ਕੈਟੇਗਰੀ

ਤੁਹਾਡੀ ਰਾਇ



ਗਿਆਨੀ ਸੰਤੋਖ ਸਿੰਘ
ਮੇਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ, ਘੁੰਮ ਵਜ਼ੀਰਾਂ ਦੇ ਅਗੜ ਪਿਛੜ ਸਿੰਘਾ।
ਮੇਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ, ਘੁੰਮ ਵਜ਼ੀਰਾਂ ਦੇ ਅਗੜ ਪਿਛੜ ਸਿੰਘਾ।
Page Visitors: 2868

                       ਅਨਪੜ੍ਹ ਸਿੰਘਾ
ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ
ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ
ਉਪ੍ਰੋਕਤ ਲਾਈਨ ਪ੍ਰਿੰਸੀਪਲ ਤਖ਼ਤ ਸਿੰਘ ਦੀ ਇੱਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸਨੇ ੧੯੬੭/੬੮ ਵਿੱਚ ਲਿਖੀ ਸੀ। ਇਸ ਦਾ ਪਿਛੋਕੜ ਕਿਸ ਪ੍ਰਕਾਰ ਹੈ: ਪੰਜਾਬੀ ਸੂਬਾ ਬਣਨ ਪਿੱਛੋਂ ੧੯੬੭ ਦੀਆਂ ਪਹਿਲੀਆਂ ਚੋਣਾਂ ਸਨ। ਪੰਜਾਬੀ ਸੂਬੇ ਦੀ ਜਦੋ ਜਹਿਦ ਵਿੱਚ ਅਧੂਰੀ ਜਿਹੀ ਸਫ਼ਲਤਾ ਪ੍ਰਾਪਤ ਕਰ ਲੈਣ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ, ਮਾਸਟਰ ਤਾਰਾ ਸਿੰਘ ਜੀ ਦੇ ਹੱਥੋਂ ਨਿਕਲ਼ ਕੇ ਸੰਤ ਫ਼ਤਿਹ ਸਿੰਘ ਜੀ ਦੇ ਹੱਥ ਆ ਗਈ ਹੋਈ ਸੀ। ਇਹਨਾਂ ਚੋਣਾਂ ਤੋਂ ਪਹਿਲਾਂ ਮਾਸਟਰ ਜੀ ਤੇ ਸੰਤ ਜੀ ਦੇ ਧੜਿਆਂ ਵਿੱਚ ਕੁੱਝ ਪੰਥ ਦਰਦੀ ਸੱਜਣਾਂ ਨੇ ਸਮਝੌਤਾ ਕਰਵਾ ਕੇ, ਇਕੋ ਝੰਡੇ ਹੇਠ ਦੋਹਾਂ ਧੜਿਆਂ ਨੂੰ ਇੱਕ ਹੋ ਕੇ ਚੋਣਾਂ ਲੜਾਉਣ ਲਈ ਯਤਨ ਕੀਤੇ ਤਾਂ ਕਿ ਪੰਜਾਬੀ ਸੂਬੇ ਦੇ ਅਸਲੀ ਮਕਸਦ ਦੀ ਪ੍ਰਾਪਤੀ ਹੋ ਸਕੇ, ਅਰਥਾਤ ਸੂਬੇ ਵਿੱਚ ਕਾਂਗਰਸ ਦੀ ਥਾਂ ਤੇ ਅਕਾਲੀ ਸਰਕਾਰ ਬਣਾਈ ਜਾ ਸਕੇ। ਪਰ ਅਜਿਹੇ ਯਤਨ ਅਸਫ਼ਲ ਰਹੇ ਤੇ ਸਮਝੋਤਾ ਨਾ ਹੋ ਸਕਿਆ। ਦੋਹਾਂ ਧੜਿਆਂ ਨੇ ਵੱਖ ਵੱਖ ਹੀ ਉਮੀਦਵਾਰ ਖੜ੍ਹੇ ਕੀਤੇ ਜਿਸ ਨਾਲ਼ ਅਕਾਲੀਆਂ ਦੀਆਂ ਵੋਟਾਂ ਦੋ ਥਾਂਈਂ ਵੰਡੀਆਂ ਜਾਣ ਕਰਕੇ ਕਾਂਗਰਸ ਨੂੰ ਖਾਸਾ ਲਾਭ ਹੋਇਆ। ਇਸ ਸਮੇ ਬਠਿੰਡੇ ਦੇ ਰਿਜ਼ਰਵ ਹਲਕੇ ਤੋਂ ਟਕਸਾਲੀ ਅਕਾਲੀ ਸ. ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ਦੇ ਸਿਟਿੰਗ ਐਮ. ਪੀ. ਸਨ ਜੋ ਕਿ ਮਾਸਟਰ ਗਰੁਪ ਨਾਲ਼ ਸਨ। ਇਹ ਸਰਦਾਰ ਗੁਲਸ਼ਨ ਜੀ ਬਹੁਤ ਲੰਮਾ ਸਮਾ ਲੈਜਿਸਲੇਟਰ ਰਹੇ। ੧੯੫੨ ਵਿੱਚ ਪੈਪਸੂ ਵਿੱਚ ਐਮ. ਐਲ. ਏ. ਬਣੇ। ਫਿਰ ੧੯੫੭ ਵਿੱਚ ਪੰਜਾਬ ਵਿੱਚ ਐਮ. ਐਲ. ਏ. ਬਣੇ ਤੇ ੧੯੬੨ ਵਿੱਚ ਐਮ. ਪੀ. ਬਣੇ। ਫਿਰ ੧੯੭੨ ਵਿੱਚ ਵੀ ਐਮ. ਐਲ. ਏ. ਬਣੇ। ਐਮਰਜੈਂਸੀ ਦੇ ਖ਼ਿਲਾਫ਼ ਦਲ ਵੱਲੋਂ ਲਾਏ ਗਏ ਮੋਰਚੇ ਦੀ ਸਫ਼ਲਤਾ ਕਾਰਨ, ੧੯੭੭ ਵਿੱਚ ਹੋਈਆਂ ਚੋਣਾਂ ਵਿਚ, ਗੁਲਸ਼ਨ ਜੀ ਐਮ. ਪੀ. ਬਣੇ ਤੇ ਫਿਰ ਹਿੰਦੁਸਤਾਨ ਦੇ ਵਿਦਿਅਕ ਮਹਿਕਮੇ ਦੇ ਵਜ਼ੀਰ ਬਣਨ ਦਾ ਮਾਣ ਵੀ ਸ. ਧੰਨਾ ਸਿੰਘ ਗੁਲਸ਼ਨ ਜੀ ਨੂੰ ਪ੍ਰਾਪਤ ਹੋਇਆ। ਇਹ ਕਲਗੀਧਰ ਪਾਤਿਸ਼ਾਹ ਦਾ ਪੰਥ ਵੀ ਕੈਸਾ ਗ਼ਰੀਬ ਨਿਵਾਜ ਹੈ! ਮਹਾਂਰਾਜ ਨੇ ਫੁਰਮਾਇਆ ਸੀ ਨਾ:

ਇਨ ਗਰੀਬ ਸਿਖਨ ਕਉ ਦੇਊਂ ਪਾਤਿਸ਼ਾਹੀ॥
ਯਾਦ ਕਰੇਂ ਹਮਰੀ ਗੁਰਿਆਈ॥
ਫਿਰ ਹੋਰ ਵੀ ਵੇਖੋ ਪਾਤਿਸ਼ਾਹ ਕੀ ਫੁਰਮਾਉਂਦੇ ਹਨ:
ਜਿਨ ਕੀ ਜਾਤਿ ਔਰ ਕੁਲ ਮਾਹੀਂ॥ ਸਰਦਾਰੀ ਨਹਿ ਭਈ ਕਦਾਹੀਂ॥
ਇਨਹੀ ਕੋ ਸਰਦਾਰ ਬਨਾਊ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥
ਬਠਿੰਡੇ ਦੇ ਟਿੱਬਿਆਂ ਵਿੱਚ ਕਵੀਸ਼ਰੀ ਕਰਨ ਵਾਲ਼ਾ ਇੱਕ ਨਿਮਾਣਾ ਦਲਿਤ ਸਿੱਖ, ਸ. ਧੰਨਾ ਸਿੰਘ ਗੁਲਸ਼ਨ, ਪੰਥ ਦੀ ਗਰੀਬ ਨਿਵਾਜਤਾ ਕਾਰਨ ਨਾ ਸਿਰਫ ਐਮ. ਪੀ. ਹੀ ਬਣਿਆ ਬਲਕਿ ਕੇਂਦਰੀ ਸਰਕਾਰ ਦਾ ਵਜ਼ੀਰ, ਤੇ ਉਹ ਵੀ ਵਿਦਿਅਕ ਮਹਿਕਮੇ ਦਾ; ਹੈ ਕਿ ਨਾ ਪੰਥਕ ਬਖ਼ਸ਼ਿਸ਼ਾਂ ਦਾ ਪ੍ਰਤੱਖ ਪਰਮਾਣ! ਇਸ ਪੰਥ ਨੇ ਤਾਂ ਘੋੜਿਆਂ ਦੀ ਲਿੱਦ ਸੁੱਟਣ ਵਾਲ਼ੇ ਭਾਈ ਕਪੂਰ ਸਿੰਘ ਜੀ ਨੂੰ ਨਵਾਬ ਤੇ ਯਤੀਮ ਭਾਈ ਜੱਸਾ ਸਿੰਘ ਨੂੰ ਸੁਲਤਾਨੁਲ ਕੌਮ ਬਣਾ ਦਿਤਾ ਸੀ!
ਸ. ਧੰਨਾ ਸਿੰਘ ਗੁਲਸ਼ਨ ਜੀ ਬਹੁਤ ਸੁਲਝੇ ਹੋਏ ਬੁਲਾਰੇ ਸਨ ਤੇ ਕਵੀਸ਼ਰੀ ਕਰਿਆ ਕਰਦੇ ਸਨ। ਆਪਣੀਆਂ ਕਵਿਤਾਵਾਂ ਵੀ ਲਿਖਦੇ ਸਨ। ਇਹਨਾਂ ਦੀ ਇੱਕ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਵੀ ਸਿੱਖ ਸਿਆਸਤ ਉਪਰ ਚੰਗਾ ਚਾਨਣ ਪਾਉਣ ਵਾਲ਼ੀ ਹੈ। ਸਰਦਾਰ ਗੁਲਸ਼ਨ ਜੀ ੧੯੬੯ ਦੀ ਵੈਸਾਖੀ ਸਮੇ ਤਖ਼ਤ ਸ੍ਰੀ ਦਮਦਮਾ ਸਹਿਬ ਵਿਖੇ ਮੇਰਾ ਲੈਕਚਰ ਸੁਣ ਕੇ ਬੜੇ ਪ੍ਰਭਾਵਤ ਹੋਏ ਤੇ ਸ਼ਾਬਾਸ ਦਿੰਦਿਆਂ ਆਖਿਆ, “ਤੂੰ ਤਾਂ ਸੰਤੋਖ ਸਿਅਹਾਂ ਗਿਆਨੀ ਲਾਲ ਸਿੰਘ ਵਾਂਗ ਬੋਲਦਾਂ!” ੧੯੮੦ ਵਿੱਚ ਸਿਡਨੀ ਆਉਣ ਪਿੱਛੋਂ, ਮੈਨੂੰ ਪੰਥ ਪ੍ਰਸਿਧ ਢਾਡੀ ਅਤੇ ਚੋਟੀ ਦੇ ਬੁਲਾਰੇ, ਪਰਲੋਕਵਾਸੀ ਗਿ. ਭਗਤ ਸਿੰਘ ਲਲ੍ਹੀ ਜੀ, ਹੋਰਾਂ ਨੇ ਗੁਲਸ਼ਨ ਜੀ ਦੀ ਲਿਖੀ, ਪੰਜਾਬੀ ਸੂਬੇ ਬਾਰੇ ਇੱਕ ਕਵਿਤਾ ਜ਼ਬਾਨੀ ਸੁਣਾਈ ਸੀ ਜੋ ਕਿ ਗੁਲਸ਼ਨ ਜੀ ਦੀ ਕਾਵਿਕ ਯੋਗਤਾ ਦੀ ਮੂੰਹ ਬੋਲਦੀ ਤਸਵੀਰ ਸੀ। ਅੱਜ ਕਲ੍ਹ ਉਹਨਾਂ ਦੀ ਸਪੁੱਤਰੀ, ਪ੍ਰਿੰਸੀਪਲ ਪਰਮਜੀਤ ਕੌਰ ਗੁਲਸ਼ਨ ਜੀ, ਉਹਨਾਂ ਦੇ ਹਲਕੇ ਦੀ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਭਾਰਤ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਕਰਦੇ ਹਨ। ਮੁਕਦੀ ਗੱਲ ੧੯੬੭ ਸਮੇ ਇਹ ਵੀ ਮਾਸਟਰ ਦਲ ਵੱਲੋਂ ਏਥੋਂ ਹੀ ਉਮੀਦਵਾਰ ਬਣੇ। ਇਹ ਇਸ ਹਲਕੇ ਦੇ ਸਿਟਿੰਘ ਅੇਮ. ਫੀ. ਵੀ ਸਨ।
