀਆਂ ਘਰੇਲੂ ਗੱਲਾਂ ਉਸ ਨਾਲ ਕਰ ਲੈਂਦਾ ਹੈ। ਉਸ ਦੀ ਮਾਂ ਦਾ ਤਲਾਕ ਹੋਇਆ ਹੈ ਆਪਣੇ ਘਰਵਾਲੇ ਨਾਲੋਂ। ਚੰਗੀ ਤਗੜੀ ਦੇਹ ਹੈ ਉਸ ਮੁੰਡੇ ਦੀ। ਇੱਕ ਦਿਨ ਮੈਨੂੰ ਟੁੱਟੀ-ਫੁੱਟੀ ਜਿਹੀ ਪੰਜਾਬੀ ਵਿਚ ਕਹਿਣ ਲਗਿਆ ਕਿ ਹੁਣ ਮੰਮ ਮੇਰੀ ਬਹੁਤ ਖੁਸ਼ ਹੈ।
ਕਿਹੜੀ ਖੁਸ਼ੀ ਮਿਲੀ ਤੇਰੀ ਮੰਮ ਨੂੰ ਬਈ?
ਹੁਣ ਉਸਨੇ ਕਿਉਂਕਿ ਨਵਾਂ 'ਬੁਵਾਏ-ਫਰੈਂਡ' ਜੂ ਲੱਭ ਲਿਆ ਹੈ!!
ਇਹ ਪੰਜਾਬ ਤੋਂ ਆਈ 'ਮੰਮ' ਦਾ ਮੁੰਡਾ ਸੀ ਜਿਹੜਾ ਅਪਣੀ ਮਾਂ ਦੀ ਖੁਸ਼ੀ ਸਾਂਝੀ ਕਰ ਰਿਹਾ ਸੀ।
ਅਗਲੀਆਂ ਨਸਲਾਂ ਭੂਤਨਿਆਂ ਦੀਆਂ ਹੀ ਤਾਂ ਪੈਦਾ ਹੋ ਰਹੀਆਂ ਹਨ। ਮੇਰੇ ਖੁਦ ਘਰਾਂ ਵਿਚ ਭੂਤਨੇ ਪੈਦਾ ਹੋ ਰਹੇ ਹਨ, ਪਰ ਮੈਂ ਮੂਰਖ ਅਣਦਿੱਸਦੇ ਭੂਤਾਂ ਦਾ ਇਲਾਜ ਪੁੱਛਦਾ ਫਿਰ ਰਿਹਾ ਹਾਂ ਠੱਗਾਂ ਕੋਲੋਂ। ਮੇਰੇ ਘਰ ਵਾਲੇ ਭੂਤਨੇ ਜਦ ਕੋਈ ਫੋਨ ਆਵੇ ਤਾਂ ਦੂਰੋ ਹੀ ਸੰਘ ਪਾੜਦੇ ਹਨ, ਡੈਅਅਅੜ! ਮੈਂ ਇਨ੍ਹਾਂ ਭੂਤਨਿਆਂ ਦਾ ਇਲਾਜ ਨਹੀਂ ਕਰਦਾ, ਕਰਦਾ ਕੀ ਸੋਚਦਾ ਹੀ ਨਹੀਂ। ਇਹ ਭੂਤਨੇ ਸੜਕਾਂ 'ਤੇ ਧੂੰਏ ਨਾਲ ਸ਼ਰੇਆਮ ਖੇਡਦੇ ਹਨ। ਕੁਦਰਤ ਨੂੰ ਵੀ ਪਲੀਤ ਕਰਦੇ ਹਨ ਅਤੇ ਅਪਣੇ ਆਪ ਨੂੰ ਵੀ। ਗੋਲੀਆਂ ਚਲਾਉਂਦੇ, ਜ੍ਹੇਲਾਂ ਵਿਚ ਜਾਂਦੇ ਇੱਕ ਦੂਏ ਦੇ ਕਤਲ ਕਰਦੇ। ਮੈਂ ਕਿਉਂਕਿ ਇਨ੍ਹਾਂ ਨੂੰ ਲੈ ਕੇ ਹੀ ਉਥੇ ਗਿਆ ਜਿਥੇ ਇਨ੍ਹਾਂ ਦੇ ਜੀਵਨ ਵਿਚ ਭੂਤਨੇ ਪ੍ਰਵੇਸ਼ ਕਰਨੇ ਸਨ।
 ਗਿੱਧੇ-ਭੰਗੜੇ ਕੀ ਸਿਖਾਉਂਦੇ ਹਨ?
ਘਰਾਂ ਵਿਚ ਚਲ ਰਹੇ ਸ਼ਰਾਬ ਖਾਨੇ ਕੀ ਮੱਤ ਦਿੰਦੇ ਹਨ ਇਨ੍ਹਾਂ ਨੂੰ?
ਪਾਰਟੀਆਂ ਵਿਚ ਉੱਡਦੀਆਂ ਸ਼ਰਾਬਾਂ ਅਤੇ ਮਾਵਾਂ ਦੇ ਮੋਢਿਆਂ ਤੇ ਡਿੱਗਦੇ-ਢਹਿੰਦੇ ਘਰ ਆਉਂਦੇ ਅਪਣੇ ਪਿਉਆਂ ਤੋਂ ਕੀ ਸਿੱਖਿਆ ਹਾਸਲ ਕਰਦੇ ਨੇ ਬੱਚੇ?
 ਫਿਰ ਮੇਰੀ ਅਗਲੀ ਮੁਸ਼ਕਲ ਇਹ ਕਿ ਜਦ ਇਹ ਭੂਤ ਘਰਾਂ ਵਿਚ ਨੱਚਦੇ ਨੇ ਤਾਂ ਇਨ੍ਹਾਂ ਦਾ ਇਲਾਜ ਮੈਂ ਫਿਰ ਉਨ੍ਹਾਂ ਤੋਂ ਕਰਾਉਂਣ ਤੁਰ ਪੈਂਦਾ ਹਾਂ ਜਿਹੜੇ ਖੁਦ ਭੂਤਨੇ ਨੇ। ਇਕ ਭੂਤਨੇ ਪਹਿਲਾਂ ਹੀ ਨੱਚ ਰਹੇ ਹੁੰਦੇ ਨੇ ਉਪਰੋਂ ਦੂਜੇ ਭੂਤਨੇ ਮੈਂ ਹੋਰ ਘਰੇ ਲਿਆ ਕੇ ਵਾੜ ਲੈਂਦਾ ਹਾਂ ਤੇ ਘਰ ਭੂਤੋ ਭੂਤ ਹੋ ਨਿਬੜਦਾ ਹੈ!
ਆਹ ਹੁਣ ਜਿਹੇ ਜਦ ਥੋੜੀ ਜਿਹੀ ਬਰਫ ਪਈ ਤਾਂ ਮੇਰੇ ਗੁਆਂਢੀ ਨੇ ਦੇਖਿਆ ਕਿ ਉਸ ਦੇ ਘਰ ਦੇ ਪਿਛਵਾੜੇ ਰਾਤ ਨੂੰ ਕੋਈ ਨੰਗੇ ਪੈਰੀਂ ਤੁਰਿਆ ਹੈ। ਸ਼ੱਕ ਹੋ ਗਿਆ ਕਿ ਕੋਈ ਕੁਝ ਕਰਕੇ ਜਾਂਦਾ ਹੈ ਕਿਉਂਕਿ ਬਰਫ ਵਿਚ ਨੰਗੇ ਪੈਰੀਂ ਤੁਰਨ ਦੀ ਹੋਰ ਕਿਸੇ ਦੀ ਕੀ ਮਜਬੂਰੀ ਹੋ ਸਕਦੀ। 'ਸਿਆਣੇ' ਹੀ ਅਜਿਹਾ ਵਾਯਾਤ ਕੁਝ ਦੱਸਦੇ। ਜਿਦਾਂ ਦੇ ਵਾਯਾਤ ਉਹ ਆਪ ਹੁੰਦੇ ਉਦਾ ਕੁ ਦੇ ਕੰਮ ਦਸਦੇ। ਪਿੱਪਲ ਤੇ ਚੜ੍ਹਕੇ ਨਾਉਂਣਾ, ਚੁਰਸਤੇ ਵਿਚ ਨਾਉਣਾ, ਕਿਸੇ ਦੇ ਕੋਠੇ ਤੇ ਨਾਉਂਣਾ। ਤੇ ਸ਼ੱਕ ਹੋਰ ਹੋ ਗਿਆ ਜਦ ਅਗਲੇ ਦਿਨ ਵੀ ਨੰਗੇ ਪੈਰਾਂ ਦੇ ਤਾਜੇ ਨਿਸ਼ਾਨ ਬਰਫ ਉਪਰ ਲੱਗੇ ਹੋਏ ਸਾਫ ਦਿੱਸ ਰਹੇ ਸਨ। ਗੁਆਂਢੀ ਦੀ ਮਾਤਾ ਰਾਤ ਸਾਰੀ ਜਾਗਦੀ ਰਹੀ ਕਿ ਇਹ ਕਿਹੜੀ 'ਕਲਮੂੰਹੀ' ਰਾਤ ਨੂੰ ਨੰਗੇ ਪੈਰੀਂ ਤੁਰਕੇ ਆਉਂਦੀ ਸਾਡੇ ਬੂਹੇ ਮੂਹਰੇ।
ਸਿੱਟਾ ਇਹ ਨਿਕਲਿਆ ਕਿ ਆਉਂਦੀ ਕੋਈ ਨਹੀਂ ਸੀ ਬਲਕਿ ਉਨ੍ਹਾ ਦੀ ਬੇਸਮਿੰਟ ਵਿਚੋਂ 'ਭੂਤ' ਨਿਕਲ ਕੇ ਜਾਂਦਾ ਸੀ ਰਾਤ ਨੂੰ ਕਿਸੇ ਭੂਤ-ਖਾਨੇ ਨੱਚਣ। ਉਨ੍ਹਾਂ ਦੀ ਬੇਸਮਿੰਟ ਵਾਲਿਆਂ ਦਾ ਕੋਈ ੨੩-੨੪ ਸਾਲ ਮੁੰਡਾ ਸੀ। ਉਹ ਅਪਣੇ ਕਮਰੇ ਦਾ ਦਰਵਾਜਾ ਲਾ ਕੇ ਮਾ-ਪੇ ਵਲੋਂ ਸੁੱਤਾ ਹੁੰਦਾ ਸੀ ਪਰ ਬਾਰੀ ਖ੍ਹੋਲ ਉਹ ਰਾਤ ਨੂੰ ਪਤਾ ਨਹੀਂ ਕਿਥੇ 'ਸਿਵੇ' ਜਗਾਉਂਣ ਤੁਰ ਪੈਂਦਾ ਸੀ। ਇਕ ਵਾਧੂ ਜੁੱਤੀ ਉਸ ਗੱਡੀ ਵਿਚ ਹੀ ਰੱਖੀ ਹੋਈ ਸੀ ਜਿਸ ਕਰਕੇ ਨੰਗੇ ਪੈਰਾਂ ਦੇ ਨਿਸ਼ਾਂਨ ਬਰਫ ਉਪਰ ਪੈਂਦੇ ਸਨ। ਤੁਸੀਂ ਦੱਸੋ ਅਜਿਹੀ ਉਲਾਦ ਦੇ ਹੁੰਦਿਆਂ ਭੂਤ ਕਿਤੋਂ ਲੈਣ ਜਾਣੇ ਹਨ?
ਵੈਨਕੋਵਰ ਦੀ ਗਲ ਹੈ ਮੈਂ ਟੈਕਸੀ ਚਲਾਉਂਦਾ ਸੀ। ਰਾਤ ਦੀ ਸ਼ਿਫਟ ਸੀ। ਆਪਣੀ ਪੰਜਾਬੀ ਕੁੜੀ। ਸ਼ਰਾਬ ਵਿੱਚ ਟੁੰਨ। ਉਸ ਹੱਥ ਦਿੱਤਾ ਮੈਂ ਟੈਕਸੀ ਰੋਕੀ। ਪੈਸਾ ਉਸ ਕੋਲੇ ਕੋਈ ਨਹੀਂ ਸੀ। ਮੇਰੀ ਸ਼ਰਮ ਦੀ ਹੱਦ ਨਾ ਰਹੀ ਜਦ ਉਸ ਪੈਸੇ ਦੇਣ ਦੀ ਬਜਾਇ ਗੋਰੀਆਂ ਵਾਂਗ 'ਗੁੱਡ ਟਾਇਮ' ਕਰਨ ਨੂੰ ਕਿਹਾ। ਦੱਸੇ ਐੱਡਰੈਸ 'ਤੇ ਜਦ ਉਸ ਨੂੰ ਮੈਂ ਘਰ ਲੈ ਕੇ ਗਿਆ ਤਾਂ ਕੁੜੀ ਨੂੰ ਕੋਈ ਸੁਰਤ ਨਹੀਂ ਸੀ। ਰਾਤ ਕੋਈ ੨ ਤੋਂ ੩ ਕੁ ਦੇ ਵਿਚਾਲੇ ਦਾ ਸਮਾ ਸੀ ਜਦ ਮੈਂ ਘਰ ਦੀ ਬੈੱਲ ਮਾਰੀ। ਕੁੜੀ ਦੇ ਬਾਪ ਨੇ ਦਰਵਾਜਾ ਖੋਲ੍ਹਿਆ। ਉਹ ਹੈਰਾਨ ਸੀ ਮੈਂ ਇਸ ਸਮੇ ਉਨ੍ਹਾਂ ਨੂੰ ਪ੍ਰੇਸ਼ਾਨ ਕਿਉਂ ਕੀਤਾ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਲੜਕੀ ਕਿਥੇ ਹੈ। ਉਹ ਕਹਿਣ ਲੱਗਾ ਕਿ ਤੁਸੀਂ ਕਿਉਂ ਪੁੱਛ ਰਹੇ ਹੋ ਉਹ ਤਾਂ ਅਪਣੇ ਕਮਰੇ ਵਿਚ ਸੁਤੀ ਪਈ ਹੈ...??
ਘਰਾਂ ਵਿਚ ਕਿੰਨੇ ਲੋਕ ਹਨ ਜਿਹੜੇ ਇੰਝ ਅਪਣੇ ਪਾਲੇ ਹੋਏ ਬੱਚਿਆਂ ਯਾਨੀ ਭੂਤਨਿਆਂ ਹੱਥੋਂ ਜਲਾਲਤ ਭਰੀ ਜਿੰਦਗੀ ਜੀਅ ਰਹੇ ਹਨ।
 ਪਰ ਇਹ ਭੂਤਨੇ ਪੈਦਾ ਕਿਥੋਂ ਹੋਏ?
 ਕਲਯੁਗ ਵਿਚੋਂ!
 ਤੇ ਕਲਯੁਗ ਨੂੰ ਘਰਾਂ ਵਿਚ ਸੱਦੇ-ਪੱਤਰ ਕੀਹਨੇ ਭੇਜੇ?
 ਮੈਂ ਖੁਦ!
 ਸ਼ਰਾਬਾਂ ਪੀ ਕੇ। ਘਰਾਂ ਦੇ ਕਲੇਸ਼, ਔਰਤਾਂ ਦੀ ਕੁੱਟਮਾਰ, ਪਾਰਟੀਆਂ ਵਿਚ ਵਾਯਾਤ ਬਕਵਾਸ, ਛੋਛੇ ਬਾਜੀਆਂ ਵਿਚ ਕਰਜਿਆਂ ਹੇਠ ਦਬ ਕੇ ਫਾਲਤੂ ਦੀਆਂ ਚਿੰਤਾਵਾ ਅਤੇ ਉਨ੍ਹਾਂ ਚਿੰਤਾਵਾਂ ਦੇ ਇਲਾਜ ਕਿਥੋਂ?
ਮੂਰਖਤਾ ਦੀ ਮੇਰੀ ਹੱਦ ਉਦੋਂ ਹੋ ਜਾਂਦੀ ਹੈ ਜਦ ਸੈਕੜੇ ਮੀਲ ਦੂਰ ਬੈਠੇ ਕਿਸੇ ਅਜਮੇਰੀ ਜਾਂ ਮਾਸ਼ਟਰ ਅਮਰ ਕੋਲੋਂ ਮੈਂ ਫੋਨਾ ਤੇ ਹੀ ਅਜਿਹੇ ਭੂਤਾਂ ਦਾ ਇਲਾਜ ਪੁੱਛਦਾ ਹਾਂ।
 ਕੀ ਮਾਸ਼ਟਰਾਂ ਜਾਂ ਅਜਮੇਰੀਆਂ ਦੇ ਘਰੇ ਭੂਤਨੇ ਨਹੀਂ ਹਨ?
