ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਪੰਜਾਬ ਵਿੱਚ ਮਾਲਕ ਬਣਕੇ ਵੀ ਨਿੰਮੋਝੂਣਾਂ ਵਿਦੇਸ ਵਿੱਚ ਮਜਦੂਰ ਪੰਜਾਬੀਆਂ ਦੀ ਵੀ ਸ਼ਾਨ
ਪੰਜਾਬ ਵਿੱਚ ਮਾਲਕ ਬਣਕੇ ਵੀ ਨਿੰਮੋਝੂਣਾਂ ਵਿਦੇਸ ਵਿੱਚ ਮਜਦੂਰ ਪੰਜਾਬੀਆਂ ਦੀ ਵੀ ਸ਼ਾਨ
Page Visitors: 2668

ਪੰਜਾਬ ਵਿੱਚ ਮਾਲਕ ਬਣਕੇ ਵੀ ਨਿੰਮੋਝੂਣਾਂ ਵਿਦੇਸ ਵਿੱਚ ਮਜਦੂਰ ਪੰਜਾਬੀਆਂ ਦੀ ਵੀ ਸ਼ਾਨ  
    ਜਦ ਵੀ ਪੰਜਾਬ ਦੇ ਖੇਤਾਂ ਵਿੱਚ ਮਾਲਕ ਅਖਵਾਉਂਦੇ ਕਿਸੇ ਪੰਜਾਬੀ ਦੇ ਹਾਲ ਦੇਖਦੇ ਹਾਂ ਤਰਸ ਆਉਂਦਾ ਹੈ ਉਸ ਤੇ ਕਦੇ ਬਿਜਲੀ ਬਿੱਲ ਦੀ ਮਾਫੀ ਤੇ ਸਰਕਾਰਾਂ ਦਾ ਧੰਨਵਾਦ ਕਰਦਾ ਹੈ ਕਦੇ ਖੇਤਾਂ ਨੂੰ ਪਾਣੀ ਲਾਉਣ ਲਈ ਬਿਜਲੀ ਕਨੈਕਸਨਾਂ ਵਾਸਤੇ ਨੇਤਾਵਾਂ ਅੱਗੇ ਮਿੰਨਤਾਂ ਕਰਦਾ ਹੈ । ਇਸ ਤਰਾਂ ਹੀ ਕਦੀ ਦੁਕਾਨਦਾਰਾਂ ਤੋਂ ਉਧਾਰ ਮੰਗਦਿਆਂ ਮਰ ਮੁੱਕ ਜਾਂਦਾ ਹੈ ਜਿਉਦਿਆਂ ਹੋਇਆਂ ਕਦੇ ਇੰਸਪੈਕਟਰਾਂ ਜਾਂ ਖਰੀਦਦਾਰਾਂ ਅੱਗੇ ਫਸਲ ਵੇਚਣ ਲਈ ਲੇਲੜੀਆਂ ਕੱਢਦਾ ਹੈ ਵਿਚਾਰਾ ਤਰਸ ਦਾ ਪਾਤਰ । ਇਹ ਹਾਲ 90% ਕਿਸਾਨੀ ਦਾ ਹੈ । ਇਸ ਤਰਾਂ ਹੀ ਦੂਜੇ ਧੰਦੇ ਕਰਨ ਵਾਲਿਆਂ ਦਾ ਵੀ ਇਹੋ ਜਿਹਾ ਹਾਲ ਹੈ ਪਰ ਇਹੀ ਪੰਜਾਬੀ ਜਦ ਵਿਦੇਸਾਂ ਦੀ ਧਰਤੀ ਤੇ ਮਜਦੂਰੀ ਵੀ ਕਰਦਾ ਹੈ ਅਤੇ ਕੁੱਝ ਸਮੇਂ ਬਾਅਦ ਹੀ ਇੱਜਤ ਅਤੇ ਸਨਮਾਨ ਹਾਸਲ ਕਰ ਜਾਂਦਾ ਹੈ । ਦੇਸ ਵਿੱਚੋਂ ਭੱਜੇ ਹੋਏ ਮਾਲਕ ਵਿਦੇਸੀ ਮਜਦੂਰ ਬਣਕੇ ਕਾਮਯਾਬ ਹੋਕੇ ਮੁੜਦੇ ਹਨ । ਜਿਸਨੂੰ ਕੋਈ ਉਧਾਰ ਸਮਾਨ ਦੇਣ ਵੇਲੇ ਵੀ ਜਲੀਲ ਕਰਦਾ ਹੈ ਉਹੀ ਕੋਠੀਆਂ ਕਾਰਾਂ ਅਤੇ ਜਮੀਨਾਂ ਦਾ ਖਰੀਦਦਾਰ ਬਣਿਆ ਦਿਖਾਈ ਦਿੰਦਾਂ ਹੈ । ਇਹ ਕਿਹੜੇ ਕਾਰਨ ਹਨ ਜਿਹੜੇ ਉਸਨੂੰ ਮਾਲਕ ਹੋਣ ਸਮੇਂ ਤਰਸ ਦਾ ਪਾਤਰ ਬਣਾ ਧਰਦੇ ਹਨ ਪਰ ਵਿਦੇਸਾਂ ਵਿੱਚ ਮਜਦੂਰ ਬਣਿਆ ਸਨਮਾਨ ਦਾ ਪਾਤਰ ਬਣ ਜਾਂਦਾ ਹੈ । ਇਕ ਪਾਸੇ ਪੰਜਾਬੀਆਂ ਨੂੰ ਵਿਹਲੜ ਨਸੇਬਾਜ ਗਰਦਾਨਿਆ ਜਾਂਦਾ ਹੈ ਦੂਸਰੇ ਪਾਸੇ ਕੰਮ ਧੰਦੇ ਦੀ ਭਾਲ ਵਿੱਚ ਵਿਦੇਸ ਜਾਣ ਲਈ ਦੇਸ ਵਿੱਚ ਸਭ ਤੋਂ ਵੱਧ ਪਾਸਪੋਰਟ ਬਣਵਾਉਣ ਵਾਲਾ ਸੂਬਾ ਪੰਜਾਬ ਬਣਿਆ ਹੋਇਆ ਹੈ । ਇਹ ਪਾਸਪੋਰਟ ਬਣਵਾਉਣ ਵਾਲੇ ਕੋਈ ਸੈਰਾਂ ਕਰਨ ਵਾਲੇ ਨਹੀਂ ਹਨ । ਜੇ ਪੰਜਾਬੀ ਲੋਕ ਮਿਹਨਤ ਤੋਂ ਭੱਜਣ ਵਾਲਾ ਹੋਵੇ ਫੇਰ ਵਿਦੇਸਾਂ ਦਾ ਰਸਤੇ ਕਿਉਂ ਭਾਲੇਗਾ । ਅਸਲ ਵਿੱਚ ਪੰਜਾਬ ਦੇ ਵਿੱਚ ਕੰਮ ਕਰਨਾਂ ਜਲੀਲ ਹੋਣ ਦੇ ਬਰਾਬਰ ਹੈ ਕਿਉਂਕਿ ਕਿਰਤ ਦਾ ਕੋਈ ਵੀ ਕੰਮ ਸਰਕਾਰਾਂ ਅਤੇ ਭਰਿਸਟ ਤੰਤਰ ਕਾਰਨ ਕਰਨਾ ਬਹੁਤ ਹੀ ਮੁਸਕਲ ਹੋ ਗਿਆ ਹੈ । ਛੋਟੇ ਛੋਟੇ ਧੰਦੇ ਕਰਨ ਵਾਲੇ ਲੋਕ ਵੀ ਸਰਕਾਰੀ ਤੰਤਰ ਦੀਆਂ ਬਿਨ ਕਾਰਨ ਦਖਲ ਅੰਦਾਜੀਆਂ ਬਹੁਤ ਹੀ ਤੰਗ ਕਰਦੀਆਂ ਹਨ । ਕੋਈ ਟੈਕਸੀ ਸਰਵਿਸ ਦੁਆਰਾ ਰੋਜਗਾਰ ਕਾਰਨ ਵਾਲਾ ਪੁਲੀਸ ਅਤੇ ਟਰੈਫਿਕ ਵਿਭਾਗ ਦੇ ਮੁਲਾਜਮਾਂ ਨੂੰ ਦੇਖਕੇ ਜਮਦੂਤਾਂ ਦੇ ਦਰਸਨ ਕਰਨ ਤੱਕ ਪਹੁੰਚ ਜਾਂਦਾ ਹੈ । ਛੋਟੇ ਛੋਟੇ ਹੋਟਲ ਢਾਬੇ ਚਲਾਕੇ ਰੁਜਗਾਰ ਕਰਨ ਵਾਲੇ ਸੈਂਪਲ ਭਰਨ ਵਾਲਿਆਂ ਨੂੰ ਦੇਖਕੇ ਕੰਬਣ ਲੱਗ ਜਾਂਦੇ ਹਨ । ਦਿਵਾਲੀ ਜਾਂ ਤਿਉਹਾਰਾਂ ਦੇ ਮੌਸਮ ਵਿੱਚ ਕਰੋੜਾਂ ਦੀ ਉਗਰਾਹੀ ਕਰਨ ਲਈ ਛਾਪਿਆਂ ਦੀ ਬਲੈਕਮੇਲਿੰਗ ਰੱਜਕੇ ਹੁੰਦੀ ਹੈ । ਕਰਜੇ ਚੁੱਕਕੇ ਖਰੀਦੇ ਹੋਏ ਟਰੱਕਾਂ ਵਾਲੇ ਮਾਲਕ ਡਰਾਈਵਰ ਮਾਲ ਭਰੀ ਹਏ ਤੋਂ ਦਿਨ ਨੂੰ ਸੜਕਾਂ ਤੇ ਚੜਨ ਤੋਂ ਵੀ ਡਰਦੇ ਹਨ ਪਰ ਰਾਤ ਦੇ ਹਨੇਰੇ ਵਿੱਚ ਵੀ ਰਿਸਵਤਾਂ ਦੇਕੇ ਨਾਕੇ ਅਤੇ ਬਾਰਡਰ ਲੰਘਦੇ ਹਨ । ਆਮ ਛੋਟੇ ਦੁਕਾਨਦਾਰ ਵੀ ਟੈਕਸ ਵਾਲਿਆਂ ਤੋਂ ਡਰਦਿਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਭੱਜਦੇ ਹਰ ਸਹਿਰ ਵਿੱਚ ਦਿਖਾਈ ਦਿੰਦੇ ਹਨ । ਵੱਡੇ ਵੱਡੇ ਕਾਰਖਾਨਿਆ ਵਿੱਚੋਂ ਬਿਨਾਂ ਟੈਕਸ ਦਿੱਤਿਆਂ ਨਿਕਲਦਾ ਉਤਪਾਦਨ ਕਦੇ ਰੋਕਿਆ ਨਹੀਂ ਜਾਂਦਾ ਪਰ ਛੋਟੇ ਵਪਾਰੀਆਂ ਕੋਲ ਪਹੁੰਚਣ ਤੇ ਹਜਾਰਾਂ ਸਵਾਲ ਖੜੇ ਕਰਕੇ ਲੁੱਟ ਸੁਰੂ ਹੋ ਜਾਂਦੀ ਹੈ । ਇਸ ਤਰਾਂ ਦੇ ਹੋਰ ਅਨੇਕਾਂ ਜਲੀਲ ਕਰਨ ਵਾਲੇ  ਢੰਗ ਸਰਕਾਰੀ ਤੰਤਰ ਅਫਸਰਸਾਹੀ ਰਾਂਹੀਂ ਵਰਤਦਾ ਹੈ ਜਿਸ ਨਾਲ ਰੋਜੀ ਰੋਟੀ ਕਮਾਉਣ ਵਾਲੇ ਵਪਾਰੀ ਅਤੇ ਕਿਰਤੀ ਲੋਕ ਮਜਬੂਰ ਹੋ ਜਾਂਦੇ ਹਨ ਵਿਦੇਸਾਂ ਦੇ ਰਾਹ ਤੁਰਨ ਲਈ । 
    ਦੂਸਰੇ ਪਾਸੇ ਸਾਡੇ ਇਹੀ ਲੋਕ ਜਦ ਵਿਦੇਸਾਂ ਵਿੱਚ ਕਿਰਤ ਕਰਨ ਦੇ ਰਿਕਾਰਡ ਤੋੜ ਦਿੰਦੇ ਹਨ । ਉਵਰ ਟਾਈਮ ਅਤੇ ਛੁਟੀਆਂ ਵਿੱਚ ਵੀ ਕੰਮ ਕਰਨ ਵਾਲੇ ਸਾਡੇ ਦੇਸ ਵਾਸੀ ਅਤੇ ਪੰਜਾਬੀ ਲੋਕ ਹੀ ਗਿਣਤੀ ਵਿੱਚ ਆਉਂਦੇ ਹਨ । ਪੰਜਾਬੀਆਂ ਦੀ ਮਿਹਨਤ ਦਾ ਸਿੱਕਾ ਤਾਂ ਵਿਕਸਿਤ ਮੁਲਕ ਵੀ ਮੰਨਦੇ ਹਨ । ਦੁਨੀਆਂ ਦੀ ਸੁਪਰ ਪਾਵਰ ਅਮਰੀਕਾ ਵਿੱਚ ਵੀ ਹੋਟਲ ਕਾਰੋਬਾਰੀ ਚਟਵਾਲ ਵਾਈਟ ਹਾਊਸ ਤੱਕ ਸਿੱਧੀ ਪਹੁੰਚ ਰੱਖਦਾ ਹੈ । ਰੱਖੜਾ ਪਰੀਵਾਰ ਅਤੇ ਟੁੱਟ ਬਰਦਰਜ ਖੇਤੀਬਾੜੀ ਵਿੱਚ ਆਪੋ ਆਪਣੇ ਉਤਪਾਦਨਾਂ ਵਿੱਚ ਝੰਡੇ ਬੁਲੰਦ ਕਰੀ ਬੈਠੇ ਹਨ। ਪੰਜਾਬ ਦੇ ਵਿੱਚੋਂ ਜਲੀਲ ਹੋਕੇ ਨਿਕਲੇ ਪਰ ਅਮਰੀਕਾ ਵਿੱਚ ਆਪੋ ਆਪਣੇ ਕਾਰੋਬਾਰਾਂ ਦੇ ਬਾਦਸਾਹ ਆਖੇ ਜਾਂਦੇ ਹਨ । ਇਸ ਤਰਾਂ ਹੀ ਬੈਂਸ ਭਰਾ ਵੀ ਵੱਡੇ ਕਾਰੋਬਾਰੀ ਬਣੇ ਹਨ । ਕੋਈ ਲੀਚੀਆਂ ਦਾ ਬਾਦਸਾਹ ਕੋਈ ਬੇਰਾਂ ਦਾ ਬਾਦਸਾਹ ਅਮਰੀਕਾ ਵਿੋੱਚ ਪੰਜਾਬੀ ਹੀ ਬਣੇ ਹਨ । ਪੰਜਾਬ ਦੇ ਵਿੱਚ ਮਾਲਕੀ ਕਰਦਿਆਂ ਵੀ ਕਿਸਾਨ ਪਰੀਵਾਰ ਕਰਜੇ ਤੋਂ ਮੁਕਤ ਨਹੀਂ ਹੋ ਪਾਉਂਦੇ ਪਰ ਯੂਰਪ ਜਾਂ ਕੈਨੇਡਾ ਅਮਰੀਕਾ ਵਿੱਚ ਪਹੁੰਚਕੇ ਇੰਨੇ ਕੁ ਕਾਮਯਾਬ ਜਰੂਰ ਹੋ ਜਾਂਦੇ ਹਨ ਕਿ ਪੰਜਾਬ ਵਿਚਲਾ ਕਰਜੇ ਤੋਂ ਸੁਰਖੁਰੂ ਹੋਕੇ ਜਮੀਨਾਂ ਖਰੀਦਣ ਯੋਗ ਹੋ ਜਾਂਦੇ ਹਨ ਅਤੇ ਵਿਦੇਸਾਂ ਵਿੱਚ ਵੀ ਕਾਰਾਂ ਕੋਠੀਆਂ ਅਤੇ ਘਰਾਂ ਦੇ ਮਾਲਕ ਬਣ ਜਾਂਦੇ ਹਨ । ਭੀਖ ਮੰਗਣ ਵਾਲੇ  ਉਹੀ ਪੰਜਾਬੀ ਵਾਪਸ ਜਦ ਕਦੀ ਪੰਜਾਬ ਆਉਂਦੇ ਹਨ ਤਦ ਉਹਨਾਂ ਦੇ ਹੱਥਾਂ ਵਿੱਚ ਆਪਣੇ ਪਿੰਡਾਂ ਸਹਿਰਾਂ ਅਤੇ ਪੰਜਾਬ ਲਈ ਕੁੱਝ ਨਾਂ ਕੁੱਝ ਦਾਨ ਦੇਣ ਦੀ ਹਿੰਮਤ ਆ ਚੁੱਕੀ ਹੁੰਦੀ ਹੈ । ਮੰਗਤੇ ਬਣੇ ਗਏ ਹੋਏ ਲੋਕ ਬਾਦਸਾਹੀ ਰੂਪ ਵਿੱਚ ਵਾਪਸ ਮੁੜਦੇ ਹਨ । ਇਹੀ ਕਾਰਨ ਹੈ ਕਿ ਪੰਜਾਬੀ ਵਿਦੇਸਾਂ ਵੱਲ ਵਹੀਰਾਂ ਘੱਤੀ ਤੁਰੇ ਜਾ ਰਹੇ ਹਨ । ਜਿਸ ਨੂੰ ਵੀ ਕੋਈ ਰਸਤਾ ਮਿਲਦਾ ਹੈ ਵਿਦੇਸ ਪਹੁੰਚਣ ਲਈ ਤਾਂਘਦਾ ਹੈ । ਸੋ ਪੰਜਾਬੀਆਂ ਨੂੰ ਵਿਹਲੜ ਕਹਿਣਾਂ ਅਤਿ ਗਲਤ ਗੱਲ ਹੈ । ਪੰਜਾਬੀ ਕਿਰਤ ਦੇ ਰਾਹੀ ਹਨ ਪਰ ਜੇ ਸਨਮਾਨ ਨਾਲ ਦਿੱਤੀ ਜਾਵੇ । ਪੰਜਾਬੀ ਲੋਕ ਤਾਂ ਜਲੀਲ ਹੋਕੇ ਤਾਂ ਜਿੰਦਗੀ ਵੀ ਕਬੂਲ ਨਹੀਂ ਕਰਦੇ ਕਿਉਕਿ ਜਲੀਲ ਹੋਕੇ ਮਿਲਣ ਵਾਲੀ ਜਿੰਦਗੀ ਨਾਲੋਂ ਤਾਂ ਪੰਜਾਬੀ ਲੋਕ ਸ਼ਾਨ ਵਾਲੀ ਮੌਤ ਵੀ ਕਬੂਲ ਕਰਨ ਨੂੰ ਤਿਆਰ ਰਹਿੰਦੇ ਹਨ । ਸਾਡੇ ਰਾਜਨੀਤਕਾਂ ਨੂੰ ਪੰਜਾਬੀਆਂ ਤੋਂ ਕਾਰੋਬਾਰ ਖੋਹੇ ਨਹੀਂ ਜਾਣੇ ਚਾਹੀਦੇ ਬਲਕਿ ਉਹਨਾਂ ਨੂੰ ਇੱਜਤ ਨਾਲ ਕਿਰਤ ਕਰਨ ਲਈ ਉਤਸਾਹਤ ਕੀਤਾ ਜਾਣਾਂ ਚਾਹੀਦਾ ਹੈ । ਜੋ ਰਾਜਨੀਤਕ ਪੰਜਾਬੀਆਂ ਦੀ ਕਿਰਤ ਕਰਨ ਅਤੇ ਸ਼ਾਨ ਨਾਲ ਰਹਿਣ ਦੀ ਜੀਵਨ ਜਾਚ ਦੀ ਕਦਰ ਕਰੇਗਾ ਲਾਜਮੀ ਹੀ  ਇੱਜਤ ਦਾ ਪਾਤਰ ਬਣ ਸਕਦਾ ਹੈ ਅਤੇ ਪੰਜਾਬ ਨੂੰ ਵੀ ਦੁਬਾਰਾ ਭਾਰਤ ਦੇਸ ਦਾ ਇੱਕ ਨੰਬਰ ਸੂਬਾ ਬਣਵਾ ਸਕਦਾ ਹੈ । ਗੁਰੂਆਂ ਫਕੀਰਾਂ ਤੋਂ ਸਿੱਖਕੇ ਕਿਰਤ ਦੀ ਜੀਵਨ ਜਾਚ ਅਪਣਾਉਣ ਵਾਲੇ ਪੰਜਾਬੀ ਪੰਜਾਬ ਵਿੱਚ ਭਾਵੇਂ ਰੋਲ ਦਿੱਤੇ ਜਾਣ ਪਰਲੋਕ ਪੱਖੀ ਅਤੇ ਇਮਾਨਦਾਰ ਰਾਜਸੱਤਾ ਵਾਲੇ ਦੇਸਾਂ ਵਿੱਚ ਇਹਨਾਂ ਦੀ ਤਰੱਕੀ ਕਦੇ ਵੀ ਨਹੀਂ ਰੁਕੇਗੀ । ਕਾਸ਼ ਪੰਜਾਬ ਦੇ ਰਾਜਨੀਤਕ ਵੀ ਇਹ ਗੱਲ ਸਮਝ ਲੈਣ ਆਮੀਨ । 
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ               


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.