ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੰਜਾਬ ਦੀਆਂ ਨਹਿਰਾਂ ਸੁੱਕੀਆਂ , ਪਰ ਦਰਿਆਈ ਪਾਣੀ ਪਾਕਿਸਤਾਨ ਵੱਲ ਛੱਡਣ ਦੀ ਤਿਆਰੀ
ਪੰਜਾਬ ਦੀਆਂ ਨਹਿਰਾਂ ਸੁੱਕੀਆਂ , ਪਰ ਦਰਿਆਈ ਪਾਣੀ ਪਾਕਿਸਤਾਨ ਵੱਲ ਛੱਡਣ ਦੀ ਤਿਆਰੀ
Page Visitors: 2390

ਪੰਜਾਬ ਦੀਆਂ ਨਹਿਰਾਂ ਸੁੱਕੀਆਂ , ਪਰ ਦਰਿਆਈ ਪਾਣੀ ਪਾਕਿਸਤਾਨ ਵੱਲ ਛੱਡਣ ਦੀ ਤਿਆਰੀ
ਪਾਕਿਸਤਾਨ ਤੋਂ ਆਉਂਦੇ ਜਹਿਰੀਲੇ ਪਾਣੀ ਦੀ ਸਮੱਸਿਆਵਾਂ ਜਿਓਂ ਦੀ ਤਿਓਂ

ਪਾਕਿਸਤਾਨ ਵੱਲ ਪਾਣੀ ਛੱਡਣ ਤੇ ਹਰਿਆਣਾ ਉਠਾਉਂਦਾ ਹੈ ਸਵਾਲ

By : ਜਗਦੀਸ਼ ਥਿੰਦ

Saturday, Aug 18, 2018 09:16 AM

ਜਾਰੀ ਪੱਤਰ ਦੀ ਕਾਪੀ ਅਤੇ ਸੁੱਕੀ ਪਈ ਇਕ ਨਹਿਰ ਦਾ ਦ੍ਰਿਸ਼ । ਤਸਵੀਰਾਂ : ਜਗਦੀਸ਼ ਥਿੰਦ  ਗੁਰੂਹਰਸਹਾਏ /ਫਿਰੋਜ਼ਪੁਰ
18 ਅਗਸਤ ਪੰਜਾਬ ਦੇ ਸਿੰਜਾਈ ਵਿਭਾਗ ਦਾ ਵੀ ਆਦਮ ਨਿਰਾਲਾ ਹੈ ਜਿਸ ਕਾਰਨ ਹਰ ਸਾਲ ਸੈਂਕੜੇ ਕਿਊਸਿਕ  ਦਰਿਆਈ ਪਾਣੀ ਪਾਕਿਸਤਾਨ ਵੱਲ ਛੱਡ ਦਿੱਤਾ ਜਾਂਦਾ ਹੈ । ਜਦਕਿ  ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੀਆਂ ਨਹਿਰਾਂ ਸੁੱਕੀਆਂ ਪਈਆਂ ਹਨ । ਸਾਉਣੀ ਦੀ ਮੁੱਖ ਫ਼ਸਲਾਂ ਝੋਨਾ , ਬਾਸਮਤੀ ਅਤੇ ਨਰਮਾ ਦਾ ਮੌਸਮ ਹੋਣ ਕਾਰਨ ਸਿੰਚਾਈ ਲਈ ਨਹਿਰਾਂ ਵਿੱਚ ਪਾਣੀ ਦੀ ਜ਼ਰੂਰਤ ਹੈ । ਨਹਿਰੀ ਪਾਣੀ ਸਿੰਚਾਈ ਲਈ ਨਾ ਮਿਲਣ ਕਾਰਨ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਵਿੱਚ ਨਰਮੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ । ਨਹਿਰੀ ਪਾਣੀ ਨਾ ਮਿਲਣ ਦੀ ਸੂਰਤ ਵਿੱਚ ਕਿਸਾਨ ਮਹਿੰਗੇ ਭਾਅ ਵਾਲਾ ਡੀਜ਼ਲ ਬਾਲ ਕੇ ਜਨਰੇਟਰ ਚਲਾਉਣ ਲਈ ਮਜਬੂਰ ਹਨ । ਇਸ ਦੌਰਾਨ ਹੀ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਈਸਟਰਨ ਨਹਿਰ ਮੰਡਲ ਫ਼ਿਰੋਜ਼ਪੁਰ ਵੱਲੋਂ 13 ਅਗਸਤ 2018  ਨੂੰ ਇੱਕ ਪੱਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ  ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲ ਲਿਖਿਆ ਗਿਆ ਹੈ । ਇਸ ਪੱਤਰ ਦਾ ਵਿਸ਼ਾ ਹੈ : " ਸੱਤਲੁਜ ਦਰਿਆ ਵਿੱਚ ਕਪੈਸਟੀ ਤੋਂ ਵੱਧ  ਪਾਣੀ ਆਉਣ ਬਾਰੇ " । ਜ਼ਿਲ੍ਹਾ ਅਧਿਕਾਰੀਆਂ ਨੂੰ ਚਿਤਾਵਨੀ ਭੇਜੀ ਗਈ ਹੈ ਕਿ ਹਾਇਰ ਅਥਾਰਟੀ ਵੱਲੋਂ ਆਈ ਸੂਚਨਾ ਅਨੁਸਾਰ ਆਉਣ ਵਾਲੇ ਇਕ - ਦੋ ਦਿਨਾਂ ਵਿੱਚ ਦਰਿਆ ਸਤਲੁਜ ਵਿੱਚ ਸਵਾ ਲੱਖ ਕਿਊਸਿਕ ਪਾਣੀ ਆ ਰਿਹਾ ਹੈ । ਇਸ ਦਫ਼ਤਰ ਵੱਲੋਂ ਵੱਧ  ਤੋਂ ਵੱਧ  ਪਾਣੀ ਨਹਿਰਾਂ ਵਿੱਚ ਛੱਡ ਕੇ ਬਾਕੀ ਬਚਦਾ ਪਾਣੀ ਹੁਸੈਨੀਵਾਲਾ ਹੈੱਡ ਵਰਕਸ ਦੀ ਡਾਊਨ ਸਟਰੀਮ ਨੂੰ ਛੱਡਿਆ ਜਾਵੇਗਾ । ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਬੰਧਤਾਂ ਨੂੰ ਸੂਚਿਤ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਤਾਂ ਜੋ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ । ਆਪ ਜੀ ਦੀ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਹੈ ਜੀ " ।
ਡਿਪਟੀ ਕਮਿਸ਼ਨਰ ਦਫਤਰਾਂ  ਵੱਲੋਂ ਇਸ ਪੱਤਰ ਦੇ ਨਾਲ ਜ਼ਰੂਰੀ ਪ੍ਰਬੰਧ ਕਰਨ ਦੇ ਸੁਝਾਅ ਦੇ ਕੇ ਇਹ ਪੱਤਰ ਉੱਪ ਮੰਡਲ ਮੈਜਿਸਟਰੇਟਾਂ ਵੱਲ ਅਤੇ ਉੱਥੋਂ ਅੱਗੇ ਤਹਿਸੀਲਦਾਰਾਂ ਵੱਲ ਤੋਰ ਦਿੱਤਾ ਗਿਆ ਹੈ ।
ਇੱਥੇ ਕਿਸਾਨ ਸਵਾਲ ਕਰਦੇ ਹਨ ਕਿ ਜ਼ਿਲ੍ਹੇ ਦੀਆਂ ਨਹਿਰਾਂ ਪਾਣੀ ਖੁਣੋਂ ਸੁੱਕੀਆਂ ਪਈਆਂ ਹਨ ਤਾਂ ਫਿਰ ਸਿੰਜਾਈ ਵਿਭਾਗ ਵੱਲੋਂ ਇਹ ਪੱਤਰ ਜਾਰੀ ਕਰਨਾ ਸਮਝ ਤੋਂ ਬਾਹਰ ਦੀ ਗੱਲ ਹੈ । ਇਸ ਸਬੰਧੀ ਇਲਾਕੇ ਦੇ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੰਚਾਈ ਵਿਭਾਗ ਦੇ ਮੰਤਰੀ ਸਾਹਿਬਾਨ ਨੂੰ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ।
ਵਰਨਣਯੋਗ ਹੈ ਕਿ ਸਿੰਚਾਈ ਵਿਭਾਗ ਪੰਜਾਬ ਵੱਲੋਂ ਜਦੋਂ ਵੀ ਦਰਿਆਈ ਪਾਣੀ ਪਾਕਿਸਤਾਨ ਵੱਲ ਛਡਿਆ ਜਾਂਦਾ ਹੈ ਤਾਂ ਦਰਿਆਈ ਪਾਣੀ ਤੇ ਆਪਣਾ ਹੱਕ ਜਤਾਉੰਦਾ ਗੁਆਂਢੀ ਰਾਜ ਹਰਿਆਣਾ ਸਵਾਲ ਕਰਦਾ ਹੈ ਕਿ ਪੰਜਾਬ ਕੋਲ ਫਾਲਤੂ ਦਰਿਆਈ ਪਾਣੀ ਹੈ । ਅਸਲੀਅਤ ਵਿੱਚ ਪੰਜਾਬ ਕੋਲ ਦਰਿਆਈ ਪਾਣੀ ਦੀ ਕਮੀ ਕਾਰਣ ਸਾਉਣੀ ਦੇ ਇਸ ਮੌਸਮ ਵਿੱਚ ਨਹਿਰਾਂ ਨੂੰ ਬੰਦੀ ਲਗਾ ਕਿ ਨਹਿਰੀ ਪਾਣੀ ਕਿਸਾਨਾਂ ਨੂੰ ਦਿੱਤਾ ਜਾਂਦਾ ਰਿਹਾ ਹੈ । 10 ਦਿਨ ਕੁੱਝ ਨਹਿਰਾਂ ਬੰਦ ਰੱਖੀਆਂ ਜਾਂਦੀਆਂ ਹਨ ਤਾਂ ਅਗਲੇ 10 ਦਿਨ ਦੂਸਰੀਆਂ । ਇਹਨਾਂ ਸਰਹੱਦੀ ਜਿਲ੍ਹਿਆਂ ਵਿੱਚ ਇਸ ਵਾਰ ਪੂਰਾ ਮੀਂਹ ਨਾ ਪੈਣ ਕਾਰਨ ਜਿਹੜੇ ਪਿੰਡਾਂ ਦੇ ਖੇਤਰ ਦਾ ਧਰਤੀ ਹੇਠਲਾ ਪਾਣੀ ਖਰਾਬ ਹੈ , ਉੱਥੇ ਝੋਨੇ , ਬਾਸਮਤੀ  ਅਤੇ ਨਰਮੇ ਦੀਆਂ ਫਸਲਾਂ ਸੜ ਗਈਆਂ ਹਨ ।
   ਜਿਲ੍ਹਾ ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਦੀਆਂ ਨਹਿਰਾਂ ਵਿੱਚ ਪਾਕਿਸਤਾਨ ਤੋਂ ਆਉਂਦੇ ਜਹਿਰੀਲਾ ਪਾਣੀ ਦਾ ਵਹਾਅ ਬੰਦ ਕਰਨ ਦੀ ਵੱਡੀ ਸਮੱਸਿਆਵਾਂ ਦਾ ਵੀ ਹੱਲ ਸਰਕਾਰਾਂ ਵੱਲੋਂ ਨਹੀਂ ਕੀਤਾ ਗਿਆ । ਪਾਕਿਸਤਾਨ ਦੇ  ਕਸੂਰ ਦੇ ਸੇਮਨਾਲੇ ਕਿਨਾਰੇ ਲੱਗੀਆਂ ਚਮੜਾ ਰੰਗਣ ਵਾਲੀਆਂ ਫੈਕਟਰੀਆਂ ਦਾ ਕੈਮੀਕਲ ਯੁੱਕਤ ਪਾਣੀ ਜੋ ਹੂਸੈਨੀ ਵਾਲਾ ਖੇਤਰ ਦੇ ਪਿੰਡ ਟੇੰਡੀਵਾਲਾ ਵਿੱਚ ਸਤਲੁੱਜ ਵਿੱਚ ਆਣ ਰਲਦਾ ਹੈ । ਇਹ ਜਹਿਰੀਲਾ ਪਾਣੀ  ਫਿਰੋਜ਼ਪੁਰ ਅਤੇ ਫਾਜ਼ਿਲਕਾ ਦੀਆਂ ਨਹਿਰਾਂ ਵਿੱਚ ਛੱਡਣ ਕਾਰਨ ਹਜਾਰਾਂ ਕਿਸਾਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਹਰ ਸਾਲ ਹਜਾਰਾਂ ਮੱਛੀਆਂ ਮਰਕੇ ਪਾਣੀ ਉੱਪਰ ਤੈਰਨ ਲਗਦੀਆਂ ਹਨ । ਲੋਕ ਕੈੰਸਰ , ਕਾਲਾ ਪੀਲੀਆ , ਗੁਰਦੇ ਖਰਾਬ ਹੋਣ ਦਾ ਸ਼ਿਕਾਰ ਹੋ ਰਹੇ ਹਨ । ਮਾਵਾਂ ਅੰਗਹੀਣ ਬੱਚੇ ਪੈਦਾ ਕਰ ਰਹੀਆਂ ਹਨ । ਦੁਧਾਰੂ ਪਸ਼ੂ ਸਮੇਂ ਤੋਂ ਪਹਿਲਾਂ ਫੰਡਰ ਹੋ ਰਹੇ ਹਨ । ਇਥੇ ਸਰਹੱਦੀ ਜਿਲ੍ਹਿਆਂ ਦੇ ਕਿਸਾਨ ਸਵਾਲ ਕਰਦੇ ਹਨ ਕਿ ਕਿੱਥੇ ਹੈ " ਤੰਦਰੁਸਤ ਪੰਜਾਬ ਮਿਸ਼ਨ " ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.