ਉਨ੍ਹਾਂ ਘਰ ਤਾਂ ਤੁਹਾਡੇ ਨਾਲੋਂ ਵੀ ਵੱਡੇ ਭੂਤਨੇ ਹੋਣਗੇ ਜਿਹੜੇ ਦੁਨੀਆਂ ਨਾਲ ਮਾਰੀਆਂ ਠੱਗੀਆਂ ਦਾ ਆਟਾ ਅਪਣੇ ਭੂਤਨਿਆਂ ਨੂੰ ਚਾਰ ਰਹੇ ਹਨ। ਉਨ੍ਹਾਂ ਦੇ ਤਾਂ ਖੁਦ ਦੇ ਘਰੀਂ ਸਿਵੇ ਜਗਦੇ ਹਨ ਤੇ ਭੂਤਨੇ ਨੱਚਦੇ ਹਨ। ਉਹ ਖੁਦ ਅਪਣਾ ਇਲਾਜ ਆਪ ਨਹੀਂ ਕਰ ਸਕਦੇ। ਕੀ ਅਜਮੇਰੀ ਨੇ ਕਰ ਲਿਆ?
 ਕਿਸੇ ਗੈਬੀ ਸ਼ਕਤੀ ਨਾਲ ਕੀ ਅਜਮੇਰੀ ਆਹ ਪਿੱਛੇ ਜਿਹੇ ਜ੍ਹੇਲ ਜਾਣੋਂ ਬੱਚ ਗਿਆ?
 ਤੇ ਆਹ ਭੜੂਏ! ਅਖਬਾਰਾਂ ਵਾਲੇ?
 ਜਿਹੜੇ ਉਨ੍ਹਾਂ ਦੇ ਇਸ਼ਤਿਹਾਰ ਲਾ ਕੇ ਲੁਕਾਈ ਨੂੰ ਅੰਨ੍ਹੀ ਖੱਡ ਵਿਚ ਸੁਟ ਰਹੇ ਹਨ ਕੀ ਇਨ੍ਹਾਂ ਘਰਾਂ ਵਿਚ ਕਲੇਸ਼ ਨਹੀਂ ਹਨ?
 ਇਨ੍ਹਾਂ ਉਪਰ ਤਾਂ ਅਜਮੇਰੀਆਂ-ਮਾਸ਼ਟਰਾਂ ਦੀ ਜਿਆਦਾ 'ਸਵੱਲੀ-ਨਜਰ' ਹੋਣੀ ਚਾਹੀਦੀ ਸੀ ਕਿਉਂਕਿ ਇਹ ਉਨ੍ਹਾਂ ਦੇ ਦਲਾਲ ਜੂ ਹਨ, ਪਰ ਕੀ ਹੋਈ ?
ਬਾਬਾ ਜੀ ਦੇ ਸੈਂਕੜੇ ਸਾਲ ਪਹਿਲਾਂ ਕਹੇ ਬੱਚਨ ਅੱਜ ਵੀ ਸੱਤ ਹਨ ਅਤੇ ਸੱਤ ਰਹਿਣਗੇ। ਮੈਂ ਅਪਣੇ ਘਰਾਂ ਨੂੰ ਭੂਤ-ਖਾਨਾ ਬਣਾ ਲਿਆ ਹੈ। ਬਾਬਾ ਜੀ ਕਹਿੰਦੇ ਹਨ ਕਿ ਜਿਥੇ ਸੱਚ ਦੀ ਵਿਚਾਰ ਨਹੀਂ, ਜਿਥੇ ਸੱਚ ਦਾ ਵਿਹਾਰ ਨਹੀਂ ਉਥੇ ਭੂਤਨੇ ਹੀ ਜੰਮਣਗੇ ਅਤੇ ਭੂਤਨੇ ਹੀ ਨੱਚਣਗੇ। ਅਣ-ਦਿੱਸਦੇ ਭੂਤਾਂ ਮੇਰਾ ਕੁਝ ਨਹੀਂ ਵਿਗਾੜਨਾ ਨਾ ਵਿਗਾੜ ਸਕਦੇ ਹਨ ਨਾ ਅਜਿਹੇ ਕੋਈ ਭੂਤ ਹਨ।
 ਕਿਸੇ ਅਣ ਦਿੱਸਦੇ ਭੂਤ ਨੇ ਤੁਹਾਨੂੰ 'ਸ਼ਟ-ਅਪ ਡੈਡ' ਕਿਹਾ ਕਦੇ ?
ਗੁਰਦੇਵ ਸਿੰਘ ਸੱਧੇਵਾਲੀਆ 



        

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.