ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਦੋਸਤੀ ਰਹਿਤ ਰਿਸਤਿਆਂ ਦੀਆਂ ਕੌੜੀਆਂ ਹਕੀਕਤਾਂ
ਦੋਸਤੀ ਰਹਿਤ ਰਿਸਤਿਆਂ ਦੀਆਂ ਕੌੜੀਆਂ ਹਕੀਕਤਾਂ
Page Visitors: 2696

   

ਦੋਸਤੀ ਰਹਿਤ ਰਿਸਤਿਆਂ ਦੀਆਂ ਕੌੜੀਆਂ ਹਕੀਕਤਾਂ         
  ਸਮਾਜ ਰਿਸਤਿਆਂ ਦੇ ਤਾਣੇ ਬਾਣੇ ਨਾਲ ਬੁਣਿਆ ਹੋਇਆ ਇੱਕ ਇਹੋ ਜਿਹਾ ਜਾਲ ਹੈ ਜਿਸ ਵਿੱਚ ਉਲਝਿਆ ਮਨੁੱਖ ਕਦੇ ਨਿਕਲ ਨਹੀਂ ਸਕਦਾ। ਇਸ ਜਾਲ ਵਿੱਚ ਰਹਿੰਦਿਆਂ ਜੇ ਦੋਸਤੀ ਮਿੱਤਰਤਾ ਤੇ ਮੋਹ ਦੀਆਂ ਤੰਦਾਂ ਜੇ ਕਮਜੋਰ ਹੋਣ ਤਦ ਇਹ ਜਾਲ ਬਹੁਤ ਸਾਰੀਆਂ ਮੁਸੀਬਤਾਂ ਪੈਦਾ ਕਰ ਦਿੰਦਾ ਹੈ ਪਰ ਜਿੰਹਨ ਲੋਕਾਂ ਦੇ ਇਸ ਜਾਲ ਵਿੱਚ ਉਪਰੋਕਤ ਭਾਵਨਾਵਾਂ ਖੂਬ ਹੋਣ ਉਹਨਾਂ ਲਈ ਇਹ ਰਿਸਤੇ ਸਵੱਰਗ ਵਰਗਾ ਮਹੌਲ ਪੈਦਾ ਕਰ ਦਿੰਦੇ ਹਨ। ਸਵਰਗ ਦਾ ਮਤਲਬ ਹੀ ਇਹ ਹੁੰਦਾਂ ਹੈ ਕਿ ਮਨੁੱਖ ਦੀ ਜਿੰਦਗੀ ਵਿੱਚ ਦੁੱਖਾਂ ਦੀ ਥਾਂ ਖੁਸੀਆਂ ਨਿਵਾਸ ਕਰਦੀਆਂ ਹੋਣ ਸੋ ਜੇ ਸਮਾਜ ਦੇ ਰਿਸਤਿਆਂ ਵਿੱਚ ਜਿਸ ਮਨੁੱਖ ਦੇ ਹਿੱਸੇ ਕੁੜੱਤਣਾਂ ਦੀ ਥਾਂ ਪਿਆਰ ਅਤੇ ਮੁਹੱਬਤਾਂ ਆ ਜਾਣ ਉਹ ਖੁਸ਼ਨਸੀਬ ਹੋ ਨਿੱਬੜਦਾ ਹੈ। ਜਿਸ ਮਨੁੱਖ ਦੇ ਰਿਸਤਿਆਂ ਵਿੱਚ ਕੁੜੱਤਣਾਂ ਦਾ ਨਿਵਾਸ਼ ਹੋ ਜਾਵੇ ਉਸ ਮਨੁੱਖ ਦੀ ਜਿੰਦਗੀ ਨਰਕ ਦਾ ਰੂਪ ਧਾਰ ਲੈਂਦੀ ਹੈ। ਇਸ ਤਰਾਂ ਦੇ ਨਰਕ ਤੋਂ ਬਚਣ ਲਈ ਜਾਂ ਤਾਂ ਇਹ ਸਮਾਜਕ ਰਿਸਤੇ ਮਾਰਨੇ ਪੈਂਦੇ ਹਨ ਅਤੇ ਦੋਸਤੀਆਂ ਦੇ ਘੇਰੇ ਨਵੇਂ ਬਣਾਉਣੇ ਪੈਂਦੇ ਹਨ, ਜਿਹਨਾਂ ਨਾਲ ਵਿਚਾਰਾਂ ਦੀ ਸਾਂਝ ਹੁੰਦੀ ਹੈ ਅਤੇ ਇਸ ਨਵੇਂ ਸਵਰਗ ਲਈ ਸਮਾਂ ਅਤੇ ਸਮਰਥਾ ਦਾ ਪੂਰਾ ਉਪਯੋਗ ਕਰਨਾਂ ਪੈਂਦਾਂ ਹੈ। ਜੋ ਮਨੁੱਖ ਕੁੜੱਤਣ ਭਰੇ ਰਿਸਤੇ ਤਿਆਗ ਵੀ ਨਹੀਂ ਸਕਦਾ ਅਤੇ ਨਵੇਂ ਰਿਸ਼ਤੇ ਪੈਦਾ ਵੀ ਨਹੀਂ ਕਰ ਸਕਦਾ ਉਹ ਬਹੁਤ ਹੀ ਬਦਨਸੀਬ ਹੋਕੇ ਬਹੁਤ ਸਾਰੇ ਦੁੱਖ ਭੋਗਦਾ ਹੋਇਆ ਜਿੰਦਗੀ ਬਤੀਤ ਕਰਦਾ ਹੈ। ਦੁਨੀਆਂ ਦੇ ਉੱਪਰ ਦੋਸਤੀ ਦਾ ਰਿਸ਼ਤਾ ਹੀ ਨਿਰਸਵਾਰਥ ਹੁੰਦਾਂ ਹੈ ਜੇ ਉਹ ਅਸਲੀ ਹੋਵੇ ਇਸ ਦੇ ਉਲਟ  ਬਾਕੀ ਸਭ ਸਮਾਜਕ ਰਿਸਤੇ ਸਵਾਰਥ ਦੇ ਉੱਪਰ ਟੇਕ ਰੱਖਦੇ ਹਨ।
  ਸਭ ਤੋਂ ਪਾਕ ਪਵਿੱਤਰ  ਮਾਂ ਤੇ ਔਲਾਦ ਦੇ ਰਿਸਤੇ ਵੀ ਪਰਖ ਦੇ ਸਮੇਂ ਵਿੱਚ ਲੀਰੋ ਲੀਰ ਹੋ ਜਾਂਦੇ ਹਨ । ਦੁਨੀਆਂ ਦੇ ਉੱਤੇ ਕਦੇ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਮਾਵਾਂ ਨੇ ਕਦੇ ਮੁਸੀਬਤਾਂ ਦੇ ਵਿੱਚ ਕੁਰਬਾਨੀ ਕੀਤੀ ਹੋਵੇ , ਹਾਂ ਪਰ ਇਹ ਰਿਸਤਾਂ ਖੁਦਾ ਅਤੇ ਸਮਾਜ ਕੋਲ ਜਰੂਰ ਦੁਆਵਾਂ ਅਤੇ ਭੀਖ ਮੰਗ ਲੈਂਦਾਂ ਹੈ। ਜਦ ਕਦੇ ਵੀ ਕੁਦਰਤ ਦੇ ਕਹਿਰ ਵਰਤਦੇ ਹਨ ਸਭ ਰਿਸਤੇ ਵਾਲੇ ਆਪਣੀਆਂ ਜਾਨਾਂ ਬਚਾਕੇ ਭੱਜ ਲੈਂਦੇ ਹਨ ਆਪਣੀਆਂ ਔਲਾਦਾਂ ਤੱਕ ਨੂੰ ਵੀ ਛੱਡਕੇ। ਸਮਾਜ ਦੇ ਦੂਸਰੇ ਰਿਸਤਿਆਂ ਤੋਂ ਤਾਂ ਆਸ਼ ਹੀ ਕੀ ਕੀਤੀ ਜਾ ਸਕਦੀ ਹੈ। ਇਸ ਤਰਾਂ ਹੀ ਆਪਣੇ ਸਵਾਰਥਾਂ ਦੀ ਪੂਰਤੀ ਵਿੱਚ ਅੜਿੱਕਾ ਬਣਨ ਵਾਲੇ ਰਿਸਤੇ ਅਤੇ ਰਿਸ਼ਤੇਦਾਰਾਂ ਨੂੰ ਹਰ ਰੋਜ ਤਿਆਗਦੇ ਹੋਏ ਲੋਕ ਦੇਖ ਸਕਦੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬੋਲਿਆ ਮਹਾਨ ਸੱਚ ਇਸਦੀ ਗਵਾਹੀ ਪਾਉਂਦਾਂ ਹੈ ਕਿ,
ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥ (536)
  ਦੁਨੀਆਂ ਦਾ ਆਮ ਮਨੁੱਖ ਜੋ ਬਹੁਗਣਤੀ ਵਿੱਚ ਹੁੰਦਾਂ ਹੈ ਸਮਾਜਕ ਰਿਸਤਿਆਂ ਦੀ ਬੇੜੀ ਨੂੰ ਸਿਰਫ ਜਿੰਦਗੀ ਬਤੀਤ ਕਰਨ ਲਈ ਹੀ ਵਰਤਦਾ ਹੈ। ਜਦ ਇਹ ਰਿਸਤੇ ਜਿੰਦਗੀ ਵਿੱਚ ਸਹਾਇਕ ਨਾ ਹੁੰਦੇ ਹੋਣ ਤਦ ਇਹ ਰਿਸਤੇ ਕੱਚ ਦੇ ਟੁੱਟਣ ਵਾਂਗ ਤੜੱਕ ਕਰਕੇ ਟੁੱਟ ਜਾਂਦੇ ਹਨ। 
   ਪੁਰਾਤਨ ਸਮਿਆ ਅਤੇ ਵਰਤਮਾਨ ਸਮੇਂ ਵਿੱਚ ਮਨੁੱਖ ਦੀਆਂ ਲੋੜਾਂ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਆ ਗਈਆਂ ਹਨ । ਪੁਰਾਣੇ ਸਮਿਆਂ ਵਿੱਚ ਮਨੁੱਖ ਦੀ ਕਦਰ ਉਸਦੇ ਆਚਰਣ ਤੋਂ ਕੀਤੀ ਜਾਂਦੀ ਸੀ ਪਰ ਵਰਤਮਾਨ ਸਮੇਂ ਵਿੱਚ ਮਨੁੱਖ ਦੀ ਇੱਜਤ ਪੈਸੇ ਅਤੇ ਦੁਨਿਆਵੀ ਤਾਕਤ ਤੋਂ ਕੀਤੀ ਜਾਂਦੀ ਹੈ। ਸੋ ਜਦ ਸਮਾਜ ਨੇ ਪੈਸੇ ਅਤੇ ਤਾਕਤ ਨੂੰ ਹੀ ਧੁਰਾ ਬਣਾ ਲਿਆ ਹੈ ਤਦ ਰਿਸਤੇ ਵੀ ਇਸ ਦੀ ਤੱਕੜੀ ਵਿੱਚ ਤੁਲਣ ਲਈ ਮਜਬੂਰ ਹਨ। ਪੈਸੇ ਅਤੇ ਜਾਇਦਾਦਾਂ ਤੇ ਟੇਕ ਰੱਖਣ ਵਾਲਾ ਸਮਾਜ ਬਹੁਤ ਹੀ ਹਿਸਾਬੀ ਕਿਤਾਬੀ ਹੋ ਜਾਂਦਾ ਹੈ ਜੋ ਹਮੇਸਾਂ ਵਾਧੇ ਘਾਟੇ ਦੇ ਹਿਸਾਬ ਲਾਕੇ ਅੱਗੇ ਤੁਰਦਾ ਹੈ। ਜਦ ਮਨੁੱਖ ਦਾ ਵਿਕਾਸ ਹੀ ਵਾਧੇ ਘਾਟੇ ਦੀ ਸਿੱਖਿਆ ਨਾਲ ਹੁੰਦਾ ਹੈ ਤਦ ਦੁਨੀਆਂ ਦਾ ਸਭ ਤੋਂ ਨਿੱਘਾ ਰਿਸ਼ਤਾ ਜੋ ਮਾਪਿਆਂ ਅਤੇ ਔਲਾਦ ਦਾ ਹੁੰਦਾਂ ਹੈ ਵੀ ਨਫੇ ਨੁਕਸਾਨ ਸੋਚਣਾਂ ਸੁਰੂ ਕਰ ਦਿੰਦਾ ਹੈ।