    ਕਾਂਗਰਸ ਨੇ ਵੀ ਇੱਕ ਹੋਰ ਐਮ. ਪੀ. ਪ੍ਰੋ. ਦਲਜੀਤ ਸਿੰਘ ਖੜ੍ਹਾ ਨੂੰ ਕੀਤਾ। ਮੁਕਾਬਲੇ ਤੇ ਸੰਤ ਫ਼ਤਿਹ ਸਿੰਘ ਜੀ ਨੇ, ਜ਼ਿਲੇ ਦੇ ਅਕਾਲੀ ਆਗੂਆਂ ਦੇ ਜੋਰ ਦੇਣ ਤੇ, ਆਪਣੇ ਡਰਾਈਵਰ. ਸ. ਕਿੱਕਰ ਸਿੰਘ ਜੀ ਨੂੰ, ਆਪਣੇ ਦਲ ਦਾ ਟਿਕਟ ਦੇ ਕੇ ਖੜ੍ਹਾ ਕਰ ਦਿਤਾ। ਇਹਨਾਂ ਚੋਣਾਂ ਦੌਰਾਨ ਚੋਣ ਜਲਸਿਆਂ ਵਿੱਚ ਵਿਰੋਧੀ ਬੜਾ ਰੌਲ਼ਾ ਪਾਉਣ ਕਿ ਸੰਤ ਜੀ ਨੇ ਇੱਕ ਅਨਪੜ੍ਹ ਬੰਦੇ ਨੂੰ ਟਿਕਟ ਦੇ ਦਿਤੀ ਹੈ। ਹੋਰ ਵੀ ਕਈ ਕੁੱਝ ਊਲ-ਜਲੂਲ ਇਸ ਮਸਲੇ ਤੇ ਕੁਫ਼ਰ ਤੋਲੇ ਗਏ ਜੋ ਕਿ ਚੋਣਾਂ ਸਮੇ ਆਮ ਹੀ ਵਰਤਾਰਾ ਹੁੰਦਾ ਹੈ। ਸਿਆਣੇ ਆਖਦੇ ਵੀ ਨੇ ਕਿ ਲੜਾਈ ਤੇ ਇਸ਼ਕ ਵਿੱਚ ਹਰ ਹਥਿਆਰ ਹੀ ਜਾਇਜ਼ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਅਖੀਰ ਨੂੰ ਸਚਾਈ ਸਾਹਮਣੇ ਆ ਹੀ ਜਾਂਦੀ ਹੈ ਪਰ ਫੌਰੀ ਕਾਮਯਾਬੀ ਤਾਂ ਪ੍ਰਾਪਤ ਆਮ ਤੌਰ ਤੇ ਹੋ ਹੀ ਜਾਂਦੀ ਹੈ। ਕਈ ਸੱਜਣ ਇਹ ਵੀ ਆਖਦੇ ਨੇ ਕਿ ਜਦੋਂ ਨੂੰ ਸਚਾਈ ਸਾਹਮਣੇ ਆੳਂੁਦੀ ਹੈ ਓਦੋਂ ਨੂੰ ‘ਟੂ ਲੇਟ’ ਹੋ ਚੁੱਕਾ ਹੁੰਦਾ ਹੈ। ਅਰਥਾਤ ਸੱਚੀ ਧਿਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਸੰਤ ਜੀ ਨੇ ਇੱਕ ਚੋਣ ਜਲਸੇ ਵਿੱਚ ਆਖਿਆ, “ਕੁਝ ਪੜ੍ਹੇ ਲਿਖੇ ਭਲੇਮਾਣਸ ਸੱਜਣ ਮੇਰੇ ਤੇ ਇਲਜਾਮ ਲਾਉਂਦੇ ਨੇ ਕਿ ਮੈ ਅਨਪੜ੍ਹ ਕਿੱਕਰ ਸਿੰਘ ਨੂੰ ਟਿਕਟ ਦੇ ਦਿਤੀ ਹੈ। ਕਿੱਕਰ ਸਿੰਘ ਦਾ ਮੈ ਜ਼ਿੰਮੇਵਾਰ ਹਾਂ; ਉਸ ਨੂੰ ਮੈ ਪੜ੍ਹਾਇਆ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠੀ ਹੈ। ਕੀਰਤਨ ਕਰਦਾ ਹੈ। ਪੰਜਾਬੀ ਤੇ ਹਿੰਦੀ ਬੜੀ ਚੰਗੀ ਤਰ੍ਹਾਂ ਪੜ੍ਹ ਤੇ ਲ਼ਿਖ ਸਕਦਾ ਹੈ। ਗੁਲਸ਼ਨ ਜੀ ਦੱਸਣ ਕਿ ਉਹ ਕਿਥੋਂ ਪੜ੍ਹੇ ਹਨ! ਉਹਨਾਂ ਦਾ ਕੌਣ ਉਸਤਾਦ ਹੈ! ਫੇਰ ਕੁੱਝ ਸੱਜਣ ਵਿੱਚ ਵੀ ਆਖਦੇ ਨੇ ਕਿ ਜੀ ਗੁਲਸ਼ਨ ਕਵੀਸ਼ਰੀ ਕਰਦਾ ਹੈ। ਹਾਂ, ਇਹ ਗੱਲ ਉਹਨਾਂ ਦੀ ਠੀਕ ਹੈ। ਗੁਲਸ਼ਨ ਜੀ ਕਵੀਸ਼ਰੀ ਜ਼ਰੂਰ ਕਰਦੇ ਨੇ। ਉਹਨਾਂ ਦੀ ਕਵੀਸ਼ਰੀ ਦਾ ਨਮੂਨਾ ਇੱਕ ਤੁਸੀਂ ਵੀ ਭਰਾਓ ਸੁਣ ਲਵੋ:
ਸਾਡੇ ਪਿੰਡ ਮਰ ਗਈਆਂ ਤਿੰਨ ਕੱਟੀਆਂ। ਅਸੀਂ ਜਾ ਕੇ ਉਹਨਾਂ ਦੀਆਂ ਪੂਛਾਂ ਪੱਟੀਆਂ।
ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆ। ਧੰਨ ਬਾਬਾ ਧਿਆਨਾ ਜੀਹਨੇ ਕੰਮ ਸਾਰਿਆ।
ਕਵਿਤਾ ਦਾ ਇਹ ‘ਉਚ ਉਡਾਰੀ’ ਨਮੂਨਾ ਸੁਣ ਕੇ ਹਾਸਾ ਤਾਂ ਪੈਣਾ ਹੀ ਸੀ। ਸੰਤ ਜੀ ਹੌਲ਼ੀ ਹੌਲ਼ੀ ਤਹੱਮਲ ਜਿਹੇ ਨਾਲ਼ ਇਸਤਰ੍ਹਾਂ ਭਾਸ਼ਨ ਕਰਿਆ ਕਰਦੇ ਸਨ ਕਿ ਉਹਨਾਂ ਦਾ ਆਖਿਆ ਜਨ ਸਾਧਾਰਨ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਟੁੰਬ ਜਾਇਆ ਕਰਦਾ ਸੀ। ਫਿਰ ਇੱਕ ਹੋਰ ਗੱਲ ਵੀ ਸੀ, ਉਹਨਾਂ ਦੇ ਵਿਰੋਧੀ ਵੀ ਉਹਨਾਂ ਦਾ ਭਾਸ਼ਨ ਪੂਰਾ ਸੁਣਨ ਲਈ ਮਜਬੂਰ ਹੋ ਜਾਇਆ ਕਰਦੇ ਸਨ। ਅੱਗੇ ਹੋਰ ਵੀ ਖੁਲਾਸਾ ਕਰਦਿਆਂ ਸੰਤ ਜੀ ਨੇ ਫੁਰਮਾਇਆ, “ਬਾਕੀ ਰਹੀ ਗੱਲ ਕੁਰਸੀ ਨੂੰ ਸੇਕ ਦੇਣ ਦੀ; ਉਹ ਕਿੱਕਰ ਸਿੰਘ ਸ. ਧੰਨਾ ਸਿੰਘ ਗੁਲਸ਼ਨ ਨਾਲ਼ੋਂ ਵਧ ਦੇ ਲਊ।”
ਸ. ਕਿੱਕਰ ਸਿੰਘ ਜੀ, ਦੋ ਸਿਟਿੰਗ ਮੈਬਰਾਂ, ਕਾਂਗਰਸ ਦੇ ਪ੍ਰੋਫ਼ੈਸਰ ਦਲਜੀਤ ਸਿੰਘ ਤੇ ਮਾਸਟਰ ਅਕਾਲੀ ਦਲ ਦੇ ਸ. ਧੰਨਾ ਸਿੰਘ ਗੁਲਸ਼ਨ, ਨੂੰ ਸੱਬਰਕੱਤੀਆਂ ਵੋਟਾਂ ਨਾਲ਼ ਹਰਾ ਕੇ ਤੇ ਸੀਟ ਜਿੱਤ ਕੇ, ਭਾਰਤ ਦੀ ਪਾਰਲੀਮੈਟ ਵਿੱਚ ਪਹੁੰਚ ਗਏ। ਪਹਿਲੇ ਦਿਨ ਦੀਆਂ ਰੌਣਕਾਂ ਵਿੱਚ ਨਵੇ ਜਿੱਤੇ ਤੇ ਵਾਹਵਾ ਸਾਰੇ ਹਾਰੇ ਹੋਏ ਐਮ. ਪੀ. ਵੀ ਇਕੱਠੇ ਹੋਏ ਹੋਏ ਸਨ। ਇਸ ਗਹਿਮਾ ਗਹਿਮੀ ਵਿੱਚ ਰਾਜ ਸਭਾ ਦੇ ਸੋਸ਼ਲਿਸਟ ਮੈਬਰ, ਸ਼੍ਰੀ ਰਾਜ ਨਾਰਾਇਣ ਦੀ ਨਿਗਾਹ, ਇਕੱਠੇ ਤੁਰੇ ਆਉਂਦੇ, ਸ. ਕਿੱਕਰ ਸਿੰਘ ਤੇ ਸ. ਧੰਨਾ ਸਿੰਘ ਗੁਲਸ਼ਨ ਤੇ ਜਾ ਪਈ। ਆਪਣੇ ਮਖੌਲੀਆ ਅੰਦਾਜ਼ ਵਿੱਚ ਰਾਜ ਨਾਰਇਣ ਜੀ ਬੋਲ ਉਠੇ, “ਵਾਹ, ਸਿੱਖੋਂ ਕੀ ਬ੍ਹੀ ਕਿਆ ਬਾਤ ਹੈ! ਯਿਹ ਗੁਲਸ਼ਨ ਉਖਾੜ ਕਰ ਕੀਕਰ ਉਗਾਤੇ ਹੈਂ!” ਠਹਾਕਾ ਪਿਆ ਉਹਨਾਂ ਹਾਜਰਾਂ ਵੱਲੋਂ ਜਿਨ੍ਹਾਂ ਨੂੰ ਇਸ ਗੁਝੀ ਟਿੱਚਰ ਦੀ ਸਮਝ ਆ ਗਈ।
ਪ੍ਰਿੰਸੀਪਲ ਖੜਕ ਸਿੰਘ ਦੀ ਪੂਰੀ ਕਵਿਤਾ ਇਉਂ ਹੈ:
ਗੜਬੜ ਸਿੰਘ ਨੂੰ ਸਾਡਾ ਉਪਦੇਸ਼


ਜੇ ਕੁੱਝ ਖੱਟਣੈ ਤਾਂ ਪੰਥ ਦਾ ਪੱਲਾ ਫੜ ਸਿੰਘਾ। ਪੂਜਾ ਦੇ ਧਾਨ ਨਾਲ਼ ਇਲੈਕਸ਼ਨ ਲੜ ਸਿੰਘਾ।
ਲੈ ਇੱਕ ਓਟ ਗੁਰੂ ਘਰ ਦੀ ਜੇ ਦੋਸ਼ੀ ਏਂ, ਅੱਜ ਗੁਰਦੁਆਰੇ ਜੁਰਮਾਂ ਦੇ ਨੇ ਗੜ੍ਹ ਸਿੰਘਾ।
ਵਿਕਣ ਜਮੀਰਾਂ ਥਾਂ ਥਾਂ ਜੇ ਪੈਸਾ ਏ ਕੋਲ਼, ਰਾਜ ਸਭਾ ਵਿੱਚ ਪਿਛਲੇ ਬੂਹਿਉਂ ਵੜ ਸਿੰਘਾ।
ਰੱਬ ਰੁੱਸਦੈ ਤਾਂ ਰੁੱਸੇ, ਖੁੱਸੇ ਨਾ ਰਾਜ, ਵਿਉਂਤ ਅਜਿਹੇ ਢੰਗ ਦੀ ਕੋਈ ਘੜ ਸਿੰਘਾ।
ਪੰਥ ਦਾ ਲੀਡਰ ਜੇਕਰ ਬਣਨਾ ਲੋਚੇਂ ਤੂੰ, ਕਿਸੇ ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘਾ।
ਨਿਕਲ਼ ਗਿਆ ਪੰਜਾਬੀ ਸੂਬਾ ਤੈਥੋਂ ਦੂਰ, ਹੁਣ ਹਰਿਆਣੇ ਬਹਿ ਕੇ ਹਿੰਦੀ ਪੜ੍ਹ ਸਿੰਘਾ।