  ਮਾਪਿਆ ਦੀ ਮੇਹਰਬਾਨੀ ਅਤੇ ਰਹਿਨੁਮਾਈ ਵਿੱਚ ਵਾਧੇ ਘਾਟੇ ਦਾ ਹਿਸਾਬ ਸਿੱਖਕੇ ਆਈ ਔਲਾਦ ਇੱਕ ਦਿਨ ਮਾਪਿਆਂ ਨੂੰ ਵੀ ਵਾਧੇ ਘਾਟੇ ਦੀ ਤੱਕੜੀ ਵਿੱਚ ਤੋਲਣਾਂ ਸੁਰੂ ਕਰ ਦਿੰਦੀ ਹੈ। ਜਦ ਨਵੀਂ ਪੀੜੀ ਦੇ ਸਮਾਜ ਨੂੰ ਸੇਧ ਦੇਣ ਵਾਲੀ ਪਿੱਛਲੀ ਪੀੜੀ  ਇਹੋ ਜਿਹੀ ਸਿੱਖਿਆਂ ਦੇ ਬੈਠਦੀ ਹੈ ਤਦ ਉਹ ਆਪਣੇ ਪੈਰ ਆਪ ਹੀ ਕੁਹਾੜਾ ਮਾਰ ਬੈਠਦੀ ਹੈ। ਪੁਰਾਤਨ ਪੀੜੀ ਨੇ ਉਸ ਟਾਹਣੀ ਤੇ ਬੈਠਕੇ ਹੀ ਉਸਨੂੰ ਕੱਟਣਾਂ ਸੁਰੂ ਕੀਤਾ ਹੋਇਆ ਸੀ ਜਿਸ ਨੂੰ ਉਸ ਨੇ ਹਰਾ ਭਰਾ ਰੱਖਣਾਂ ਸੀ। ਜਦ ਸਮਾਜ ਦਾ ਪਹਿਲਾ ਰਿਸਤਾ ਹੀ ਮਰ ਮੁੱਕ ਗਿਆ ਹੈ ਤਦ ਦੂਸਰੇ ਰਿਸਤਿਆਂ ਵਿੱਚ ਮੋਹ ਅਤੇ ਮੁਹੱਬਤ ਦੀ ਆਸ ਕਰਨਾਂ ਹੀ ਫਜੂਲ ਹੈ।
   ਸਮਾਂ ਅਤੇ ਵਿਕਾਸ ਜਾਂ ਵਿਨਾਸ਼ ਦੀ ਹਨੇਰੀ ਕਦੇ ਵਾਪਸ ਨਹੀਂ ਮੁੜਦੀ ਹੁੰਦੀ ਸੋ ਵਰਤਮਾਨ ਅਤੇ ਆਉਣ ਵਾਲੀਆਂ ਪੀੜੀਆਂ ਰਿਸਤਿਆਂ ਤੋਂ ਮਨਫੀ ਸਮਾਜ ਸਿਰਜਣ ਵੱਲ ਹੋਰ ਵੱਧਦੀਆਂ ਜਾਣਗੀਆਂ। ਵਰਤਮਾਨ ਸਮਾਜ ਜਿਸਦੀ ਟੇਕ ਆਚਰਣ ਅਤੇ ਨੇਕ ਨੀਅਤੀ ਦੀ ਥਾਂ ਸਵਾਰਥਾਂ ਨਾਲ ਜੁੜੀ ਹੋਈ ਹੈ ਇੱਕ ਦਿਨ ਅਰਬਾਂ ਦੀ ਗਿਣਤੀ ਵਿੱਚ ਰਹਿਕੇ ਵੀ ਇਕੱਲਤਾ ਹੰਢਾਉਣ ਲਈ ਮਜਬੂਰ ਹੋਵੇਗਾ ਅਤੇ ਇਹੀ ਸਾਡੀ ਹੋਣੀ ਹੋ ਨਿਬੜੇਗੀ। ਭਾਗਾਂ ਵਾਲੇ ਹੋਣਗੇ ਉਹ ਲੋਕ ਜੋ ਆਰਥਿਕਤਾ ਦੀ ਹਨੇਰੀ ਵਿੱਚ ਵੀ ਉੱਚੀਆਂ ਸੁੱਚੀਆਂ ਮਨੁੱਖੀ ਕਦਰਾਂ ਕੀਮਤਾਂ ਮੋਹ ਮੁਹੱਬਤਾਂ ਦੇ ਦੀਵੇ ਬਚਾਈ ਰੱਖਣਗੇ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ   
 


 

 

 

 

 

 

 

 

 

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.