ਅਗਨਕੁੰਡ ਦੇ ਲਾਗੇ ਬਹਿ ਕੇ ਮਾਲ਼ਾ ਫੇਰ, ਜਾਪੇ ਜਿਉਂ ਤੈਂ ਸਚੀਂ ਜਾਣੈ ਸੜ ਸਿੰਘਾ।
ਸ਼ਾਮੀਂ ਪੀ ਕੇ ਨਾਲ਼ ਭਰਾਵਾਂ ਦੱਬ ਕੇ ਲੜ, ਤੜਕੇ ਉਠਣ ਸਾਰ ਸੁਖਮਨੀ ਪੜ੍ਹ ਸਿੰਘਾ।
ਮੁਖ ਰੱਖਕੇ ਗਉਂ ਆਪਣੀ, ਰੱਜਵੇਂ ਪਾਪ ਕਮਾ, ਦੋਸ਼ ਐਪਰ ਕਲਯੁਗ ਦੇ ਮੱਥੇ ਮੜ੍ਹ ਸਿੰਘਾ।
ਹੱਕ ਦੇ ਨਾਂ ਤੇ ਖੌਰੂ ਪਾ ਪਾ ਧਰਤੀ ਪੁੱਟ, ਹੋਰ ਕਿਤੇ ਲੱਗ ਜਾਏ ਧਰਮ ਦੀ ਜੜ੍ਹ ਸਿੰਘਾ।
ਥਾਂ ਥਾਂ ਇੱਕ ਦਿਨ ਪੰਥ ਖ਼ਾਲਸਾ ਗੱਜੂਗਾ, ਕੱਟ ਜਮਾਨਾ ਔਖ ਦਾ ਵੱਟ ਕੇ ਦੜ ਸਿੰਘਾ।
ਸੇਵ ਕਮਾ ਇਉਂ ਕੌਮ ਦੀ, ਜਿਧਰ ਪੁੱਟੇਂ ਪੈਰ, ਚੰਨ ਨਵਾਂ ਓਧਰ ਹੀ ਜਾਵੇ ਚੜ੍ਹ ਸਿੰਘਾ।
ਵੇਹਲੜ ਸ਼ੇਰਾ ਓ ਮੱਖੀਆਂ ਹੀ ਮਾਰੀ ਚੱਲ, ਯੋਧਾ ਏਂ ਤਾਂ ਮੱਖੀਆਂ ਨਾਲ਼ ਹੀ ਲੜ ਸਿੰਘਾ।
ਤਾਂਘ ਹੈ ਮੱਲਾ ਜੇ ਮਨਜ਼ਲ ਤੇ ਅਪੜਨ ਦੀ, ਕਿਸੇ ਸੂਰਮਾ ਸਿੰਘ ਦੀ ਉਂਗਲ਼ੀ ਫੜ ਸਿੰਘਾ।
ਜਦ ਅਨਪੜ੍ਹ ਸੈਂ, ਦੀਨ ਹੇਤ ਕਿੰਜ ਲੜਦਾ ਸੈਂ, ਪੜ੍ਹ ਕੇ ਅੱਖਰ ਚਾਰ ਕਿਉਂ ਗਿਉਂ ਹੜ੍ਹ ਸਿੰਘਾ।
ਇਕੋ ਧਿਰ ਦਾ ਹੱਥ ਠੋਕਾ ਬਣਨਾ ਕੀ ਆਖ, ਜੀਂਦਾ ਏਂ ਤਾਂ ਇਕੋ ਥਾਂ ਨਾ ਖੜ੍ਹ ਸਿੰਘਾ।
ਮੇਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ, ਘੁੰਮ ਵਜ਼ੀਰਾਂ ਦੇ ਅਗੜ ਪਿਛੜ ਸਿੰਘਾ।

ਐਮ. ਐਮ. ਏ. ਦੀ ਅੜਦਲ਼ ਵਿੱਚ ਜਾ ਖੜ੍ਹ ਸਿੰਘਾ। ਨਿਕਾ ਮੋਟਾ ਕੰਮ ਗਿਆ ਜੇ ਅੜ ਸਿੰਘਾ।
ਹੋਣ ਲਫੰਗੇ ਜਿਸ ਹਲਕੇ ਦੇ ਤੇਰੇ ਯਾਰ, ਚੋਣ ਲਈ ਓਸੇ ਹਲਕੇ `ਚੋਂ ਲੜ ਸਿੰਘਾ।
ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ।
ਤੇਗ ਚਲਾ ਇਉਂ ਫੁਰਤੀ ਨਾਲ਼ ਵਜ਼ਾਰਤ ਤੇ, ਸਿਰ ਕਿਧਰੇ ਜਾ ਡਿੱਗੇ, ਕਿਧਰੇ ਧੜ ਸਿੰਘਾ।
ਦਾਹੜੀ ਉਹ ਰੱਖ ਚੋਣ ਸਮੇ ਜੋ ਖੁਲ੍ਹ ਜਾਵੇ, ਪਰ ਚੋਣਾਂ ਦੇ ਮਗਰੋਂ ਜਾਵੇ ਚੜ੍ਹ ਸਿੰਘਾ।
ਗਊ ਸਮਝ ਕੇ ਲਖ ਤੈਨੂੰ ਪਸਮਾਵੇ ਪੰਥ, ਹੋ ਜਾ ਕਿਧਰੇ ਤਿੱਤਰ ਮਾਰ ਕੇ ਛੜ ਸਿੰਘਾ।
ਝੂਣ ਵਿਰੋਧੀ ਧਿਰ ਨੂੰ ਬੇਰਾਂ ਵਾਂਗ, ਫਿਰਵੇਂ ਚੁਲ੍ਹੇ ਆਪੇ ਜਾਣਗੇ ਝੜ ਸਿੰਘਾ।
ਮਤੇ ਕਿਸੇ ਨੂੰ ਭੁਲ ਕੇ ਫ਼ਤਿਹ ਗਜਾ ਬੈਠੇਂ, ਕੌਣ ਕੌਣ ਹੈ ਵੋਟਰ ਲਿਸਟ ਤਾਂ ਪੜ੍ਹ ਸਿੰਘਾ।
ਖੜ੍ਹੀਆਂ ਕਰਕੇ ਗਿਠ ਗਿਠ ਮੁੱਛਾਂ ਸਿਮਕੋ ਨਾਲ਼, ਵਾਰ ਸਪੀਕਰ ਤੇ ਚੰਡੀ ਦੀ ਪੜ੍ਹ ਸਿੰਘਾ।
ਵੇਖ ਕਿਵੇਂ ਅੰਨ੍ਹੀ ਸ਼ਰਧਾ ਦੇ ਮੁੜ੍ਹਕੇ ਨਾਲ਼, ਲੱਗ ਜਾਂਦੀ ਗੁਰਦੁਆਰੀਂ ਤੇਰੀ ਜੜ੍ਹ ਸਿੰਘਾ।
ਭੰਗ ਇਕੱਲੀ ਹੀ ਭੁੱਜੇ ਕਿਉਂ ਤੇਰੇ ਘਰ, ਨਾਲ ਇਹਦੇ ਵਿਚੇ ਆਪ ਵੀ ਸੜ ਸਿੰਘਾ।
ਵੈਰੀ ਜੇ ਤਕੜੇ ਨੇ ਤੈਥੋਂ ਵਾਲ਼ ਹੀ ਚੁਗ, ਤੇਗ ਦੀ ਥਾਂ ਹੱਥ ਵਿੱਚ ਨੱਕ-ਚੂੰਢੀ ਫੜ ਸਿੰਘਾ।
ਪੁਲ਼ਸ ਫਿਰੂ ਖਿੱਚੀ ਐਵੇਂ ਠਾਣੇ ਵਿਚ, ਕਿਸੇ ਮਨਿਸਟਰ ਨਾਲ਼ ਨਾ ਬੈਠੀਂ ਲੜ ਸਿੰਘਾ।
ਚੜ੍ਹਨ ਚੜ੍ਹਾਵੇ ਸੋਨੇ ਦੇ ਹਰਿਮੰਦਰ ਵਿਚ, ਹਰਿਮੰਦਰ ਵਿੱਚ ਬਹਿਕੇ ਟੂੰਮਾਂ ਘੜ ਸਿੰਘਾ।
ਚੋਣਾਂ ਲੜ, ਦੇਹ ਭਾਸ਼ਨ ਤੇ ਪਾ ਭੜਥੂ, ਇੰਜ, ਜਾ ਅਪੜੇਂਗਾ ਚੰਡੀਗੜ੍ਹ ਸਿੰਘਾ।
ਹੋਰ ਨਹੀ ਤਾਂ ਨੱਸ ਕੇ ਚੀਫ਼ ਮਨਿਸਟਰ ਦੀ, ਭੱਜੀ ਜਾਂਦੀ ਕਾਰ ਦੀ ਛਾਂ ਹੀ ਫੜ ਸਿੰਘਾ।
ਸਿੰਘ ਦਾ ਕੰਮ ਨਹੀ ਬਹਿਣਾ ਵੱਟ ਕੇ ਚੁੱਪ, ਬੜਬੜ ਪਾਈ ਰੱਖ ਇਵੇਂ ਗੜਬੜ ਸਿੰਘਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.